ਮੁੱਖ ਪੰਨੇ ਤੋਂ
ਕੋਈ ਬਿਪਤਾ ਆਉਣ ਤੇ ਕੁਝ ਕਦਮ ਚੁੱਕੋ ਅਤੇ ਜਾਨ ਬਚਾਓ
“ਇੰਨਾ ਜ਼ੋਰਦਾਰ ਧਮਾਕਾ ਹੋਇਆ ਇੱਦਾਂ ਲੱਗਾ ਜਿੱਦਾਂ ਕੰਨ ਦੇ ਪਰਦੇ ਹੀ ਫੱਟ ਗਏ ਹੋਣ। ਮੈਂ ਤਾਂ ਡਿਗਦੇ-ਡਿਗਦੇ ਬਚਿਆ! ਹਰ ਜਗ੍ਹਾ ਧੂੰਆਂ ਹੀ ਧੂੰਆਂ ਸੀ। ਸਾਡੀ ਪੂਰੀ ਇਮਾਰਤ ਵਿਚ ਅੱਗ ਲੱਗ ਗਈ ਸੀ।”—ਜੋਸ਼ੁਆ।
ਭੁਚਾਲ਼ . . . ਤੂਫ਼ਾਨ . . . ਅੱਤਵਾਦੀ ਹਮਲਾ . . . ਗੋਲੀਬਾਰੀ। ਅਜਿਹੇ ਸ਼ਬਦ ਅਕਸਰ ਅਸੀਂ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਪੜ੍ਹਦੇ ਹਾਂ। ਇਨ੍ਹਾਂ ਬਾਰੇ ਪੜ੍ਹਨਾ ਇਕ ਗੱਲ ਹੈ ਤੇ ਇਨ੍ਹਾਂ ਵਿੱਚੋਂ ਦੀ ਲੰਘਣਾ ਹੋਰ ਗੱਲ। ਤਾਂ ਫਿਰ ਕੋਈ ਬਿਪਤਾ ਆਉਣ ਤੋਂ ਪਹਿਲਾਂ, ਉਸ ਦੌਰਾਨ ਅਤੇ ਉਸ ਤੋਂ ਬਾਅਦ ਸੁਰੱਖਿਅਤ ਰਹਿਣ ਲਈ ਤੁਸੀਂ ਕੀ ਕਰ ਸਕਦੇ ਹੋ? ਆਓ ਦੇਖੀਏ।
ਬਿਪਤਾ ਤੋਂ ਪਹਿਲਾਂ—ਤਿਆਰੀ ਕਰੋ!
ਬਿਪਤਾ ਕਿਸੇ ʼਤੇ ਵੀ ਆ ਸਕਦੀ ਹੈ। ਇਸ ਵਿੱਚੋਂ ਬਚ ਨਿਕਲਣ ਦਾ ਸਭ ਤੋਂ ਅਹਿਮ ਤਰੀਕਾ ਹੈ, ਪਹਿਲਾਂ ਤੋਂ ਤਿਆਰੀ ਕਰਨੀ। ਪਰ ਇਹ ਅਸੀਂ ਕਿਵੇਂ ਕਰ ਸਕਦੇ ਹਾਂ?
ਆਪਣਾ ਮਨ ਤਿਆਰ ਕਰੋ। ਇਹ ਮੰਨੋ ਕਿ ਬਿਪਤਾਵਾਂ ਆਉਂਦੀਆਂ ਹਨ ਅਤੇ ਇਨ੍ਹਾਂ ਦਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੀ ਸਾਮ੍ਹਣਾ ਕਰਨਾ ਪੈ ਸਕਦਾ ਹੈ। ਬਿਪਤਾ ਆਉਣ ਤੋਂ ਬਾਅਦ ਤਿਆਰੀ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ।
ਉਨ੍ਹਾਂ ਬਿਪਤਾਵਾਂ ਬਾਰੇ ਜਾਣਕਾਰੀ ਲਓ ਜੋ ਤੁਹਾਡੇ ਇਲਾਕੇ ਵਿਚ ਆ ਸਕਦੀਆਂ ਹਨ। ਪਤਾ ਲਗਾਓ ਕਿ ਤੁਸੀਂ ਬਿਪਤਾ ਵੇਲੇ ਕਿੱਥੇ ਪਨਾਹ ਲੈ ਸਕਦੇ ਹੋ। ਇਹ ਵੀ ਧਿਆਨ ਦਿਓ ਕਿ ਤੁਹਾਡਾ ਘਰ ਜਾਂ ਜਿਸ ਇਲਾਕੇ ਵਿਚ ਤੁਸੀਂ ਰਹਿੰਦੇ ਹੋ, ਉਹ ਬਿਪਤਾ ਦੇ ਹਿਸਾਬ ਨਾਲ ਸੁਰੱਖਿਅਤ ਹੈ ਜਾਂ ਨਹੀਂ। ਅਜਿਹੀਆਂ ਚੀਜ਼ਾਂ ਸੰਭਾਲ ਕੇ ਰੱਖੋ ਜਿਨ੍ਹਾਂ ਨਾਲ ਅੱਗ ਲੱਗਣ ਦਾ ਖ਼ਤਰਾ ਹੋਵੇ, ਜਿਵੇਂ ਮੱਛਰ ਮਾਰਨ ਵਾਲੀ ਅਗਰਬੱਤੀ, ਸਿਗਰਟ, ਮੋਮਬੱਤੀ, ਤੀਲਾਂ ਦੀ ਡੱਬੀ ਜਾਂ ਮਿੱਟੀ ਦਾ ਤੇਲ। ਨਾਲੇ ਖਾਣਾ ਬਣਾਉਂਦਿਆਂ ਰਸੋਈ ਨੂੰ ਇੱਦਾਂ ਹੀ ਨਾ ਛੱਡ ਕੇ ਜਾਓ।
ਬਿਪਤਾ ਵੇਲੇ ਕੰਮ ਆਉਣ ਵਾਲਾ ਸਾਮਾਨ ਤਿਆਰ ਰੱਖੋ। ਬਿਪਤਾ ਵੇਲੇ ਸ਼ਾਇਦ ਬਿਜਲੀ, ਪਾਣੀ, ਫ਼ੋਨ ਜਾਂ ਆਵਾਜਾਈ ਦੇ ਸਾਧਨ ਬੰਦ ਹੋ ਜਾਣ। ਜੇ ਤੁਹਾਡੇ ਕੋਲ ਗੱਡੀ ਹੈ, ਤਾਂ ਉਸ ਦੀ ਟੈਂਕੀ ਹਰ ਵੇਲੇ ਘੱਟੋ-ਘੱਟ ਅੱਧੀ ਭਰਾ ਕੇ ਰੱਖੋ। ਘਰ ਵਿਚ ਹਮੇਸ਼ਾ ਖਾਣ ਵਾਲੀਆਂ ਚੀਜ਼ਾਂ, ਪਾਣੀ ਤੇ ਐਮਰਜੈਂਸੀ ਬੈਗ ਤਿਆਰ ਰੱਖੋ।—“ ਕੀ ਤੁਹਾਡੇ ਕੋਲ ਲੋੜੀਂਦੀਆਂ ਚੀਜ਼ਾਂ ਹਨ?” ਨਾਂ ਦੀ ਡੱਬੀ ਦੇਖੋ।
ਤਿਆਰੀ ਕਰਨੀ ਬਚ ਨਿਕਲਣ ਦਾ ਸਭ ਤੋਂ ਅਹਿਮ ਤਰੀਕਾ ਹੈ
ਦੋਸਤਾਂ ਦੇ ਫ਼ੋਨ ਨੰਬਰ ਰੱਖੋ, ਭਾਵੇਂ ਉਹ ਕੋਲ ਰਹਿੰਦੇ ਹੋਣ ਜਾਂ ਦੂਰ।
ਸੋਚੋ ਕਿ ਬਿਪਤਾ ਵੇਲੇ ਤੁਸੀਂ ਕਿੱਥੋਂ ਦੀ ਬਾਹਰ ਨਿਕਲੋਗੇ ਅਤੇ ਸਮੇਂ-ਸਮੇਂ ਤੇ ਉਸ ਰਾਹ ਥਾਣੀਂ ਜਾਓ। ਦੇਖੋ ਕਿ ਤੁਸੀਂ ਜਿੱਥੇ ਰਹਿੰਦੇ ਹੋ ਜਾਂ ਕੰਮ ਕਰਦੇ ਹੋ, ਉੱਥੋਂ ਕਿਹੜੇ ਰਾਹਾਂ ਥਾਣੀਂ ਤੁਸੀਂ ਜਲਦੀ ਬਾਹਰ ਨਿਕਲ ਸਕਦੇ ਹੋ। ਆਪਣੇ ਬੱਚਿਆਂ ਨਾਲ ਗੱਲ ਕਰੋ ਕਿ ਜੇ ਸਕੂਲ ਵਿਚ ਐਮਰਜੈਂਸੀ ਹੁੰਦੀ ਹੈ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਕੋਈ ਥਾਂ ਤੈਅ ਕਰੋ ਜਿੱਥੇ ਤੁਹਾਡਾ ਪਰਿਵਾਰ ਮਿਲੇਗਾ, ਜਿਵੇਂ ਸਕੂਲ ਜਾਂ ਪਾਰਕ। ਦੋ ਥਾਵਾਂ ਚੁਣੋ, ਇਕ ਜੋ ਘਰ ਦੇ ਨੇੜੇ ਹੋਵੇ ਤੇ ਦੂਜੀ ਜੋ ਤੁਹਾਡੇ ਇਲਾਕੇ ਤੋਂ ਦੂਰ ਹੋਵੇ। ਅਧਿਕਾਰੀ ਸਲਾਹ ਦਿੰਦੇ ਹਨ ਕਿ ਤੁਸੀਂ ਸਮੇਂ-ਸਮੇਂ ਤੇ ਆਪਣੇ ਪਰਿਵਾਰ ਨਾਲ ਤੁਰ ਕੇ ਉਨ੍ਹਾਂ ਥਾਵਾਂ ʼਤੇ ਜਾਓ।
ਦੂਜਿਆਂ ਦੀ ਮਦਦ ਕਰਨ ਬਾਰੇ ਵੀ ਸੋਚੋ, ਜਿਵੇਂ ਬਜ਼ੁਰਗਾਂ ਜਾਂ ਬੀਮਾਰਾਂ ਦੀ।
ਬਿਪਤਾਵਾਂ ਦੌਰਾਨ—ਝੱਟ ਕਦਮ ਚੁੱਕੋ!
ਜੋਸ਼ੁਆ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਭਾਵੇਂ ਕਿ ਅੱਗ ਲੱਗਣ ਤੇ ਜ਼ਿਆਦਾਤਰ ਲੋਕ ਘਬਰਾਏ ਨਹੀਂ, ਪਰ ਉਨ੍ਹਾਂ ਨੇ ਉੱਥੋਂ ਨਿਕਲਣ ਵਿਚ ਦੇਰ ਕੀਤੀ। ਕੁਝ ਲੋਕ ਆਪਣੇ ਕੰਪਿਊਟਰ ਬੰਦ ਕਰਨ ਲੱਗ ਪਏ ਤੇ ਕੁਝ ਜਣੇ ਪਾਣੀ ਦੀਆਂ ਬੋਤਲਾਂ ਭਰਨ ਲੱਗ ਪਏ। ਇਕ ਆਦਮੀ ਨੇ ਕਿਹਾ: ‘ਮੈਨੂੰ ਲੱਗਦਾ, ਸਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਚਾਹੀਦਾ।’” ਲੋਕ ਨਿਕਲਣ ਵਿਚ ਢਿੱਲ-ਮੱਠ ਕਰ ਰਹੇ ਸਨ, ਇਸ ਕਰਕੇ ਜੋਸ਼ੁਆ ਨੇ ਚੀਕ-ਚੀਕ ਕੇ ਕਿਹਾ: “ਸਾਨੂੰ ਹੁਣੇ ਇੱਥੋਂ ਨਿਕਲਣਾ ਪੈਣਾ।” ਉਸ ਵੇਲੇ ਉਸ ਦੇ ਸਾਥੀਆਂ ਨੂੰ ਅਹਿਸਾਸ ਹੋਇਆ ਤੇ ਉਹ ਉਸ ਦੇ ਪਿੱਛੇ-ਪਿੱਛੇ ਪੌੜੀਆਂ ਤੋਂ ਉਤਰਨ ਲੱਗ ਪਏ। ਜੋਸ਼ੁਆ ਉਤਰਦਾ-ਉਤਰਦਾ ਕਹਿੰਦਾ ਰਿਹਾ: “ਜੇ ਕੋਈ ਡਿਗ ਗਿਆ, ਤਾਂ ਉਸ ਨੂੰ ਚੁੱਕ ਲਓ ਤੇ ਅੱਗੇ ਵਧਦੇ ਰਹੋ। ਅਸੀਂ ਸਾਰੇ ਬਚ ਜਾਵਾਂਗੇ।”
ਅੱਗ ਲੱਗਣ ਤੇ। ਗੋਡਿਆਂ ਭਾਰ ਬੈਠ ਕੇ ਜਲਦੀ ਤੋਂ ਜਲਦੀ ਸਭ ਤੋਂ ਨੇੜੇ ਵਾਲੇ ਰਾਹ ਤੋਂ ਬਾਹਰ ਨਿਕਲੋ। ਧੂੰਆਂ ਹੋਣ ਤੇ ਕੁਝ ਦਿਖਾਈ ਨਹੀਂ ਦਿੰਦਾ। ਅਜਿਹੇ ਮੌਕਿਆਂ ਤੇ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਨਾਲ ਹੁੰਦੀਆਂ ਹਨ। ਸਾਮਾਨ ਚੁੱਕਣ ਦੇ ਚੱਕਰਾਂ ਵਿਚ ਨਾ ਪਓ। ਥੋੜ੍ਹੀ ਜਿਹੀ ਦੇਰੀ ਨਾਲ ਤੁਹਾਡੀ ਜਾਨ ਜਾ ਸਕਦੀ ਹੈ।
ਭੁਚਾਲ਼ ਆਉਣ ਤੇ। ਕਿਸੇ ਮਜ਼ਬੂਤ ਮੇਜ਼ ਜਾਂ ਪਲੰਘ ਹੇਠਾਂ ਵੜ ਜਾਓ ਜਾਂ ਘਰ ਦੇ ਅੰਦਰ ਵਾਲੇ ਕਮਰੇ ਦੇ ਕੋਨੇ ਨਾਲ ਲੱਗ ਕੇ ਖੜ੍ਹੇ ਹੋ ਜਾਓ। ਭੁਚਾਲ਼ ਤੋਂ ਬਾਅਦ ਵੀ ਝਟਕੇ ਮਹਿਸੂਸ ਹੁੰਦੇ ਰਹਿੰਦੇ ਹਨ। ਇਸ ਲਈ ਜਿੰਨੀ ਜਲਦੀ ਹੋ ਸਕੇ, ਇਮਾਰਤ ਤੋਂ ਬਾਹਰ ਨਿਕਲ ਕੇ ਦੂਰ ਭੱਜ ਜਾਓ। ਬਚਾਅ ਦਲ ਨੂੰ ਆਉਣ ਵਿਚ ਸਮਾਂ ਲੱਗ ਸਕਦਾ ਹੈ। ਇਸ ਲਈ ਜੇ ਹੋ ਸਕੇ, ਤਾਂ ਦੂਜਿਆਂ ਨੂੰ ਵੀ ਬਚਾਓ।
ਸੁਨਾਮੀ ਆਉਣ ਤੇ। ਜੇ ਸਮੁੰਦਰ ਦੇ ਕਿਨਾਰੇ ਤੋਂ ਲਹਿਰਾਂ ਵਾਪਸ ਜਾਂਦੀਆਂ ਹਨ, ਤਾਂ ਤੁਰੰਤ ਉੱਚੀ ਜਗ੍ਹਾ ਚਲੇ ਜਾਓ ਕਿਉਂਕਿ ਉਸ ਤੋਂ ਬਾਅਦ ਵੱਡੀਆਂ-ਵੱਡੀਆਂ ਲਹਿਰਾਂ ਆਉਣਗੀਆਂ।
ਝੱਖੜ ਜਾਂ ਤੂਫ਼ਾਨ ਆਉਣ ਤੇ। ਫ਼ੌਰਨ ਆਪਣੇ ਘਰ ਦੀ ਬੇਸਮੈਂਟ ਜਾਂ ਸਭ ਤੋਂ ਥੱਲੇ ਵਾਲੀ ਮੰਜ਼ਲ ਵਿਚ ਜਾਓ। ਜੇ ਕੋਈ ਇੱਦਾਂ ਦੀ ਜਗ੍ਹਾ ਨਹੀਂ ਹੈ, ਤਾਂ ਘਰ ਦੀ ਵਿਚਕਾਰ ਵਾਲੀ ਜਗ੍ਹਾ ਵਿਚ ਜਾਓ।
ਹੜ੍ਹ ਆਉਣ ਤੇ। ਉਨ੍ਹਾਂ ਇਮਾਰਤਾਂ ਵਿਚ ਨਾ ਜਾਓ ਜਿਨ੍ਹਾਂ ਵਿਚ ਪਾਣੀ ਭਰ ਗਿਆ ਹੈ। ਨਾ ਹੀ ਪਾਣੀ ਵਿਚ ਤੁਰੋ ਤੇ ਨਾ ਹੀ ਗੱਡੀ ਚਲਾਓ। ਹੜ੍ਹ ਦੇ ਪਾਣੀ ਵਿਚ ਗੰਦੇ ਨਾਲੇ ਦਾ ਪਾਣੀ ਤੇ ਮਲਬਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ, ਬਿਜਲੀ ਦੀਆਂ ਟੁੱਟੀਆਂ ਹੋਈਆਂ ਤਾਰਾਂ ਜਾਂ ਖੁੱਲ੍ਹੇ ਹੋਏ ਗਟਰ ਵਗੈਰਾ ਵੀ ਹੋ ਸਕਦੇ ਹਨ ਜੋ ਸਾਨੂੰ ਦਿਖਾਈ ਨਹੀਂ ਦਿੰਦੇ। ਇਹ ਜਾਨਲੇਵਾ ਹੋ ਸਕਦੇ ਹਨ।
ਕੀ ਤੁਸੀਂ ਜਾਣਦੇ ਹੋ? ਦੋ ਫੁੱਟ ਉਚਾਈ ਤਕ ਵਹਿੰਦਾ ਪਾਣੀ ਇਕ ਕਾਰ ਨੂੰ ਆਪਣੇ ਨਾਲ ਰੋੜ੍ਹ ਕੇ ਲਿਜਾ ਸਕਦਾ ਹੈ। ਹੜ੍ਹ ਆਉਣ ਤੇ ਜ਼ਿਆਦਾਤਰ ਲੋਕਾਂ ਦੀ ਮੌਤ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਉਹ ਵਹਿੰਦੇ ਪਾਣੀ ਵਿਚ ਗੱਡੀ ਚਲਾਉਣ ਦੀ ਕੋਸ਼ਿਸ਼ ਕਰਦੇ ਹਨ।
ਜੇ ਅਧਿਕਾਰੀ ਇਲਾਕਾ ਛੱਡਣ ਨੂੰ ਕਹਿਣ, ਤਾਂ ਤੁਰੰਤ ਉੱਥੋਂ ਚਲੇ ਜਾਓ। ਆਪਣੇ ਦੋਸਤਾਂ ਨੂੰ ਦੱਸੋ ਕਿ ਤੁਸੀਂ ਕਿੱਥੇ ਹੋ, ਨਹੀਂ ਤਾਂ ਉਹ ਤੁਹਾਨੂੰ ਲੱਭਣ ਦੇ ਚੱਕਰ ਵਿਚ ਆਪਣੀ ਜਾਨ ਖ਼ਤਰੇ ਵਿਚ ਪਾ ਸਕਦੇ ਹਨ।
ਜੇ ਅਧਿਕਾਰੀ ਇਲਾਕਾ ਛੱਡਣ ਨੂੰ ਕਹਿਣ, ਤਾਂ ਤੁਰੰਤ ਉੱਥੋਂ ਚਲੇ ਜਾਓ
ਕੀ ਤੁਸੀਂ ਜਾਣਦੇ ਹੋ? ਫ਼ੋਨ ʼਤੇ ਸ਼ਾਇਦ ਗੱਲਬਾਤ ਨਾ ਹੋਵੇ, ਪਰ ਮੈਸਿਜ ਅਕਸਰ ਪਹੁੰਚ ਜਾਂਦੇ ਹਨ।
ਜੇ ਅਧਿਕਾਰੀ ਘਰ ਜਾਂ ਪਨਾਹ ਵਾਲੀ ਜਗ੍ਹਾ ਵਿਚ ਰਹਿਣ ਲਈ ਕਹਿੰਦੇ ਹਨ, ਤਾਂ ਉਨ੍ਹਾਂ ਦਾ ਕਹਿਣਾ ਮੰਨੋ। ਰਸਾਇਣਕ, ਜੈਵਿਕ ਜਾਂ ਪਰਮਾਣੂ ਬਿਪਤਾ ਆਉਣ ਤੇ ਜਾਂ ਹਮਲਾ ਹੋਣ ਤੇ ਘਰ ਦੇ ਅੰਦਰ ਹੀ ਰਹੋ। ਹਵਾ ਆਉਣ ਦੇ ਸਾਰੇ ਰਾਹ ਬੰਦ ਕਰ ਦਿਓ, ਜਿਵੇਂ ਕਿ ਤਾਕੀਆਂ-ਦਰਵਾਜ਼ੇ। ਪਰਮਾਣੂ ਬਿਪਤਾ ਆਉਣ ਤੇ ਤੁਸੀਂ ਆਪਣੀ ਇਮਾਰਤ ਦੇ ਸਭ ਤੋਂ ਥੱਲੇ ਵਾਲੇ ਹਿੱਸੇ ਵਿਚ ਅੰਦਰ ਵਾਲੇ ਕਮਰੇ ਵਿਚ ਚਲੇ ਜਾਓ ਤਾਂਕਿ ਹਾਨੀਕਾਰਕ ਰੇਡੀਏਸ਼ਨਾਂ ਤੋਂ ਤੁਹਾਡੀ ਹਿਫਾਜ਼ਤ ਹੋ ਸਕੇ। ਟੀ. ਵੀ. ਜਾਂ ਰੇਡੀਓ ʼਤੇ ਖ਼ਬਰਾਂ ਸੁਣੋ। ਨਾਲੇ ਜਦ ਤਕ ਅਧਿਕਾਰੀ ਇਹ ਘੋਸ਼ਣਾ ਨਾ ਕਰ ਦੇਣ ਕਿ ਖ਼ਤਰਾ ਟਲ ਗਿਆ ਹੈ, ਉਦੋਂ ਤਕ ਬਾਹਰ ਨਾ ਜਾਓ।
ਬਿਪਤਾ ਤੋਂ ਬਾਅਦ—ਸੁਰੱਖਿਆ ਦਾ ਧਿਆਨ ਰੱਖੋ !
ਬੀਮਾਰੀ ਅਤੇ ਖ਼ਤਰੇ ਤੋਂ ਬਚਣ ਲਈ ਅੱਗੇ ਦਿੱਤੇ ਸੁਝਾਵਾਂ ʼਤੇ ਗੌਰ ਕਰੋ:
ਜੇ ਹੋ ਸਕੇ, ਤਾਂ ਦੋਸਤਾਂ ਨਾਲ ਰਹੋ, ਨਾ ਕਿ ਕੈਂਪ ਵਿਚ।
ਜਿਸ ਜਗ੍ਹਾ ਤੁਸੀਂ ਰਹਿੰਦੇ ਹੋ, ਉਸ ਨੂੰ ਸਾਫ਼ ਰੱਖੋ।
ਸਾਫ਼-ਸਫ਼ਾਈ ਕਰਦੇ ਵੇਲੇ ਆਪਣੀ ਸੁਰੱਖਿਆ ਦਾ ਧਿਆਨ ਰੱਖੋ। ਮਲਬਾ ਸਾਫ਼ ਕਰਦਿਆਂ ਦਸਤਾਨੇ, ਮਜ਼ਬੂਤ ਬੂਟ, ਟੋਪੀ ਅਤੇ ਮਾਸਕ ਵਗੈਰਾ ਪਾਓ। ਬਿਜਲੀ ਦੀਆਂ ਤਾਰਾਂ ਤੇ ਚੰਗਿਆੜੀਆਂ ਤੋਂ ਸਾਵਧਾਨ ਰਹੋ।
ਰੋਜ਼ਮੱਰਾ ਦੇ ਕੰਮ ਕਰਦੇ ਰਹੋ, ਹੋ ਸਕੇ ਤਾਂ ਉੱਦਾਂ ਜਿੱਦਾਂ ਤੁਸੀਂ ਪਹਿਲਾਂ ਕਰਦੇ ਸੀ। ਇਸ ਤਰ੍ਹਾਂ ਤੁਹਾਡੇ ਬੱਚੇ ਦੇਖ ਸਕਣਗੇ ਕਿ ਤੁਸੀਂ ਸ਼ਾਂਤ ਹੋ ਅਤੇ ਤੁਹਾਨੂੰ ਉਮੀਦ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ। ਪੂਰਾ ਪਰਿਵਾਰ ਮਿਲ ਕੇ ਭਗਤੀ ਕਰਦੇ ਰਹੋ। ਬੱਚਿਆਂ ਨੂੰ ਸਕੂਲ ਦੀ ਪੜ੍ਹਾਈ ਕਰਵਾਓ ਤੇ ਉਨ੍ਹਾਂ ਨਾਲ ਖੇਡੋ। ਬਿਪਤਾ ਨਾਲ ਹੋਈਆਂ ਤਬਾਹੀ ਦੀਆਂ ਖ਼ਬਰਾਂ ਵੱਲ ਜ਼ਿਆਦਾ ਧਿਆਨ ਨਾ ਦਿਓ ਅਤੇ ਘਰਦਿਆਂ ʼਤੇ ਆਪਣਾ ਗੁੱਸਾ ਨਾ ਕੱਢੋ। ਦੂਜਿਆਂ ਦੀ ਮਦਦ ਕਬੂਲ ਕਰੋ ਤੇ ਖ਼ੁਦ ਵੀ ਉਨ੍ਹਾਂ ਦੀ ਮਦਦ ਕਰੋ।
ਬਿਪਤਾ ਤੋਂ ਬਾਅਦ ਰੋਜ਼ਮੱਰਾ ਦੇ ਕੰਮ ਕਰਦੇ ਰਹੋ
ਇਹ ਗੱਲ ਸਵੀਕਾਰ ਕਰੋ ਕਿ ਬਿਪਤਾ ਆਉਣ ਤੇ ਨੁਕਸਾਨ ਹੁੰਦਾ ਹੈ। ਅਧਿਕਾਰੀ ਅਤੇ ਰਾਹਤ ਪਹੁੰਚਾਉਣ ਵਾਲੇ ਲੋਕਾਂ ਦੀਆਂ ਜਾਨਾਂ ਬਚਾਉਣ ʼਤੇ ਜ਼ਿਆਦਾ ਧਿਆਨ ਦਿੰਦੇ ਹਨ, ਨਾ ਕਿ ਬਿਪਤਾ ਵਿਚ ਹੋਏ ਹਰ ਨੁਕਸਾਨ ਦੀ ਭਰਪਾਈ ਕਰਨ ਤੇ। ਜੀਉਂਦੇ ਰਹਿਣ ਲਈ ਸਾਨੂੰ ਸਿਰਫ਼ ਖਾਣੇ, ਸਾਫ਼ ਪਾਣੀ, ਕੱਪੜੇ ਅਤੇ ਸਿਰ ਢੱਕਣ ਲਈ ਥਾਂ ਦੀ ਲੋੜ ਹੁੰਦੀ ਹੈ।—1 ਤਿਮੋਥਿਉਸ 6:7, 8.
ਇਸ ਦਾ ਤੁਹਾਡੇ ਜਜ਼ਬਾਤਾਂ ʼਤੇ ਗਹਿਰਾ ਅਸਰ ਪੈਂਦਾ ਹੈ, ਇਸ ਲਈ ਕਿਸੇ ਦੀ ਮਦਦ ਲਓ। ਬਿਪਤਾ ਆਉਣ ਤੇ ਜੋ ਦੁੱਖ ਹੁੰਦਾ ਹੈ, ਉਸ ਤੋਂ ਜ਼ਿਆਦਾ ਦੁੱਖ ਅਕਸਰ ਉਸ ਤੋਂ ਕੁਝ ਸਮੇਂ ਬਾਅਦ ਹੁੰਦਾ ਹੈ। ਤੁਹਾਨੂੰ ਸ਼ਾਇਦ ਚਿੰਤਾ ਹੋਣ ਲੱਗ ਪਵੇ, ਡਿਪਰੈਸ਼ਨ ਹੋ ਜਾਵੇ, ਅਚਾਨਕ ਮੂਡ ਬਦਲਣ ਲੱਗ ਪਵੇ, ਕੰਮ ਕਰਨ ਵਿਚ ਮੁਸ਼ਕਲ ਆਉਣ ਲੱਗ ਪਵੇ ਅਤੇ ਚੰਗੀ ਤਰ੍ਹਾਂ ਨੀਂਦ ਨਾ ਆਵੇ। ਇੱਦਾਂ ਹੋਣ ਤੇ ਦੋਸਤਾਂ ਨਾਲ ਗੱਲ ਕਰੋ।
ਅੱਗ ਲੱਗਣ ਤੇ ਜੋਸ਼ੁਆ ਤਾਂ ਬਚ ਗਿਆ, ਪਰ ਉਸ ਦੇ ਜਾਣ-ਪਛਾਣ ਵਾਲੇ ਬਹੁਤ ਸਾਰੇ ਲੋਕ ਨਹੀਂ ਬਚੇ। ਉਸ ਨੂੰ ਯਹੋਵਾਹ ਦੇ ਗਵਾਹਾਂ ਵਿੱਚੋਂ ਸਮਝਦਾਰ ਭਰਾਵਾਂ ਤੋਂ, ਜਿਨ੍ਹਾਂ ਨੂੰ ਬਜ਼ੁਰਗ ਕਿਹਾ ਜਾਂਦਾ ਹੈ, ਕਾਫ਼ੀ ਮਦਦ ਮਿਲੀ ਅਤੇ ਉਸ ਨੇ ਮਾਨਸਿਕ ਰੋਗ ਦੇ ਡਾਕਟਰਾਂ ਤੋਂ ਵੀ ਮਦਦ ਲਈ। ਉਹ ਦੱਸਦਾ ਹੈ: “ਉਨ੍ਹਾਂ ਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਹੋਣਾ ਸੁਭਾਵਕ ਹੈ ਅਤੇ ਸਮੇਂ ਦੇ ਬੀਤਣ ਨਾਲ ਸਭ ਕੁਝ ਠੀਕ ਹੋ ਜਾਵੇਗਾ। ਛੇ ਮਹੀਨਿਆਂ ਵਿਚ ਮੈਨੂੰ ਡਰਾਉਣੇ ਸੁਪਨੇ ਆਉਣੇ ਵੀ ਘੱਟ ਗਏ, ਪਰ ਹੋਰ ਮੁਸ਼ਕਲਾਂ ਜ਼ਿਆਦਾ ਸਮੇਂ ਤਕ ਰਹੀਆਂ।”
ਬਿਪਤਾਵਾਂ ਆਉਣ ਤੇ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਇਸ ਦੀ ਮਾਰ ਝੱਲਣੀ ਪੈਂਦੀ ਹੈ। ਇਸ ਕਰਕੇ ਕਈ ਲੋਕ ਅਣਜਾਣੇ ਵਿਚ ਰੱਬ ਨੂੰ ਦੋਸ਼ ਦਿੰਦੇ ਹਨ ਤੇ ਕਈ ਜੋਸ਼ੁਆ ਵਾਂਗ ਆਪਣੇ ਆਪ ਨੂੰ। ਉਹ ਦੱਸਦਾ ਹੈ: “ਅੱਜ ਵੀ ਮੈਂ ਇਹ ਸੋਚਦਾ ਹਾਂ ਕਿ ਕਾਸ਼! ਮੈਂ ਥੋੜ੍ਹੇ ਹੋਰ ਲੋਕਾਂ ਦੀ ਜਾਨ ਬਚਾ ਪਾਉਂਦਾ। ਪਰ ਮੈਨੂੰ ਇਸ ਗੱਲ ਤੋਂ ਦਿਲਾਸਾ ਮਿਲਿਆ ਕਿ ਰੱਬ ਬਹੁਤ ਜਲਦ ਸੱਚਾ ਨਿਆਂ ਕਰੇਗਾ ਅਤੇ ਸਾਰਾ ਕੁਝ ਠੀਕ ਕਰ ਦੇਵੇਗਾ। ਉਹ ਸਮਾਂ ਆਉਣ ਤਕ ਮੈਂ ਹਰ ਦਿਨ ਨੂੰ ਅਨਮੋਲ ਸਮਝਦਾ ਹਾਂ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ।”—ਪ੍ਰਕਾਸ਼ ਦੀ ਕਿਤਾਬ 21:4, 5. a
a ਇਸ ਬਾਰੇ ਹੋਰ ਜਾਣਨ ਲਈ ਕਿ ਰੱਬ ਨੇ ਭਵਿੱਖ ਲਈ ਕਿਹੜੇ ਵਾਅਦੇ ਕੀਤੇ ਹਨ ਅਤੇ ਉਸ ਨੇ ਹਾਲੇ ਤਕ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ, ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ ਨਾਂ ਦੀ ਕਿਤਾਬ ਪੜ੍ਹੋ। ਇਸ ਨੂੰ www.jw.org/pa ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

