Skip to content

Skip to table of contents

 ਪਾਠ 19

ਵਫ਼ਾਦਾਰ ਅਤੇ ਸਮਝਦਾਰ ਨੌਕਰ ਕੌਣ ਹੈ?

ਵਫ਼ਾਦਾਰ ਅਤੇ ਸਮਝਦਾਰ ਨੌਕਰ ਕੌਣ ਹੈ?

ਸਾਨੂੰ ਸਾਰਿਆਂ ਨੂੰ “ਭੋਜਨ” ਤੋਂ ਫ਼ਾਇਦਾ ਹੁੰਦਾ ਹੈ

ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਆਪਣੇ ਚਾਰ ਚੇਲਿਆਂ, ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਆਸ ਨਾਲ ਗੱਲਬਾਤ ਕੀਤੀ ਸੀ। ਯੁਗ ਦੇ ਆਖ਼ਰੀ ਸਮੇਂ ਵਿਚ ਆਪਣੀ ਮੌਜੂਦਗੀ ਦੀ ਨਿਸ਼ਾਨੀ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਇਕ ਜ਼ਰੂਰੀ ਸਵਾਲ ਪੁੱਛਿਆ: “ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ ਜਿਸ ਨੂੰ ਉਸ ਦੇ ਮਾਲਕ ਨੇ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ ਹੈ ਤਾਂਕਿ ਉਹ ਉਨ੍ਹਾਂ ਨੂੰ ਸਹੀ ਸਮੇਂ ਤੇ ਭੋਜਨ ਦੇਵੇ?” (ਮੱਤੀ 24:3, 45; ਮਰਕੁਸ 13:3, 4) ਯਿਸੂ ਆਪਣੇ ਚੇਲਿਆਂ ਨੂੰ ਭਰੋਸਾ ਦਿਵਾ ਰਿਹਾ ਸੀ ਕਿ ਉਨ੍ਹਾਂ ਦੇ “ਮਾਲਕ” ਵਜੋਂ ਉਹ ਉਨ੍ਹਾਂ ਲੋਕਾਂ ਨੂੰ ਨਿਯੁਕਤ ਕਰੇਗਾ ਜੋ ਆਖ਼ਰੀ ਸਮੇਂ ਵਿਚ ਉਸ ਦੇ ਚੇਲਿਆਂ ਨੂੰ “ਭੋਜਨ” ਯਾਨੀ ਪਰਮੇਸ਼ੁਰ ਦਾ ਗਿਆਨ ਲਗਾਤਾਰ ਦਿੰਦੇ ਰਹਿਣਗੇ। ਉਹ ਕੌਣ ਹਨ?

ਉਹ ਯਿਸੂ ਮਸੀਹ ਦੇ ਚੇਲਿਆਂ ਦਾ ਛੋਟਾ ਜਿਹਾ ਗਰੁੱਪ ਹੈ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ। ਇਹ “ਨੌਕਰ” ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵਜੋਂ ਜਾਣਿਆ ਜਾਂਦਾ ਹੈ। ਭਰਾਵਾਂ ਦਾ ਇਹ ਗਰੁੱਪ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦਾ ਹੈ। ਸਾਨੂੰ “ਸਹੀ ਸਮੇਂ ਤੇ ਲੋੜੀਂਦਾ ਭੋਜਨ” ਸਿਰਫ਼ ਇਸ ਨੌਕਰ ਤੋਂ ਹੀ ਮਿਲੇਗਾ, ਹੋਰ ਕਿਸੇ ਤੋਂ ਨਹੀਂ।ਲੂਕਾ 12:42.

ਇਹ ਨੌਕਰ ਪਰਮੇਸ਼ੁਰ ਦੇ ਘਰ ਦੀ ਦੇਖ-ਰੇਖ ਕਰਦਾ ਹੈ। (1 ਤਿਮੋਥਿਉਸ 3:15) ਯਿਸੂ ਨੇ ਇਸ ਨੌਕਰ ਨੂੰ ਧਰਤੀ ’ਤੇ ਯਹੋਵਾਹ ਦੇ ਸੰਗਠਨ ਦੀ ਦੇਖ-ਰੇਖ ਕਰਨ ਦੀ ਭਾਰੀ ਜ਼ਿੰਮੇਵਾਰੀ ਦਿੱਤੀ ਹੈ। ਇਹ ਨੌਕਰ ਹੈੱਡ-ਕੁਆਰਟਰ, ਬ੍ਰਾਂਚ ਆਫ਼ਿਸਾਂ, ਅਸੈਂਬਲੀ ਹਾਲਾਂ ਵਗੈਰਾ ਦੀ ਦੇਖ-ਭਾਲ ਕਰਦਾ ਹੈ, ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦਾ ਹੈ ਅਤੇ ਸਾਨੂੰ ਮੰਡਲੀਆਂ ਵਿਚ ਸਿੱਖਿਆ ਦਿੰਦਾ ਹੈ। ਇਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਪ੍ਰਚਾਰ ਵਿਚ ਵਰਤੇ ਜਾਂਦੇ ਪ੍ਰਕਾਸ਼ਨਾਂ ਅਤੇ ਸਾਡੀਆਂ ਮੀਟਿੰਗਾਂ ਤੇ ਅਸੈਂਬਲੀਆਂ ਰਾਹੀਂ ਸਹੀ ਸਮੇਂ ਤੇ ਪਰਮੇਸ਼ੁਰ ਦਾ ਗਿਆਨ ਦਿੰਦਾ ਹੈ।

ਇਹ ਨੌਕਰ ਵਫ਼ਾਦਾਰ ਕਿਵੇਂ ਹੈ? ਇਹ ਬਾਈਬਲ ਦੀਆਂ ਸੱਚਾਈਆਂ ਨੂੰ ਸਹੀ-ਸਹੀ ਦੱਸਦਾ ਹੈ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ। ਇਹ ਸਮਝਦਾਰ ਕਿਵੇਂ ਹੈ? ਇਹ ਧਰਤੀ ਉੱਤੇ ਮਸੀਹ ਦੀ ਸਾਰੀ ਮਲਕੀਅਤ ਦੀ ਧਿਆਨ ਨਾਲ ਦੇਖ-ਭਾਲ ਕਰਦਾ ਹੈ। (ਰਸੂਲਾਂ ਦੇ ਕੰਮ 10:42) ਨੌਕਰ ਦੇ ਇਸ ਕੰਮ ’ਤੇ ਯਹੋਵਾਹ ਦੀ ਬਰਕਤ ਹੈ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਦੇ ਗਵਾਹ ਬਣ ਰਹੇ ਹਨ ਅਤੇ ਗਿਆਨ ਦੇਣ ਦੇ ਪ੍ਰਬੰਧਾਂ ਵਿਚ ਵੀ ਵਾਧਾ ਹੋ ਰਿਹਾ ਹੈ।ਯਸਾਯਾਹ 60:22; 65:13.

  • ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ਸੀ?

  • ਇਹ ਨੌਕਰ ਵਫ਼ਾਦਾਰ ਅਤੇ ਸਮਝਦਾਰ ਕਿਵੇਂ ਹੈ?