ਅਫ਼ਸੀਆਂ 2:1-22

2  ਇਸ ਤੋਂ ਇਲਾਵਾ, ਤੁਸੀਂ ਆਪਣੀਆਂ ਗ਼ਲਤੀਆਂ ਅਤੇ ਪਾਪਾਂ ਕਰਕੇ ਮਰੇ ਹੋਇਆਂ ਵਰਗੇ ਸੀ, ਪਰ ਪਰਮੇਸ਼ੁਰ ਨੇ ਤੁਹਾਨੂੰ ਜੀਉਂਦਾ ਕੀਤਾ।  ਤੁਸੀਂ ਪਹਿਲਾਂ ਦੁਨੀਆਂ ਦੇ ਲੋਕਾਂ ਵਾਂਗ ਜ਼ਿੰਦਗੀ ਜੀਉਂਦੇ ਸੀ ਯਾਨੀ ਇਸ ਦੁਨੀਆਂ ਦੀ ਸੋਚ ਉੱਤੇ ਅਧਿਕਾਰ ਰੱਖਣ ਵਾਲੇ ਹਾਕਮ ਮੁਤਾਬਕ ਚੱਲਦੇ ਸੀ। ਇਹ ਸੋਚ ਦੁਨੀਆਂ ਵਿਚ ਹਵਾ ਵਾਂਗ ਫੈਲੀ ਹੋਈ ਹੈ ਅਤੇ ਹੁਣ ਅਣਆਗਿਆਕਾਰ ਲੋਕਾਂ ਉੱਤੇ ਇਸ ਸੋਚ ਦਾ ਅਸਰ ਦਿਖਾਈ ਦਿੰਦਾ ਹੈ।  ਹਾਂ, ਅਸੀਂ ਸਾਰੇ ਪਹਿਲਾਂ ਦੁਨੀਆਂ ਦੇ ਲੋਕਾਂ ਵਾਂਗ ਆਪਣੇ ਸਰੀਰ ਦੀਆਂ ਇੱਛਾਵਾਂ ਅਤੇ ਆਪਣੀਆਂ ਸੋਚਾਂ ਮੁਤਾਬਕ ਚੱਲਦੇ ਸੀ ਅਤੇ ਜਨਮ ਤੋਂ ਹੀ ਦੁਨੀਆਂ ਦੇ ਲੋਕਾਂ ਵਾਂਗ ਪਰਮੇਸ਼ੁਰ ਤੋਂ ਮਿਲਣ ਵਾਲੀ ਸਜ਼ਾ ਦੇ ਲਾਇਕ ਸੀ।  ਪਰ ਪਰਮੇਸ਼ੁਰ ਦਇਆ ਦਾ ਸਾਗਰ ਹੈ ਅਤੇ ਉਹ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ, ਇਸ ਕਰਕੇ  ਉਸ ਨੇ ਸਾਨੂੰ ਜੀਉਂਦਾ ਕਰ ਕੇ ਮਸੀਹ ਨਾਲ ਮਿਲਾਇਆ, ਭਾਵੇਂ ਕਿ ਅਸੀਂ ਆਪਣੇ ਪਾਪਾਂ ਕਰਕੇ ਮਰੇ ਹੋਇਆਂ ਵਰਗੇ ਸਾਂ। (ਤੁਹਾਨੂੰ ਉਸ ਦੀ ਅਪਾਰ ਕਿਰਪਾ ਦੁਆਰਾ ਬਚਾਇਆ ਗਿਆ ਹੈ।)  ਇਸ ਤੋਂ ਇਲਾਵਾ, ਯਿਸੂ ਮਸੀਹ ਦੇ ਚੇਲੇ ਹੋਣ ਕਰਕੇ ਪਰਮੇਸ਼ੁਰ ਨੇ ਸਾਨੂੰ ਜੀਉਂਦਾ ਕੀਤਾ ਅਤੇ ਸਵਰਗ ਵਿਚ ਉਸ ਨਾਲ ­ਬਿਠਾਇਆ,  ਤਾਂਕਿ ਉਹ ਆਉਣ ਵਾਲੇ ਯੁਗ ਵਿਚ ਮਸੀਹ ਯਿਸੂ ਦੇ ਚੇਲਿਆਂ ’ਤੇ ਯਾਨੀ ਸਾਡੇ ’ਤੇ ਮਿਹਰ ਕਰ ਕੇ ਆਪਣੀ ਅਪਾਰ ਕਿਰਪਾ ਦਾ ਸਬੂਤ ਦੇਵੇ।  ਤੁਸੀਂ ਉਸ ਦੀ ਅਪਾਰ ਕਿਰਪਾ ਕਰਕੇ ਮੁਕਤੀ ਪਾਉਂਦੇ ਹੋ ਕਿਉਂਕਿ ਤੁਸੀਂ ਨਿਹਚਾ ਕੀਤੀ ਹੈ; ਅਤੇ ਤੁਹਾਡੀ ਮੁਕਤੀ ਤੁਹਾਡੇ ਆਪਣੇ ਕਰਕੇ ਨਹੀਂ ਹੈ, ਸਗੋਂ ਇਹ ਪਰਮੇਸ਼ੁਰ ਦੀ ਦਾਤ ਹੈ।  ਹਾਂ, ਇਹ ਮੁਕਤੀ ਕਿਸੇ ਨੂੰ ਉਸ ਦੇ ਕੰਮਾਂ ਕਰਕੇ ਨਹੀਂ ਮਿਲਦੀ, ਤਾਂਕਿ ਕਿਸੇ ਵੀ ਇਨਸਾਨ ਕੋਲ ਸ਼ੇਖ਼ੀ ਮਾਰਨ ਦਾ ਕੋਈ ਕਾਰਨ ਨਾ ਹੋਵੇ। 10  ਅਸੀਂ ਪਰਮੇਸ਼ੁਰ ਦੀ ਸ੍ਰਿਸ਼ਟੀ ਹਾਂ; ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਸਾਨੂੰ ਚੰਗੇ ਕੰਮ ਕਰਨ ਲਈ ਸ੍ਰਿਸ਼ਟ ਕੀਤਾ ਗਿਆ ਹੈ ਅਤੇ ਜੋ ਕੰਮ ਅਸੀਂ ਕਰਨੇ ਹਨ, ਉਨ੍ਹਾਂ ਕੰਮਾਂ ਦਾ ਫ਼ੈਸਲਾ ਪਰਮੇਸ਼ੁਰ ਨੇ ਪਹਿਲਾਂ ਹੀ ਕੀਤਾ ਸੀ। 11  ਇਸ ਲਈ ਯਾਦ ਰੱਖੋ ਕਿ ਤੁਸੀਂ ਜਨਮ ਤੋਂ ਹੀ ਗ਼ੈਰ-ਯਹੂਦੀ ਕੌਮਾਂ ਵਿੱਚੋਂ ਸੀ ਅਤੇ ਜਿਨ੍ਹਾਂ ਲੋਕਾਂ ਨੇ ਇਨਸਾਨਾਂ ਦੇ ਹੱਥੀਂ ਸਰੀਰ ਦੀ ਸੁੰਨਤ ਕਰਵਾਈ ਸੀ, ਉਹ ਲੋਕ ਪਹਿਲਾਂ ਤੁਹਾਨੂੰ “ਬੇਸੁੰਨਤੇ” ਕਹਿੰਦੇ ਸਨ। 12  ਉਸ ਸਮੇਂ ਤੁਸੀਂ ਮਸੀਹ ਨੂੰ ਨਹੀਂ ਜਾਣਦੇ ਸੀ, ਇਜ਼ਰਾਈਲ ਕੌਮ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਸੀ, ਅਜਨਬੀ ਹੋਣ ਕਰਕੇ ਵਾਅਦੇ ਦੇ ਇਕਰਾਰਾਂ ਵਿਚ ਤੁਹਾਡਾ ਕੋਈ ਹਿੱਸਾ ਨਹੀਂ ਸੀ, ਤੁਹਾਡੇ ਕੋਲ ਕੋਈ ਉਮੀਦ ਨਹੀਂ ਸੀ ਅਤੇ ਦੁਨੀਆਂ ਵਿਚ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। 13  ਤੁਸੀਂ ਪਹਿਲਾਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ, ਪਰ ਹੁਣ ਯਿਸੂ ਮਸੀਹ ਦੇ ਚੇਲੇ ਹੋਣ ਕਰਕੇ ਤੁਸੀਂ ਉਸ ਦੇ ਲਹੂ ਸਦਕਾ ਪਰਮੇਸ਼ੁਰ ਦੇ ਨੇੜੇ ਆ ਗਏ ਹੋ। 14  ਮਸੀਹ ਨੇ ਦੋ ਸਮੂਹਾਂ ਦਾ ਮੇਲ ਕਰਾ ਕੇ ਸਾਡੇ ਵਿਚ ਸ਼ਾਂਤੀ ਕਾਇਮ ਕੀਤੀ ਹੈ ਅਤੇ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ ਹੈ। 15  ਉਸ ਨੇ ਆਪਣੇ ਸਰੀਰ ਦੀ ਕੁਰਬਾਨੀ ਦੇ ਕੇ ਦੁਸ਼ਮਣੀ ਦੀ ਵਜ੍ਹਾ ਨੂੰ ਯਾਨੀ ਮੂਸਾ ਦੇ ਕਾਨੂੰਨ ਨੂੰ ਉਸ ਦੇ ਹੁਕਮਾਂ ਅਤੇ ਨਿਯਮਾਂ ਸਣੇ ਖ਼ਤਮ ਕਰ ਦਿੱਤਾ ਹੈ ਤਾਂਕਿ ਉਹ ਇਨ੍ਹਾਂ ਦੋਹਾਂ ਸਮੂਹਾਂ ਨੂੰ ਮਿਲਾ ਕੇ ਇਕ ਨਵਾਂ ਸਮੂਹ ਬਣਾਵੇ ਅਤੇ ਇਸ ਸਮੂਹ ਨੂੰ ਆਪਣੇ ਨਾਲ ਏਕਤਾ ਵਿਚ ਬੰਨ੍ਹੇ ਅਤੇ ਸ਼ਾਂਤੀ ਕਾਇਮ ਕਰੇ; 16  ਨਾਲੇ ਉਸ ਨੇ ਤਸੀਹੇ ਦੀ ਸੂਲ਼ੀ ਉੱਤੇ ਆਪਣੀ ਜਾਨ ਦੇ ਕੇ ਇਨ੍ਹਾਂ ਦੋਹਾਂ ਸਮੂਹਾਂ ਦੀ ਇਕ ਸਮੂਹ* ਵਜੋਂ ਪਰਮੇਸ਼ੁਰ ਨਾਲ ਪੂਰੀ ਤਰ੍ਹਾਂ ਸੁਲ੍ਹਾ ਕਰਾਈ, ਕਿਉਂਕਿ ਉਸ ਨੇ ਆਪਣੀ ਮੌਤ ਦੁਆਰਾ ਦੁਸ਼ਮਣੀ ਦੀ ਵਜ੍ਹਾ ਨੂੰ ਖ਼ਤਮ ਕਰ ਦਿੱਤਾ ਸੀ। 17  ਅਤੇ ਉਸ ਨੇ ਆ ਕੇ ਤੁਹਾਨੂੰ ਜੋ ਪਰਮੇਸ਼ੁਰ ਤੋਂ ਦੂਰ ਸੀ, ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਈ ਅਤੇ ਉਨ੍ਹਾਂ ਨੂੰ ਵੀ ਸੁਣਾਈ ਜੋ ਪਰਮੇਸ਼ੁਰ ਦੇ ਨੇੜੇ ਸੀ, 18  ਕਿਉਂਕਿ ਉਸ ਦੀ ਕੁਰਬਾਨੀ ਕਰਕੇ ਅਸੀਂ ਦੋਵੇਂ ਸਮੂਹ ਬਿਨਾਂ ਰੁਕਾਵਟ ਪਵਿੱਤਰ ਸ਼ਕਤੀ ਦੁਆਰਾ ਪਿਤਾ ਨੂੰ ਪ੍ਰਾਰਥਨਾ ਕਰ ਸਕਦੇ ਹਾਂ। 19  ਇਸ ਲਈ ਤੁਸੀਂ ਹੁਣ ਅਜਨਬੀ ਅਤੇ ਪਰਦੇਸੀ ਨਹੀਂ ਹੋ, ਪਰ ਤੁਸੀਂ ਪਵਿੱਤਰ ਸੇਵਕਾਂ ਦੇ ਹਮਵਤਨੀ ਹੋ ਅਤੇ ਪਰਮੇਸ਼ੁਰ ਦੇ ਪਰਿਵਾਰ ਦੇ ਜੀਅ ਹੋ, 20  ਅਤੇ ਤੁਹਾਨੂੰ ਇਕ ਇਮਾਰਤ ਵਾਂਗ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਉਸਾਰਿਆ ਗਿਆ ਹੈ। ਇਸ ਨੀਂਹ ਦੇ ਕੋਨੇ ਦਾ ਪੱਥਰ ਮਸੀਹ ਯਿਸੂ ਆਪ ਹੈ। 21  ਇਸ ਇਮਾਰਤ ਦੇ ਸਾਰੇ ਹਿੱਸੇ ਇਕ-ਦੂਜੇ ਨਾਲ ਠੀਕ ਤਰ੍ਹਾਂ ਜੁੜੇ ਹੋਏ ਹਨ ਅਤੇ ਮਸੀਹ ਦੇ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਹ ਪੂਰੀ ਇਮਾਰਤ ਯਹੋਵਾਹ ਲਈ ਇਕ ਪਵਿੱਤਰ ਮੰਦਰ ਬਣਦੀ ਜਾ ਰਹੀ ਹੈ। 22  ਸੋ ਉਸ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਤੁਹਾਨੂੰ ਸਾਰਿਆਂ ਨੂੰ ਇਕ ਇਮਾਰਤ ਦੇ ਰੂਪ ਵਿਚ ਉਸਾਰਿਆ ਜਾ ਰਿਹਾ ਹੈ ਤਾਂਕਿ ਉੱਥੇ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਦੁਆਰਾ ਵੱਸੇ।

ਫੁਟਨੋਟ

ਯੂਨਾਨੀ ਵਿਚ, “ਇਕ ਸਰੀਰ।”