Skip to content

Skip to table of contents

 ਗਿਆਰ੍ਹਵਾਂ ਅਧਿਆਇ

“ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ”

“ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ”

1, 2. (ੳ) ਯੂਸੁਫ਼ ਨਾਲ ਕਿਹੜਾ ਵੱਡਾ ਅਨਿਆਂ ਹੋਇਆ ਸੀ? (ਅ) ਯਹੋਵਾਹ ਨੇ ਉਸ ਨੂੰ ਨਿਆਂ ਕਿਵੇਂ ਦਿਵਾਇਆ ਸੀ?

ਯੂਸੁਫ਼ ਨਾਲ ਇਕ ਵੱਡਾ ਅਨਿਆਂ ਹੋਇਆ ਸੀ। ਇਸ ਸੋਹਣੇ-ਸੁਨੱਖੇ ਗੱਭਰੂ ਨੇ ਭਾਵੇਂ ਕੋਈ ਅਪਰਾਧ ਨਹੀਂ ਕੀਤਾ ਸੀ, ਫਿਰ ਵੀ ਉਸ ਨੂੰ ਬਲਾਤਕਾਰ ਦੀ ਕੋਸ਼ਿਸ਼ ਦੇ ਝੂਠੇ ਇਲਜ਼ਾਮ ਵਿਚ ਕੈਦਖ਼ਾਨੇ ਵਿਚ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਯੂਸੁਫ਼ ਬੇਇਨਸਾਫ਼ੀ ਦਾ ਸਾਮ੍ਹਣਾ ਕਰ ਚੁੱਕਾ ਸੀ। ਕਈ ਸਾਲ ਪਹਿਲਾਂ ਜਦ ਉਹ ਸਿਰਫ਼ 17 ਸਾਲਾਂ ਦਾ ਸੀ, ਤਾਂ ਉਸ ਦੇ ਭਰਾਵਾਂ ਨੇ ਉਸ ਨੂੰ ਧੋਖਾ ਦਿੱਤਾ ਸੀ। ਉਹ ਉਸ ਦਾ ਕਤਲ ਕਰਨ ਲੱਗੇ ਸਨ। ਪਰ ਇਸ ਦੀ ਬਜਾਇ ਉਨ੍ਹਾਂ ਨੇ ਉਸ ਨੂੰ ਪਰਦੇਸੀਆਂ ਦੇ ਹੱਥ ਇਕ ਗ਼ੁਲਾਮ ਵਜੋਂ ਵੇਚ ਦਿੱਤਾ ਸੀ। ਉੱਥੇ ਉਸ ਨੇ ਆਪਣੇ ਮਾਲਕ ਦੀ ਘਰਵਾਲੀ ਨੂੰ ਗ਼ਲਤ ਹਰਕਤਾਂ ਕਰਨ ਤੋਂ ਰੋਕਿਆ। ਉਸ ਨੀਚ ਔਰਤ ਨੇ ਗੁੱਸੇ ਵਿਚ ਆ ਕੇ ਉਸ ਉੱਤੇ ਝੂਠਾ ਇਲਜ਼ਾਮ ਲਾਇਆ, ਜਿਸ ਕਰਕੇ ਉਸ ਨੂੰ ਕੈਦਖ਼ਾਨੇ ਵਿਚ ਬੰਦ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਜਾਪਦਾ ਸੀ ਕਿ ਯੂਸੁਫ਼ ਦੀ ਸਿਫਾਰਸ਼ ਕਰਨ ਲਈ ਕੋਈ ਨਹੀਂ ਸੀ।

ਯੂਸੁਫ਼ ਨੂੰ ਕੈਦਖ਼ਾਨੇ ਵਿਚ ਅਨਿਆਂ ਸਹਿਣਾ ਪਿਆ ਸੀ

2 ਪਰ ‘ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਣ ਵਾਲਾ’ ਪਰਮੇਸ਼ੁਰ ਇਹ ਸਭ ਕੁਝ ਦੇਖ ਰਿਹਾ ਸੀ। (ਜ਼ਬੂਰਾਂ ਦੀ ਪੋਥੀ 33:5) ਉਸ ਨੂੰ ਨਿਆਂ ਦਿਵਾਉਣ ਲਈ ਯਹੋਵਾਹ ਨੇ ਕਦਮ ਚੁੱਕੇ ਅਤੇ ਹਾਲਾਤ ਇਸ ਤਰ੍ਹਾਂ ਬਦਲੇ ਕਿ ਅਖ਼ੀਰ ਵਿਚ ਯੂਸੁਫ਼ ਰਿਹਾ ਹੋ ਗਿਆ। ਇਸ ਤੋਂ ਇਲਾਵਾ ਯੂਸੁਫ਼ ਨੂੰ ਜੋ ਕਦੇ ਕੈਦਖ਼ਾਨੇ ਵਿਚ ਬੰਦ ਬੈਠਾ ਸੀ, ਦੇਸ਼ ਦੇ ਹਾਕਮ ਵਜੋਂ ਥਾਪਿਆ ਗਿਆ ਅਤੇ ਲੋਕਾਂ ਵਿਚ ਉਸ ਦੀ ਇੱਜ਼ਤ ਬਹੁਤ ਵਧ ਗਈ। (ਉਤਪਤ 40:15; 41:41-43; ਜ਼ਬੂਰਾਂ ਦੀ ਪੋਥੀ 105:17, 18) ਸਮੇਂ ਦੇ ਬੀਤਣ ਨਾਲ ਯੂਸੁਫ਼ ਦੀ ਬਦਨਾਮੀ ਮਿਟ ਗਈ ਅਤੇ ਉਸ ਨੇ ਆਪਣੀ ਉੱਚੀ ਪਦਵੀ ਨੂੰ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਲਈ ਵਰਤਿਆ।ਉਤਪਤ 45:5-8.

3. ਇਹ ਹੈਰਾਨ ਹੋਣ ਵਾਲੀ ਗੱਲ ਕਿਉਂ ਨਹੀਂ ਕਿ ਅਸੀਂ ਸਾਰੇ ਇਨਸਾਫ਼ ਚਾਹੁੰਦੇ ਹਾਂ?

3 ਕੀ ਇਸ ਤਰ੍ਹਾਂ ਦੇ ਅਨਿਆਂ ਬਾਰੇ ਪੜ੍ਹ ਕੇ ਸਾਡੇ ਦਿਲ ਵਿਚ ਹਮਦਰਦੀ ਪੈਦਾ ਨਹੀਂ ਹੁੰਦੀ? ਸਾਡੇ ਵਿੱਚੋਂ ਹਰੇਕ ਨੇ ਅਨਿਆਂ ਹੁੰਦਾ ਦੇਖਿਆ ਹੈ ਜਾਂ ਸਹਿਆ ਹੈ। ਦਰਅਸਲ  ਸਾਡੇ ਵਿੱਚੋਂ ਕੋਈ ਨਹੀਂ ਚਾਹੁੰਦਾ ਕਿ ਉਸ ਨਾਲ ਪੱਖਪਾਤ ਕੀਤਾ ਜਾਵੇ। ਸਗੋਂ ਅਸੀਂ ਸਾਰੇ ਜਣੇ ਇਹੋ ਚਾਹੁੰਦੇ ਹਾਂ ਕਿ ਸਾਡੇ ਨਾਲ ਇਨਸਾਫ਼ ਕੀਤਾ ਜਾਵੇ। ਇਸ ਤਰ੍ਹਾਂ ਕਿਉਂ ਹੈ? ਕਿਉਂਕਿ ਯਹੋਵਾਹ ਨੇ ਸਾਨੂੰ ਆਪਣੇ ਸਰੂਪ ਉੱਤੇ ਉਤਪੰਨ ਕੀਤਾ ਹੈ ਅਤੇ ਇਨਸਾਫ਼ ਉਸ ਦਾ ਇਕ ਮੁੱਖ ਗੁਣ ਹੈ। (ਉਤਪਤ 1:27) ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਉਸ ਦੀ ਨਜ਼ਰ ਵਿਚ ਇਨਸਾਫ਼ ਦਾ ਮਤਲਬ ਕੀ ਹੈ। ਇਸ ਤਰ੍ਹਾਂ ਅਸੀਂ ਇਨਸਾਫ਼ ਕਰਨ ਦੇ ਉਸ ਦੇ ਸ਼ਾਨਦਾਰ ਤਰੀਕਿਆਂ ਨੂੰ ਚੰਗੀ ਤਰ੍ਹਾਂ ਸਮਝਾਂਗੇ ਅਤੇ ਉਸ ਦੇ ਹੋਰ ਨੇੜੇ ਰਹਿਣਾ ਚਾਹਾਂਗੇ।

ਇਨਸਾਫ਼ ਕੀ ਹੈ?

4. ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਇਨਸਾਫ਼ ਕਰਨ ਦਾ ਕੀ ਮਤਲਬ ਹੈ?

4 ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਇਨਸਾਫ਼ ਕਰਨ ਦਾ ਮਤਲਬ ਹੈ ਸਿਰਫ਼ ਕਾਨੂੰਨ ਨੂੰ ਲਾਗੂ ਕਰਨਾ। ਕਾਨੂੰਨ ਉੱਤੇ ਲਿਖੀ ਗਈ ਇਕ ਕਿਤਾਬ ਕਹਿੰਦੀ ਹੈ ਕਿ “ਨਿਆਂ ਦਾ ਸੰਬੰਧ ਕਾਨੂੰਨ, ਜ਼ਿੰਮੇਵਾਰੀ, ਹੱਕ ਅਤੇ ਫ਼ਰਜ਼ਾਂ ਨਾਲ ਹੈ। ਨਿਆਂ ਕਾਰਨ ਅਦਾਲਤ ਵਿਚ ਫ਼ੈਸਲਾ ਕਰਨ ਵੇਲੇ ਸਮਾਨਤਾ ਜਾਂ ਯੋਗਤਾ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ।” ਪਰ ਯਹੋਵਾਹ ਸਿਰਫ਼ ਇਸ ਕਰਕੇ ਇਨਸਾਫ਼ ਨਹੀਂ ਕਰਦਾ ਕਿ ਇਹ ਉਸ ਦਾ ਫ਼ਰਜ਼ ਬਣਦਾ ਹੈ ਜਾਂ ਉਹ ਕਾਨੂੰਨ ਨੂੰ ਲਾਗੂ ਕਰਨਾ ਚਾਹੁੰਦਾ ਹੈ।

5, 6. (ੳ) ਜਿਨ੍ਹਾਂ ਮੁਢਲੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਤਰਜਮਾ “ਇਨਸਾਫ਼, ਨਿਆਉਂ ਜਾਂ ਧਰਮ” ਕੀਤਾ ਗਿਆ ਹੈ, ਉਨ੍ਹਾਂ ਦਾ ਕੀ ਮਤਲਬ ਹੈ? (ਅ) ਪਰਮੇਸ਼ੁਰ ਨੂੰ ਨਿਆਂਕਾਰ ਸੱਦਣ ਦਾ ਕੀ ਮਤਲਬ ਹੈ?

5 ਜੇ ਅਸੀਂ ਬਾਈਬਲ ਦੀਆਂ ਮੁਢਲੀਆਂ ਭਾਸ਼ਾਵਾਂ ਦੇ ਸ਼ਬਦਾਂ ਵੱਲ ਧਿਆਨ ਦੇਈਏ, ਤਾਂ ਅਸੀਂ ਪਰਮੇਸ਼ੁਰ ਦੇ ਇਨਸਾਫ਼ ਦੀ ਵਿਸ਼ਾਲਤਾ ਨੂੰ ਚੰਗੀ ਤਰ੍ਹਾਂ ਜਾਣ ਸਕਾਂਗੇ। ਇਬਰਾਨੀ ਭਾਸ਼ਾ ਵਿਚ ਤਿੰਨ ਸ਼ਬਦ ਵਰਤੇ ਗਏ ਹਨ। ਇਕ ਸ਼ਬਦ ਦਾ ਤਰਜਮਾ ਅਕਸਰ “ਇਨਸਾਫ਼” ਕੀਤਾ ਜਾਂਦਾ ਹੈ ਅਤੇ ਉਸ ਦਾ ਮਤਲਬ “ਭਲਾ” ਕਰਨਾ ਵੀ ਹੋ ਸਕਦਾ ਹੈ। (ਉਤਪਤ 18:25, ਪਵਿੱਤਰ ਬਾਈਬਲ ਨਵਾਂ ਅਨੁਵਾਦ) ਦੂਸਰੇ ਦੋ ਇਬਰਾਨੀ ਸ਼ਬਦਾਂ ਦਾ ਤਰਜਮਾ ਆਮ ਤੌਰ ਤੇ “ਧਰਮ ਜਾਂ ਧਾਰਮਿਕਤਾ” ਕੀਤਾ ਜਾਂਦਾ ਹੈ। ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਧਰਮ ਜਾਂ ਧਾਰਮਿਕਤਾ” ਕੀਤਾ ਜਾਂਦਾ ਹੈ, ਉਸ ਦਾ ਮਤਲਬ “ਸੱਚਾ ਜਾਂ ਨਿਰਪੱਖ ਹੋਣਾ” ਵੀ ਹੋ ਸਕਦਾ ਹੈ। ਤਾਂ ਫਿਰ, ਇਸ ਤੋਂ ਜ਼ਾਹਰ ਹੁੰਦਾ ਹੈ ਕਿ ਇਨਸਾਫ਼ ਅਤੇ ਧਰਮ ਵਿਚ ਕੋਈ ਫ਼ਰਕ ਨਹੀਂ ਹੈ।ਆਮੋਸ 5:24.

 6 ਇਸ ਲਈ ਜਦ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨਿਆਂਕਾਰ ਹੈ, ਇਸ ਦਾ ਮਤਲਬ ਹੈ ਕਿ ਉਹ ਹਮੇਸ਼ਾ ਨਿਰਪੱਖਤਾ ਨਾਲ ਪੂਰਾ-ਪੂਰਾ ਇਨਸਾਫ਼ ਕਰਦਾ ਹੈ। (ਰੋਮੀਆਂ 2:11) ਦਰਅਸਲ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਕਿ ਉਹ ਬੁਰਾਈ ਕਰ ਸਕਦਾ ਹੈ। ਵਫ਼ਾਦਾਰ ਬੰਦੇ ਅਲੀਹੂ ਨੇ ਕਿਹਾ ਸੀ ਕਿ “ਨਾ ਤਾਂ ਪਰਮੇਸ਼ੁਰ ਦੁਸ਼ਟਪੁਣਾ ਕਰੂ, ਨਾ ਹੀ ਸਰਬ ਸ਼ਕਤੀਮਾਨ ਪੁੱਠੇ ਨਿਆਉਂ ਕਰੂ।” (ਅੱਯੂਬ 34:12) ਯਕੀਨਨ ਯਹੋਵਾਹ ਪਰਮੇਸ਼ੁਰ ਅਨਿਆਂ ਕਰ ਹੀ ਨਹੀਂ ਸਕਦਾ। ਕਿਉਂ ਨਹੀਂ? ਇਸ ਦੇ ਦੋ ਕਾਰਨ ਹਨ।

7, 8. (ੳ) ਯਹੋਵਾਹ ਬੇਇਨਸਾਫ਼ੀ ਕਿਉਂ ਨਹੀਂ ਕਰ ਸਕਦਾ? (ਅ) ਯਹੋਵਾਹ ਦੂਸਰਿਆਂ ਨਾਲ ਹਮੇਸ਼ਾ ਇਨਸਾਫ਼ ਕਿਉਂ ਕਰਦਾ ਹੈ?

7 ਪਹਿਲਾ ਕਾਰਨ ਇਹ ਹੈ ਕਿ ਉਹ ਪਵਿੱਤਰ ਹੈ। ਜਿਵੇਂ ਅਸੀਂ ਇਸ ਕਿਤਾਬ ਦੇ ਤੀਜੇ ਅਧਿਆਇ ਵਿਚ ਦੇਖਿਆ ਸੀ, ਯਹੋਵਾਹ ਜਿੰਨਾ ਸ਼ੁੱਧ ਅਤੇ ਸੁੱਚਾ ਹੋਰ ਕੋਈ ਨਹੀਂ ਹੈ। ਇਸ ਕਰਕੇ ਉਹ ਅਨਿਆਂ ਤੇ ਬੁਰਾਈ ਕਰ ਹੀ ਨਹੀਂ ਸਕਦਾ। ਇਸ ਗੱਲ ਦੇ ਮਤਲਬ ਉੱਤੇ ਗੌਰ ਕਰੋ। ਸਾਡੇ ਸਵਰਗੀ ਪਿਤਾ ਦੀ ਪਵਿੱਤਰਤਾ ਕਰਕੇ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਉਹ ਆਪਣੇ ਬੱਚਿਆਂ ਨਾਲ ਭੈੜਾ ਸਲੂਕ ਕਦੇ ਨਹੀਂ ਕਰੇਗਾ। ਯਿਸੂ ਨੂੰ ਇਸ ਅਸਲੀਅਤ ਉੱਤੇ ਭਰੋਸਾ ਸੀ। ਧਰਤੀ ਉੱਤੇ ਆਪਣੀ ਆਖ਼ਰੀ ਰਾਤ ਨੂੰ ਉਸ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ: “ਹੇ ਪਵਿੱਤ੍ਰ ਪਿਤਾ ਆਪਣੇ ਹੀ ਉਸ ਨਾਮ ਨਾਲ . . . [ਚੇਲਿਆਂ] ਦੀ ਰੱਛਿਆ ਕਰ।” (ਯੂਹੰਨਾ 17:11) ਬਾਈਬਲ ਵਿਚ ਸਿਰਫ਼ ਯਹੋਵਾਹ ਨੂੰ ਹੀ “ਪਵਿੱਤ੍ਰ ਪਿਤਾ” ਸੱਦਿਆ ਗਿਆ ਹੈ। ਉਸ ਨੂੰ ਪਵਿੱਤਰ ਸੱਦਣਾ ਠੀਕ ਹੈ ਕਿਉਂਕਿ ਕੋਈ ਵੀ ਇਨਸਾਨੀ ਪਿਤਾ ਉਸ ਵਾਂਗ ਪਵਿੱਤਰ ਨਹੀਂ ਹੈ। ਯਿਸੂ ਨੂੰ ਪੂਰਾ ਯਕੀਨ ਸੀ ਕਿ ਉਸ ਦੇ ਚੇਲੇ ਉਸ ਦੇ ਪਿਤਾ ਦੇ ਹੱਥਾਂ ਵਿਚ ਸਹੀ-ਸਲਾਮਤ ਰਹਿਣਗੇ ਕਿਉਂਕਿ ਯਹੋਵਾਹ ਪਵਿੱਤਰ ਤੇ ਸ਼ੁੱਧ ਹੈ ਅਤੇ ਪਾਪ ਤੋਂ ਬਿਲਕੁਲ ਦੂਰ ਹੈ।ਮੱਤੀ 23:9.

8 ਦੂਜਾ ਕਾਰਨ ਇਹ ਹੈ ਕਿ ਪਿਆਰ ਪਰਮੇਸ਼ੁਰ ਦਾ ਸੁਭਾਵਕ ਗੁਣ ਹੈ। ਇਸ ਪਿਆਰ ਕਰਕੇ ਉਹ ਦੂਸਰਿਆਂ ਨਾਲ ਹਮੇਸ਼ਾ ਇਨਸਾਫ਼ ਕਰਦਾ ਹੈ। ਜਾਤ-ਪਾਤ, ਊਚ-ਨੀਚ ਅਤੇ ਪੱਖਪਾਤ ਵਰਗੇ ਅਨਿਆਂ ਅਕਸਰ ਲੋਭ ਅਤੇ ਖ਼ੁਦਗਰਜ਼ੀ ਤੋਂ ਪੈਦਾ ਹੁੰਦੇ ਹਨ ਅਤੇ ਇਹ ਗੁਣ ਪਿਆਰ ਤੋਂ ਉਲਟ ਹਨ। ਬਾਈਬਲ ਸਾਨੂੰ ਪਿਆਰ ਕਰਨ ਵਾਲੇ ਪਰਮੇਸ਼ੁਰ ਬਾਰੇ ਇਸ ਤਰ੍ਹਾਂ ਭਰੋਸਾ ਦਿੰਦੀ ਹੈ: “ਯਹੋਵਾਹ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 11:7) ਯਹੋਵਾਹ ਆਪਣੇ ਆਪ  ਬਾਰੇ ਕਹਿੰਦਾ ਹੈ: “ਮੈਂ ਯਹੋਵਾਹ ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ।” (ਯਸਾਯਾਹ 61:8) ਕੀ ਇਹ ਜਾਣ ਕੇ ਸਾਨੂੰ ਦਿਲਾਸਾ ਨਹੀਂ ਮਿਲਦਾ ਕਿ ਸਾਡਾ ਪਰਮੇਸ਼ੁਰ ਇਨਸਾਫ਼ ਜਾਂ ਭਲਾ ਕਰ ਕੇ ਖ਼ੁਸ਼ ਹੁੰਦਾ ਹੈ?ਯਿਰਮਿਯਾਹ 9:24.

ਯਹੋਵਾਹ ਦਾ ਮੁਕੰਮਲ ਇਨਸਾਫ਼ ਅਤੇ ਦਇਆ

9-11. (ੳ) ਯਹੋਵਾਹ ਦੇ ਇਨਸਾਫ਼ ਦਾ ਉਸ ਦੀ ਦਇਆ ਨਾਲ ਕੀ ਸੰਬੰਧ ਹੈ? (ਅ) ਪਸ਼ਚਾਤਾਪੀ ਪਾਪੀਆਂ ਨਾਲ ਯਹੋਵਾਹ ਦੇ ਸਲੂਕ ਤੋਂ ਉਸ ਦਾ ਇਨਸਾਫ਼ ਅਤੇ ਉਸ ਦੀ ਦਇਆ ਕਿਸ ਤਰ੍ਹਾਂ ਜ਼ਾਹਰ ਹੁੰਦੇ ਹਨ?

9 ਯਹੋਵਾਹ ਦੀ ਸ਼ਖ਼ਸੀਅਤ ਦੇ ਦੂਸਰੇ ਪਹਿਲੂਆਂ ਵਾਂਗ ਉਸ ਦਾ ਇਨਸਾਫ਼ ਵੀ ਮੁਕੰਮਲ ਹੈ ਯਾਨੀ ਇਸ ਵਿਚ ਕੋਈ ਘਾਟ ਨਹੀਂ ਹੈ। ਯਹੋਵਾਹ ਦੀ ਵਡਿਆਈ ਕਰਦੇ ਹੋਏ ਮੂਸਾ ਨੇ ਲਿਖਿਆ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:3, 4) ਯਹੋਵਾਹ ਦਾ ਇਨਸਾਫ਼ ਹਰ ਵਾਰ ਬਿਲਕੁਲ ਸਹੀ ਹੁੰਦਾ ਹੈ। ਉਹ ਨਾ ਹੀ ਬਹੁਤ ਹਲਕੀ ਸਜ਼ਾ ਦਿੰਦਾ ਹੈ ਤੇ ਨਾ ਹੀ ਬਹੁਤ ਸਖ਼ਤ।

10 ਯਹੋਵਾਹ ਦੇ ਇਨਸਾਫ਼ ਦਾ ਉਸ ਦੀ ਦਇਆ ਨਾਲ ਗੂੜ੍ਹਾ ਸੰਬੰਧ ਹੈ। ਜ਼ਬੂਰਾਂ ਦੀ ਪੋਥੀ 116:5 ਵਿਚ ਲਿਖਿਆ ਹੈ: “ਯਹੋਵਾਹ ਦਯਾਵਾਨ ਤੇ ਧਰਮੀ [ਯਾਨੀ ਨਿਆਂਕਾਰ] ਹੈ, ਸਾਡਾ ਪਰਮੇਸ਼ੁਰ ਰਹੀਮ ਹੈ।” ਜੀ ਹਾਂ, ਯਹੋਵਾਹ ਇਨਸਾਫ਼ ਤੇ ਦਇਆ ਦੋਵੇਂ ਕਰਦਾ ਹੈ। ਇਨ੍ਹਾਂ ਦੋਹਾਂ ਗੁਣਾਂ ਵਿਚ ਅਸਹਿਮਤੀ ਨਹੀਂ ਹੈ। ਦਇਆ ਕਰਨ ਨਾਲ ਯਹੋਵਾਹ ਦਾ ਇਨਸਾਫ਼ ਘੱਟਦਾ ਨਹੀਂ। ਉਸ ਦਾ ਇਨਸਾਫ਼ ਇੰਨਾ ਸਖ਼ਤ ਹੁੰਦਾ ਹੀ ਨਹੀਂ ਕਿ ਦਇਆ ਦੀ ਲੋੜ ਹੋਵੇ। ਇਸ ਦੀ ਬਜਾਇ ਉਹ ਇਹ ਦੋਵੇਂ ਗੁਣ ਅਕਸਰ ਇਕੱਠੇ ਇਸਤੇਮਾਲ ਕਰਦਾ ਹੈ। ਇਸ ਦੀ ਇਕ ਮਿਸਾਲ ਉੱਤੇ ਗੌਰ ਕਰੋ।

11 ਸਾਰੇ ਇਨਸਾਨ ਆਦਮ ਦੇ ਪਾਪ ਕਰਕੇ ਪਾਪੀ ਪੈਦਾ ਹੋਏ ਹਨ ਅਤੇ ਇਸ ਕਰਕੇ ਉਹ ਪਾਪ ਦੀ ਸਜ਼ਾ ਯਾਨੀ ਮੌਤ ਦੇ ਲਾਇਕ ਹਨ। (ਰੋਮੀਆਂ 5:12) ਪਰ ਪਾਪੀਆਂ ਦੀ ਮੌਤ ਤੋਂ ਯਹੋਵਾਹ ਦਾ ਜੀ ਪ੍ਰਸੰਨ ਨਹੀਂ ਹੁੰਦਾ। ਉਹ ‘ਖਿਮਾ ਕਰਨ ਵਾਲਾ, ਦਿਆਲੂ ਤੇ ਕਿਰਪਾਲੂ ਪਰਮੇਸ਼ੁਰ ਹੈ।’ (ਨਹਮਯਾਹ 9:17) ਫਿਰ ਵੀ ਪਵਿੱਤਰ ਹੋਣ ਦੇ ਕਾਰਨ ਉਹ ਬੁਰਾਈ ਤੇ ਪਾਪ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਤਾਂ ਫਿਰ, ਉਹ ਪਾਪ ਵਿਚ ਪੈਦਾ ਹੋਏ ਇਨਸਾਨਾਂ ਉੱਤੇ ਦਇਆ ਕਿਸ ਤਰ੍ਹਾਂ ਕਰ ਸਕਦਾ ਹੈ? ਇਸ ਸਵਾਲ ਦਾ ਜਵਾਬ ਬਾਈਬਲ ਦੀ ਇਕ ਬਹੁਮੁੱਲੀ ਸਿੱਖਿਆ ਤੋਂ ਮਿਲਦਾ ਹੈ ਯਾਨੀ  ਇਨਸਾਨਜਾਤ ਨੂੰ ਰਿਹਾ ਕਰਨ ਦਾ ਪ੍ਰਬੰਧ। ਇਸ ਪ੍ਰਬੰਧ ਵਿਚ ਯਹੋਵਾਹ ਦਾ ਨਿਆਂ ਅਤੇ ਦਇਆ ਦੋਵੇਂ ਦਿਖਾਈ ਦਿੰਦੇ ਹਨ। ਇਸ ਦੇ ਜ਼ਰੀਏ ਯਹੋਵਾਹ ਪਸ਼ਚਾਤਾਪੀ ਪਾਪੀਆਂ ਨਾਲ ਦਇਆ ਕਰਦੇ ਹੋਏ ਆਪਣੇ ਮੁਕੰਮਲ ਇਨਸਾਫ਼ ਦੇ ਮਿਆਰ ਵੀ ਕਾਇਮ ਰੱਖਦਾ ਹੈ। ਇਸ ਕਿਤਾਬ ਦੇ 14ਵੇਂ ਅਧਿਆਇ ਵਿਚ ਆਪਾਂ ਇਸ ਪਿਆਰ-ਭਰੇ ਪ੍ਰਬੰਧ ਬਾਰੇ ਹੋਰ ਸਿੱਖਾਂਗੇ।ਰੋਮੀਆਂ 3:21-26.

ਯਹੋਵਾਹ ਦਾ ਇਨਸਾਫ਼ ਜੀ ਨੂੰ ਖ਼ੁਸ਼ ਕਰਦਾ ਹੈ

12, 13. (ੳ) ਯਹੋਵਾਹ ਦਾ ਇਨਸਾਫ਼ ਸਾਨੂੰ ਉਸ ਵੱਲ ਕਿਉਂ ਖਿੱਚਦਾ ਹੈ? (ਅ) ਦਾਊਦ ਨੇ ਯਹੋਵਾਹ ਦੇ ਇਨਸਾਫ਼ ਬਾਰੇ ਕੀ ਸਿੱਟਾ ਕੱਢਿਆ ਸੀ ਅਤੇ ਇਸ ਤੋਂ ਸਾਨੂੰ ਤਸੱਲੀ ਕਿਉਂ ਮਿਲਦੀ ਹੈ?

12 ਯਹੋਵਾਹ ਦੇ ਇਨਸਾਫ਼ ਵਿਚ ਬੇਦਰਦੀ ਲਈ ਕੋਈ ਥਾਂ ਨਹੀਂ ਹੈ। ਉਸ ਦਾ ਇਹ ਗੁਣ ਸਾਨੂੰ ਉਸ ਤੋਂ ਦੂਰ ਕਰਨ ਦੀ ਬਜਾਇ ਉਸ ਵੱਲ ਖਿੱਚਦਾ ਹੈ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਯਹੋਵਾਹ ਦਇਆ ਨਾਲ ਇਨਸਾਫ਼ ਕਰਦਾ ਹੈ। ਆਓ ਆਪਾਂ ਦੇਖੀਏ ਕਿ ਯਹੋਵਾਹ ਕਿਨ੍ਹਾਂ ਸ਼ਾਨਦਾਰ ਤਰੀਕਿਆਂ ਨਾਲ ਇਨਸਾਫ਼ ਕਰਦਾ ਹੈ।

13 ਯਹੋਵਾਹ ਆਪਣੇ ਮੁਕੰਮਲ ਇਨਸਾਫ਼ ਕਰਕੇ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਖ਼ੁਦ ਯਹੋਵਾਹ ਦੇ ਇਨਸਾਫ਼ ਦਾ ਇਹ ਪਹਿਲੂ ਅਨੁਭਵ ਕੀਤਾ ਸੀ। ਦਾਊਦ ਨੇ ਆਪਣੇ ਤਜਰਬੇ ਅਤੇ ਯਹੋਵਾਹ ਦੇ ਕੰਮ ਕਰਨ ਦੇ ਤਰੀਕੇ ਤੋਂ ਕੀ ਸਿੱਟਾ ਕੱਢਿਆ ਸੀ? ਉਸ ਨੇ ਕਿਹਾ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ।” (ਜ਼ਬੂਰ ਦੀ ਪੋਥੀ 37:28) ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ! ਸਾਡਾ ਪਰਮੇਸ਼ੁਰ ਇਕ ਪਲ ਲਈ ਵੀ ਉਨ੍ਹਾਂ ਨੂੰ ਨਹੀਂ ਤਿਆਗੇਗਾ ਜੋ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਇਸ ਕਰਕੇ ਅਸੀਂ ਉਸ ਉੱਤੇ ਅਤੇ ਉਸ ਦੀ ਨਿਗਰਾਨੀ ਉੱਤੇ ਇਤਬਾਰ ਕਰ ਸਕਦੇ ਹਾਂ। ਉਸ ਦਾ ਇਨਸਾਫ਼ ਇਸ ਦੀ ਗਾਰੰਟੀ ਦਿੰਦਾ ਹੈ!ਕਹਾਉਤਾਂ 2:7, 8.

14. ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਬੇਸਹਾਰਿਆਂ ਦੀ ਚਿੰਤਾ ਸੀ?

14 ਪਰਮੇਸ਼ੁਰ ਦਾ ਇਨਸਾਫ਼ ਦੁਖੀ ਲੋਕਾਂ ਦੀਆਂ ਜ਼ਰੂਰਤਾਂ ਵੀ ਸਮਝਦਾ ਹੈ। ਇਸਰਾਏਲ ਨੂੰ ਦਿੱਤੀ ਗਈ ਬਿਵਸਥਾ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਨੂੰ ਬੇਸਹਾਰਿਆਂ ਦੀ ਕਿੰਨੀ ਚਿੰਤਾ ਸੀ। ਮਿਸਾਲ ਲਈ ਬਿਵਸਥਾ ਵਿਚ ਯਤੀਮਾਂ ਤੇ ਵਿਧਵਾਵਾਂ ਦੀ ਦੇਖ-ਭਾਲ ਕਰਨ ਵਾਸਤੇ ਖ਼ਾਸ ਪ੍ਰਬੰਧ ਕੀਤੇ ਗਏ ਸਨ। (ਬਿਵਸਥਾ  ਸਾਰ 24:17-21) ਯਹੋਵਾਹ ਜਾਣਦਾ ਸੀ ਕਿ ਇਹੋ ਜਿਹੇ ਪਰਿਵਾਰਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਸਕਦੀ ਸੀ ਇਸ ਲਈ ਉਹ ਖ਼ੁਦ ਉਨ੍ਹਾਂ ਦਾ ਰਾਖਾ ਅਤੇ ਜੱਜ ਬਣਿਆ। ਬਾਈਬਲ ਦੱਸਦੀ ਹੈ ਕਿ “ਉਹ ਯਤੀਮ ਅਤੇ ਵਿਧਵਾ ਦਾ ਨਿਆਉਂ” ਕਰਨ ਵਾਲਾ ਹੈ। (ਬਿਵਸਥਾ ਸਾਰ 10:18; ਜ਼ਬੂਰਾਂ ਦੀ ਪੋਥੀ 68:5) ਯਹੋਵਾਹ ਉਨ੍ਹਾਂ ਬੇਸਹਾਰਿਆਂ ਦੀ ਦੁਹਾਈ ਸੁਣਦਾ ਸੀ। ਇਸੇ ਲਈ ਉਸ ਨੇ ਇਸਰਾਏਲੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਬੇਸਹਾਰਾ ਔਰਤਾਂ ਤੇ ਬੱਚਿਆਂ ਨੂੰ ਤੰਗ ਕੀਤਾ, ਤਾਂ ‘ਉਸ ਦਾ ਕਰੋਧ ਭੜਕ ਉੱਠੇਗਾ।’ (ਕੂਚ 22:22-24) ਭਾਵੇਂ ਕ੍ਰੋਧ ਯਹੋਵਾਹ ਦਾ ਮੁੱਖ ਗੁਣ ਨਹੀਂ ਹੈ, ਫਿਰ ਵੀ ਉਸ ਨੂੰ ਜਾਣ-ਬੁੱਝ ਕੇ ਕੀਤੀ ਗਈ ਬੇਇਨਸਾਫ਼ੀ ਦੇ ਕਾਰਨ ਗੁੱਸਾ ਚੜ੍ਹਦਾ ਹੈ, ਖ਼ਾਸ ਕਰਕੇ ਜੇ ਅਨਿਆਂ ਮਾਸੂਮ ਲੋਕਾਂ ਨਾਲ ਕੀਤਾ ਜਾਵੇ।ਜ਼ਬੂਰਾਂ ਦੀ ਪੋਥੀ 103:6.

15, 16. ਉਸ ਦੀ ਨਿਰਪੱਖਤਾ ਦਾ ਇਕ ਵਧੀਆ ਸਬੂਤ ਕੀ ਹੈ?

15 ਯਹੋਵਾਹ ਸਾਨੂੰ ਇਸ ਗੱਲ ਦੀ ਵੀ ਤਸੱਲੀ ਦਿੰਦਾ ਹੈ ਕਿ ਉਹ “ਕਿਸੇ ਦਾ ਪੱਖ ਨਹੀਂ ਕਰਦਾ, ਨਾ ਕਿਸੇ ਤੋਂ ਵੱਢੀ ਲੈਂਦਾ ਹੈ।” (ਬਿਵਸਥਾ ਸਾਰ 10:17) ਕਈ ਸ਼ਕਤੀਸ਼ਾਲੀ ਇਨਸਾਨ ਕਿਸੇ ਦੀ ਅਮੀਰੀ ਜਾਂ ਸ਼ਾਨ-ਸ਼ੌਕਤ ਦੇਖ ਕੇ ਹੀ ਉਸ ਦਾ ਪੱਖ ਲੈ ਲੈਂਦੇ ਹਨ, ਪਰ ਯਹੋਵਾਹ ਇਸ ਤਰ੍ਹਾਂ ਨਹੀਂ ਕਰਦਾ। ਉਹ ਪੱਖਪਾਤ ਕਰ ਹੀ ਨਹੀਂ ਸਕਦਾ। ਉਸ ਦੀ ਨਿਰਪੱਖਤਾ ਦੇ ਇਕ ਸਬੂਤ ਉੱਤੇ ਗੌਰ ਕਰੋ। ਉਸ ਦੇ ਸੇਵਕ ਬਣਨ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦੇ ਮੌਕੇ ਸਿਰਫ਼ ਕੁਝ ਗਿਣੇ-ਚੁਣੇ ਲੋਕਾਂ ਲਈ ਹੀ ਨਹੀਂ ਹਨ। ਇਹ ਸ਼ਾਨਦਾਰ ਭਵਿੱਖ ਸਾਰਿਆਂ ਦਾ ਹੋ ਸਕਦਾ ਹੈ ਭਾਵੇਂ ਉਹ ਕਿਸੇ ਵੀ ਦੇਸ਼ ਦੇ ਹੋਣ, ਅਮੀਰ ਹੋਣ ਜਾਂ ਗ਼ਰੀਬ, ਪੜ੍ਹੇ-ਲਿਖੇ ਜਾਂ ਅਨਪੜ੍ਹ, ਗੋਰੇ ਜਾਂ ਕਾਲੇ। “ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਕੀ ਅਸੀਂ ਇਸ ਨੂੰ ਸੱਚਾ ਇਨਸਾਫ਼ ਨਹੀਂ ਸੱਦਾਂਗੇ?

16 ਯਹੋਵਾਹ ਦੇ ਮੁਕੰਮਲ ਇਨਸਾਫ਼ ਦਾ ਇਕ ਹੋਰ ਪਹਿਲੂ ਵੀ ਹੈ ਕਿ ਉਹ ਆਪਣੇ ਧਰਮੀ ਮਿਆਰਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਹੈ। ਇਸ ਜ਼ਰੂਰੀ ਪਹਿਲੂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ।

ਯਹੋਵਾਹ ਸਜ਼ਾ ਮਾਫ਼ ਨਹੀਂ ਕਰਦਾ

17. ਇਸ ਸੰਸਾਰ ਵਿਚ ਹੋ ਰਹੀ ਬੇਇਨਸਾਫ਼ੀ ਕਾਰਨ ਯਹੋਵਾਹ ਉੱਤੇ ਦੋਸ਼ ਕਿਉਂ ਨਹੀਂ ਲਾਇਆ ਜਾ ਸਕਦਾ?

17 ਕੁਝ ਲੋਕ ਸ਼ਾਇਦ ਸੋਚਣ: ‘ਜਦ ਯਹੋਵਾਹ ਬੁਰਾਈ ਨੂੰ ਬਖ਼ਸ਼ਦਾ ਨਹੀਂ, ਤਾਂ  ਫਿਰ ਅੱਜ-ਕੱਲ੍ਹ ਦੁਨੀਆਂ ਵਿਚ ਇੰਨਾ ਅਨਿਆਂ ਤੇ ਬੁਰਾਈ ਕਿਉਂ ਹੋ ਰਹੇ ਹਨ?’ ਲੋਕਾਂ ਦੀ ਬੇਇਨਸਾਫ਼ੀ ਕਾਰਨ ਯਹੋਵਾਹ ਦੇ ਇਨਸਾਫ਼ ਕਰਨ ਦੇ ਤਰੀਕੇ ਉੱਤੇ ਦੋਸ਼ ਨਹੀਂ ਲਾਇਆ ਜਾ ਸਕਦਾ। ਇਸ ਦੁਸ਼ਟ ਸੰਸਾਰ ਵਿਚ ਬਹੁਤ ਸਾਰਾ ਅਨਿਆਂ ਇਨਸਾਨਾਂ ਨੂੰ ਆਦਮ ਤੋਂ ਮਿਲੇ ਪਾਪ ਕਰਕੇ ਹੁੰਦਾ ਹੈ। ਇਸ ਸੰਸਾਰ ਵਿਚ, ਜਿੱਥੇ ਪਾਪੀ ਇਨਸਾਨ ਆਪਣੀ ਮਰਜ਼ੀ ਕਰਨੀ ਚਾਹੁੰਦੇ ਹਨ, ਅਨਿਆਂ ਦੀ ਬਹੁਤਾਤ ਹੈ, ਪਰ ਲੰਮੇ ਸਮੇਂ ਲਈ ਨਹੀਂ।ਬਿਵਸਥਾ ਸਾਰ 32:5.

18, 19. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਹਮੇਸ਼ਾ ਲਈ ਬਰਦਾਸ਼ਤ ਨਹੀਂ ਕਰੇਗਾ ਜੋ ਉਸ ਦੇ ਧਰਮੀ ਹੁਕਮਾਂ ਦੀ ਜਾਣ-ਬੁੱਝ ਕੇ ਉਲੰਘਣਾ ਕਰਦੇ ਹਨ?

18 ਯਹੋਵਾਹ ਉਨ੍ਹਾਂ ਲੋਕਾਂ ਨਾਲ ਦਇਆ ਕਰਦਾ ਹੈ, ਜੋ ਉਸ ਦੇ ਨੇੜੇ ਆਉਂਦੇ ਹਨ। ਪਰ ਉਹ ਬਹੁਤੀ ਦੇਰ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਜੋ ਉਸ ਦੇ ਪਵਿੱਤਰ ਨਾਂ ਦੀ ਬਦਨਾਮੀ ਕਰਦੇ ਹਨ। (ਜ਼ਬੂਰ ਦੀ ਪੋਥੀ 74:10, 22, 23) ਇਨਸਾਫ਼ ਦੇ ਪਰਮੇਸ਼ੁਰ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ; ਉਹ ਜਾਣ-ਬੁੱਝ ਕੇ ਪਾਪ ਕਰਨ ਵਾਲਿਆਂ ਨੂੰ ਸਜ਼ਾ ਤੋਂ ਨਹੀਂ ਬਚਾਵੇਗਾ। ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ . . . ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਕੂਚ 34:6, 7) ਇਨ੍ਹਾਂ ਸ਼ਬਦਾਂ ਅਨੁਸਾਰ ਯਹੋਵਾਹ ਨੂੰ ਸਮੇਂ-ਸਮੇਂ ਤੇ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣੀ ਪਈ ਹੈ, ਜਿਨ੍ਹਾਂ ਨੇ ਜਾਣ-ਬੁੱਝ ਕੇ ਉਸ ਦੇ ਧਰਮੀ ਹੁਕਮਾਂ ਦੀ ਉਲੰਘਣਾ ਕੀਤੀ ਹੈ।

19 ਉਦਾਹਰਣ ਲਈ ਪ੍ਰਾਚੀਨ ਇਸਰਾਏਲ ਨਾਲ ਪਰਮੇਸ਼ੁਰ ਦੇ ਵਰਤਾਉ ਉੱਤੇ ਗੌਰ ਕਰੋ। ਵਾਅਦਾ ਕੀਤੇ ਗਏ ਦੇਸ਼ ਵਿਚ ਵਸਣ ਤੋਂ ਬਾਅਦ ਵੀ ਇਸਰਾਏਲੀਆਂ ਨੇ ਵਾਰ-ਵਾਰ ਯਹੋਵਾਹ ਨਾਲ ਬੇਵਫ਼ਾਈ ਕੀਤੀ। ਭਾਵੇਂ ਉਨ੍ਹਾਂ ਦੇ ਬੁਰੇ ਕੰਮਾਂ ਨੇ ਯਹੋਵਾਹ ਨੂੰ “ਉਦਾਸ ਕੀਤਾ,” ਪਰ ਉਸ ਨੇ ਉਨ੍ਹਾਂ ਨੂੰ ਇਕਦਮ ਆਪਣੇ ਆਪ ਤੋਂ ਦੂਰ ਨਹੀਂ ਕੀਤਾ ਸੀ। (ਜ਼ਬੂਰਾਂ ਦੀ ਪੋਥੀ 78:38-41) ਇਸ ਦੀ ਬਜਾਇ ਉਸ ਨੇ ਦਇਆ ਨਾਲ ਉਨ੍ਹਾਂ ਨੂੰ ਆਪਣੇ ਰਾਹ ਬਦਲਣ ਦੇ ਮੌਕੇ ਦਿੱਤੇ। ਉਸ ਨੇ ਉਨ੍ਹਾਂ ਨੂੰ ਕਿਹਾ: “ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖ਼ੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਮੁੜੋ। ਤੁਸੀਂ ਆਪਣੇ ਭੈੜੇ ਰਾਹ ਤੋਂ ਮੁੜੋ! ਤੁਸੀਂ ਕਿਉਂ ਮਰੋਗੇ।” (ਹਿਜ਼ਕੀਏਲ 33:11) ਯਹੋਵਾਹ ਜ਼ਿੰਦਗੀ ਨੂੰ ਕੀਮਤੀ ਸਮਝਦਾ ਹੈ, ਇਸ ਲਈ ਉਸ ਨੇ ਵਾਰ-ਵਾਰ ਇਸਰਾਏਲੀਆਂ ਕੋਲ ਆਪਣੇ ਨਬੀ ਭੇਜੇ ਤਾਂਕਿ ਉਹ ਆਪਣੇ ਪੁੱਠੇ ਰਾਹ ਤੋਂ  ਮੁੜਨ। ਪਰ ਆਮ ਤੌਰ ਤੇ ਉਨ੍ਹਾਂ ਪੱਥਰ-ਦਿਲ ਲੋਕਾਂ ਨੇ ਨਾ ਤਾਂ ਉਸ ਦੀ ਗੱਲ ਸੁਣੀ ਅਤੇ ਨਾ ਹੀ ਤੋਬਾ ਕੀਤੀ। ਅਖ਼ੀਰ ਵਿਚ ਯਹੋਵਾਹ ਨੇ ਆਪਣੇ ਪਵਿੱਤਰ ਨਾਂ ਦੀ ਖ਼ਾਤਰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੱਤਾ।ਨਹਮਯਾਹ 9:26-30.

20. (ੳ) ਇਸਰਾਏਲ ਨਾਲ ਯਹੋਵਾਹ ਦੇ ਵਰਤਾਉ ਤੋਂ ਅਸੀਂ ਉਸ ਬਾਰੇ ਕੀ ਸਿੱਖਦੇ ਹਾਂ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਸ਼ੇਰ ਯਹੋਵਾਹ ਦੇ ਇਨਸਾਫ਼ ਨੂੰ ਵਧੀਆ ਤਰੀਕੇ ਨਾਲ ਦਰਸਾਉਂਦਾ ਹੈ?

20 ਇਸਰਾਏਲ ਨਾਲ ਯਹੋਵਾਹ ਦੇ ਵਰਤਾਉ ਤੋਂ ਅਸੀਂ ਉਸ ਬਾਰੇ ਬਹੁਤ ਕੁਝ ਸਿੱਖਦੇ ਹਾਂ। ਅਸੀਂ ਸਿੱਖਦੇ ਹਾਂ ਕਿ ਉਸ ਦੀਆਂ ਅੱਖਾਂ ਸਾਰੀ ਬੁਰਾਈ ਦੇਖਦੀਆਂ ਹਨ ਅਤੇ ਉਹ ਸਭ ਕੁਝ ਦੇਖ ਕੇ ਬਹੁਤ ਪਰੇਸ਼ਾਨ ਹੁੰਦਾ ਹੈ। (ਕਹਾਉਤਾਂ 15:3) ਇਹ ਗੱਲ ਜਾਣ ਕੇ ਵੀ ਸਾਨੂੰ ਤਸੱਲੀ ਮਿਲਦੀ ਹੈ ਕਿ ਉਹ ਦਇਆ ਕਰਨ ਦੇ ਮੌਕੇ ਭਾਲਦਾ ਹੈ। ਇਸ ਤੋਂ ਇਲਾਵਾ ਅਸੀਂ ਸਿੱਖਦੇ ਹਾਂ ਕਿ ਉਹ ਕਾਹਲੀ ਵਿਚ ਇਨਸਾਫ਼ ਨਹੀਂ ਕਰਦਾ। ਯਹੋਵਾਹ ਦੇ ਧੀਰਜ ਕਰਕੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਦੁਸ਼ਟ ਲੋਕਾਂ ਨੂੰ ਕਦੇ ਸਜ਼ਾ ਨਹੀਂ ਦੇਵੇਗਾ। ਪਰ ਇਹ ਗੱਲ ਸੱਚ ਨਹੀਂ ਹੈ ਕਿਉਂਕਿ ਇਸਰਾਏਲ ਦੇ ਇਤਿਹਾਸ ਤੋਂ ਅਸੀਂ ਸਿੱਖਿਆ ਹੈ ਕਿ ਪਰਮੇਸ਼ੁਰ ਦੇ ਧੀਰਜ ਦੀ ਵੀ ਇਕ ਹੱਦ ਹੈ। ਯਹੋਵਾਹ ਇਨਸਾਨਾਂ ਵਰਗਾ ਨਹੀਂ ਹੈ ਜੋ ਸਜ਼ਾ ਦੇਣ ਤੋਂ ਝਿਜਕਦੇ ਹਨ। ਉਹ ਸਹੀ ਕੰਮ ਕਰਨ ਲਈ ਕਦੇ ਹਿੰਮਤ ਨਹੀਂ ਹਾਰਦਾ, ਪਰ ਆਪਣੇ ਇਨਸਾਫ਼ ਉੱਤੇ ਪੱਕਾ ਰਹਿੰਦਾ ਹੈ। ਇਸ ਕਰਕੇ ਉਚਿਤ ਹੈ ਕਿ ਬਾਈਬਲ ਵਿਚ ਹਿੰਮਤੀ ਇਨਸਾਫ਼ ਇਕ ਸ਼ੇਰ ਦੁਆਰਾ ਦਰਸਾਇਆ ਗਿਆ ਹੈ ਅਤੇ ਸ਼ੇਰ ਦਾ ਸੰਬੰਧ  ਪਰਮੇਸ਼ੁਰ ਦੀ ਮੌਜੂਦਗੀ ਅਤੇ ਉਸ ਦੇ ਸਿੰਘਾਸਣ ਨਾਲ ਜੋੜਿਆ ਗਿਆ ਹੈ। * (ਹਿਜ਼ਕੀਏਲ 1:10; ਪਰਕਾਸ਼ ਦੀ ਪੋਥੀ 4:7) ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਇਸ ਧਰਤੀ ਤੋਂ ਅਨਿਆਂ ਮਿਟਾ ਦੇਵੇਗਾ। ਜੀ ਹਾਂ, ਉਸ ਦੇ ਇਨਸਾਫ਼ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਜ਼ਰੂਰਤ ਪੈਣ ਤੇ ਯਹੋਵਾਹ ਆਪਣੇ ਇਨਸਾਫ਼ ਦਾ ਪੱਕਾ ਹੈ ਅਤੇ ਜ਼ਰੂਰਤ ਪੈਣ ਤੇ ਉਹ ਦਇਆ ਕਰਦਾ ਹੈ।2 ਪਤਰਸ 3:9.

ਇਨਸਾਫ਼ ਦੇ ਪਰਮੇਸ਼ੁਰ ਦੇ ਨੇੜੇ ਰਹਿਣਾ

21. ਜਦ ਅਸੀਂ ਯਹੋਵਾਹ ਦੇ ਇਨਸਾਫ਼ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਉਸ ਬਾਰੇ ਕਿਸ ਤਰ੍ਹਾਂ ਸੋਚਣਾ ਚਾਹੀਦਾ ਹੈ ਅਤੇ ਕਿਉਂ?

21 ਜਦ ਅਸੀਂ ਯਹੋਵਾਹ ਦੇ ਇਨਸਾਫ਼ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਉਸ ਨੂੰ ਨਿਰਦਈ ਅਤੇ ਕਠੋਰ ਜੱਜ ਨਹੀਂ ਸਮਝਣਾ ਚਾਹੀਦਾ ਜਿਸ ਨੂੰ ਪਾਪੀਆਂ ਨੂੰ ਸਜ਼ਾ ਦੇਣ ਤੋਂ ਸਿਵਾਇ ਹੋਰ ਕੋਈ ਕੰਮ ਨਹੀਂ ਹੈ। ਇਸ ਦੀ ਬਜਾਇ ਸਾਨੂੰ ਉਸ ਨੂੰ ਅਜਿਹੇ ਪਿਤਾ ਵਜੋਂ ਵਿਚਾਰਨਾ ਚਾਹੀਦਾ ਹੈ ਜੋ ਆਪਣੇ ਬੱਚਿਆਂ ਨਾਲ ਹਮੇਸ਼ਾ ਸਭ ਤੋਂ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਹੈ। ਇਕ ਨਿਆਂਕਾਰ ਤੇ ਧਰਮੀ ਪਿਤਾ ਹੋਣ ਦੇ ਨਾਤੇ ਯਹੋਵਾਹ ਸਹੀ ਕੰਮ ਤਾਂ ਕਰਦਾ ਹੀ ਹੈ, ਪਰ ਇਸ ਦੇ ਨਾਲ-ਨਾਲ ਉਹ ਇਹ ਵੀ ਧਿਆਨ ਰੱਖਦਾ ਹੈ ਕਿ ਉਹ ਆਪਣੇ ਇਨਸਾਨੀ ਬੱਚਿਆਂ ਨਾਲ ਦਇਆ ਕਰੇ ਜਿਨ੍ਹਾਂ ਨੂੰ ਉਸ ਦੀ ਸਹਾਇਤਾ ਅਤੇ ਮਾਫ਼ੀ ਦੀ ਜ਼ਰੂਰਤ ਹੈ।ਜ਼ਬੂਰਾਂ ਦੀ ਪੋਥੀ 103:10, 13.

22. ਆਪਣੇ ਇਨਸਾਫ਼ ਦੇ ਕਾਰਨ ਯਹੋਵਾਹ ਨੇ ਸਾਡੇ ਸਾਮ੍ਹਣੇ ਕਿਹੜੀ ਸ਼ਾਨਦਾਰ ਉਮੀਦ ਰੱਖੀ ਹੈ ਅਤੇ ਉਹ ਸਾਡੇ ਨਾਲ ਇਸ ਤਰ੍ਹਾਂ ਕਿਉਂ ਪੇਸ਼ ਆਉਂਦਾ ਹੈ?

22 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ੁਰ ਦੇ ਇਨਸਾਫ਼ ਦਾ ਮਤਲਬ ਇਹੀ ਨਹੀਂ ਕਿ ਉਹ ਪਾਪੀਆਂ ਨੂੰ ਸਜ਼ਾ ਦੇਵੇ! ਆਪਣੇ ਇਨਸਾਫ਼ ਦੇ ਕਾਰਨ ਯਹੋਵਾਹ ਨੇ ਸਾਡੇ ਸਾਮ੍ਹਣੇ ਇਹ ਸ਼ਾਨਦਾਰ ਉਮੀਦ ਰੱਖੀ ਹੈ ਕਿ ਅਸੀਂ ਅਜਿਹੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਬਤੀਤ ਕਰੀਏ ਜਿੱਥੇ “ਧਰਮ ਵੱਸਦਾ ਹੈ।” (2 ਪਤਰਸ 3:13) ਸਾਡਾ ਪਰਮੇਸ਼ੁਰ ਸਾਡੇ ਨਾਲ ਇਸ ਕਰਕੇ ਇਸ ਤਰ੍ਹਾਂ ਪੇਸ਼ ਆਉਂਦਾ ਹੈ ਕਿਉਂਕਿ ਉਹ ਸਾਨੂੰ ਸਜ਼ਾ ਦੇਣ ਦੀ ਬਜਾਇ ਬਚਾਉਣਾ ਚਾਹੁੰਦਾ ਹੈ। ਇਹ ਬਿਲਕੁਲ ਸੱਚ ਹੈ ਕਿ ਜਦ ਅਸੀਂ ਯਹੋਵਾਹ ਦੇ ਇਨਸਾਫ਼ ਨੂੰ ਚੰਗੀ ਤਰ੍ਹਾਂ ਸਮਝਾਂਗੇ, ਤਾਂ ਅਸੀਂ ਉਸ ਵੱਲ ਖਿੱਚੇ ਜਾਵਾਂਗੇ! ਇਸ ਕਿਤਾਬ ਦੇ ਅਗਲਿਆਂ ਅਧਿਆਵਾਂ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਆਪਣਾ ਇਹ ਸਦਗੁਣ ਕਿਸ ਤਰ੍ਹਾਂ ਲਾਗੂ ਕਰਦਾ ਹੈ।

^ ਪੈਰਾ 20 ਦਿਲਚਸਪੀ ਦੀ ਗੱਲ ਹੈ ਕਿ ਜਦ ਯਹੋਵਾਹ ਨੇ ਬੇਵਫ਼ਾ ਇਸਰਾਏਲ ਨੂੰ ਸਜ਼ਾ ਦਿੱਤੀ ਸੀ, ਤਾਂ ਉਸ ਨੇ ਆਪਣੀ ਤੁਲਨਾ ਇਕ ਸ਼ੇਰ ਨਾਲ ਕੀਤੀ ਸੀ।ਯਿਰਮਿਯਾਹ 25:38; ਹੋਸ਼ੇਆ 5:14.