Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਇਕ ਤੋਂ ਜ਼ਿਆਦਾ ਵਿਆਹ ਕਰਾਉਣ ਵਾਲਾ ਤੇ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਕਰਨ ਵਾਲਾ ਵਿਅਕਤੀ ਗਵਾਹ ਕਿਉਂ ਬਣ ਗਿਆ? ਇਕ ਚਰਚ ਦੇ ਪਾਦਰੀ ਨੇ ਆਪਣੇ ਵਿਸ਼ਵਾਸ ਕਿਉਂ ਬਦਲ ਲਏ? ਬਚਪਨ ਤੋਂ ਦੁੱਖਾਂ ਦੀ ਮਾਰ ਸਹਿਣ ਵਾਲੀ ਇਕ ਔਰਤ ਦੀ ਕਿਹੜੀ ਗੱਲ ਨੇ ਮਦਦ ਕੀਤੀ ਜਿਸ ਕਰਕੇ ਉਹ ਆਪਣੇ ਨਾਲ ਨਫ਼ਰਤ ਕਰਨੀ ਛੱਡ ਸਕੀ ਤੇ ਰੱਬ ਦੇ ਨੇੜੇ ਜਾ ਸਕੀ? ਰਾਕ ਮਿਊਜ਼ਿਕ ਦਾ ਇਕ ਦੀਵਾਨਾ ਯਹੋਵਾਹ ਦਾ ਗਵਾਹ ਕਿਉਂ ਬਣਿਆ? ਜਵਾਬ ਜਾਣਨ ਲਈ ਇਹ ਤਜਰਬੇ ਪੜ੍ਹੋ।

“ਮੈਂ ਚੰਗਾ ਪਤੀ ਬਣਿਆ”​—ਰਿਗੋਬੇਅਰ ਹੂਐਤਾ

 • ਜਨਮ: 1941

 • ਦੇਸ਼: ਬੇਨਿਨ

 • ਅਤੀਤ: ਇਕ ਤੋਂ ਜ਼ਿਆਦਾ ਪਤਨੀਆਂ ਦਾ ਪਤੀ ਤੇ ਯਹੋਵਾਹ ਦੇ ਗਵਾਹਾਂ ਦਾ ਵਿਰੋਧੀ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੈਂ ਬੇਨਿਨ ਦੇ ਵੱਡੇ ਸ਼ਹਿਰ ਕੋਟੋਨੂ ਤੋਂ ਹਾਂ। ਮੇਰੀ ਪਰਵਰਿਸ਼ ਕੈਥੋਲਿਕ ਪਰਿਵਾਰ ਵਿਚ ਹੋਈ ਸੀ, ਪਰ ਮੈਂ ਬਾਕਾਇਦਾ ਚਰਚ ਨਹੀਂ ਸੀ ਜਾਂਦਾ। ਮੈਂ ਜਿੱਥੇ ਰਹਿੰਦਾ ਸੀ, ਉੱਥੇ ਬਹੁਤ ਸਾਰੇ ਕੈਥੋਲਿਕ ਆਦਮੀਆਂ ਦੀਆਂ ਇਕ ਤੋਂ ਜ਼ਿਆਦਾ ਪਤਨੀਆਂ ਸਨ ਕਿਉਂਕਿ ਉਸ ਸਮੇਂ ਇੱਦਾਂ ਕਰਨਾ ਕਾਨੂੰਨੀ ਤੌਰ ਤੇ ਸਹੀ ਸੀ। ਮੈਂ ਵੀ ਚਾਰ ਵਿਆਹ ਕਰਾਏ ਸਨ।

1970 ਦੇ ਦਹਾਕੇ ਵਿਚ ਜਦੋਂ ਸਾਡੇ ਦੇਸ਼ ਵਿਚ ਇਨਕਲਾਬ ਆਇਆ, ਤਾਂ ਮੈਂ ਸੋਚਿਆ ਕਿ ਇਸ ਨਾਲ ਦੇਸ਼ ਨੂੰ ਫ਼ਾਇਦਾ ਹੋਵੇਗਾ। ਮੈਂ ਇਸ ਵਿਚ ਪੂਰੀ ਤਰ੍ਹਾਂ ਹਿੱਸਾ ਲਿਆ ਤੇ ਰਾਜਨੀਤੀ ਵਿਚ ਚਲਾ ਗਿਆ। ਇਨਕਲਾਬ ਲਿਆਉਣ ਵਿਚ ਹਿੱਸਾ ਲੈਣ ਵਾਲੇ ਲੋਕ ਯਹੋਵਾਹ ਦੇ ਗਵਾਹਾਂ ਨੂੰ ਪਸੰਦ ਨਹੀਂ ਕਰਦੇ ਸਨ ਕਿਉਂਕਿ ਗਵਾਹ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ ਸਨ। ਮੈਂ ਵੀ ਉਨ੍ਹਾਂ ਨਾਲ ਮਿਲ ਕੇ ਗਵਾਹਾਂ ਨੂੰ ਸਤਾਉਂਦਾ ਹੁੰਦਾ ਸੀ। ਜਦੋਂ 1976 ਵਿਚ ਗਵਾਹਾਂ ਦੇ ਮਿਸ਼ਨਰੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ, ਤਾਂ ਮੈਨੂੰ ਪੱਕਾ ਭਰੋਸਾ ਸੀ ਕਿ ਉਹ ਕਦੀ ਵੀ ਵਾਪਸ ਨਹੀਂ ਆਉਣਗੇ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:

1990 ਵਿਚ ਇਨਕਲਾਬ ਖ਼ਤਮ ਹੋ ਗਿਆ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮਿਸ਼ਨਰੀ ਜਲਦੀ ਵਾਪਸ ਆ ਗਏ। ਮੈਂ ਸੋਚਣ ਲੱਗ ਪਿਆ ਕਿ ਸ਼ਾਇਦ ਰੱਬ ਇਨ੍ਹਾਂ ਲੋਕਾਂ ਦੇ ਨਾਲ ਸੀ। ਉਸ ਸਮੇਂ ਮੈਂ ਨਵੀਂ ਜਗ੍ਹਾ ਕੰਮ ਕਰਨ ਲੱਗ ਪਿਆ ਸੀ। ਉੱਥੇ ਮੇਰੇ ਨਾਲ ਕੰਮ ਕਰਨ ਵਾਲਾ ਇਕ ਆਦਮੀ ਯਹੋਵਾਹ ਦਾ ਗਵਾਹ ਸੀ ਅਤੇ ਉਸ ਨੇ ਜਲਦੀ ਹੀ ਮੈਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਉਸ ਨੇ ਮੈਨੂੰ ਬਾਈਬਲ ਦੀਆਂ ਆਇਤਾਂ ਦਿਖਾਈਆਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪਿਆਰ ਤੇ ਨਿਆਂ ਕਰਨ ਵਾਲਾ ਪਰਮੇਸ਼ੁਰ ਹੈ। (ਬਿਵਸਥਾ ਸਾਰ 32:4; 1 ਯੂਹੰਨਾ 4:8) ਇਨ੍ਹਾਂ ਗੁਣਾਂ ਕਰਕੇ ਮੈਂ ਯਹੋਵਾਹ ਵੱਲ ਖਿੱਚਿਆ ਗਿਆ। ਮੈਂ ਯਹੋਵਾਹ ਬਾਰੇ ਹੋਰ ਜਾਣਨਾ ਚਾਹੁੰਦਾ ਸੀ, ਇਸ ਲਈ ਮੈਂ ਬਾਈਬਲ ਤੋਂ ਸਿੱਖਿਆ ਲੈਣ ਲਈ ਮੰਨ ਗਿਆ।

ਜਲਦੀ ਹੀ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਲੱਗ ਪਿਆ। ਮੈਂ ਦੇਖਿਆ ਕਿ ਉੱਥੇ ਸਾਰੇ ਜਣੇ ਇਕ-ਦੂਜੇ ਨੂੰ ਦਿਲੋਂ ਪਿਆਰ ਕਰਦੇ ਹਨ, ਚਾਹੇ ਉਹ ਕਿਸੇ ਵੀ ਨਸਲ ਦੇ ਹੋਣ, ਅਮੀਰ ਹੋਣ ਜਾਂ ਗ਼ਰੀਬ। ਇਹ ਗੱਲ ਮੇਰੇ ਦਿਲ ਨੂੰ ਛੂਹ ਗਈ। ਮੈਂ ਜਿੰਨਾ ਜ਼ਿਆਦਾ ਗਵਾਹਾਂ ਨਾਲ ਸੰਗਤ ਕਰਦਾ ਸੀ, ਉੱਨਾ ਜ਼ਿਆਦਾ ਮੈਨੂੰ ਯਕੀਨ ਹੋ ਗਿਆ ਕਿ ਇਹ ਲੋਕ ਯਿਸੂ ਦੇ ਸੱਚੇ ਚੇਲੇ ਹਨ।​—ਯੂਹੰਨਾ 13:35.

ਮੈਂ ਸੋਚਿਆ ਕਿ ਜੇ ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹਾਂ, ਤਾਂ ਮੈਨੂੰ ਚਰਚ ਨੂੰ ਛੱਡਣਾ ਪੈਣਾ। ਇੱਦਾਂ ਕਰਨਾ ਸੌਖਾ ਨਹੀਂ ਸੀ ਕਿਉਂਕਿ ਮੈਨੂੰ ਡਰ ਲੱਗਦਾ ਸੀ ਕਿ ਲੋਕ ਕੀ ਸੋਚਣਗੇ। ਕਾਫ਼ੀ ਸਮੇਂ ਬਾਅਦ ਯਹੋਵਾਹ ਦੀ ਮਦਦ ਨਾਲ ਮੈਂ ਹਿੰਮਤ ਕਰ ਕੇ ਚਰਚ ਨੂੰ ਛੱਡ ਦਿੱਤਾ।

ਪਰ ਮੈਨੂੰ ਆਪਣੇ ਵਿਚ ਇਕ ਹੋਰ ਵੱਡਾ ਬਦਲਾਅ ਕਰਨ ਦੀ ਲੋੜ ਸੀ। ਸਟੱਡੀ ਕਰਦਿਆਂ ਮੈਂ ਬਾਈਬਲ ਤੋਂ ਸਿੱਖਿਆ ਕਿ ਯਹੋਵਾਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਮਸੀਹੀ ਦੇ ਇਕ ਤੋਂ ਜ਼ਿਆਦਾ ਪਤੀ ਜਾਂ ਪਤਨੀਆਂ ਹੋਣ। (ਉਤਪਤ 2:18-24; ਮੱਤੀ 19:4-6) ਉਸ ਦੀਆਂ ਨਜ਼ਰਾਂ ਵਿਚ ਮੇਰਾ ਪਹਿਲਾ ਵਿਆਹ ਹੀ ਜਾਇਜ਼ ਸੀ। ਇਸ ਲਈ ਮੈਂ ਆਪਣਾ ਵਿਆਹ ਕਾਨੂੰਨੀ ਤੌਰ ਤੇ ਰਜਿਸਟਰ ਕਰਾਇਆ ਅਤੇ ਬਾਕੀ ਪਤਨੀਆਂ ਨੂੰ ਛੱਡ ਦਿੱਤਾ। ਪਰ ਮੈਂ ਉਨ੍ਹਾਂ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ। ਸਮੇਂ ਦੇ ਬੀਤਣ ਨਾਲ ਉਨ੍ਹਾਂ ਵਿੱਚੋਂ ਦੋ ਜਣੀਆਂ ਗਵਾਹ ਬਣ ਗਈਆਂ।

ਅੱਜ ਮੇਰੀ ਜ਼ਿੰਦਗੀ:

ਭਾਵੇਂ ਕਿ ਮੇਰੀ ਪਤਨੀ ਚਰਚ ਜਾਂਦੀ ਹੈ, ਫਿਰ ਵੀ ਉਹ ਯਹੋਵਾਹ ਦੀ ਸੇਵਾ ਕਰਨ ਦੇ ਮੇਰੇ ਫ਼ੈਸਲੇ ਤੋਂ ਖ਼ੁਸ਼ ਹੈ। ਸਾਨੂੰ ਦੋਵਾਂ ਨੂੰ ਲੱਗਦਾ ਹੈ ਕਿ ਮੈਂ ਪਤੀ ਵਜੋਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਜ਼ਿੰਮੇਵਾਰੀਆਂ ਨਿਭਾਉਂਦਾ ਹਾਂ।

ਮੈਂ ਸੋਚਦਾ ਹੁੰਦਾ ਸੀ ਕਿ ਮੈਂ ਰਾਜਨੀਤੀ ਦੇ ਜ਼ਰੀਏ ਸਮਾਜ ਨੂੰ ਸੁਧਾਰ ਸਕਦਾ ਸੀ, ਪਰ ਮੇਰੀਆਂ ਉਹ ਕੋਸ਼ਿਸ਼ਾਂ ਬੇਕਾਰ ਗਈਆਂ। ਹੁਣ ਮੈਨੂੰ ਪਤਾ ਹੈ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਮਨੁੱਖਜਾਤੀ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਸਕਦਾ ਹੈ। (ਮੱਤੀ 6:9, 10) ਮੈਂ ਯਹੋਵਾਹ ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਜ਼ਿੰਦਗੀ ਵਿਚ ਖ਼ੁਸ਼ੀ ਪਾਉਣ ਦਾ ਰਾਹ ਦੱਸਿਆ।

“ਬਦਲਾਅ ਕਰਨੇ ਸੌਖੇ ਨਹੀਂ ਸਨ।”​—ਐਲਿਕਸ ਲੇਮੋਸ ਸੀਲਵਾ

 • ਜਨਮ: 1977

 • ਦੇਸ਼: ਬ੍ਰਾਜ਼ੀਲ

 • ਅਤੀਤ: ਪਾਦਰੀ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰੀ ਪਰਵਰਿਸ਼ ਸਾਓ ਪੌਲੋ ਪ੍ਰਾਂਤ ਦੇ ਈਟੂ ਸ਼ਹਿਰ ਵਿਚ ਹੋਈ ਸੀ। ਸ਼ਹਿਰ ਦੇ ਜਿਸ ਇਲਾਕੇ ਵਿਚ ਅਸੀਂ ਰਹਿੰਦੇ ਸੀ, ਉੱਥੇ ਬਹੁਤ ਜ਼ਿਆਦਾ ਅਪਰਾਧ ਹੁੰਦੇ ਸਨ।

ਮੈਂ ਬਹੁਤ ਹਿੰਸਕ ਸੁਭਾਅ ਦਾ ਸੀ ਤੇ ਅਨੈਤਿਕ ਕੰਮ ਕਰਦਾ ਸੀ। ਇਸ ਤੋਂ ਇਲਾਵਾ, ਮੈਂ ਡ੍ਰੱਗਜ਼ ਦਾ ਧੰਦਾ ਕਰਦਾ ਸੀ। ਸਮੇਂ ਦੇ ਬੀਤਣ ਨਾਲ ਮੈਨੂੰ ਅਹਿਸਾਸ ਹੋਇਆ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਕਰਕੇ ਜਾਂ ਤਾਂ ਮੈਨੂੰ ਜੇਲ੍ਹ ਹੋ ਜਾਣੀ ਜਾਂ ਮੈਂ ਮਰ ਜਾਣਾ। ਇਸ ਲਈ ਮੈਂ ਇਹ ਕੰਮ ਕਰਨੇ ਛੱਡ ਦਿੱਤੇ। ਫਿਰ ਮੈਂ ਚਰਚ ਜਾਣ ਲੱਗ ਪਿਆ ਤੇ ਬਾਅਦ ਵਿਚ ਮੈਂ ਪਾਦਰੀ ਬਣ ਗਿਆ।

ਮੈਨੂੰ ਲੱਗਾ ਕਿ ਚਰਚ ਵਿਚ ਸੇਵਾ ਕਰ ਕੇ ਮੈਂ ਲੋਕਾਂ ਦੀ ਮਦਦ ਕਰ ਸਕਦਾ ਸੀ। ਮੈਂ ਰੇਡੀਓ ʼਤੇ ਧਾਰਮਿਕ ਪ੍ਰੋਗ੍ਰਾਮ ਪੇਸ਼ ਕਰਦਾ ਹੁੰਦਾ ਸੀ ਜਿਸ ਕਰਕੇ ਮੇਰੇ ਇਲਾਕੇ ਦੇ ਸਾਰੇ ਲੋਕ ਮੈਨੂੰ ਜਾਣਦੇ ਸਨ। ਪਰ ਹੌਲੀ-ਹੌਲੀ ਮੈਨੂੰ ਅਹਿਸਾਸ ਹੋ ਗਿਆ ਕਿ ਚਰਚ ਦੇ ਆਗੂਆਂ ਨੂੰ ਆਪਣੇ ਚਰਚ ਦੇ ਮੈਂਬਰਾਂ ਦੀ ਭਲਾਈ ਦਾ ਕੋਈ ਫ਼ਿਕਰ ਨਹੀਂ ਹੈ। ਨਾਲੇ ਉਨ੍ਹਾਂ ਨੂੰ ਰੱਬ ਦੀ ਮਹਿਮਾ ਕਰਨ ਨਾਲ ਵੀ ਕੋਈ ਲੈਣਾ-ਦੇਣਾ ਨਹੀਂ ਹੈ। ਮੈਨੂੰ ਲੱਗਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਪੈਸਾ ਇਕੱਠਾ ਕਰਨਾ ਹੈ। ਇਸ ਲਈ ਮੈਂ ਚਰਚ ਨੂੰ ਛੱਡ ਦਿੱਤਾ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:

ਜਦੋਂ ਮੈਂ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਬਾਰੇ ਸਿੱਖਣ ਲੱਗਾ, ਤਾਂ ਮੈਨੂੰ ਸਾਫ਼ ਪਤਾ ਲੱਗ ਗਿਆ ਕਿ ਉਹ ਬਾਕੀ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ। ਉਨ੍ਹਾਂ ਬਾਰੇ ਦੋ ਗੱਲਾਂ ਨੇ ਮੇਰੇ ਦਿਲ ʼਤੇ ਡੂੰਘਾ ਅਸਰ ਪਾਇਆ। ਪਹਿਲੀ, ਯਹੋਵਾਹ ਦੇ ਗਵਾਹ ਰੱਬ ਅਤੇ ਗੁਆਂਢੀ ਨਾਲ ਪਿਆਰ ਕਰਨ ਦੀਆਂ ਸਿਰਫ਼ ਗੱਲਾਂ ਹੀ ਨਹੀਂ ਕਰਦੇ, ਸਗੋਂ ਉਹ ਕੰਮਾਂ ਦੇ ਜ਼ਰੀਏ ਪਿਆਰ ਦਿਖਾਉਂਦੇ ਵੀ ਹਨ। ਦੂਜੀ, ਉਹ ਰਾਜਨੀਤੀ ਜਾਂ ਲੜਾਈਆਂ ਵਿਚ ਹਿੱਸਾ ਨਹੀਂ ਲੈਂਦੇ। (ਯਸਾਯਾਹ 2:4) ਇਨ੍ਹਾਂ ਦੋ ਗੱਲਾਂ ਕਰਕੇ ਮੈਨੂੰ ਯਕੀਨ ਹੋ ਗਿਆ ਕਿ ਮੈਨੂੰ ਸੱਚਾ ਧਰਮ ਮਿਲ ਗਿਆ ਹੈ ਯਾਨੀ ਉਹ ਤੰਗ ਰਾਹ ਜਿਸ ʼਤੇ ਚੱਲ ਕੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।​—ਮੱਤੀ 7:13, 14.

ਮੈਨੂੰ ਅਹਿਸਾਸ ਹੋਇਆ ਕਿ ਰੱਬ ਨੂੰ ਖ਼ੁਸ਼ ਕਰਨ ਲਈ ਮੈਨੂੰ ਆਪਣੇ ਵਿਚ ਕੁਝ ਵੱਡੇ ਬਦਲਾਅ ਕਰਨੇ ਪੈਣੇ ਸਨ। ਮੈਨੂੰ ਆਪਣੇ ਪਰਿਵਾਰ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ। ਮੈਨੂੰ ਨਿਮਰ ਬਣਨ ਦੀ ਲੋੜ ਸੀ। ਇਹ ਬਦਲਾਅ ਕਰਨੇ ਸੌਖੇ ਨਹੀਂ ਸਨ, ਪਰ ਯਹੋਵਾਹ ਦੀ ਮਦਦ ਨਾਲ ਮੈਂ ਇੱਦਾਂ ਕਰ ਸਕਿਆ। ਮੇਰੇ ਵਿਚ ਬਦਲਾਅ ਦੇਖ ਕੇ ਮੇਰੀ ਪਤਨੀ ਬਹੁਤ ਹੈਰਾਨ ਹੋਈ। ਉਸ ਨੇ ਮੇਰੇ ਤੋਂ ਪਹਿਲਾਂ ਗਵਾਹਾਂ ਤੋਂ ਬਾਈਬਲ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ ਸੀ, ਪਰ ਹੁਣ ਉਸ ਨੇ ਹੋਰ ਛੇਤੀ ਤਰੱਕੀ ਕੀਤੀ। ਸਾਨੂੰ ਅਹਿਸਾਸ ਹੋ ਗਿਆ ਕਿ ਅਸੀਂ ਯਹੋਵਾਹ ਦੇ ਗਵਾਹ ਬਣਨਾ ਚਾਹੁੰਦੇ ਸੀ। ਸਾਡਾ ਦੋਵਾਂ ਦਾ ਬਪਤਿਸਮਾ ਇੱਕੋ ਦਿਨ ਹੀ ਹੋਇਆ।

ਅੱਜ ਮੇਰੀ ਜ਼ਿੰਦਗੀ:

ਮੈਂ ਤੇ ਮੇਰੀ ਪਤਨੀ ਆਪਣੇ ਤਿੰਨ ਬੱਚਿਆਂ ਦੀ ਮਦਦ ਕਰ ਰਹੇ ਹਾਂ ਕਿ ਉਹ ਯਹੋਵਾਹ ਨਾਲ ਦੋਸਤੀ ਕਰਨ। ਸਾਡਾ ਪਰਿਵਾਰ ਬਹੁਤ ਖ਼ੁਸ਼ ਹੈ। ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਆਪਣੇ ਬਚਨ ਬਾਈਬਲ ਦੀਆਂ ਸੱਚਾਈਆਂ ਦੇ ਜ਼ਰੀਏ ਮੈਨੂੰ ਆਪਣੇ ਵੱਲ ਖਿੱਚਿਆ। ਇਹ ਸੱਚ-ਮੁੱਚ ਲੋਕਾਂ ਦੀਆਂ ਜ਼ਿੰਦਗੀਆਂ ਬਦਲਦੀ ਹੈ। ਮੈਂ ਇਸ ਗੱਲ ਦਾ ਜੀਉਂਦਾ-ਜਾਗਦਾ ਸਬੂਤ ਹਾਂ।

“ਹੁਣ ਮੈਂ ਖ਼ੁਸ਼ ਹਾਂ ਅਤੇ ਮੇਰੀ ਜ਼ਮੀਰ ਸਾਫ਼ ਹੈ।”​—ਵਿਕਟੋਰੀਆ ਟੌਂਗ

 • ਜਨਮ: 1957

 • ਦੇਸ਼: ਆਸਟ੍ਰੇਲੀਆ

 • ਅਤੀਤ: ਦੁੱਖਾਂ ਭਰਿਆ ਬਚਪਨ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰੀ ਪਰਵਰਿਸ਼ ਨਿਊ ਸਾਊਥ ਵੇਲਜ਼ ਪ੍ਰਾਂਤ ਦੇ ਨਿਊਕਾਸਲ ਸ਼ਹਿਰ ਵਿਚ ਹੋਈ। ਮੈਂ ਸੱਤਾਂ ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹਾਂ। ਮੇਰੇ ਡੈਡੀ ਹਿੰਸਕ ਅਤੇ ਸ਼ਰਾਬੀ ਸਨ ਤੇ ਮੇਰੇ ਮੰਮੀ ਵੀ ਹਿੰਸਕ ਸੁਭਾਅ ਦੇ ਸਨ। ਮੇਰੇ ਮੰਮੀ ਮੈਨੂੰ ਗਾਲ਼ਾਂ ਕੱਢਦੇ ਸਨ ਤੇ ਮਾਰਦੇ-ਕੁੱਟਦੇ ਸਨ। ਉਹ ਮੈਨੂੰ ਵਾਰ-ਵਾਰ ਕਹਿੰਦੇ ਸਨ ਕਿ ਮੈਂ ਬੁਰੀ ਹਾਂ ਅਤੇ ਮੈਨੂੰ ਨਰਕ ਦੀ ਅੱਗ ਵਿਚ ਤੜਫਾਇਆ ਜਾਵੇਗਾ। ਇੱਦਾਂ ਦੀਆਂ ਗੱਲਾਂ ਤੋਂ ਮੈਨੂੰ ਬਹੁਤ ਡਰ ਲੱਗਦਾ ਸੀ।

ਜਦੋਂ ਮੰਮੀ ਮੈਨੂੰ ਕੁੱਟਦੇ ਸਨ, ਤਾਂ ਮੇਰੇ ਸੱਟਾਂ ਲੱਗ ਜਾਂਦੀਆਂ ਸਨ ਜਿਸ ਕਰਕੇ ਮੈਂ ਅਕਸਰ ਸਕੂਲ ਨਹੀਂ ਜਾ ਪਾਉਂਦੀ ਸੀ। 11 ਸਾਲ ਦੀ ਉਮਰ ਵਿਚ ਮੈਨੂੰ ਮੇਰੇ ਮਾਪਿਆਂ ਤੋਂ ਅਲੱਗ ਕਰ ਕੇ ਇਕ ਆਸ਼ਰਮ ਵਿਚ ਭੇਜ ਦਿੱਤਾ ਗਿਆ ਤੇ ਫਿਰ ਇਕ ਕਾਨਵੈਂਟ ਵਿਚ। 14 ਸਾਲਾਂ ਦੀ ਉਮਰ ਵਿਚ ਮੈਂ ਕਾਨਵੈਂਟ ਤੋਂ ਭੱਜ ਗਈ। ਮੈਂ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਸੀ, ਇਸ ਲਈ ਮੈਂ ਸਿਡਨੀ ਦੇ ਕਿੰਗਜ਼ ਕ੍ਰਾਸ ਇਲਾਕੇ ਦੀਆਂ ਸੜਕਾਂ ʼਤੇ ਰਹਿਣ ਲੱਗ ਪਈ।

ਸੜਕਾਂ ʼਤੇ ਰਹਿੰਦਿਆਂ ਮੈਂ ਡ੍ਰੱਗਜ਼ ਲੈਣ ਲੱਗ ਪਈ ਤੇ ਸ਼ਰਾਬ ਪੀਣ ਲੱਗ ਪਈ। ਮੈਂ ਪੋਰਨੋਗ੍ਰਾਫੀ ਦੇਖਣ ਅਤੇ ਵੇਸਵਾਪੁਣੇ ਦੇ ਧੰਦੇ ਵਿਚ ਵੀ ਸ਼ਾਮਲ ਹੋ ਗਈ। ਇਕ ਵਾਰ ਤਾਂ ਮੇਰੇ ਨਾਲ ਇੱਦਾਂ ਦੀ ਘਟਨਾ ਹੋਈ ਕਿ ਮੇਰਾ ਦਿਲ ਦਹਿਲ ਗਿਆ। ਮੈਂ ਇਕ ਨਾਈਟ-ਕਲੱਬ ਦੇ ਮਾਲਕ ਦੇ ਫਲੈਟ ਵਿਚ ਰਹਿੰਦੀ ਸੀ। ਇਕ ਦਿਨ ਸ਼ਾਮ ਨੂੰ ਦੋ ਆਦਮੀ ਉਸ ਨੂੰ ਮਿਲਣ ਆਏ। ਉਸ ਨੇ ਮੈਨੂੰ ਕਮਰੇ ਵਿਚ ਭੇਜ ਦਿੱਤਾ, ਪਰ ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਲਈਆਂ। ਨਾਈਟ-ਕਲੱਬ ਦਾ ਮਾਲਕ ਉਨ੍ਹਾਂ ਆਦਮੀਆਂ ਨਾਲ ਮੈਨੂੰ ਵੇਚਣ ਦੀ ਗੱਲ ਕਰ ਰਿਹਾ ਸੀ। ਉਨ੍ਹਾਂ ਨੇ ਮੈਨੂੰ ਮਾਲ ਲਿਜਾਣ ਵਾਲੇ ਸਮੁੰਦਰੀ ਜਹਾਜ਼ ਵਿਚ ਲੁਕਾ ਕੇ ਜਪਾਨ ਲੈ ਕੇ ਜਾਣਾ ਸੀ ਜਿੱਥੇ ਮੇਰੇ ਤੋਂ ਇਕ ਬਾਰ ਵਿਚ ਕੰਮ ਕਰਾਇਆ ਜਾਣਾ ਸੀ। ਮੈਂ ਘਬਰਾ ਗਈ ਤੇ ਬਾਲਕਨੀ ਤੋਂ ਛਾਲ ਮਾਰ ਕੇ ਉੱਥੋਂ ਭੱਜ ਗਈ।

ਮੈਨੂੰ ਇਕ ਆਦਮੀ ਮਿਲਿਆ ਜੋ ਸਿਡਨੀ ਸ਼ਹਿਰ ਘੁੰਮਣ ਆਇਆ ਸੀ। ਮੈਂ ਉਸ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ ਤੇ ਸੋਚਿਆ ਕਿ ਉਹ ਮੈਨੂੰ ਕੁਝ ਪੈਸੇ ਦੇਵੇਗਾ। ਪਰ ਉਸ ਨੇ ਮੈਨੂੰ ਆਪਣੇ ਨਾਲ ਉਸ ਥਾਂ ʼਤੇ ਚੱਲਣ ਲਈ ਕਿਹਾ ਜਿੱਥੇ ਉਹ ਰਹਿ ਰਿਹਾ ਸੀ ਤਾਂਕਿ ਮੈਂ ਨਹਾ ਸਕਾਂ ਤੇ ਕੁਝ ਖਾ-ਪੀ ਸਕਾਂ। ਮੈਂ ਉਸ ਨਾਲ ਚਲੀ ਗਈ ਤੇ ਫਿਰ ਉਸ ਆਦਮੀ ਨਾਲ ਹੀ ਰਹਿਣ ਲੱਗ ਪਈ। ਇਕ ਸਾਲ ਬਾਅਦ ਅਸੀਂ ਵਿਆਹ ਕਰਾ ਲਿਆ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:

ਜਦੋਂ ਮੈਂ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ, ਤਾਂ ਮੇਰੇ ਅੰਦਰ ਅਲੱਗ-ਅਲੱਗ ਭਾਵਨਾਵਾਂ ਉਮੜ ਰਹੀਆਂ ਸਨ। ਮੈਨੂੰ ਬਹੁਤ ਗੁੱਸਾ ਚੜ੍ਹਿਆ ਜਦੋਂ ਮੈਂ ਸਿੱਖਿਆ ਕਿ ਸ਼ੈਤਾਨ ਹੀ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ। ਮੈਨੂੰ ਹਮੇਸ਼ਾ ਇਹੀ ਸਿਖਾਇਆ ਗਿਆ ਸੀ ਕਿ ਰੱਬ ਹੀ ਸਾਨੂੰ ਦੁੱਖ-ਤਕਲੀਫ਼ਾਂ ਦਿੰਦਾ ਹੈ। ਮੈਨੂੰ ਉਦੋਂ ਬਹੁਤ ਸਕੂਨ ਮਿਲਿਆ ਜਦੋਂ ਮੈਂ ਸਿੱਖਿਆ ਕਿ ਰੱਬ ਨਰਕ ਵਿਚ ਲੋਕਾਂ ਨੂੰ ਸਜ਼ਾ ਨਹੀਂ ਦਿੰਦਾ। ਮੈਂ ਬਚਪਨ ਤੋਂ ਇਸ ਸਿੱਖਿਆ ਕਰਕੇ ਬਹੁਤ ਡਰੀ ਰਹਿੰਦੀ ਸੀ।

ਮੇਰੇ ʼਤੇ ਇਸ ਗੱਲ ਦਾ ਡੂੰਘਾ ਅਸਰ ਪਿਆ ਕਿ ਗਵਾਹ ਕਿਵੇਂ ਆਪਣਾ ਹਰ ਫ਼ੈਸਲਾ ਬਾਈਬਲ ਦੇ ਅਸੂਲਾਂ ਮੁਤਾਬਕ ਕਰਦੇ ਹਨ। ਉਹ ਆਪਣੇ ਵਿਸ਼ਵਾਸਾਂ ਅਨੁਸਾਰ ਆਪਣੀ ਜ਼ਿੰਦਗੀ ਜੀਉਂਦੇ ਹਨ। ਮੈਂ ਲੋਕਾਂ ਦੀਆਂ ਗੱਲਾਂ ਨਾਲ ਛੇਤੀ ਸਹਿਮਤ ਨਹੀਂ ਹੁੰਦੀ ਸੀ। ਇਸ ਲਈ ਮੈਂ ਭਾਵੇਂ ਜੋ ਵੀ ਕਹਿੰਦੀ ਸੀ ਜਾਂ ਕਰਦੀ ਸੀ, ਗਵਾਹ ਹਮੇਸ਼ਾ ਮੇਰੇ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆਉਂਦੇ ਸਨ।

ਮੈਂ ਖ਼ੁਦ ਨੂੰ ਬਹੁਤ ਜ਼ਿਆਦਾ ਘਟੀਆ ਸਮਝਦੀ ਸੀ ਅਤੇ ਆਪਣੇ ਆਪ ਨਾਲ ਨਫ਼ਰਤ ਕਰਦੀ ਸੀ। ਇਸ ਤਰ੍ਹਾਂ ਦੀਆਂ ਭਾਵਨਾਵਾਂ ʼਤੇ ਕਾਬੂ ਪਾਉਣਾ ਮੇਰੇ ਲਈ ਬਹੁਤ ਜ਼ਿਆਦਾ ਔਖਾ ਸੀ। ਬਪਤਿਸਮਾ ਲੈ ਕੇ ਯਹੋਵਾਹ ਦੀ ਗਵਾਹ ਬਣਨ ਤੋਂ ਬਾਅਦ ਵੀ ਕਾਫ਼ੀ ਸਮੇਂ ਤਕ ਇਹ ਭਾਵਨਾਵਾਂ ਮੇਰੇ ਅੰਦਰੋਂ ਖ਼ਤਮ ਨਹੀਂ ਹੋਈਆਂ। ਮੈਂ ਜਾਣਦੀ ਸੀ ਕਿ ਮੈਂ ਯਹੋਵਾਹ ਨੂੰ ਪਿਆਰ ਕਰਦੀ ਹਾਂ, ਪਰ ਮੈਨੂੰ ਇਸ ਗੱਲ ਦਾ ਯਕੀਨ ਸੀ ਕਿ ਉਹ ਮੇਰੇ ਵਰਗੀ ਇਨਸਾਨ ਨੂੰ ਕਦੇ ਪਿਆਰ ਨਹੀਂ ਕਰ ਸਕਦਾ।

ਮੇਰੇ ਬਪਤਿਸਮੇ ਤੋਂ 15 ਸਾਲਾਂ ਬਾਅਦ ਮੇਰੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ। ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਇਕ ਭਾਸ਼ਣ ਦੌਰਾਨ ਭਾਸ਼ਣਕਾਰ ਨੇ ਯਾਕੂਬ 1:23, 24 ਦਾ ਜ਼ਿਕਰ ਕੀਤਾ। ਇਨ੍ਹਾਂ ਆਇਤਾਂ ਵਿਚ ਰੱਬ ਦੇ ਬਚਨ ਦੀ ਤੁਲਨਾ ਸ਼ੀਸ਼ੇ ਨਾਲ ਕੀਤੀ ਗਈ ਹੈ ਜਿਸ ਵਿਚ ਅਸੀਂ ਆਪਣੇ ਆਪ ਨੂੰ ਉਸ ਨਜ਼ਰੀਏ ਨਾਲ ਦੇਖ ਸਕਦੇ ਹਾਂ ਜਿੱਦਾਂ ਯਹੋਵਾਹ ਸਾਨੂੰ ਦੇਖਦਾ ਹੈ। ਮੈਂ ਸੋਚਣ ਲੱਗ ਪਈ ਕਿ ਮੈਂ ਆਪਣੇ ਬਾਰੇ ਜੋ ਨਜ਼ਰੀਆ ਰੱਖਦੀ ਹਾਂ, ਉਹ ਯਹੋਵਾਹ ਦੇ ਨਜ਼ਰੀਏ ਤੋਂ ਵੱਖਰਾ ਹੈ। ਪਰ ਹਾਲੇ ਵੀ ਮੈਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਸੀ। ਮੈਂ ਸੋਚ ਹੀ ਨਹੀਂ ਸਕਦੀ ਸੀ ਕਿ ਯਹੋਵਾਹ ਮੈਨੂੰ ਪਿਆਰ ਕਰ ਸਕਦਾ ਹੈ।

ਕੁਝ ਦਿਨਾਂ ਬਾਅਦ ਮੈਂ ਇਕ ਆਇਤ ਪੜ੍ਹੀ ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਇਹ ਆਇਤ ਯਸਾਯਾਹ 1:18 ਹੈ ਜਿੱਥੇ ਯਹੋਵਾਹ ਕਹਿੰਦਾ ਹੈ: “ਹੁਣ ਆਓ, ਆਪਾਂ ਆਪਸ ਵਿਚ ਮਾਮਲਾ ਸੁਲਝਾ ਲਈਏ। . . . ਭਾਵੇਂ ਤੁਹਾਡੇ ਪਾਪ ਸੁਰਖ਼ ਲਾਲ ਹੋਣ, ਉਹ ਬਰਫ਼ ਜਿੰਨੇ ਚਿੱਟੇ ਹੋ ਜਾਣਗੇ।” ਮੈਨੂੰ ਇੱਦਾਂ ਲੱਗਾ ਜਿਵੇਂ ਯਹੋਵਾਹ ਮੈਨੂੰ ਕਹਿ ਰਿਹਾ ਹੋਵੇ: “ਆ ਵਿੱਕੀ, ਆਪਾਂ ਆਪਸ ਵਿਚ ਮਾਮਲਾ ਸੁਲਝਾ ਲਈਏ। ਮੈਂ ਤੈਨੂੰ ਜਾਣਦਾ ਹਾਂ, ਮੈਨੂੰ ਪਤਾ ਹੈ ਕਿ ਤੂੰ ਕਿਹੜੇ ਪਾਪ ਕੀਤੇ ਹਨ, ਮੈਂ ਤੇਰੇ ਦਿਲ ਨੂੰ ਵੀ ਜਾਣਦਾ ਹਾਂ ਅਤੇ ਮੈਂ ਸੱਚੀਂ ਤੈਨੂੰ ਪਿਆਰ ਕਰਦਾ ਹਾਂ।”

ਮੈਂ ਉਸ ਰਾਤ ਸੌਂ ਨਹੀਂ ਸਕੀ। ਮੈਨੂੰ ਹਾਲੇ ਵੀ ਸ਼ੱਕ ਸੀ ਕਿ ਯਹੋਵਾਹ ਮੈਨੂੰ ਪਿਆਰ ਕਰ ਸਕਦਾ ਹੈ, ਪਰ ਫਿਰ ਮੈਂ ਯਿਸੂ ਦੀ ਕੁਰਬਾਨੀ ʼਤੇ ਸੋਚ-ਵਿਚਾਰ ਕਰਨ ਲੱਗੀ। ਮੈਨੂੰ ਅਚਾਨਕ ਅਹਿਸਾਸ ਹੋਇਆ ਕਿ ਯਹੋਵਾਹ ਕਿੰਨੇ ਸਮੇਂ ਤੋਂ ਮੇਰੇ ਨਾਲ ਧੀਰਜ ਰੱਖ ਰਿਹਾ ਹੈ ਤੇ ਉਸ ਨੇ ਬਹੁਤ ਸਾਰੇ ਤਰੀਕਿਆਂ ਨਾਲ ਦਿਖਾਇਆ ਹੈ ਕਿ ਉਹ ਮੈਨੂੰ ਪਿਆਰ ਕਰਦਾ ਹੈ। ਪਰ ਮੈਂ ਆਪਣੀ ਸੋਚ ਕਰਕੇ ਜਿਵੇਂ ਉਸ ਨੂੰ ਕਹਿ ਰਹੀ ਹੋਵਾਂ: “ਤੇਰਾ ਪਿਆਰ ਮੇਰੇ ਤਕ ਕਦੀ ਪਹੁੰਚ ਹੀ ਨਹੀਂ ਸਕਦਾ। ਤੇਰੇ ਪੁੱਤਰ ਦੀ ਕੁਰਬਾਨੀ ਇੰਨੀ ਵੱਡੀ ਨਹੀਂ ਕਿ ਉਹ ਮੇਰੇ ਪਾਪਾਂ ਨੂੰ ਢਕ ਸਕੇ।” ਇਸ ਤਰ੍ਹਾਂ ਕਰ ਕੇ ਮੈਂ ਯਿਸੂ ਦੀ ਕੁਰਬਾਨੀ ਲਈ ਕਦਰ ਨਹੀਂ ਦਿਖਾ ਰਹੀ ਸੀ। ਪਰ ਯਿਸੂ ਦੀ ਕੁਰਬਾਨੀ ʼਤੇ ਸੋਚ-ਵਿਚਾਰ ਕਰ ਕੇ ਹੁਣ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ।

ਅੱਜ ਮੇਰੀ ਜ਼ਿੰਦਗੀ:

ਹੁਣ ਮੈਂ ਖ਼ੁਸ਼ ਹਾਂ ਅਤੇ ਮੇਰੀ ਜ਼ਮੀਰ ਸਾਫ਼ ਹੈ। ਮੇਰਾ ਵਿਆਹੁਤਾ ਰਿਸ਼ਤਾ ਵੀ ਵਧੀਆ ਹੋ ਗਿਆ ਹੈ ਅਤੇ ਮੈਨੂੰ ਖ਼ੁਸ਼ੀ ਹੈ ਕਿ ਮੈਂ ਆਪਣਾ ਤਜਰਬਾ ਦੂਜਿਆਂ ਨੂੰ ਦੱਸ ਕੇ ਉਨ੍ਹਾਂ ਦੀ ਮਦਦ ਕਰ ਸਕਦੀ ਹਾਂ। ਹੁਣ ਮੈਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਨੂੰ ਆਪਣੇ ਨੇੜੇ ਮਹਿਸੂਸ ਕਰਦੀ ਹਾਂ।

“ਇਹ ਮੇਰੀ ਪ੍ਰਾਰਥਨਾ ਦਾ ਜਵਾਬ ਸੀ।”​—ਸਰਗੇ ਬੋਤਾਂਕਿਨ

 • ਜਨਮ: 1974

 • ਦੇਸ਼: ਰੂਸ

 • ਅਤੀਤ: ਰਾਕ ਮਿਊਜ਼ਿਕ ਦਾ ਦੀਵਾਨਾ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਜਨਮ ਵੋਟਕਿੰਸਕ ਵਿਚ ਹੋਇਆ ਜਿੱਥੇ ਮਸ਼ਹੂਰ ਸੰਗੀਤਕਾਰ ਪਿਓਤਰ ਇਲੀਚ ਚੈਕੋਵਸਕੀ ਦਾ ਜਨਮ ਹੋਇਆ ਸੀ। ਅਸੀਂ ਗ਼ਰੀਬ ਸੀ। ਮੇਰੇ ਪਿਤਾ ਜੀ ਵਿਚ ਬਹੁਤ ਸਾਰੇ ਚੰਗੇ ਗੁਣ ਸਨ। ਪਰ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸਨ ਜਿਸ ਕਰਕੇ ਸਾਡੇ ਘਰ ਦਾ ਮਾਹੌਲ ਹਮੇਸ਼ਾ ਖ਼ਰਾਬ ਹੀ ਰਹਿੰਦਾ ਸੀ।

ਮੈਂ ਪੜ੍ਹਾਈ-ਲਿਖਾਈ ਵਿਚ ਹੁਸ਼ਿਆਰ ਨਹੀਂ ਸੀ ਜਿਸ ਕਰਕੇ ਸਮੇਂ ਦੇ ਬੀਤਣ ਨਾਲ ਮੈਂ ਆਪਣੇ ਆਪ ਨੂੰ ਨਿਕੰਮਾ ਸਮਝਣ ਲੱਗ ਪਿਆ। ਮੈਂ ਦੂਜਿਆਂ ਤੋਂ ਦੂਰ-ਦੂਰ ਰਹਿਣ ਲੱਗ ਪਿਆ ਤੇ ਮੈਂ ਕਿਸੇ ʼਤੇ ਵੀ ਭਰੋਸਾ ਨਹੀਂ ਕਰਦਾ ਸੀ। ਸਕੂਲ ਜਾਣ ਦੇ ਨਾਂ ʼਤੇ ਹੀ ਮੇਰੇ ਪਸੀਨੇ ਛੁੱਟਣ ਲੱਗ ਪੈਂਦੇ ਸੀ। ਮਿਸਾਲ ਲਈ, ਜਦੋਂ ਕਲਾਸ ਵਿਚ ਮੈਨੂੰ ਕੁਝ ਸਮਝਾਉਣ ਲਈ ਕਿਹਾ ਜਾਂਦਾ ਸੀ, ਤਾਂ ਮੈਂ ਅਕਸਰ ਮਾਮੂਲੀ ਜਿਹੀਆਂ ਗੱਲਾਂ ਵੀ ਨਹੀਂ ਸੀ ਸਮਝਾ ਪਾਉਂਦਾ ਜੋ ਮੈਂ ਹੋਰ ਮੌਕਿਆਂ ʼਤੇ ਸਮਝਾ ਦਿੰਦਾ ਸੀ। ਜਦੋਂ ਮੈਂ ਅੱਠਵੀਂ ਕਲਾਸ ਪਾਸ ਕੀਤੀ, ਤਾਂ ਮੇਰੇ ਰਿਪੋਰਟ ਕਾਰਡ ਵਿਚ ਇਹ ਲਿਖਿਆ ਸੀ: “ਇਸ ਨੂੰ ਸ਼ਬਦਾਂ ਬਾਰੇ ਘੱਟ ਹੀ ਪਤਾ ਹੈ ਤੇ ਇਹ ਚੰਗੀ ਤਰ੍ਹਾਂ ਗੱਲ ਨਹੀਂ ਕਰ ਸਕਦਾ।” ਇਸ ਰਿਪੋਰਟ ਕਰਕੇ ਮੈਂ ਅੰਦਰੋਂ ਹੋਰ ਟੁੱਟ ਗਿਆ ਤੇ ਆਪਣੇ ਆਪ ਨੂੰ ਬਹੁਤ ਘਟੀਆ ਸਮਝਣ ਲੱਗ ਪਿਆ। ਮੈਂ ਸੋਚਣ ਲੱਗ ਪਿਆ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ।

ਅੱਲੜ੍ਹ ਉਮਰ ਵਿਚ ਮੈਂ ਸ਼ਰਾਬ ਪੀਣ ਲੱਗ ਪਿਆ। ਪਹਿਲਾਂ-ਪਹਿਲ ਸ਼ਰਾਬ ਪੀ ਕੇ ਮੈਨੂੰ ਚੰਗਾ ਲੱਗਦਾ ਸੀ। ਪਰ ਜਦੋਂ ਮੈਂ ਜ਼ਿਆਦਾ ਸ਼ਰਾਬ ਪੀ ਲੈਂਦਾ ਸੀ, ਤਾਂ ਮੇਰੀ ਜ਼ਮੀਰ ਮੈਨੂੰ ਕੋਸਦੀ ਸੀ। ਮੈਨੂੰ ਲੱਗਣ ਲੱਗਾ ਕਿ ਮੇਰੀ ਜ਼ਿੰਦਗੀ ਬੇਕਾਰ ਹੈ। ਮੈਂ ਹੋਰ ਨਿਰਾਸ਼ ਗਿਆ ਤੇ ਕਦੇ-ਕਦੇ ਤਾਂ ਮੈਂ ਕਈ-ਕਈ ਦਿਨ ਘਰੋਂ ਬਾਹਰ ਹੀ ਨਹੀਂ ਨਿਕਲਦਾ ਸੀ। ਮੈਂ ਆਤਮ-ਹੱਤਿਆ ਕਰਨ ਬਾਰੇ ਸੋਚਣ ਲੱਗ ਪਿਆ।

20 ਸਾਲਾਂ ਦੀ ਉਮਰ ਵਿਚ ਮੈਂ ਰਾਕ ਮਿਊਜ਼ਿਕ ਦਾ ਦੀਵਾਨਾ ਹੋ ਗਿਆ ਜਿਸ ਕਰਕੇ ਮੈਨੂੰ ਥੋੜ੍ਹੇ ਸਮੇਂ ਲਈ ਸਕੂਨ ਮਿਲਿਆ। ਇਹ ਮਿਊਜ਼ਿਕ ਸੁਣ ਕੇ ਮੇਰੇ ਵਿਚ ਜੋਸ਼ ਆ ਜਾਂਦਾ ਸੀ। ਮੈਂ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਦਾ ਸੀ ਜੋ ਇਹ ਮਿਊਜ਼ਿਕ ਸੁਣਦੇ ਸੀ। ਮੈਂ ਆਪਣੇ ਵਾਲ਼ ਵਧਾ ਲਏ, ਕੰਨ ਵਿੰਨ੍ਹਵਾ ਲਏ ਅਤੇ ਉਨ੍ਹਾਂ ਸੰਗੀਤਕਾਰਾਂ ਵਰਗੇ ਕੱਪੜੇ ਪਾਉਣ ਲੱਗ ਪਿਆ ਜਿਨ੍ਹਾਂ ਨੂੰ ਮੈਂ ਬਹੁਤ ਪਸੰਦ ਕਰਦਾ ਸੀ। ਹੌਲੀ-ਹੌਲੀ ਮੈਂ ਲਾਪਰਵਾਹ ਹੋ ਗਿਆ ਤੇ ਗੁੱਸੇਖ਼ੋਰ ਬਣ ਗਿਆ। ਮੈਂ ਅਕਸਰ ਆਪਣੇ ਪਰਿਵਾਰ ਨਾਲ ਬਹਿਸ ਕਰਦਾ ਸੀ।

ਮੈਂ ਸੋਚਦਾ ਸੀ ਕਿ ਰਾਕ ਮਿਊਜ਼ਿਕ ਤੋਂ ਮੈਨੂੰ ਖ਼ੁਸ਼ੀ ਮਿਲੇਗੀ, ਪਰ ਇੱਦਾਂ ਬਿਲਕੁਲ ਵੀ ਨਹੀਂ ਹੋਇਆ। ਮੈਂ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਸੀ। ਜਦੋਂ ਮੈਨੂੰ ਮਿਊਜ਼ਿਕ ਨਾਲ ਜੁੜੇ ਲੋਕਾਂ ਬਾਰੇ ਬੁਰੀਆਂ ਗੱਲਾਂ ਪਤਾ ਲੱਗੀਆਂ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ ਸੀ, ਤਾਂ ਮੈਨੂੰ ਬਹੁਤ ਧੱਕਾ ਲੱਗਾ।

ਮੈਂ ਫਿਰ ਤੋਂ ਆਤਮ-ਹੱਤਿਆ ਕਰਨ ਬਾਰੇ ਸੋਚਣ ਲੱਗ ਪਿਆ। ਪਰ ਇਸ ਵਾਰ ਮੈਂ ਸੱਚੀਂ ਇੱਦਾਂ ਕਰਨ ਦੀ ਠਾਣ ਲਈ ਸੀ। ਮੈਂ ਬੱਸ ਇਹ ਸੋਚ ਕੇ ਰੁਕ ਗਿਆ ਸੀ ਕਿ ਮੇਰੇ ਮੰਮੀ ਤੋਂ ਮੇਰੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਹੋਣਾ। ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਤੇ ਉਨ੍ਹਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ ਸੀ। ਮੈਂ ਬਹੁਤ ਔਖੇ ਹਾਲਾਤ ਵਿਚ ਸੀ। ਮੈਂ ਨਾ ਤਾਂ ਜੀਉਣਾ ਚਾਹੁੰਦਾ ਸੀ ਤੇ ਨਾ ਹੀ ਮਰ ਸਕਦਾ ਸੀ।

ਮੈਂ ਆਪਣਾ ਧਿਆਨ ਹੋਰ ਪਾਸੇ ਲਾਉਣ ਲਈ ਰੂਸੀ ਭਾਸ਼ਾ ਵਿਚ ਕਿਤਾਬਾਂ ਵਗੈਰਾ ਪੜ੍ਹਨ ਲੱਗ ਪਿਆ। ਮੈਂ ਇਕ ਕਹਾਣੀ ਪੜ੍ਹੀ ਜਿਸ ਦਾ ਹੀਰੋ ਚਰਚ ਵਿਚ ਸੇਵਾ ਕਰਦਾ ਸੀ। ਅਚਾਨਕ ਮੇਰੇ ਦਿਲ ਵਿਚ ਰੱਬ ਅਤੇ ਦੂਜਿਆਂ ਲਈ ਕੁਝ ਕਰਨ ਦੀ ਜ਼ਬਰਦਸਤ ਇੱਛਾ ਜਾਗ ਪਈ। ਮੈਂ ਪ੍ਰਾਰਥਨਾ ਵਿਚ ਰੱਬ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ। ਇੱਦਾਂ ਮੈਂ ਪਹਿਲਾਂ ਕਦੇ ਨਹੀਂ ਕੀਤਾ ਸੀ। ਮੈਂ ਰੱਬ ਨੂੰ ਕਿਹਾ ਕਿ ਜ਼ਿੰਦਗੀ ਦਾ ਮਕਸਦ ਲੱਭਣ ਵਿਚ ਉਹ ਮੇਰੀ ਮਦਦ ਕਰੇ। ਪ੍ਰਾਰਥਨਾ ਦੌਰਾਨ ਮੈਨੂੰ ਜੋ ਸਕੂਨ ਮਿਲਿਆ, ਉਸ ਕਰਕੇ ਮੈਂ ਹੈਰਾਨ ਰਹਿ ਗਿਆ। ਪਰ ਇਸ ਤੋਂ ਬਾਅਦ ਜੋ ਹੋਇਆ, ਉਸ ਕਰਕੇ ਮੈਂ ਹੋਰ ਵੀ ਜ਼ਿਆਦਾ ਹੈਰਾਨ ਰਹਿ ਗਿਆ। ਸਿਰਫ਼ ਦੋ ਘੰਟਿਆਂ ਬਾਅਦ ਹੀ ਇਕ ਯਹੋਵਾਹ ਦੀ ਗਵਾਹ ਨੇ ਦਰਵਾਜ਼ਾ ਖੜਕਾਇਆ ਤੇ ਮੈਨੂੰ ਬਾਈਬਲ ਤੋਂ ਰੱਬ ਬਾਰੇ ਸਿੱਖਣ ਦੀ ਪੇਸ਼ਕਸ਼ ਕੀਤੀ। ਮੈਨੂੰ ਯਕੀਨ ਹੋ ਗਿਆ ਕਿ ਇਹ ਮੇਰੀ ਪ੍ਰਾਰਥਨਾ ਦਾ ਜਵਾਬ ਸੀ। ਇਸ ਤਰ੍ਹਾਂ ਮੇਰੀ ਨਵੀਂ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:

ਭਾਵੇਂ ਮੇਰੇ ਲਈ ਰਾਕ ਮਿਊਜ਼ਿਕ ਨਾਲ ਸੰਬੰਧਿਤ ਚੀਜ਼ਾਂ ਨੂੰ ਸੁੱਟਣਾ ਬਹੁਤ ਔਖਾ ਸੀ, ਪਰ ਫਿਰ ਵੀ ਮੈਂ ਸਾਰੀਆਂ ਚੀਜ਼ਾਂ ਸੁੱਟ ਦਿੱਤੀਆਂ। ਮਿਊਜ਼ਿਕ ਨਾਲ ਸੰਬੰਧਿਤ ਯਾਦਾਂ ਬਹੁਤ ਸਮੇਂ ਤਕ ਮੇਰੇ ਮਨ ਵਿਚ ਤਾਜ਼ਾ ਰਹੀਆਂ। ਜਦੋਂ ਵੀ ਮੈਂ ਕਿਸੇ ਜਗ੍ਹਾ ਕੋਲੋਂ ਲੰਘਦਾ ਸੀ ਜਿੱਥੇ ਇਹ ਮਿਊਜ਼ਿਕ ਚੱਲ ਰਿਹਾ ਹੁੰਦਾ ਸੀ, ਤਾਂ ਉਸੇ ਵੇਲੇ ਮੈਂ ਆਪਣੇ ਅਤੀਤ ਬਾਰੇ ਸੋਚਣ ਲੱਗ ਜਾਂਦਾ ਸੀ। ਪਰ ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀਆਂ ਇਨ੍ਹਾਂ ਕੌੜੀਆਂ ਯਾਦਾਂ ਦਾ ਅਸਰ ਉਨ੍ਹਾਂ ਚੰਗੀਆਂ ਚੀਜ਼ਾਂ ʼਤੇ ਪਵੇ ਜੋ ਹੁਣ ਮੇਰੇ ਦਿਲ-ਦਿਮਾਗ਼ ਵਿਚ ਜੜ੍ਹ ਫੜ ਰਹੀਆਂ ਸਨ। ਇਸ ਲਈ ਮੈਂ ਇਸ ਤਰ੍ਹਾਂ ਦੀਆਂ ਥਾਵਾਂ ਤੋਂ ਦੂਰ ਹੀ ਰਹਿੰਦਾ ਸੀ। ਜਦੋਂ ਵੀ ਮੇਰਾ ਧਿਆਨ ਆਪਣੇ ਅਤੀਤ ਵੱਲ ਜਾਂਦਾ ਸੀ, ਤਾਂ ਮੈਂ ਉਸੇ ਵੇਲੇ ਗਿੜਗਿੜਾ ਕੇ ਪ੍ਰਾਰਥਨਾ ਕਰਦਾ ਸੀ। ਇਸ ਤਰ੍ਹਾਂ ਮੈਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲਦੀ ਸੀ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।”​—ਫ਼ਿਲਿੱਪੀਆਂ 4:7.

ਬਾਈਬਲ ਦੀ ਸਟੱਡੀ ਕਰ ਕੇ ਮੈਂ ਸਿੱਖਿਆ ਕਿ ਮਸੀਹੀਆਂ ਦਾ ਇਹ ਫ਼ਰਜ਼ ਹੈ ਕਿ ਉਹ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸਣ। (ਮੱਤੀ 28:19, 20) ਮੈਂ ਮੰਨਦਾ ਸੀ ਕਿ ਇਹ ਕੰਮ ਮੈਂ ਕਦੀ ਨਹੀਂ ਕਰ ਸਕਦਾ। ਪਰ ਜਿਹੜੀਆਂ ਨਵੀਆਂ ਗੱਲਾਂ ਮੈਂ ਸਿੱਖ ਰਿਹਾ ਸੀ, ਉਨ੍ਹਾਂ ਕਰਕੇ ਮੈਨੂੰ ਖ਼ੁਸ਼ੀ ਤੇ ਮਨ ਦੀ ਸ਼ਾਂਤੀ ਮਿਲਦੀ ਸੀ। ਮੈਨੂੰ ਪਤਾ ਸੀ ਕਿ ਦੂਜੇ ਲੋਕਾਂ ਨੂੰ ਵੀ ਇਹ ਸੱਚਾਈਆਂ ਸਿੱਖਣ ਦੀ ਲੋੜ ਹੈ। ਇਸ ਲਈ ਆਪਣੇ ਡਰ ਦੇ ਬਾਵਜੂਦ ਮੈਂ ਲੋਕਾਂ ਨੂੰ ਇਹ ਸੱਚਾਈਆਂ ਦੱਸਣ ਲੱਗ ਪਿਆ। ਮੈਨੂੰ ਬੜੀ ਹੈਰਾਨੀ ਹੋਈ ਕਿ ਦੂਜਿਆਂ ਨੂੰ ਬਾਈਬਲ ਬਾਰੇ ਦੱਸ ਕੇ ਮੇਰੀ ਝਿਜਕ ਦੂਰ ਹੋ ਗਈ। ਨਾਲੇ ਇਨ੍ਹਾਂ ਗੱਲਾਂ ʼਤੇ ਮੇਰੀ ਆਪਣੀ ਨਿਹਚਾ ਵੀ ਮਜ਼ਬੂਤ ਹੋਈ।

ਅੱਜ ਮੇਰੀ ਜ਼ਿੰਦਗੀ:

ਹੁਣ ਮੇਰਾ ਵਿਆਹ ਹੋ ਗਿਆ ਹੈ ਤੇ ਮੈਂ ਆਪਣੇ ਵਿਆਹੁਤਾ ਜੀਵਨ ਤੋਂ ਖ਼ੁਸ਼ ਹਾਂ। ਨਾਲੇ ਮੈਂ ਖ਼ੁਸ਼ ਹਾਂ ਕਿ ਮੈਂ ਕਾਫ਼ੀ ਲੋਕਾਂ ਦੀ ਬਾਈਬਲ ਤੋਂ ਸਿੱਖਿਆ ਲੈਣ ਵਿਚ ਮਦਦ ਕੀਤੀ ਹੈ ਜਿਨ੍ਹਾਂ ਵਿਚ ਮੇਰੀ ਭੈਣ ਅਤੇ ਮੰਮੀ ਵੀ ਸ਼ਾਮਲ ਹਨ। ਰੱਬ ਦੀ ਸੇਵਾ ਕਰ ਕੇ ਅਤੇ ਦੂਜਿਆਂ ਨੂੰ ਉਸ ਬਾਰੇ ਸਿਖਾ ਕੇ ਮੈਨੂੰ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਪਤਾ ਲੱਗਾ ਹੈ।