Skip to content

Skip to table of contents

 ਪਾਠ 2

ਸਾਨੂੰ ਯਹੋਵਾਹ ਦੇ ਗਵਾਹ ਕਿਉਂ ਕਿਹਾ ਜਾਂਦਾ ਹੈ?

ਸਾਨੂੰ ਯਹੋਵਾਹ ਦੇ ਗਵਾਹ ਕਿਉਂ ਕਿਹਾ ਜਾਂਦਾ ਹੈ?

ਨੂਹ

ਅਬਰਾਹਾਮ ਤੇ ਸਾਰਾਹ

ਮੂਸਾ

ਯਿਸੂ ਮਸੀਹ

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਯਹੋਵਾਹ ਦੇ ਗਵਾਹਾਂ ਦਾ ਧਰਮ ਨਵਾਂ ਹੈ। ਪਰ 2,700 ਸਾਲ ਪਹਿਲਾਂ ਸੱਚੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਆਪਣੇ “ਗਵਾਹ” ਕਿਹਾ ਸੀ। (ਯਸਾਯਾਹ 43:10-12) ਸੰਨ 1931 ਤਕ ਅਸੀਂ ਬਾਈਬਲ ਸਟੂਡੈਂਟਸ ਵਜੋਂ ਜਾਣੇ ਜਾਂਦੇ ਸੀ। ਤਾਂ ਫਿਰ, ਅਸੀਂ ਆਪਣਾ ਨਾਂ ਬਦਲ ਕੇ ‘ਯਹੋਵਾਹ ਦੇ ਗਵਾਹ’ ਕਿਉਂ ਰੱਖਿਆ?

ਇਸ ਨਾਂ ਤੋਂ ਪਤਾ ਲੱਗਦਾ ਹੈ ਕਿ ਸਾਡਾ ਪਰਮੇਸ਼ੁਰ ਯਹੋਵਾਹ ਹੈ। ਪ੍ਰਾਚੀਨ ਹੱਥ-ਲਿਖਤਾਂ ਮੁਤਾਬਕ ਪਰਮੇਸ਼ੁਰ ਦਾ ਨਾਂ ਯਹੋਵਾਹ ਬਾਈਬਲ ਵਿਚ ਹਜ਼ਾਰਾਂ ਵਾਰ ਆਉਂਦਾ ਹੈ। ਕਈ ਅਨੁਵਾਦਾਂ ਵਿਚ ਇਹ ਨਾਂ ਲਿਖਣ ਦੀ ਬਜਾਇ, ਪ੍ਰਭੂ ਜਾਂ ਪਰਮੇਸ਼ੁਰ ਲਿਖਿਆ ਗਿਆ ਹੈ। ਪਰ ਯਹੋਵਾਹ ਨੇ ਮੂਸਾ ਨੂੰ ਆਪਣਾ ਨਾਂ ਦੱਸਣ ਤੋਂ ਬਾਅਦ ਕਿਹਾ ਸੀ: “ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ।” (ਕੂਚ 3:15) ਆਪਣਾ ਨਾਂ ਦੱਸ ਕੇ ਉਸ ਨੇ ਦੇਵੀ-ਦੇਵਤਿਆਂ ਤੋਂ ਆਪਣੀ ਅਲੱਗ ਪਛਾਣ ਕਰਾਈ। ਸਾਨੂੰ ਫ਼ਖ਼ਰ ਹੈ ਕਿ ਅਸੀਂ ਪਰਮੇਸ਼ੁਰ ਦੇ ਇਸ ਪਵਿੱਤਰ ਨਾਂ ਤੋਂ ਜਾਣੇ ਜਾਂਦੇ ਹਾਂ।

ਇਸ ਨਾਂ ਤੋਂ ਸਾਡੇ ਕੰਮ ਬਾਰੇ ਪਤਾ ਲੱਗਦਾ ਹੈ। ਧਰਮੀ ਬੰਦੇ ਹਾਬਲ ਤੋਂ ਲੈ ਕੇ ਹੋਰ ਬਹੁਤ ਸਾਰੇ ਯਹੋਵਾਹ ਦੇ ਸੇਵਕਾਂ ਨੇ ਆਪਣੀ ਨਿਹਚਾ ਦਾ ਸਬੂਤ ਦਿੱਤਾ। ਸਦੀਆਂ ਦੌਰਾਨ ‘ਗਵਾਹਾਂ ਦੇ ਵੱਡੇ ਬੱਦਲ’ ਵਿਚ ਨੂਹ, ਅਬਰਾਹਾਮ, ਸਾਰਾਹ, ਮੂਸਾ, ਦਾਊਦ ਅਤੇ ਹੋਰ ਵੀ ਕਈ ਗਵਾਹ ਸ਼ਾਮਲ ਹੋਏ। (ਇਬਰਾਨੀਆਂ 11:4–12:1) ਜਿਸ ਤਰ੍ਹਾਂ ਅਦਾਲਤ ਵਿਚ ਕੋਈ ਜਣਾ ਕਿਸੇ ਬੇਕਸੂਰ ਦੇ ਪੱਖ ਵਿਚ ਗਵਾਹੀ ਦਿੰਦਾ ਹੈ, ਉਸੇ ਤਰ੍ਹਾਂ ਅਸੀਂ ਪਰਮੇਸ਼ੁਰ ਬਾਰੇ ਸੱਚਾਈ ਦੱਸਣ ਦਾ ਪੱਕਾ ਇਰਾਦਾ ਕੀਤਾ ਹੈ।

ਅਸੀਂ ਯਿਸੂ ਦੀ ਰੀਸ ਕਰਦੇ ਹਾਂ। ਬਾਈਬਲ ਉਸ ਨੂੰ “ਵਫ਼ਾਦਾਰ ਤੇ ਸੱਚਾ ਗਵਾਹ” ਕਹਿੰਦੀ ਹੈ। (ਪ੍ਰਕਾਸ਼ ਦੀ ਕਿਤਾਬ 3:14) ਯਿਸੂ ਨੇ ਖ਼ੁਦ ਕਿਹਾ ਸੀ ਕਿ ਉਸ ਨੇ ‘ਪਰਮੇਸ਼ੁਰ ਦੇ ਨਾਂ ਬਾਰੇ ਦੱਸਿਆ’ ਅਤੇ “ਸੱਚਾਈ ਬਾਰੇ ਗਵਾਹੀ” ਦਿੱਤੀ। (ਯੂਹੰਨਾ 17:26; 18:37) ਇਸੇ ਲਈ ਮਸੀਹ ਦੇ ਸੱਚੇ ਚੇਲਿਆਂ ਨੂੰ ਆਪਣੀ ਪਛਾਣ ਯਹੋਵਾਹ ਦੇ ਨਾਂ ਤੋਂ ਕਰਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਨਾਂ ਦਾ ਐਲਾਨ ਕਰਨਾ ਚਾਹੀਦਾ ਹੈ। ਯਹੋਵਾਹ ਦੇ ਗਵਾਹ ਇਸ ਤਰ੍ਹਾਂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।

  • ਬਾਈਬਲ ਸਟੂਡੈਂਟਸ ਨੇ ਆਪਣਾ ਨਾਂ ‘ਯਹੋਵਾਹ ਦੇ ਗਵਾਹ’ ਕਿਉਂ ਰੱਖਿਆ?

  • ਧਰਤੀ ਉੱਤੇ ਯਹੋਵਾਹ ਦੇ ਗਵਾਹ ਕਦੋਂ ਤੋਂ ਹਨ?

  • ਯਹੋਵਾਹ ਦਾ ਸਭ ਤੋਂ ਵਫ਼ਾਦਾਰ ਤੇ ਸੱਚਾ ਗਵਾਹ ਕੌਣ ਹੈ?