Skip to content

Skip to table of contents

ਬਾਈਬਲ ਕਿਉਂ ਪੜ੍ਹੀਏ?

ਬਾਈਬਲ ਕਿਉਂ ਪੜ੍ਹੀਏ?

ਕੀ ਤੁਸੀਂ ਬਾਈਬਲ ਬਾਰੇ ਕਦੇ ਸੁਣਿਆ ਹੈ? ਇਸ ਦੀਆਂ ਕਰੋੜਾਂ ਹੀ ਕਾਪੀਆਂ ਵੰਡੀਆਂ ਗਈਆਂ ਹਨ, ਮਤਲਬ ਹੋਰ ਕਿਸੇ ਵੀ ਕਿਤਾਬ ਨਾਲੋਂ ਕਿਤੇ ਵੱਧ। ਇੰਨਾ ਹੀ ਨਹੀਂ, ਇਸ ਦੇ ਸੰਦੇਸ਼ ਨੂੰ ਸੁਣ ਕੇ ਹਰ ਸਭਿਆਚਾਰ ਦੇ ਲੋਕਾਂ ਨੂੰ ਦਿਲਾਸਾ ਅਤੇ ਉਮੀਦ ਮਿਲੀ ਹੈ। ਇਸ ਦੀ ਸਲਾਹ ਉੱਤੇ ਚੱਲ ਕੇ ਲੋਕਾਂ ਦਾ ਜੀਵਨ ਬਿਹਤਰ ਬਣਿਆ ਹੈ। ਪਰ ਦੁਨੀਆਂ ਵਿਚ ਅਜਿਹੇ ਲੋਕ ਵੀ ਹਨ ਜੋ ਬਾਈਬਲ ਬਾਰੇ ਘੱਟ ਹੀ ਜਾਣਦੇ ਹਨ। ਤੁਹਾਡੇ ਬਾਰੇ ਕੀ? ਹੋ ਸਕਦਾ ਹੈ ਤੁਸੀਂ ਆਪਣੇ ਕਿਸੇ ਧਰਮ ਨੂੰ ਮੰਨਦੇ ਹੋ, ਪਰ ਕੀ ਤੁਸੀਂ ਬਾਈਬਲ ਬਾਰੇ ਥੋੜ੍ਹਾ-ਬਹੁਤਾ ਜਾਣਨਾ ਚਾਹੋਗੇ? ਇਹ ਬਰੋਸ਼ਰ ਤੁਹਾਡੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂਕਿ ਤੁਸੀਂ ਬਾਈਬਲ ਦੀਆਂ ਮੋਟੀਆਂ-ਮੋਟੀਆਂ ਗੱਲਾਂ ਨੂੰ ਸਮਝ ਸਕੋ।

ਬਾਈਬਲ ਪੜ੍ਹਨ ਤੋਂ ਪਹਿਲਾਂ ਚੰਗਾ ਹੋਵੇਗਾ ਕਿ ਤੁਸੀਂ ਇਸ ਬਾਰੇ ਕੁਝ ਗੱਲਾਂ ਜਾਣੋ। ਇਸ ਪਵਿੱਤਰ ਗ੍ਰੰਥ ਵਿਚ 66 ਪੁਸਤਕਾਂ ਹਨ, ਪਹਿਲੀ ਦਾ ਨਾਂ “ਉਤਪਤ” ਅਤੇ ਅਖ਼ੀਰਲੀ ਦਾ ਨਾਂ “ਪਰਕਾਸ਼ ਦੀ ਪੋਥੀ” ਹੈ।

ਬਾਈਬਲ ਵਿਚ ਕਿਸ ਦਾ ਸੰਦੇਸ਼ ਹੈ? ਇਹ ਸੱਚ ਹੈ ਕਿ 40 ਇਨਸਾਨਾਂ ਨੇ ਤਕਰੀਬਨ 1,600 ਸਾਲਾਂ ਦੌਰਾਨ ਬਾਈਬਲ ਨੂੰ ਲਿਖਿਆ ਸੀ। ਪਰ ਇਨ੍ਹਾਂ ਬੰਦਿਆਂ ਨੇ ਕਦੇ ਇਹ ਨਹੀਂ ਕਿਹਾ ਕਿ ਇਸ ਵਿਚ ਲਿਖੀਆਂ ਗੱਲਾਂ ਉਨ੍ਹਾਂ ਦੀਆਂ ਆਪਣੀਆਂ ਸਨ। ਉਨ੍ਹਾਂ ਵਿੱਚੋਂ ਇਕ ਨੇ ਇਹ ਲਿਖਿਆ: “ਸਾਰੀਆਂ ਪੋਥੀਆਂ ਪਰਮੇਸ਼ੁਰ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਹਨ।” (2 ਤਿਮੋਥਿਉਸ 3:16, ERV) ਇਕ ਹੋਰ ਲਿਖਾਰੀ ਨੇ ਕਿਹਾ: ‘ਯਹੋਵਾਹ ਦੀ ਸ਼ਕਤੀ ਮੇਰੇ ਵਿੱਚੋਂ ਬੋਲੀ, ਅਤੇ ਉਹ ਦਾ ਬਚਨ ਮੇਰੀ ਜੀਭ ਉੱਤੇ ਸੀ।’ (2 ਸਮੂਏਲ 23:2) ਇਨ੍ਹਾਂ ਸਾਰਿਆਂ ਨੇ ਇਹੀ ਕਿਹਾ ਕਿ ਜੋ ਵੀ ਉਨ੍ਹਾਂ ਨੇ ਲਿਖਿਆ, ਉਹ ਇਸ ਜਹਾਨ ਦੇ ਮਾਲਕ ਯਹੋਵਾਹ ਪਰਮੇਸ਼ੁਰ ਵੱਲੋਂ ਸੀ। ਇਨ੍ਹਾਂ ਲਿਖਾਰੀਆਂ ਨੇ ਇਹ ਵੀ ਸਾਫ਼-ਸਾਫ਼ ਦੱਸਿਆ ਕਿ ਯਹੋਵਾਹ ਪਰਮੇਸ਼ੁਰ ਦੀ ਮਰਜ਼ੀ ਹੈ ਕਿ ਸਾਰੇ ਇਨਸਾਨ ਉਸ ਨੂੰ ਜਾਣਨ ਅਤੇ ਉਸ ਨਾਲ ਰਿਸ਼ਤਾ ਜੋੜਨ।

ਬਾਈਬਲ ਦੀ ਇਕ ਮੁੱਖ ਗੱਲ ਖ਼ਾਸ ਕਰਕੇ ਸਮਝਣੀ ਬਹੁਤ ਲਾਜ਼ਮੀ ਹੈ: ਪਰਮੇਸ਼ੁਰ ਆਪਣੀ ਸਵਰਗੀ ਸਰਕਾਰ ਦੇ ਜ਼ਰੀਏ ਦੁਨੀਆਂ ਉੱਤੇ ਰਾਜ ਕਰਨ ਦੇ ਆਪਣੇ ਹੱਕ ਨੂੰ ਸਹੀ ਸਾਬਤ ਕਰੇਗਾ। ਇਹ ਬਰੋਸ਼ਰ ਪੜ੍ਹ ਕੇ ਤੁਹਾਨੂੰ ਪਤਾ ਲੱਗੇਗਾ ਕਿ ਪਹਿਲੀ ਤੋਂ ਅਖ਼ੀਰਲੀ ਪੁਸਤਕ ਤਕ ਇਸੇ ਮੁੱਖ ਗੱਲ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ।

ਤੁਸੀਂ ਇਸ ਸਫ਼ੇ ਤੋਂ ਬਾਈਬਲ ਬਾਰੇ ਕੁਝ ਗੱਲਾਂ ਸਿੱਖ ਲਈਆਂ ਹਨ। ਕੀ ਤੁਸੀਂ ਅੱਗੇ ਪੜ੍ਹ ਕੇ ਇਹ ਨਹੀਂ ਜਾਣਨਾ ਚਾਹੋਗੇ ਕਿ ਦੁਨੀਆਂ ਦੀ ਸਭ ਤੋਂ ਮਸ਼ਹੂਰ ਕਿਤਾਬ ਯਾਨੀ ਬਾਈਬਲ ਦਾ ਕੀ ਸੰਦੇਸ਼ ਹੈ?

^ ਪੈਰਾ 9 ਧਿਆਨ ਦਿਓ ਕਿ ਹਰ ਭਾਗ ਦੇ ਹੇਠਾਂ ਲਕੀਰ ਦਿਖਾਈ ਗਈ ਹੈ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਈਬਲ ਵਿਚ ਦਰਜ ਅਹਿਮ ਘਟਨਾਵਾਂ ਕਿਸ ਤਾਰੀਖ਼ ’ਤੇ ਵਾਪਰੀਆਂ ਸਨ।