Skip to content

Skip to table of contents

 ਪਾਠ 21

ਬੈਥਲ ਕੀ ਹੈ?

ਬੈਥਲ ਕੀ ਹੈ?

ਅਮਰੀਕਾ ਵਿਚ ਤਸਵੀਰਾਂ ਤਿਆਰ ਕਰਨ ਵਾਲਾ ਵਿਭਾਗ

ਜਰਮਨੀ

ਕੀਨੀਆ

ਕੋਲੰਬੀਆ

ਇਬਰਾਨੀ ਭਾਸ਼ਾ ਵਿਚ ਬੈਥਲ ਦਾ ਮਤਲਬ ਹੈ ‘ਪਰਮੇਸ਼ੁਰ ਦਾ ਘਰ।’ (ਉਤਪਤ 28:17, 19) ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਬਣਾਈਆਂ ਗਈਆਂ ਉਨ੍ਹਾਂ ਇਮਾਰਤਾਂ ਨੂੰ ਬੈਥਲ ਕਿਹਾ ਜਾਂਦਾ ਹੈ ਜਿੱਥੋਂ ਸਾਨੂੰ ਪ੍ਰਚਾਰ ਦੇ ਕੰਮ ਲਈ ਸੇਧ ਅਤੇ ਮਦਦ ਮਿਲਦੀ ਹੈ। ਪ੍ਰਬੰਧਕ ਸਭਾ ਅਮਰੀਕਾ ਦੇ ਨਿਊਯਾਰਕ ਰਾਜ ਵਿਚ ਵਰਲਡ ਹੈੱਡ-ਕੁਆਰਟਰ ਵਿਚ ਕੰਮ ਕਰਦੀ ਹੈ ਅਤੇ ਉੱਥੋਂ ਬਹੁਤ ਸਾਰੇ ਦੇਸ਼ਾਂ ਵਿਚ ਬ੍ਰਾਂਚ ਆਫ਼ਿਸਾਂ ਵਿਚ ਕੀਤੇ ਜਾਂਦੇ ਕੰਮ ’ਤੇ ਨਿਗਰਾਨੀ ਰੱਖਦੀ ਹੈ। ਇਨ੍ਹਾਂ ਬ੍ਰਾਂਚ ਆਫ਼ਿਸਾਂ ਵਿਚ ਕੰਮ ਕਰਨ ਵਾਲਿਆਂ ਨੂੰ ਬੈਥਲ ਪਰਿਵਾਰ ਕਿਹਾ ਜਾਂਦਾ ਹੈ। ਇਹ ਸਾਰੇ ਇਕ ਪਰਿਵਾਰ ਵਾਂਗ ਇਕੱਠੇ ਰਹਿੰਦੇ, ਇਕੱਠੇ ਕੰਮ ਕਰਦੇ, ਇਕੱਠੇ ਖਾਂਦੇ-ਪੀਂਦੇ ਅਤੇ ਇਕੱਠੇ ਬਾਈਬਲ ਦੀ ਸਟੱਡੀ ਕਰਦੇ ਹਨ।ਜ਼ਬੂਰਾਂ ਦੀ ਪੋਥੀ 133:1.

ਇਕ ਅਨੋਖੀ ਜਗ੍ਹਾ ਜਿੱਥੇ ਪਰਿਵਾਰ ਦੇ ਮੈਂਬਰ ਆਪਾ ਵਾਰ ਕੇ ਸੇਵਾ ਕਰਦੇ ਹਨ। ਹਰ ਬੈਥਲ ਵਿਚ ਮਸੀਹੀ ਭੈਣ-ਭਰਾ ਲਗਨ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ ਅਤੇ ਆਪਣਾ ਪੂਰਾ ਸਮਾਂ ਪਰਮੇਸ਼ੁਰ ਦੇ ਰਾਜ ਸੰਬੰਧੀ ਕੰਮਾਂ ਵਿਚ ਲਾਉਂਦੇ ਹਨ। (ਮੱਤੀ 6:33) ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲਦੀ, ਪਰ ਰਹਿਣ ਲਈ ਕਮਰਾ ਤੇ ਖਾਣਾ ਮਿਲਦਾ ਹੈ ਅਤੇ ਕੁਝ ਨਿੱਜੀ ਖ਼ਰਚਿਆਂ ਲਈ ਥੋੜ੍ਹੇ ਜਿਹੇ ਪੈਸੇ ਮਿਲਦੇ ਹਨ। ਬੈਥਲ ਵਿਚ ਸਾਰਿਆਂ ਨੂੰ ਕੋਈ-ਨਾ-ਕੋਈ ਕੰਮ ਦਿੱਤਾ ਜਾਂਦਾ ਹੈ। ਕਈ ਆਫ਼ਿਸਾਂ ਵਿਚ ਜਾਂ ਰਸੋਈ ਜਾਂ ਡਾਇਨਿੰਗ ਹਾਲ ਜਾਂ ਪ੍ਰਿੰਟਰੀ ਵਿਚ ਕੰਮ ਕਰਦੇ ਹਨ। ਦੂਸਰੇ ਕਮਰੇ ਸਾਫ਼ ਕਰਨ ਜਾਂ ਕੱਪੜੇ ਧੋਣ ਜਾਂ ਚੀਜ਼ਾਂ ਵਗੈਰਾ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਹਨ।

ਉਹ ਜਗ੍ਹਾ ਜਿੱਥੇ ਪ੍ਰਚਾਰ ਸੰਬੰਧੀ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਹਰ ਬੈਥਲ ਦਾ ਮੁੱਖ ਮਕਸਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿੱਖਣ ਦਾ ਮੌਕਾ ਦਿੱਤਾ ਜਾਵੇ। ਇਹ ਬਰੋਸ਼ਰ ਇਸੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਨੂੰ ਪ੍ਰਬੰਧਕ ਸਭਾ ਦੀ ਨਿਗਰਾਨੀ ਅਧੀਨ ਲਿਖਿਆ ਗਿਆ ਸੀ। ਫਿਰ ਇਸ ਨੂੰ ਕੰਪਿਊਟਰ ਰਾਹੀਂ ਦੁਨੀਆਂ ਭਰ ਵਿਚ ਘੱਲਿਆ ਗਿਆ ਤਾਂਕਿ ਟ੍ਰਾਂਸਲੇਸ਼ਨ ਟੀਮਾਂ ਇਸ ਦਾ ਸੈਂਕੜੇ ਭਾਸ਼ਾਵਾਂ ਵਿਚ ਅਨੁਵਾਦ ਕਰਨ। ਇਸ ਤੋਂ ਬਾਅਦ ਇਸ ਨੂੰ ਕਈ ਬੈਥਲ ਘਰਾਂ ਵਿਚ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਪ੍ਰਿਟਿੰਗ ਪ੍ਰੈੱਸਾਂ ’ਤੇ ਛਾਪ ਕੇ 1,10,000 ਤੋਂ ਜ਼ਿਆਦਾ ਮੰਡਲੀਆਂ ਨੂੰ ਭੇਜਿਆ ਗਿਆ। ਇਹ ਸਾਰੇ ਕੰਮ ਕਰ ਕੇ ਬੈਥਲ ਪਰਿਵਾਰ ਦੇ ਮੈਂਬਰ ਸਭ ਤੋਂ ਜ਼ਰੂਰੀ ਕੰਮ ਦਾ ਸਮਰਥਨ ਕਰ ਰਹੇ ਹਨ—ਉਹ ਹੈ ਖ਼ੁਸ਼ ਖ਼ਬਰੀ ਦਾ ਪ੍ਰਚਾਰ।ਮਰਕੁਸ 13:10.

  • ਬੈਥਲ ਵਿਚ ਕੌਣ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ?

  • ਹਰ ਬੈਥਲ ਵਿਚ ਕੀਤੇ ਜਾਂਦੇ ਕੰਮਾਂ ਦੁਆਰਾ ਕਿਹੜੇ ਜ਼ਰੂਰੀ ਕੰਮ ਦਾ ਸਮਰਥਨ ਕੀਤਾ ਜਾਂਦਾ ਹੈ?