Skip to content

Skip to table of contents

 ਭਾਗ 20

ਯਿਸੂ ਮਸੀਹ ਨੂੰ ਜਾਨੋਂ ਮਾਰਿਆ ਗਿਆ

ਯਿਸੂ ਮਸੀਹ ਨੂੰ ਜਾਨੋਂ ਮਾਰਿਆ ਗਿਆ

ਯਿਸੂ ਨੇ ਇਕ ਨਵੀਂ ਰਸਮ ਸ਼ੁਰੂ ਕੀਤੀ; ਉਸ ਨਾਲ ਧੋਖਾ ਕੀਤਾ ਗਿਆ ਅਤੇ ਉਸ ਨੂੰ ਸੂਲੀ ’ਤੇ ਚੜ੍ਹਾਇਆ ਗਿਆ

ਸਾਢੇ ਤਿੰਨ ਸਾਲ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਤੋਂ ਬਾਅਦ ਯਿਸੂ ਨੂੰ ਪਤਾ ਸੀ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਸੀ। ਯਹੂਦੀ ਧਾਰਮਿਕ ਆਗੂ ਉਸ ਨੂੰ ਮਾਰਨ ਦੀ ਸਾਜ਼ਸ਼ ਰਚ ਰਹੇ ਸਨ, ਪਰ ਉਹ ਲੋਕਾਂ ਦੇ ਵਿਰੋਧ ਤੋਂ ਡਰਦੇ ਸਨ ਕਿਉਂਕਿ ਲੋਕ ਯਿਸੂ ਨੂੰ ਨਬੀ ਮੰਨਦੇ ਸਨ। ਉਸ ਵੇਲੇ ਸ਼ਤਾਨ ਨੇ ਯਿਸੂ ਦੇ ਬਾਰਾਂ ਰਸੂਲਾਂ ਵਿੱਚੋਂ ਯਹੂਦਾ ਇਸਕਰਿਯੋਤੀ ਨੂੰ ਆਪਣਾ ਮੋਹਰਾ ਬਣਾਇਆ। ਧਾਰਮਿਕ ਆਗੂਆਂ ਨੇ ਯਹੂਦਾ ਨੂੰ ਚਾਂਦੀ ਦੇ 30 ਸਿੱਕੇ ਦੇਣ ਦਾ ਵਾਅਦਾ ਕੀਤਾ ਜੇ ਉਹ ਯਿਸੂ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਵੇ।

ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਆਪਣੇ ਬਾਰਾਂ ਰਸੂਲਾਂ ਨਾਲ ਪਸਾਹ ਦਾ ਤਿਉਹਾਰ ਮਨਾਇਆ। ਯਹੂਦਾ ਨੂੰ ਕਿਤੇ ਘੱਲਣ ਤੋਂ ਬਾਅਦ ਉਸ ਨੇ ਇਕ ਨਵੀਂ ਰਸਮ ਸ਼ੁਰੂ ਕੀਤੀ ਜਿਸ ਨੂੰ ਪ੍ਰਭੂ ਦਾ ਸ਼ਾਮ ਦਾ ਭੋਜਨ ਕਿਹਾ ਜਾਂਦਾ ਹੈ। ਉਸ ਨੇ ਰੋਟੀ ਲੈ ਕੇ ਪ੍ਰਾਰਥਨਾ ਕੀਤੀ ਅਤੇ ਗਿਆਰਾਂ ਰਸੂਲਾਂ ਨੂੰ ਦਿੱਤੀ। ਉਸ ਨੇ ਕਿਹਾ: “ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” ਫਿਰ ਉਸ ਨੇ ਦਾਖ-ਰਸ ਦਾ ਪਿਆਲਾ ਉਨ੍ਹਾਂ ਨੂੰ ਦਿੰਦਿਆਂ ਕਿਹਾ: “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।”ਲੂਕਾ 22:19, 20.

ਯਿਸੂ ਨੇ ਉਸ ਰਾਤ ਆਪਣੇ ਰਸੂਲਾਂ ਨੂੰ ਕਈ ਗੱਲਾਂ ਸਿਖਾਈਆਂ, ਪਰ ਉਨ੍ਹਾਂ ਨੂੰ ਇਕ ਨਵਾਂ ਹੁਕਮ ਵੀ ਦਿੱਤਾ। ਇਹ ਹੁਕਮ ਸੀ ਕਿ ਉਹ ਇਕ-ਦੂਜੇ ਨਾਲ ਸੱਚਾ ਪਿਆਰ ਕਰਨ। ਉਸ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) ਰਸੂਲਾਂ ਨੂੰ ਪਤਾ ਸੀ ਕਿ ਯਿਸੂ ਨਾਲ ਕੀ-ਕੀ ਹੋਣ ਵਾਲਾ ਸੀ, ਇਸ ਲਈ ਯਿਸੂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਕਿ ਉਹ ਦਿਲ ਨਾ ਹਾਰਨ। ਯਿਸੂ ਨੇ ਉਨ੍ਹਾਂ ਲਈ ਦਿਲੋਂ ਪ੍ਰਾਰਥਨਾ ਵੀ ਕੀਤੀ। ਉਨ੍ਹਾਂ ਨੇ ਯਿਸੂ ਨਾਲ ਮਿਲ ਕੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਏ ਅਤੇ ਫਿਰ ਉਹ ਰਾਤ ਵੇਲੇ ਹੀ ਗਥਸਮਨੀ ਦੇ ਬਾਗ਼ ਵਿਚ ਚਲੇ ਗਏ।

ਗਥਸਮਨੀ ਦੇ ਬਾਗ਼ ਵਿਚ ਯਿਸੂ ਨੇ ਗੋਡਿਆਂ ਭਾਰ ਬਹਿ ਕੇ ਯਹੋਵਾਹ ਨੂੰ ਤਨੋ-ਮਨੋਂ ਪ੍ਰਾਰਥਨਾ ਕੀਤੀ। ਥੋੜ੍ਹੀ ਦੇਰ ਬਾਅਦ ਉੱਥੇ ਸਿਪਾਹੀ, ਪੁਜਾਰੀ ਅਤੇ ਹੋਰ ਲੋਕ ਇਕੱਠੇ ਹੋ ਕੇ ਉਸ ਨੂੰ ਗਿਰਫ਼ਤਾਰ ਕਰਨ ਆਏ। ਯਹੂਦਾ ਨੇ ਅੱਗੇ ਵਧ ਕੇ ਯਿਸੂ ਦੀ ਪਛਾਣ ਕਰਾਉਣ ਲਈ ਉਸ ਨੂੰ ਚੁੰਮਿਆ। ਫਿਰ ਸਿਪਾਹੀਆਂ ਨੇ ਯਿਸੂ ਨੂੰ ਗਿਰਫ਼ਤਾਰ ਕਰ ਲਿਆ ਅਤੇ ਰਸੂਲ ਉੱਥੋਂ ਭੱਜ ਗਏ।

ਯਹੂਦੀ ਅਦਾਲਤ ਵਿਚ ਯਿਸੂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਪੁੱਤਰ ਕਿਹਾ। ਯਹੂਦੀਆਂ ਦੀ ਨਜ਼ਰ ਵਿਚ ਇਹ ਗੱਲ ਪਰਮੇਸ਼ੁਰ ਦੀ ਨਿੰਦਿਆ ਸੀ ਜਿਸ ਕਰਕੇ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਲਾਇਕ ਸਮਝਿਆ। ਫਿਰ ਉਹ ਯਿਸੂ ਨੂੰ ਰੋਮੀ ਗਵਰਨਰ ਪੰਤਿਯੁਸ ਪਿਲਾਤੁਸ ਕੋਲ ਲੈ ਗਏ। ਭਾਵੇਂ ਪਿਲਾਤੁਸ ਨੇ ਦੇਖ ਲਿਆ ਸੀ ਕਿ ਯਿਸੂ ਨੇ ਕੋਈ ਜੁਰਮ ਨਹੀਂ ਕੀਤਾ ਸੀ, ਫਿਰ ਵੀ ਉਸ ਨੇ ਯਿਸੂ ਨੂੰ ਭੀੜ ਦੇ ਹਵਾਲੇ ਕਰ ਦਿੱਤਾ ਜੋ ਉਸ ਦੀ ਮੌਤ ਲਈ ਦੁਹਾਈ ਪਾ ਰਹੀ ਸੀ।

ਉੱਥੋਂ ਯਿਸੂ ਨੂੰ ਗਲਗਥਾ ਨਾਂ ਦੀ ਜਗ੍ਹਾ ਲਿਜਾਇਆ ਗਿਆ ਜਿੱਥੇ ਰੋਮੀ ਸਿਪਾਹੀਆਂ ਨੇ ਉਸ ਨੂੰ ਸੂਲੀ ਉੱਤੇ ਟੰਗ ਦਿੱਤਾ। ਸਿਖਰ ਦੁਪਹਿਰੇ ਇਕਦਮ ਹਨੇਰਾ ਛਾ ਗਿਆ। ਕੁਝ ਸਮੇਂ ਬਾਅਦ ਯਿਸੂ ਨੇ ਦਮ ਤੋੜ ਦਿੱਤਾ। ਉਸ ਦੇ ਮਰਨ ਤੇ ਜ਼ਬਰਦਸਤ ਭੁਚਾਲ ਆਇਆ। ਉਸ ਦਾ ਸਰੀਰ ਕਬਰ ਵਿਚ ਰੱਖਿਆ ਗਿਆ ਅਤੇ ਅਗਲੇ ਦਿਨ ਪੁਜਾਰੀਆਂ ਨੇ ਕਬਰ ਦੇ ਮੂੰਹ ਉੱਤੇ ਪੱਥਰ ਰੱਖ ਕੇ ਬੰਦ ਕਰ ਦਿੱਤਾ ਅਤੇ ਸਿਪਾਹੀਆਂ ਨੂੰ ਰਾਖੀ ਲਈ ਖੜ੍ਹਾ ਕਰ ਦਿੱਤਾ। ਕੀ ਯਿਸੂ ਨੇ ਉਸ ਕਬਰ ਦੇ ਅੰਦਰ ਹੀ ਰਹਿਣਾ ਸੀ? ਨਹੀਂ। ਅਜਿਹਾ ਚਮਤਕਾਰ ਹੋਣ ਵਾਲਾ ਸੀ ਜੋ ਪਹਿਲਾਂ ਕਦੀ ਨਹੀਂ ਹੋਇਆ।

—ਇਹ ਜਾਣਕਾਰੀ ਮੱਤੀ ਅਧਿਆਇ 26-27; ਮਰਕੁਸ ਅਧਿਆਇ 14-15; ਲੂਕਾ ਅਧਿਆਇ 22-23 ਅਤੇ ਯੂਹੰਨਾ ਅਧਿਆਇ 12-19 ਵਿੱਚੋਂ ਲਈ ਗਈ ਹੈ।

^ ਪੈਰਾ 15 ਯਿਸੂ ਦੀ ਕੁਰਬਾਨੀ ਦੀ ਅਹਿਮੀਅਤ ਬਾਰੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਪੰਜਵਾਂ ਅਧਿਆਇ ਪੜ੍ਹੋ।