Skip to content

Skip to table of contents

“ਨਹੀਂ! . . . ਇਹ ਨਹੀਂ ਹੋ ਸਕਦਾ!”

“ਨਹੀਂ! . . . ਇਹ ਨਹੀਂ ਹੋ ਸਕਦਾ!”

ਅਮਰੀਕਾ ਦੇ ਰਹਿਣ ਵਾਲੇ ਇਕ ਆਦਮੀ ਨੇ ਹਾਉਕਾ ਭਰਦੇ ਹੋਏ ਕਿਹਾ: “ਮੇਰਾ ਮੁੰਡਾ ਜੌਨਾਥਨ ਆਪਣੇ ਦੋਸਤਾਂ ਨੂੰ ਮਿਲਣ ਜਾਂਦਾ ਹੁੰਦਾ ਸੀ। ਜਦੋਂ ਵੀ ਉਹ ਘਰੋਂ ਜਾਂਦਾ ਸੀ, ਤਾਂ ਸੜਕਾਂ ਤੇ ਬਹੁਤ ਟ੍ਰੈਫਿਕ ਹੋਣ ਕਰਕੇ ਮੇਰੀ ਪਤਨੀ ਵੈਲੰਟੀਨਾ ਨੂੰ ਉਸ ਦੀ ਫ਼ਿਕਰ ਲੱਗੀ ਰਹਿੰਦੀ ਸੀ। ਪਰ ਜੌਨਾਥਨ ਨੂੰ ਇਲੈਕਟ੍ਰਾਨਿਕ ਚੀਜ਼ਾਂ ਬਣਾਉਣ ਦਾ ਬੜਾ ਸ਼ੌਕ ਸੀ ਅਤੇ ਉਹ ਇਸ ਬਾਰੇ ਸਿੱਖਣ ਲਈ ਆਪਣੇ ਦੋਸਤਾਂ ਦੀ ਵਰਕਸ਼ਾਪ ਨੂੰ ਜਾਂਦਾ ਸੀ। ‘ਜੌਨਾਥਨ ਆਉਣ ਹੀ ਵਾਲਾ ਹੈ,’ ਮੈਂ ਇਕ ਦਿਨ ਘਰ ਬੈਠਾ ਸੋਚ ਰਿਹਾ ਸੀ। ਫਿਰ ਦਰਵਾਜ਼ੇ ਦੀ ਘੰਟੀ ਵੱਜੀ। ਵੈਲੰਟੀਨਾ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪੋਰਟੋ ਰੀਕੋ ਗਈ ਹੋਈ ਸੀ, ਇਸ ਲਈ ਮੈਂ ਸੋਚਿਆ: ‘ਇਹ ਤਾਂ ਜੌਨਾਥਨ ਹੀ ਹੋਵੇਗਾ।’ ਜਦ ਮੈਂ ਦਰਵਾਜ਼ਾ ਖੋਲ੍ਹਿਆ, ਤਾਂ ਪੁਲਸ ਅਤੇ ਐਂਬੂਲੈਂਸ ਵਾਲੇ ਦਰ ਤੇ ਖੜ੍ਹੇ ਸਨ। ‘ਕੀ ਤੁਸੀਂ ਇਸ ਲਾਇਸੰਸ ਤੇ ਤਸਵੀਰ ਨੂੰ ਪਛਾਣਦੇ ਹੋ?’ ਪੁਲਸ ਅਫ਼ਸਰ ਨੇ ਪੁੱਛਿਆ। ‘ਹਾਂ, ਇਹ ਤਾਂ . . . ਇਹ ਤਾਂ ਮੇਰੇ ਮੁੰਡੇ ਜੌਨਾਥਨ ਦਾ ਲਾਇਸੰਸ ਹੈ।’ ‘ਅਸੀਂ ਤੁਹਾਨੂੰ ਇਕ ਬੁਰੀ ਖ਼ਬਰ ਦੇਣ ਆਏ ਹਾਂ। ਇਕ ਹਾਦਸੇ ਵਿਚ ਤੁਹਾਡਾ ਮੁੰਡਾ ਮਾਰਿਆ ਗਿਆ।’ ਇਹ ਸੁਣ ਕੇ ਮੇਰੀ ਧਾਹ ਨਿਕਲ ਗਈ: ‘ਨਹੀਂ! . . . ਇਹ ਨਹੀਂ ਹੋ ਸਕਦਾ!’ ਸਾਡੇ ਬੇਟੇ ਨੂੰ ਗੁਜ਼ਰਿਆਂ ਹੁਣ ਕਈ ਸਾਲ ਹੋ ਚੁੱਕੇ ਹਨ। ਪਰ ਉਸ ਦੀ ਮੌਤ ਨੇ ਸਾਨੂੰ ਜੋ ਜ਼ਖ਼ਮ ਦਿੱਤੇ ਹਨ ਉਹ ਅਜੇ ਤਕ ਨਹੀਂ ਭਰੇ।”

‘ਅਸੀਂ ਤੁਹਾਨੂੰ ਇਕ ਬੁਰੀ ਖ਼ਬਰ ਦੇਣ ਆਏ ਹਾਂ। ਇਕ ਹਾਦਸੇ ਵਿਚ ਤੁਹਾਡਾ ਮੁੰਡਾ ਮਾਰਿਆ ਗਿਆ।’

ਸਪੇਨ ਦੇ ਰਹਿਣ ਵਾਲੇ ਇਕ ਆਦਮੀ ਨੇ ਲਿਖਿਆ: “ਸਾਡਾ ਪਰਿਵਾਰ ਬਹੁਤ ਸੁਖੀ ਹੁੰਦਾ ਸੀ। ਮੇਰੀ ਪਤਨੀ ਦਾ ਨਾਂ ਮਰੀਆ ਹੈ ਅਤੇ ਸਾਡੇ ਤਿੰਨ ਬੱਚੇ ਸਨ—13 ਸਾਲਾਂ ਦਾ ਡੇਵਿਡ, 11 ਸਾਲਾਂ ਦਾ ਪਾਕੀਟੋ ਅਤੇ 9 ਸਾਲਾਂ ਦੀ ਈਜ਼ਾਬੈਲ।

“ਗੱਲ ਮਾਰਚ 1963 ਦੀ ਹੈ। ਇਕ ਦਿਨ ਪਾਕੀਟੋ ਸਕੂਲੋਂ ਘਰ ਆਉਂਦਿਆਂ ਹੀ ਕਹਿਣ ਲੱਗਾ ਕਿ ਉਸ ਦਾ ਸਿਰ ਬਹੁਤ ਦੁਖਦਾ ਹੈ। ਅਸੀਂ ਬੜੇ ਪਰੇਸ਼ਾਨ ਹੋਏ। ਅਸੀਂ ਸੋਚਿਆ: ‘ਸਿਰਦਰਦ ਦਾ ਕੀ ਕਾਰਨ ਹੋ ਸਕਦਾ ਹੈ?’ ਇਸ ਤੋਂ ਪਹਿਲਾਂ ਕਿ ਅਸੀਂ ਕੁਝ ਕਰ ਸਕੇ, ਤਿੰਨ ਘੰਟੇ ਬਾਅਦ ਪਾਕੀਟੋ ਮਰ ਗਿਆ। ਦਿਮਾਗ਼ ਦੀ ਨਾੜੀ ਫਟਣ ਕਰਕੇ ਸਾਡੇ ਲਾਡਲੇ ਦੀ ਜਾਨ ਚਲੀ ਗਈ।

 “ਪਾਕੀਟੋ ਮਰੇ ਨੂੰ 30 ਤੋਂ ਜ਼ਿਆਦਾ ਸਾਲ ਹੋ ਚੁੱਕੇ ਹਨ। ਪਰ ਫਿਰ ਵੀ ਉਸ ਦੀ ਮੌਤ ਦਾ ਗਮ ਸਾਨੂੰ ਵੱਢ-ਵੱਢ ਖਾਂਦਾ ਹੈ। ਲੋਕ ਕਹਿੰਦੇ ਹਨ ਕਿ ਸਮਾਂ ਹਰ ਜ਼ਖ਼ਮ ਨੂੰ ਭਰ ਦਿੰਦਾ ਹੈ, ਪਰ ਇਹ ਸੱਚ ਨਹੀਂ ਹੈ। ਭਾਵੇਂ ਤੁਹਾਡੇ ਹੋਰ ਜਿੰਨੇ ਮਰਜ਼ੀ ਬੱਚੇ ਕਿਉਂ ਨਾ ਹੋਣ, ਪਰ ਮਾਂ-ਬਾਪ ਆਪਣੇ ਜਿਗਰ ਦੇ ਟੁਕੜੇ ਨੂੰ ਕਦੇ ਨਹੀਂ ਭੁਲਾ ਸਕਦੇ।”

ਇਨ੍ਹਾਂ ਦੋ ਆਦਮੀਆਂ ਦੀ ਹੱਡ-ਬੀਤੀ ਤੋਂ ਅਸੀਂ ਦੇਖ ਸਕਦੇ ਹਾਂ ਕਿ ਬੱਚੇ ਦੀ ਮੌਤ ਮਾਪਿਆਂ ਲਈ ਕਿੰਨੀ ਦਰਦਨਾਕ ਹੁੰਦੀ ਹੈ। ਇਕ ਡਾਕਟਰ ਨੇ ਬਿਲਕੁਲ ਠੀਕ ਕਿਹਾ: “ਆਮ ਤੌਰ ਤੇ ਵੱਡਿਆਂ ਦੀ ਮੌਤ ਨਾਲੋਂ ਕਿਸੇ ਬੱਚੇ ਦੀ ਮੌਤ ਦਾ ਜ਼ਿਆਦਾ ਸਦਮਾ ਪਹੁੰਚਦਾ ਹੈ ਕਿਉਂਕਿ ਕੋਈ ਵੀ ਨਹੀਂ ਸੋਚਦਾ ਕਿ ਵੱਡਿਆਂ ਤੋਂ ਪਹਿਲਾਂ ਬੱਚੇ ਦੀ ਮੌਤ ਹੋਵੇਗੀ। . . . ਬੱਚੇ ਦੀ ਮੌਤ ਨਾਲ ਮਾਪਿਆਂ ਦੇ ਸਾਰੇ ਸੁਪਨੇ ਅਧੂਰੇ ਰਹਿ ਜਾਂਦੇ ਹਨ, ਜਿਵੇਂ ਕਿ ਬੱਚਿਆਂ ਦੀ ਵਿਆਹ-ਸ਼ਾਦੀ, ਪੋਤੇ-ਪੋਤੀਆਂ ਖਿਡਾਉਣ ਦਾ ਚਾਹ ਵਗੈਰਾ।” ਉਸ ਮਾਂ ਨੂੰ ਵੀ ਉੱਨਾ ਹੀ ਦੁੱਖ ਹੁੰਦਾ ਹੈ ਜਿਸ  ਦਾ ਬੱਚਾ ਦੁਨੀਆਂ ਵਿਚ ਆਉਣ ਤੋਂ ਪਹਿਲਾਂ ਹੀ ਮੌਤ ਦੀ ਨੀਂਦ ਸੌਂ ਜਾਂਦਾ ਹੈ।

ਇਕ ਵਿਧਵਾ ਨੇ ਇੱਦਾਂ ਕਿਹਾ: “ਮੇਰੇ ਪਤੀ ਰਸਲ ਦੂਜੇ ਵਿਸ਼ਵ ਯੁੱਧ ਦੌਰਾਨ ਫ਼ੌਜ ਵਿਚ ਡਾਕਟਰ ਸਨ। ਉਨ੍ਹਾਂ ਨੇ ਬਹੁਤ ਸਾਰੀਆਂ ਖ਼ੂਨੀ ਜੰਗਾਂ ਦੇਖੀਆਂ ਸਨ। ਉਹ ਸਹੀ-ਸਲਾਮਤ ਅਮਰੀਕਾ ਵਾਪਸ ਆ ਗਏ ਅਤੇ ਸ਼ਾਂਤੀ ਨਾਲ ਜ਼ਿੰਦਗੀ ਗੁਜ਼ਾਰਨ ਲੱਗੇ। ਬਾਅਦ ਵਿਚ ਉਹ ਬਾਈਬਲ ਦੀ ਸਿੱਖਿਆ ਲੈ ਕੇ ਦੂਸਰਿਆਂ ਨੂੰ ਇਸ ਬਾਰੇ ਦੱਸਣ ਵਿਚ ਰੁੱਝ ਗਏ। ਜਦੋਂ ਉਹ 60 ਕੁ ਸਾਲਾਂ ਦੇ ਸਨ, ਤਾਂ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਸੀ। ਫਿਰ ਵੀ ਉਹ ਆਪਣੇ ਕੰਮਾਂ-ਕਾਰਾਂ ਵਿਚ ਰੁੱਝੇ ਰਹੇ। ਪਰ ਅਚਾਨਕ ਹੀ ਜੁਲਾਈ 1988 ਵਿਚ ਉਨ੍ਹਾਂ ਨੂੰ ਦਿਲ ਦਾ ਵੱਡਾ ਦੌਰਾ ਪਿਆ ਤੇ ਉਹ ਗੁਜ਼ਰ ਗਏ। ਮੇਰੀ ਤਾਂ ਦੁਨੀਆਂ ਹੀ ਉਜੜ ਗਈ। ਉਹ ਸਿਰਫ਼ ਮੇਰੇ ਪਤੀ ਹੀ ਨਹੀਂ, ਸਗੋਂ ਮੇਰੇ ਸਾਥੀ ਵੀ ਸਨ। ਉਹ 40 ਸਾਲਾਂ ਤਕ ਮੇਰੇ ਹਮਸਫ਼ਰ ਰਹੇ। ਪਰ ਹੁਣ ਜ਼ਿੰਦਗੀ ਦੇ ਸਫ਼ਰ ਵਿਚ ਮੈਂ ਇਕੱਲੀ ਹੀ ਰਹਿ ਗਈ ਹਾਂ।”

ਦੁਨੀਆਂ ਭਰ ਵਿਚ ਹਰ ਰੋਜ਼ ਅਣਗਿਣਤ ਪਰਿਵਾਰਾਂ ਉੱਤੇ ਅਜਿਹੇ ਕਹਿਰ ਟੁੱਟਦੇ ਹਨ। ਜਿਨ੍ਹਾਂ ਦੇ ਬੱਚੇ, ਜੀਵਨ-ਸਾਥੀ, ਮਾਤਾ-ਪਿਤਾ ਜਾਂ ਮਿੱਤਰ ਨੂੰ ਮੌਤ ਨਿਗਲ ਲੈਂਦੀ ਹੈ, ਉਹ ਬਾਈਬਲ ਦੇ ਇਕ ਲਿਖਾਰੀ ਪੌਲੁਸ ਨਾਲ ਸਹਿਮਤ ਹੋ ਕੇ ਇਹੀ ਕਹਿਣਗੇ ਕਿ ਮੌਤ ਸਾਡੀ ‘ਵੈਰਨ’ ਹੈ। ਆਪਣੇ ਅਜ਼ੀਜ਼ ਦੀ ਮੌਤ ਦੀ ਖ਼ਬਰ ਤੇ ਸ਼ਾਇਦ ਸਾਨੂੰ ਪਹਿਲਾਂ-ਪਹਿਲ ਯਕੀਨ ਨਾ ਆਵੇ। ਪਰ ਬਾਅਦ ਵਿਚ ਸਾਡੇ ਤੇ ਕੀ ਬੀਤਦੀ ਹੈ, ਇਸ ਬਾਰੇ ਆਪਾਂ ਅੱਗੇ ਦੇਖਾਂਗੇ।—1 ਕੁਰਿੰਥੀਆਂ 15:25, 26.

ਪਰ ਇਸ ਤੋਂ ਪਹਿਲਾਂ, ਆਓ ਅਸੀਂ ਕੁਝ ਜ਼ਰੂਰੀ ਸਵਾਲਾਂ ਤੇ ਗੌਰ ਕਰੀਏ। ਕੀ ਮੌਤ ਸਾਨੂੰ ਸਾਡੇ ਪਿਆਰਿਆਂ ਤੋਂ ਹਮੇਸ਼ਾ ਲਈ ਜੁਦਾ ਕਰ ਦਿੰਦੀ ਹੈ? ਕੀ ਕੋਈ ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਦੁਬਾਰਾ ਮਿਲਾਂਗੇ?

ਸੱਚੀ ਉਮੀਦ

ਬਾਈਬਲ ਲਿਖਾਰੀ ਪੌਲੁਸ ਨੇ ਸਾਨੂੰ ਮੌਤ ਤੋਂ ਛੁਟਕਾਰੇ ਦੀ ਉਮੀਦ ਬਾਰੇ ਦੱਸਿਆ। ਉਸ ਨੇ ਲਿਖਿਆ: “ਸਭ ਤੋਂ ਅੰਤਮ ਵੈਰੀ ਜਿਸ ਦਾ ਨਾਸ਼ ਜ਼ਰੂਰੀ ਹੈ, ਮੌਤ ਹੈ।” (1 ਕੁਰਿੰਥੁਸ 15:26, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪੌਲੁਸ ਨੂੰ ਇਸ ਗੱਲ ਦਾ ਇੰਨਾ ਯਕੀਨ ਕਿਉਂ ਸੀ? ਕਿਉਂਕਿ ਉਸ ਨੂੰ ਯਿਸੂ ਮਸੀਹ ਤੋਂ ਇਹ ਉਮੀਦ ਮਿਲੀ ਸੀ ਜਿਸ ਨੂੰ ਮੌਤ ਤੋਂ ਜੀ ਉਠਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 9:3-19) ਇਸ ਕਰਕੇ ਪੌਲੁਸ ਇਹ ਵੀ ਲਿਖ ਸਕਿਆ: “ਜਿਸ ਤਰ੍ਹਾਂ ਇਕ ਮਨੁੱਖ [ਆਦਮ] ਦੇ ਕਾਰਨ ਮੌਤ ਇਸ ਸੰਸਾਰ ਵਿਚ ਆਈ, ਇਸੇ ਤਰ੍ਹਾਂ ਇਕ ਮਨੁੱਖ [ਯਿਸੂ ਮਸੀਹ] ਦੁਆਰਾ ਹੀ ਮਰਿਆਂ ਹੋਇਆਂ ਦਾ ਪੁੱਨਰ ਉੱਥਾਨ ਹੋਇਆ। ਜਿਸ ਤਰ੍ਹਾਂ ਆਦਮ ਵਿਚ ਸਭ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿਚ ਸਭ ਫਿਰ ਜੀ ਉੱਠਣਗੇ।”—1 ਕੁਰਿੰਥੁਸ 15:21, 22, ਨਵਾਂ ਅਨੁਵਾਦ।

ਇਕ ਵਾਰ ਯਿਸੂ ਨਾਇਨ ਨਗਰ ਵਿਚ ਇਕ ਵਿਧਵਾ ਨੂੰ ਮਿਲਿਆ ਜਿਸ ਦਾ ਪੁੱਤਰ ਮਰ ਗਿਆ ਸੀ। ਬਾਈਬਲ ਸਾਨੂੰ ਦੱਸਦੀ ਹੈ: “ਜਦੋਂ ਯਿਸੂ ਉਸ ਨਗਰ ਦੇ ਅੰਦਰ ਜਾਣ ਵਾਲੇ ਫਾਟਕ ਕੋਲ ਪਹੁੰਚੇ, ਤਾਂ ਲੋਕੀਂ ਇਕ ਮੁਰਦੇ ਨੂੰ ਬਾਹਰ ਲੈ ਕੇ ਆ ਰਹੇ ਸਨ। ਉਹ ਮਰਿਆ ਹੋਇਆ ਆਦਮੀ ਮਾਂ ਦਾ ਇਕੋ ਇਕ ਪੁੱਤਰ ਸੀ। ਉਸ ਦੀ ਮਾਂ ਵਿਧਵਾ ਸੀ। ਉਸ ਵਿਧਵਾ ਦੇ ਨਾਲ ਨਗਰ ਦੇ ਬਹੁਤ ਸਾਰੇ ਲੋਕੀ ਸਨ। ਜਦੋਂ ਪ੍ਰਭੂ ਯਿਸੂ ਨੇ ਉਸ ਵਿਧਵਾ ਨੂੰ ਦੇਖਿਆ, ਤਾਂ ਉਹਨਾਂ ਦਾ ਦਿਲ ਦਇਆ ਨਾਲ ਭਰ ਗਿਆ। ਉਹਨਾਂ ਨੇ ਉਸ ਵਿਧਵਾ ਨੂੰ ਆਖਿਆ, ‘ਨਾ ਰੋ।’ ਫਿਰ ਉਹਨਾਂ ਨੇ ਅੱਗੇ ਜਾ ਕੇ ਅਰਥੀ ਨੂੰ ਛੂਹਿਆ। ਅਰਥੀ ਦੇ ਚੁੱਕਣ ਵਾਲੇ ਇਕਦਮ ਖੜੇ ਹੋ ਗਏ। ਯਿਸੂ ਨੇ ਉਸ ਮਰੇ ਹੋਏ ਜਵਾਨ ਨੂੰ ਕਿਹਾ, ‘ਮੈਂ ਕਹਿੰਦਾ ਹਾਂ, ਉੱਠ।’ ਉਹ ਮਰਿਆ ਹੋਇਆ ਜਵਾਨ ਉੱਠ ਕੇ ਬੈਠ ਗਿਆ ਅਤੇ ਬੋਲਨ ਲਗ ਪਿਆ। ਯਿਸੂ ਨੇ ਜਵਾਨ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ। ਇਹ ਦੇਖ ਕੇ ਸਾਰਿਆਂ ਲੋਕਾਂ ਉਤੇ ਭੈ ਛਾ ਗਿਆ। ਉਹ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲਗੇ, ‘ਸਾਡੇ ਵਿਚ ਇਕ ਮਹਾਨ ਨਬੀ ਪੈਦਾ ਹੋਇਆ ਹੈ। ਪਰਮੇਸ਼ਰ ਨੇ ਆਪਣੇ ਲੋਕਾਂ ਦੀ ਸੁੱਧ ਲਈ ਹੈ।’” ਧਿਆਨ ਦਿਓ ਕਿ ਯਿਸੂ ਨੂੰ ਉਸ ਵਿਧਵਾ ਉੱਤੇ ਇੰਨਾ ਤਰਸ  ਆਇਆ ਕਿ ਉਸ ਨੇ ਉਸ ਦੇ ਪੁੱਤਰ ਨੂੰ ਜੀਉਂਦਾ ਕਰ ਦਿੱਤਾ!—ਲੂਕਾ 7:12-16, ਨਵਾਂ ਅਨੁਵਾਦ।

ਸਾਰਿਆਂ ਦੇ ਸਾਮ੍ਹਣੇ ਯਿਸੂ ਨੇ ਇਹ ਕਮਾਲ ਦਾ ਚਮਤਕਾਰ ਕਰ ਕੇ ਦਿਖਾਇਆ ਕਿ ਉਹ ਭਵਿੱਖ ਵਿਚ ਕੀ ਕਰੇਗਾ। ਇਸ ਘਟਨਾ ਤੋਂ ਪਹਿਲਾਂ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਸਵਰਗੀ ਰਾਜ ਅਧੀਨ ਧਰਤੀ ਉੱਤੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ। ਯਿਸੂ ਨੇ ਆਖਿਆ ਸੀ: “ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”—ਪਰਕਾਸ਼ ਦੀ ਪੋਥੀ 21:1, 3, 4; ਯੂਹੰਨਾ 5:28, 29; 2 ਪਤਰਸ 3:13.

ਪਤਰਸ ਤੋਂ ਇਲਾਵਾ, 12 ਚੇਲਿਆਂ ਵਿੱਚੋਂ ਦੂਸਰੇ ਵੀ ਇਸ ਗੱਲ ਦੇ ਚਸ਼ਮਦੀਦ ਗਵਾਹ ਸਨ ਕਿ ਯਿਸੂ ਨੇ ਲੋਕਾਂ ਨੂੰ ਜੀ ਉਠਾਇਆ ਸੀ। ਉਨ੍ਹਾਂ ਨੇ ਜੀ ਉੱਠੇ ਯਿਸੂ ਨੂੰ ਨਾ ਸਿਰਫ਼ ਦੇਖਿਆ, ਸਗੋਂ ਉਸ ਨਾਲ ਗੱਲ ਵੀ ਕੀਤੀ ਸੀ। ਬਾਈਬਲ ਦੱਸਦੀ ਹੈ ਕਿ ਉਹ ਇਕ ਵਾਰ ਯਿਸੂ ਨੂੰ ਗਲੀਲ ਦੀ ਝੀਲ ਤੇ ਮਿਲੇ। ‘ਯਿਸੂ ਨੇ ਓਹਨਾਂ ਨੂੰ ਆਖਿਆ, ਆਓ ਭੋਜਨ ਛਕੋ, ਅਤੇ ਚੇਲਿਆਂ ਵਿੱਚੋਂ ਕਿਸੇ ਦਾ ਹੌਸਲਾ ਨਾ ਪਿਆ ਜੋ ਉਹ ਨੂੰ ਪੁੱਛੇ, ਤੂੰ ਕੌਣ ਹੈਂ? ਕਿਉਂਕਿ ਓਹ ਜਾਣਦੇ ਸਨ ਭਈ ਇਹ ਪ੍ਰਭੁ ਹੈ। ਯਿਸੂ ਆਇਆ ਅਤੇ ਰੋਟੀ ਲੈ ਕੇ ਉਨ੍ਹਾਂ ਨੂੰ ਦਿੱਤੀ ਅਤੇ ਮੱਛੀ ਵੀ। ਇਹ ਤੀਜੀ ਵਾਰ ਸੀ ਜੋ ਯਿਸੂ ਨੇ ਮੁਰਦਿਆਂ ਵਿਚੋਂ ਜੀ ਉੱਠ ਕੇ ਚੇਲਿਆਂ ਨੂੰ ਆਪਣਾ ਦਰਸ਼ਣ ਦਿੱਤਾ।’—ਯੂਹੰਨਾ 21:12-14.

ਇਸੇ ਕਰਕੇ ਉਸ ਦਾ ਚੇਲਾ ਪਤਰਸ ਪੂਰੇ ਵਿਸ਼ਵਾਸ ਨਾਲ ਲਿਖ ਸਕਿਆ: “ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹ ਨੇ ਆਪਣੀ ਅੱਤ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ।”—1 ਪਤਰਸ 1:3.

ਪੌਲੁਸ ਰਸੂਲ ਨੂੰ ਵੀ ਇਸ ਗੱਲ ਦਾ ਪੂਰਾ ਵਿਸ਼ਵਾਸ ਸੀ। ਉਸ ਨੇ ਕਿਹਾ: ‘ਮੈਂ ਸਾਰੀਆਂ ਗੱਲਾਂ ਨੂੰ ਮੰਨਦਾ ਹਾਂ ਜਿਹੜੀਆਂ ਸ਼ਰਾ ਨਾਲ ਮਿਲਦੀਆਂ ਹਨ ਅਤੇ ਜਿਹੜੀਆਂ ਨਬੀਆਂ ਨੇ ਲਿਖੀਆਂ ਹੋਈਆਂ ਹਨ। ਅਤੇ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਜਿਹ ਦੀ ਏਹ ਆਪ ਵੀ ਉਡੀਕ ਕਰਦੇ ਹਨ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।’—ਰਸੂਲਾਂ ਦੇ ਕਰਤੱਬ 24:14, 15.

ਇਸ ਲਈ ਲੱਖਾਂ ਹੀ ਲੋਕ ਆਪਣੇ ਗੁਜ਼ਰ ਚੁੱਕੇ ਪਿਆਰਿਆਂ ਨੂੰ ਦੁਬਾਰਾ ਜੀਉਂਦੇ ਦੇਖਣ ਦੀ ਉਮੀਦ ਰੱਖ ਸਕਦੇ ਹਨ। ਪਰ ਅੱਜ ਵਰਗੀਆਂ ਹਾਲਤਾਂ ਦੇ ਅਧੀਨ ਨਹੀਂ। ਤਾਂ ਫਿਰ ਉਨ੍ਹਾਂ ਨੂੰ ਕਿਹੋ ਜਿਹੀਆਂ ਹਾਲਤਾਂ ਵਿਚ ਜ਼ਿੰਦਾ ਕੀਤਾ ਜਾਵੇਗਾ? ਇਸ ਰਸਾਲੇ ਦੇ ਅਖ਼ੀਰਲੇ ਅਧਿਆਇ ਵਿਚ “ਸਾਡੇ ਪਿਆਰਿਆਂ ਲਈ ਇਕ ਪੱਕੀ ਉਮੀਦ” ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ।

ਹੋ ਸਕਦਾ ਹੈ ਕਿ ਤੁਸੀਂ ਇਸ ਸਮੇਂ ਸੋਗ ਮਨਾ ਰਹੇ ਹੋ। ਤੁਹਾਡੇ ਮਨ ਵਿਚ ਸ਼ਾਇਦ ਕੁਝ ਸਵਾਲ ਹੋਣਗੇ: ਕੀ ਸੋਗ ਮਨਾਉਣਾ ਸਹੀ ਹੈ? ਮੈਂ ਆਪਣੇ ਦੁੱਖ ਨੂੰ ਕਿੱਦਾਂ ਸਹਿ ਸਕਦਾ ਹਾਂ? ਦੁੱਖ ਸਹਿਣ ਵਿਚ ਦੂਸਰੇ ਮੇਰੀ ਕਿੱਦਾਂ ਮਦਦ ਕਰ ਸਕਦੇ ਹਨ? ਸੋਗ ਮਨਾਉਣ ਵਾਲਿਆਂ ਦੀ ਮੈਂ ਕਿੱਦਾਂ ਮਦਦ ਕਰ ਸਕਦਾ ਹਾਂ? ਅਤੇ ਸਭ ਤੋਂ ਜ਼ਰੂਰੀ ਸਵਾਲ ਇਹ ਹੈ ਕਿ ਬਾਈਬਲ ਮਰੇ ਹੋਏ ਲੋਕਾਂ ਬਾਰੇ ਕੀ ਉਮੀਦ ਦਿੰਦੀ ਹੈ? ਕੀ ਮੈਂ ਆਪਣੇ ਗੁਜ਼ਰ ਚੁੱਕੇ ਪਿਆਰਿਆਂ ਨੂੰ ਫਿਰ ਕਦੇ ਮਿਲਾਂਗਾ? ਜੇ ਹਾਂ, ਤਾਂ ਕਿੱਥੇ?