Skip to content

Skip to table of contents

 ਅਧਿਆਇ 12

ਆਪਣੇ ਕੰਮਾਂ ਰਾਹੀਂ ਯਹੋਵਾਹ ਖ਼ੁਸ਼ ਕਰੋ

ਆਪਣੇ ਕੰਮਾਂ ਰਾਹੀਂ ਯਹੋਵਾਹ ਖ਼ੁਸ਼ ਕਰੋ
  • ਯਹੋਵਾਹ ਨਾਲ ਤੁਸੀਂ ਰਿਸ਼ਤਾ ਕਿੱਦਾਂ ਕਾਇਮ ਕਰ ਸਕਦੇ ਹੋ?

  • ਸ਼ੈਤਾਨ ਦੇ ਮਿਹਣੇ ਨਾਲ ਸਾਡਾ ਕੀ ਤਅੱਲਕ ਹੈ?

  • ਸਾਨੂੰ ਕਿਹੋ ਜਿਹੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

  • ਤੁਸੀਂ ਯਹੋਵਾਹ ਨੂੰ ਕਿੱਦਾਂ ਖ਼ੁਸ਼ ਕਰ ਸਕਦੇ ਹੋ?

1, 2. ਯਹੋਵਾਹ ਨੇ ਕਿਨ੍ਹਾਂ ਕੁਝ ਲੋਕਾਂ ਨੂੰ ਪਸੰਦ ਕੀਤਾ ਸੀ?

ਤੁਸੀਂ ਕਿਹੋ ਜਿਹੇ ਲੋਕਾਂ ਨੂੰ ਪਸੰਦ ਕਰਦੇ ਹੋ? ਬਿਨਾਂ ਸ਼ੱਕ ਅਜਿਹੇ ਇਨਸਾਨਾਂ ਨਾਲ ਤੁਹਾਡੀ ਜ਼ਰੂਰ ਬਣਦੀ ਹੋਵੇਗੀ ਜਿਨ੍ਹਾਂ ਦੀ ਸੋਚ, ਪਸੰਦ-ਨਾਪਸੰਦ ਅਤੇ ਕਦਰਾਂ-ਕੀਮਤਾਂ ਤੁਹਾਡੇ ਨਾਲ ਮਿਲਦੀਆਂ ਹਨ। ਤੁਸੀਂ ਯਕੀਨਨ ਅਜਿਹੇ ਇਨਸਾਨ ਨੂੰ ਆਪਣਾ ਦੋਸਤ ਬਣਾਉਣਾ ਚਾਹੋਗੇ ਜੋ ਈਮਾਨਦਾਰ, ਭਲਾ ਤੇ ਨੇਕ ਹੈ।

2 ਬੀਤੇ ਸਮੇਂ ਵਿਚ ਯਹੋਵਾਹ ਨੇ ਵੀ ਕਈ ਲੋਕਾਂ ਨੂੰ ਪਸੰਦ ਕੀਤਾ ਸੀ। ਮਿਸਾਲ ਲਈ, ਯਹੋਵਾਹ ਨੇ ਅਬਰਾਹਾਮ ਨੂੰ ਆਪਣਾ ਦੋਸਤ ਕਿਹਾ ਸੀ। (ਯਸਾਯਾਹ 41:8; ਯਾਕੂਬ 2:23 ਪੜ੍ਹੋ।) ਉਸ ਨੇ ਦਾਊਦ ਬਾਰੇ ਕਿਹਾ ਕਿ ‘ਉਹ ਉਸ ਤੋਂ ਦਿਲੋਂ ਖ਼ੁਸ਼ ਸੀ’ ਕਿਉਂਕਿ ਉਹ ਇਕ ਨੇਕ ਇਨਸਾਨ ਸੀ। (ਰਸੂਲਾਂ ਦੇ ਕੰਮ 13:22) ਅਤੇ ਦਾਨੀਏਲ ਨਬੀ ਨੂੰ ਵੀ ਯਹੋਵਾਹ ਨੇ “ਵੱਡਾ ਪਿਆਰਾ” ਕਿਹਾ ਸੀ।​—ਦਾਨੀਏਲ 9:23.

3. ਯਹੋਵਾਹ ਨੇ ਕੁਝ ਲੋਕਾਂ ਨੂੰ ਕਿਉਂ ਪਸੰਦ ਕੀਤਾ ਸੀ?

3 ਯਹੋਵਾਹ ਨੇ ਅਬਰਾਹਾਮ, ਦਾਊਦ ਤੇ ਦਾਨੀਏਲ ਨੂੰ ਕਿਉਂ ਪਸੰਦ ਕੀਤਾ? ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: “ਤੈਂ ਮੇਰੇ ਬੋਲ ਨੂੰ ਸੁਣਿਆ ਹੈ।” (ਉਤਪਤ 22:18) ਇਸ ਦਾ ਮਤਲਬ ਹੈ ਕਿ ਯਹੋਵਾਹ ਉਨ੍ਹਾਂ ਨੂੰ ਪਸੰਦ ਕਰਦਾ ਹੈ ਜੋ ਹਲੀਮੀ ਨਾਲ ਉਸ ਦੀ ਗੱਲ ਸੁਣ ਕੇ ਉਸ ਦੇ ਰਾਹਾਂ ’ਤੇ ਚੱਲਦੇ ਹਨ। ਉਸ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਮੇਰੀ ਅਵਾਜ਼ ਸੁਣੋ ਤਾਂ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਤੇ ਤੁਸੀਂ ਮੇਰੀ ਪਰਜਾ ਹੋਵੋਗੇ।” (ਯਿਰਮਿਯਾਹ 7:23) ਤਾਂ ਫਿਰ ਜੇ ਤੁਸੀਂ ਯਹੋਵਾਹ ਦੀ ਆਵਾਜ਼ ਸੁਣੋਗੇ, ਤਾਂ ਤੁਸੀਂ ਵੀ ਯਹੋਵਾਹ ਨਾਲ ਰਿਸ਼ਤਾ ਜੋੜ ਸਕੋਗੇ।

 ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰਦਾ ਹੈ

4, 5. ਯਹੋਵਾਹ ਆਪਣੇ ਲੋਕਾਂ ਦੀ ਕਿੱਦਾਂ ਮਦਦ ਕਰਦਾ ਹੈ?

4 ਜ਼ਰਾ ਸੋਚੋ ਕਿ ਯਹੋਵਾਹ ਦੇ ਨਾਲ ਰਿਸ਼ਤਾ ਜੋੜਨ ਦਾ ਤੁਹਾਨੂੰ ਕਿੰਨਾ ਲਾਭ ਹੋਵੇਗਾ। ਬਾਈਬਲ ਕਹਿੰਦੀ ਹੈ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰਨ ਦੇ ਮੌਕੇ ਭਾਲਦਾ ਹੈ “ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ।” (2 ਇਤਹਾਸ 16:9) ਯਹੋਵਾਹ ਤੁਹਾਡੀ ਮਦਦ ਕਿੱਦਾਂ ਕਰਦਾ ਹੈ? ਇਕ ਤਰੀਕਾ ਜ਼ਬੂਰਾਂ ਦੀ ਪੋਥੀ ਵਿਚ ਦੱਸਿਆ ਗਿਆ ਹੈ, ਜਿੱਥੇ ਯਹੋਵਾਹ ਨੇ ਕਿਹਾ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।”​—ਜ਼ਬੂਰਾਂ ਦੀ ਪੋਥੀ 32:8.

5 ਯਹੋਵਾਹ ਤੁਹਾਨੂੰ ਬੇਹੱਦ ਪਿਆਰ ਕਰਦਾ ਹੈ! ਉਹ ਤੁਹਾਨੂੰ ਵਧੀਆ ਸਲਾਹ ਦਿੰਦਾ ਹੈ ਅਤੇ ਇਸ ਸਲਾਹ ਉੱਤੇ ਚੱਲਣ ਕਰਕੇ ਉਹ ਤੁਹਾਡੀ ਰਾਖੀ ਵੀ ਕਰੇਗਾ। ਦੁੱਖ ਦੀ ਘੜੀ ਵਿਚ ਉਹ ਤੁਹਾਡਾ ਸਹਾਰਾ ਬਣਨਾ ਚਾਹੁੰਦਾ ਹੈ। (ਜ਼ਬੂਰਾਂ ਦੀ ਪੋਥੀ 55:22 ਪੜ੍ਹੋ।) ਜੇ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰੋਗੇ, ਤਾਂ ਤੁਸੀਂ ਵੀ ਪੂਰੇ ਭਰੋਸੇ ਨਾਲ ਕਹਿ ਸਕੋਗੇ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।” (ਜ਼ਬੂਰਾਂ ਦੀ ਪੋਥੀ 16:8; 63:8) ਹਾਂ, ਸਹੀ ਰਾਹ ’ਤੇ ਚੱਲਣ ਵਿਚ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਕਰ ਕੇ ਤੁਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਸਕੋਗੇ। ਪਰ ਜਿੱਦਾਂ ਅਸੀਂ ਪਹਿਲਾਂ ਸਿੱਖ ਚੁੱਕੇ ਹਾਂ, ਯਹੋਵਾਹ ਦਾ ਦੁਸ਼ਮਣ ਸ਼ੈਤਾਨ ਪੂਰੀ ਵਾਹ ਲਾ ਕੇ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰੇਗਾ।

ਸ਼ੈਤਾਨ ਦਾ ਮਿਹਣਾ

6. ਸ਼ੈਤਾਨ ਨੇ ਇਨਸਾਨਾਂ ਬਾਰੇ ਕੀ ਕਿਹਾ ਸੀ?

6 ਜਿੱਦਾਂ ਅਸੀਂ ਪਿੱਛਲੇ ਅਧਿਆਇ ਵਿਚ ਦੇਖਿਆ ਸੀ, ਸ਼ੈਤਾਨ ਨੇ ਯਹੋਵਾਹ ਨੂੰ ਮਿਹਣਾ ਮਾਰਿਆ ਸੀ ਕਿ ਉਸ ਦੇ ਰਾਜ ਕਰਨ ਦਾ ਤਰੀਕਾ ਗ਼ਲਤ ਸੀ। ਸ਼ੈਤਾਨ ਨੇ ਯਹੋਵਾਹ ਨੂੰ ਝੂਠਾ ਕਿਹਾ। ਉਸ ਨੇ ਇਹ ਵੀ ਕਿਹਾ ਕਿ ਯਹੋਵਾਹ ਆਦਮ ਤੇ ਹੱਵਾਹ ਉੱਤੇ ਨਾਜਾਇਜ਼ ਬੰਦਸ਼ਾਂ ਲਾ ਰਿਹਾ ਸੀ। ਬਾਅਦ ਵਿਚ ਸ਼ੈਤਾਨ ਨੇ ਆਦਮ ਤੇ ਹੱਵਾਹ ਦੀ ਸੰਤਾਨ ਦੀ ਨੀਅਤ ਉੱਤੇ ਵੀ ਉਂਗਲ ਉਠਾਈ। ਉਸ ਦਾ ਇਹ ਕਹਿਣਾ ਸੀ ਕਿ ‘ਜੇ ਮੈਨੂੰ ਇਕ ਮੌਕਾ ਮਿਲੇ, ਤਾਂ ਮੈਂ ਇਹ ਸਾਬਤ ਕਰ ਕੇ ਦਿਖਾ ਸਕਦਾ ਹਾਂ ਕਿ ਲੋਕ ਰੱਬ ਦੀ ਭਗਤੀ ਪਿਆਰ ਦੀ ਖ਼ਾਤਰ ਨਹੀਂ ਕਰਦੇ। ਮੈਂ ਕਿਸੇ ਨੂੰ ਵੀ ਯਹੋਵਾਹ ਤੋਂ ਦੂਰ ਕਰ ਸਕਦਾ ਹਾਂ।’ ਪਰ, ਸਾਨੂੰ ਕਿੱਦਾਂ ਪਤਾ ਹੈ ਕਿ ਸ਼ੈਤਾਨ ਨੇ ਯਹੋਵਾਹ ਨੂੰ ਇਸ ਤਰ੍ਹਾਂ ਕਿਹਾ ਸੀ? ਜੇ ਅਸੀਂ ਪਰਮੇਸ਼ੁਰ ਦੇ ਭਗਤ ਅੱਯੂਬ ਦੀ ਜ਼ਿੰਦਗੀ ਉੱਤੇ ਗੌਰ ਕਰੀਏ, ਤਾਂ ਸਾਨੂੰ ਇਸ ਸਵਾਲ ਦਾ ਜਵਾਬ ਮਿਲੇਗਾ। ਅੱਯੂਬ ਕੌਣ ਸੀ ਅਤੇ ਸ਼ੈਤਾਨ ਦੇ ਮਿਹਣੇ ਨਾਲ ਉਸ ਦਾ ਕੀ ਤਅੱਲਕ ਸੀ?

7, 8. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅੱਯੂਬ ਦੇ ਸਮੇਂ ਧਰਤੀ ਉੱਤੇ ਉਸ ਵਰਗਾ ਕੋਈ ਨਹੀਂ ਸੀ? (ਅ) ਸ਼ੈਤਾਨ ਨੇ ਅੱਯੂਬ ਦੀ ਨੀਅਤ ਉੱਤੇ ਕੀ ਸਵਾਲ ਖੜ੍ਹਾ ਕੀਤਾ ਸੀ?

 7 ਅੱਯੂਬ ਤਕਰੀਬਨ 3,600 ਸਾਲ ਪਹਿਲਾਂ ਰਹਿੰਦਾ ਸੀ। ਬਾਈਬਲ ਦੱਸਦੀ ਹੈ ਕਿ ਉਹ ਇਕ ਨੇਕ ਆਦਮੀ ਸੀ ਜਿਸ ਨੇ ਹਮੇਸ਼ਾ ਉਹੀ ਕੀਤਾ ਜੋ ਯਹੋਵਾਹ ਦੇ ਦਿਲ ਨੂੰ ਭਾਉਂਦਾ ਸੀ। ਯਹੋਵਾਹ ਨੇ ਉਸ ਬਾਰੇ ਕਿਹਾ: ‘ਪਿਰਥਵੀ ਉੱਤੇ ਉਹ ਦੇ ਜਿਹਾ ਕੋਈ ਨਹੀਂ। ਉਹ ਖਰਾ ਤੇ ਨੇਕ ਮਨੁੱਖ ਹੈ ਜੋ ਮੇਰੇ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।’ (ਅੱਯੂਬ 1:8) ਯਹੋਵਾਹ ਅੱਯੂਬ ਨੂੰ ਬੇਹੱਦ ਪਸੰਦ ਕਰਦਾ ਸੀ।

8 ਪਰ ਅੱਯੂਬ ਦੀ ਵਫ਼ਾਦਾਰੀ ਸ਼ੈਤਾਨ ਨੂੰ ਕੰਡੇ ਵਾਂਗ ਚੁੱਭਦੀ ਸੀ। ਉਸ ਦਾ ਦਾਅਵਾ ਸੀ ਕਿ ਅੱਯੂਬ ਸਿਰਫ਼ ਆਪਣੇ ਸੁਆਰਥ ਲਈ ਹੀ ਯਹੋਵਾਹ ਦੀ ਭਗਤੀ ਕਰਦਾ ਸੀ। ਸ਼ੈਤਾਨ ਨੇ ਯਹੋਵਾਹ ਨੂੰ ਅੱਯੂਬ ਬਾਰੇ ਕਿਹਾ: “ਕੀ ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ? ਤੈਂ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ ਸੋ ਉਸ ਦਾ ਮਾਲ ਧਰਤੀ ਵਿੱਚ ਵਧ ਗਿਆ ਹੈ। ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾਂ ਪਾਊਗਾ!”​—ਅੱਯੂਬ 1:10, 11.

9. ਯਹੋਵਾਹ ਨੇ ਸ਼ੈਤਾਨ ਦੀ ਲਲਕਾਰ ਦਾ ਕੀ ਜਵਾਬ ਦਿੱਤਾ ਅਤੇ ਕਿਉਂ?

9 ਸ਼ੈਤਾਨ ਅਸਲ ਵਿਚ ਇਹ ਕਹਿ ਰਿਹਾ ਸੀ ਕਿ ਅੱਯੂਬ ਸਿਰਫ਼ ਇਸੇ ਲਈ ਯਹੋਵਾਹ ਦੀ ਭਗਤੀ ਕਰ ਰਿਹਾ ਸੀ ਕਿਉਂਕਿ ਯਹੋਵਾਹ ਨੇ ਉਸ ਦੇ ਹਰ ਕੰਮ ’ਤੇ ਬਰਕਤ ਦਿੱਤੀ ਸੀ। ਸ਼ੈਤਾਨ ਦੇ ਮੁਤਾਬਕ ਅੱਯੂਬ ਸਿਰਫ਼ ਆਪਣਾ ਹੀ ਫ਼ਾਇਦਾ ਦੇਖ ਰਿਹਾ ਸੀ। ਫਿਰ ਸ਼ੈਤਾਨ ਨੇ ਦਾਅਵਾ ਕੀਤਾ ਕਿ ਜੇ ਉਸ ਨੂੰ ਅੱਯੂਬ ਨੂੰ ਪਰਖਣ ਦਾ ਇਕ ਮੌਕਾ ਦਿੱਤਾ ਜਾਵੇ, ਤਾਂ ਉਹ ਅੱਯੂਬ ਨੂੰ ਯਹੋਵਾਹ ਤੋਂ ਮੋੜ ਸਕਦਾ ਸੀ। ਯਹੋਵਾਹ ਨੇ ਇਸ ਲਲਕਾਰ ਦਾ ਕਿੱਦਾਂ ਜਵਾਬ ਦਿੱਤਾ? ਉਸ ਨੇ ਸ਼ੈਤਾਨ ਨੂੰ ਅੱਯੂਬ ਦੀ ਪਰੀਖਿਆ ਲੈਣ ਦਾ ਮੌਕਾ ਦਿੱਤਾ ਤਾਂਕਿ ਇਹ ਸਾਫ਼ ਜ਼ਾਹਰ ਹੋ ਜਾਵੇ ਕਿ ਅੱਯੂਬ ਯਹੋਵਾਹ ਦੀ ਦਿਲੋਂ ਸੇਵਾ ਕਰਦਾ ਸੀ ਜਾਂ ਫਿਰ ਆਪਣੇ ਫ਼ਾਇਦੇ ਲਈ ਕਰਦਾ ਸੀ।

ਅੱਯੂਬ ਦੀ ਪਰੀਖਿਆ

10. ਅੱਯੂਬ ਉੱਤੇ ਕਿਹੜੀਆਂ ਬਿਪਤਾਵਾਂ ਆਈਆਂ ਸਨ ਅਤੇ ਉਸ ਨੇ ਕੀ ਕੀਤਾ?

10 ਸ਼ੈਤਾਨ ਨੇ ਅੱਯੂਬ ਉੱਤੇ ਬਿਪਤਾ ਤੇ ਬਿਪਤਾ ਲਿਆਂਦੀ। ਪਹਿਲਾਂ ਲੁਟੇਰੇ, ਅੱਯੂਬ ਦੇ ਨੌਕਰਾਂ-ਚਾਕਰਾਂ ਨੂੰ ਮਾਰ ਕੇ ਉਸ ਦੇ ਸਾਰੇ ਪਸ਼ੂ ਖੋਹ ਕੇ ਲੈ ਗਏ। ਇਸ ਕਰਕੇ ਅੱਯੂਬ ਦਾ ਬਹੁਤ ਨੁਕਸਾਨ ਹੋਇਆ। ਫਿਰ ਇਕ ਭਿਆਨਕ ਤੂਫ਼ਾਨ ਨੇ ਅੱਯੂਬ ਦੇ ਦਸ ਦੇ ਦਸ ਬੱਚਿਆਂ ਦੀ ਜਾਨ ਲੈ ਲਈ। ਪਰ ਇਨ੍ਹਾਂ ਬਿਪਤਾਵਾਂ ਦੇ ਬਾਵਜੂਦ, “ਅੱਯੂਬ ਨੇ ਫਿਰ ਵੀ ਪਰਮੇਸ਼ਰ ਦੀ ਨਿੰਦਾ” ਨਹੀਂ ਕੀਤੀ ਅਤੇ ਨਾ ਹੀ “ਉਸ ਦੇ ਵਿਰੁਧ ਪਾਪ” ਕੀਤਾ।​—ਅੱਯੂਬ 1:22, CL.

11. (ੳ) ਸ਼ੈਤਾਨ ਨੇ ਅੱਯੂਬ ਬਾਰੇ ਹੋਰ ਕੀ ਕਿਹਾ ਸੀ ਅਤੇ ਯਹੋਵਾਹ ਨੇ ਇਸ ਦਾ ਜਵਾਬ ਕਿੱਦਾਂ ਦਿੱਤਾ? (ਅ) ਭਿਆਨਕ ਬੀਮਾਰੀ ਲੱਗਣ ਤੋਂ ਬਾਅਦ ਵੀ ਅੱਯੂਬ ਨੇ ਕੀ ਕੀਤਾ?

 11 ਭਾਵੇਂ ਕਿ ਅੱਯੂਬ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ, ਫਿਰ ਵੀ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਪਰ ਸ਼ੈਤਾਨ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਉਸ ਨੇ ਦਾਅਵਾ ਕੀਤਾ ਕਿ ਜੇ ਅੱਯੂਬ ਕਿਸੇ ਭਿਆਨਕ ਰੋਗ ਨਾਲ ਖ਼ੁਦ ਤੜਫ਼ੇਗਾ, ਤਾਂ ਉਸ ਦੀ ਅਸਲੀਅਤ ਸਾਮ੍ਹਣੇ ਆ ਜਾਵੇਗੀ। ਇਸ ਲਈ ਯਹੋਵਾਹ ਨੇ ਸ਼ੈਤਾਨ ਨੂੰ ਅੱਯੂਬ ਨੂੰ ਇਕ ਭਿਆਨਕ ਬੀਮਾਰੀ ਲਾਉਣ ਦੀ ਇਜਾਜ਼ਤ ਦਿੱਤੀ। ਪਰ ਬਹੁਤ ਬੀਮਾਰ ਹੋਣ ਦੇ ਬਾਵਜੂਦ ਵੀ ਅੱਯੂਬ ਨੇ ਯਹੋਵਾਹ ਨੂੰ ਨਹੀਂ ਛੱਡਿਆ। ਇਸ ਦੀ ਬਜਾਇ ਉਸ ਨੇ ਪੂਰੇ ਵਿਸ਼ਵਾਸ ਨਾਲ ਕਿਹਾ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।”​—ਅੱਯੂਬ 27:5.

ਵਫ਼ਾਦਾਰ ਰਹਿਣ ਕਰਕੇ ਯਹੋਵਾਹ ਨੇ ਅੱਯੂਬ ਦੀ ਝੋਲੀ ਬਰਕਤਾਂ ਨਾਲ ਭਰ ਦਿੱਤੀ

12. ਅੱਯੂਬ ਨੇ ਸ਼ੈਤਾਨ ਨੂੰ ਝੂਠਾ ਸਾਬਤ ਕਿੱਦਾਂ ਕੀਤਾ ਸੀ?

12 ਅੱਯੂਬ ਇਹ ਨਹੀਂ ਜਾਣਦਾ ਸੀ ਕਿ ਉਸ ਦੇ ਦੁੱਖਾਂ ਪਿੱਛੇ ਸ਼ੈਤਾਨ ਦਾ ਹੱਥ ਸੀ। ਉਸ ਨੂੰ ਇਹ ਨਹੀਂ ਪਤਾ ਸੀ ਕਿ ਸ਼ੈਤਾਨ ਉਸ ਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਯੂਬ ਨੇ ਤਾਂ ਸੋਚਿਆ ਕਿ ਸ਼ਾਇਦ ਯਹੋਵਾਹ ਹੀ ਉਸ ਦੀ ਪਰੀਖਿਆ ਲੈ ਰਿਹਾ ਸੀ। (ਅੱਯੂਬ 6:4; 16:11-14) ਫਿਰ ਵੀ ਅੱਯੂਬ ਨੇ ਹਿੰਮਤ ਨਹੀਂ ਹਾਰੀ, ਸਗੋਂ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਉਸ ਨੇ ਦਿਖਾਇਆ ਕਿ ਉਹ ਕਿਸੇ ਸੁਆਰਥ ਕਰਕੇ ਨਹੀਂ, ਸਗੋਂ ਦਿਲੋਂ ਯਹੋਵਾਹ ਦੀ ਭਗਤੀ ਕਰਦਾ ਸੀ। ਇਸ ਤਰ੍ਹਾਂ ਉਸ ਨੇ ਸ਼ੈਤਾਨ ਨੂੰ ਝੂਠਾ ਸਾਬਤ ਕੀਤਾ।

13. ਅੱਯੂਬ ਦੀ ਵਫ਼ਾਦਾਰੀ ਦਾ ਨਤੀਜਾ ਕੀ ਨਿਕਲਿਆ?

13 ਅੱਯੂਬ ਦੀ ਵਫ਼ਾਦਾਰੀ ਕਰਕੇ ਯਹੋਵਾਹ ਹੁਣ ਸ਼ੈਤਾਨ ਦੇ ਮਿਹਣੇ ਦਾ ਮੂੰਹ-ਤੋੜ ਜਵਾਬ ਦੇ ਸਕਦਾ ਸੀ। ਅੱਯੂਬ ਨੇ ਯਹੋਵਾਹ ਦੇ ਦਿਲ ਨੂੰ ਬੇਹੱਦ ਖ਼ੁਸ਼ ਕੀਤਾ ਅਤੇ ਯਹੋਵਾਹ ਨੇ ਉਸ ਦੀ ਝੋਲੀ ਖ਼ੁਸ਼ੀਆਂ ਨਾਲ ਭਰ ਦਿੱਤੀ।​—ਅੱਯੂਬ 42:12-17.

ਸ਼ੈਤਾਨ ਦੇ ਮਿਹਣੇ ਨਾਲ ਤੁਹਾਡਾ ਤਅੱਲਕ

14, 15. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸ਼ੈਤਾਨ ਸਾਡੇ ਸਾਰਿਆਂ ਪਿੱਛੇ ਪਿਆ ਹੋਇਆ ਹੈ?

14 ਸ਼ੈਤਾਨ ਦਾ ਨਿਸ਼ਾਨਾ ਇਕੱਲਾ ਅੱਯੂਬ ਹੀ ਨਹੀਂ ਸੀ। ਉਹ ਤੁਹਾਡੇ ਬਾਰੇ ਵੀ ਉਹੀ ਕਹਿ ਰਿਹਾ ਹੈ ਜੋ ਉਸ ਨੇ ਅੱਯੂਬ ਬਾਰੇ ਕਿਹਾ ਸੀ। ਇਹ ਗੱਲ ਕਹਾਉਤਾਂ 27:11 ਤੋਂ ਸਾਫ਼-ਸਾਫ਼ ਦੇਖੀ ਜਾ ਸਕਦੀ ਹੈ ਜਿੱਥੇ ਯਹੋਵਾਹ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” ਇਹ ਸ਼ਬਦ ਅੱਯੂਬ ਦੀ ਮੌਤ ਤੋਂ ਕਈ ਸਾਲ ਬਾਅਦ ਲਿਖੇ ਗਏ ਸਨ ਜਿਸ ਦਾ ਮਤਲਬ ਹੈ ਕਿ ਸ਼ੈਤਾਨ ਉਸ ਸਮੇਂ ਵੀ ਯਹੋਵਾਹ ਨੂੰ ਮਿਹਣਾ ਮਾਰ ਰਿਹਾ ਸੀ ਅਤੇ ਯਹੋਵਾਹ ਦੇ ਸੇਵਕਾਂ ਦੀ ਵਫ਼ਾਦਾਰੀ ’ਤੇ ਸਵਾਲ ਖੜ੍ਹਾ ਕਰ ਰਿਹਾ ਸੀ। ਤਾਂ ਫਿਰ, ਯਹੋਵਾਹ ਦੀ ਮਰਜ਼ੀ ਪੂਰੀ ਕਰ ਕੇ ਅਸੀਂ ਵੀ ਸ਼ੈਤਾਨ ਦੇ ਮਿਹਣੇ ਦਾ ਮੂੰਹ-ਤੋੜ ਜਵਾਬ ਦਿੰਦੇ ਹਾਂ ਅਤੇ ਯਹੋਵਾਹ  ਦਾ ਦਿਲ ਖ਼ੁਸ਼ ਕਰਦੇ ਹਾਂ। ਭਾਵੇਂ ਤੁਹਾਨੂੰ ਜ਼ਿੰਦਗੀ ਵਿਚ ਕਈ ਔਖੀਆਂ ਤਬਦੀਲੀਆਂ ਕਰਨੀਆਂ ਪੈਣ, ਫਿਰ ਵੀ ਇਹ ਜਾਣ ਕੇ ਤੁਹਾਨੂੰ ਖ਼ੁਸ਼ੀ ਜ਼ਰੂਰ ਹੋਵੇਗੀ ਕਿ ਤੁਸੀਂ ਯਹੋਵਾਹ ਦਾ ਪੱਖ ਲੈ ਕੇ ਸ਼ੈਤਾਨ ਨੂੰ ਝੂਠਾ ਸਾਬਤ ਕਰ ਰਹੇ ਹੋ।

15 ਧਿਆਨ ਦਿਓ ਕਿ ਸ਼ੈਤਾਨ ਨੇ ਕੀ ਕਿਹਾ ਸੀ: ‘ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।’ (ਅੱਯੂਬ 2:4) ਇੱਥੇ ਸ਼ੈਤਾਨ ਸਿਰਫ਼ ਅੱਯੂਬ ਬਾਰੇ ਹੀ ਗੱਲ ਨਹੀਂ ਕਰ ਰਿਹਾ ਸੀ, ਸਗੋਂ ਹਰ ਮਨੁੱਖ ਬਾਰੇ ਗੱਲ ਕਰ ਰਿਹਾ ਸੀ। ਹਾਂ, ਸ਼ੈਤਾਨ ਤੁਹਾਡੇ ਬਾਰੇ ਵੀ ਇਹ ਹੀ ਕਹਿ ਰਿਹਾ ਹੈ ਕਿ ਤੁਸੀਂ ਯਹੋਵਾਹ ਦੀ ਭਗਤੀ ਦਿਲੋਂ ਨਹੀਂ, ਸਗੋਂ ਸੁਆਰਥ ਕਰਕੇ ਕਰ ਰਹੇ ਹੋ। ਸ਼ੈਤਾਨ ਚਾਹੁੰਦਾ ਹੈ ਕਿ ਤੁਸੀਂ ਮੁਸੀਬਤਾਂ ਵੇਲੇ ਹਾਰ ਮੰਨ ਕੇ ਯਹੋਵਾਹ ਨੂੰ ਛੱਡ ਦਿਓ। ਅਸਲ ਵਿਚ ਉਹ ਹੱਥ ਧੋ ਕੇ ਸਾਡੇ ਸਾਰਿਆਂ ਦੇ ਪਿੱਛੇ ਪਿਆ ਹੋਇਆ ਹੈ। ਆਓ ਆਪਾਂ ਦੇਖੀਏ ਕਿ ਉਹ ਸਾਨੂੰ ਯਹੋਵਾਹ ਤੋਂ ਬੇਮੁਖ ਕਰਨ ਲਈ ਕੀ ਕਰਦਾ ਹੈ।

16. (ੳ) ਸ਼ੈਤਾਨ ਲੋਕਾਂ ਨੂੰ ਯਹੋਵਾਹ ਤੋਂ ਦੂਰ ਕਰਨ ਲਈ ਕੀ ਕਰਦਾ ਹੈ? (ਅ) ਸ਼ੈਤਾਨ ਦੇ ਪ੍ਰਭਾਵ ਦਾ ਤੁਹਾਡੇ ਉੱਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ?

16 ਅਸੀਂ 10ਵੇਂ ਅਧਿਆਇ ਵਿਚ ਦੇਖਿਆ ਸੀ ਕਿ ਸ਼ੈਤਾਨ ਵੱਖੋ-ਵੱਖਰਿਆਂ ਤਰੀਕਿਆਂ ਨਾਲ ਸਾਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ। ਉਹ “ਗਰਜਦੇ ਸ਼ੇਰ ਵਾਂਗ” ਸਾਡੇ ਉੱਤੇ ਹਮਲਾ ਕਰਦਾ ਹੈ। (1 ਪਤਰਸ 5:8) ਸ਼ੈਤਾਨ ਦੇ ਪ੍ਰਭਾਵ ਕਰਕੇ ਸ਼ਾਇਦ ਤੁਹਾਡੇ ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਤੁਹਾਨੂੰ ਬਾਈਬਲ ਦਾ ਅਧਿਐਨ ਕਰਨ ਅਤੇ ਬਾਈਬਲ ਦੀਆਂ ਸਿੱਖਿਆਵਾਂ ’ਤੇ ਚੱਲਣ ਤੋਂ ਰੋਕਣ ਦੀ ਕੋਸ਼ਿਸ਼ ਕਰਨ। * (ਯੂਹੰਨਾ 15:19, 20) ਇਸ ਦੇ ਨਾਲ-ਨਾਲ ਸ਼ੈਤਾਨ “ਚਾਨਣ ਦਾ ਦੂਤ ਹੋਣ ਦਾ ਦਿਖਾਵਾ ਕਰਦਾ ਹੈ।” (2 ਕੁਰਿੰਥੀਆਂ 11:14) ਇਸ ਦਾ ਮਤਲਬ ਹੈ ਕਿ ਉਹ ਚਲਾਕੀ ਨਾਲ ਤੁਹਾਨੂੰ ਯਹੋਵਾਹ ਦੇ ਰਾਹ ਤੋਂ ਕੁਰਾਹੇ ਪਾ ਸਕਦਾ ਹੈ। ਉਹ ਤੁਹਾਨੂੰ ਨਿਰਾਸ਼ ਕਰਨ ਦੀ ਵੀ ਕੋਸ਼ਿਸ਼ ਕਰ ਸਕਦਾ ਹੈ ਤਾਂਕਿ ਤੁਸੀਂ ਮਹਿਸੂਸ ਕਰੋ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਲਾਇਕ ਨਹੀਂ। (ਕਹਾਉਤਾਂ 24:10) ਭਾਵੇਂ ਸ਼ੈਤਾਨ ਸਾਡੇ ’ਤੇ ਸਿੱਧੇ ਤੌਰ ਤੇ ਵਾਰ ਕਰੇ ਜਾਂ ਚਲਾਕੀ ਨਾਲ, ਪਰ ਉਸ ਦਾ ਮਕਸਦ ਇੱਕੋ ਹੈ। ਉਹ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਤੋੜਨਾ ਚਾਹੁੰਦਾ ਹੈ। ਉਹ ਦਾ ਦਾਅਵਾ ਹੈ ਕਿ ਜਦ ਬਿਪਤਾ ਸਾਡੇ ਉੱਤੇ ਆਵੇਗੀ, ਤਦ ਅਸੀਂ ਹਾਰ ਕੇ ਯਹੋਵਾਹ ਨੂੰ ਛੱਡ ਦੇਵਾਂਗੇ। ਤਾਂ ਫਿਰ ਤੁਸੀਂ ਸ਼ੈਤਾਨ ਨੂੰ ਝੂਠਾ ਸਾਬਤ ਕਰ ਕੇ ਅੱਯੂਬ ਵਾਂਗ ਵਫ਼ਾਦਾਰ ਕਿੱਦਾਂ ਰਹਿ ਸਕਦੇ ਹੋ?

 ਯਹੋਵਾਹ ਦੇ ਹੁਕਮਾਂ ’ਤੇ ਚੱਲੋ

17. ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਮੁੱਖ ਕਾਰਨ ਕੀ ਹੈ?

17 ਯਹੋਵਾਹ ਦੇ ਰਾਹਾਂ ’ਤੇ ਚੱਲ ਕੇ ਅਸੀਂ ਸ਼ੈਤਾਨ ਦੇ ਮਿਹਣਿਆਂ ਦਾ ਜਵਾਬ ਦੇ ਸਕਦੇ ਹਾਂ। ਬਾਈਬਲ ਕਹਿੰਦੀ ਹੈ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” (ਬਿਵਸਥਾ ਸਾਰ 6:5) ਜਿੱਦਾਂ-ਜਿੱਦਾਂ ਯਹੋਵਾਹ ਲਈ ਤੁਹਾਡਾ ਪਿਆਰ ਵਧਦਾ ਜਾਵੇਗਾ, ਉੱਦਾਂ-ਉੱਦਾਂ ਤੁਹਾਡੇ ਦਿਲ ਵਿਚ ਉਸ ਦੀ ਭਗਤੀ ਕਰਨ ਦੀ ਇੱਛਾ ਵਧਦੀ ਜਾਵੇਗੀ। ਯੂਹੰਨਾ ਰਸੂਲ ਨੇ ਲਿਖਿਆ ਸੀ ਕਿ “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ।” ਜੇ ਅਸੀਂ ਦਿਲੋਂ ਯਹੋਵਾਹ ਨਾਲ ਪਿਆਰ ਕਰਾਂਗੇ, ਤਾਂ ਸਾਨੂੰ “ਉਸ ਦੇ ਹੁਕਮ ਬੋਝ ਨਹੀਂ” ਲੱਗਣਗੇ।​—1 ਯੂਹੰਨਾ 5:3.

18, 19. (ੳ) ਯਹੋਵਾਹ ਦੇ ਕੁਝ ਹੁਕਮ ਕੀ ਹਨ? (“ ਯਹੋਵਾਹ ਵਾਂਗ ਇਨ੍ਹਾਂ ਚੀਜ਼ਾਂ ਤੋਂ ਨਫ਼ਰਤ ਕਰੋ” ਨਾਮਕ ਡੱਬੀ ਦੇਖੋ।) (ਅ) ਸਾਨੂੰ ਕਿੱਦਾਂ ਪਤਾ ਹੈ ਕਿ ਯਹੋਵਾਹ ਸਾਡੇ ਤੋਂ ਉਨ੍ਹਾਂ ਕੰਮਾਂ ਦੀ ਉਮੀਦ ਨਹੀਂ ਰੱਖਦਾ ਜੋ ਅਸੀਂ ਕਰ ਨਹੀਂ ਸਕਦੇ?

18 ਯਹੋਵਾਹ ਦੇ ਹੁਕਮ ਕੀ ਹਨ? ਇਨ੍ਹਾਂ ਹੁਕਮਾਂ ਵਿਚ ਅਜਿਹੀਆਂ ਗੱਲਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਮਿਸਾਲ ਲਈ, ਇਹ ਡੱਬੀ ਦੇਖੋ ਜਿਸ ਦਾ ਵਿਸ਼ਾ ਹੈ “ ਯਹੋਵਾਹ ਵਾਂਗ ਇਨ੍ਹਾਂ ਚੀਜ਼ਾਂ ਤੋਂ ਨਫ਼ਰਤ ਕਰੋ।” ਇਸ ਡੱਬੀ ਵਿਚ ਉਨ੍ਹਾਂ ਚੀਜ਼ਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਤੋਂ ਯਹੋਵਾਹ ਸਾਨੂੰ ਸਖ਼ਤੀ ਨਾਲ ਵਰਜਦਾ ਹੈ। ਸ਼ਾਇਦ ਤੁਸੀਂ ਇਹ ਗੱਲਾਂ ਪੜ੍ਹ ਕੇ ਸੋਚੋ ਕਿ ਇਨ੍ਹਾਂ ਵਿੱਚੋਂ ਕੁਝ ਤਾਂ ਇੰਨੀਆਂ ਬੁਰੀਆਂ ਨਹੀਂ ਹਨ। ਪਰ ਜਦੋਂ ਤੁਸੀਂ ਨਾਲ ਦੀਆਂ ਆਇਤਾਂ ਪੜ੍ਹ ਕੇ ਇਨ੍ਹਾਂ ’ਤੇ ਸੋਚ-ਵਿਚਾਰ ਕਰੋਗੇ, ਉਦੋਂ ਤੁਸੀਂ ਸਮਝ ਸਕੋਗੇ ਕਿ ਇਨ੍ਹਾਂ ਗੱਲਾਂ ਤੋਂ ਦੂਰ ਰਹਿਣ ਦਾ ਕਿੰਨਾ ਫ਼ਾਇਦਾ ਹੈ। ਜ਼ਿੰਦਗੀ ਵਿਚ ਤਬਦੀਲੀਆਂ ਕਰਨੀਆਂ ਸ਼ਾਇਦ ਸਾਨੂੰ ਬਹੁਤ ਮੁਸ਼ਕਲ ਲੱਗਣ, ਪਰ ਯਹੋਵਾਹ ਦੇ ਹੁਕਮਾਂ ਨੂੰ ਮੰਨਣ ਨਾਲ ਸਾਨੂੰ ਖ਼ੁਸ਼ੀ ਤੇ ਮਨ ਦੀ ਸ਼ਾਂਤੀ ਮਿਲੇਗੀ। (ਯਸਾਯਾਹ 48:17, 18) ਪਰ ਕੀ ਅਜਿਹੀਆਂ ਤਬਦੀਲੀਆਂ ਕਰਨੀਆਂ ਸੱਚ-ਮੁੱਚ ਮੁਮਕਿਨ ਹਨ?

19 ਯਾਦ ਰੱਖੋ ਕਿ ਯਹੋਵਾਹ ਸਾਡੇ ਤੋਂ ਅਜਿਹੇ ਕਿਸੇ ਕੰਮ ਦੀ ਉਮੀਦ ਨਹੀਂ ਰੱਖਦਾ ਜੋ ਅਸੀਂ ਕਰ ਨਹੀਂ ਸਕਦੇ। (ਬਿਵਸਥਾ ਸਾਰ 30:11-14 ਪੜ੍ਹੋ।) ਉਹ ਸਾਡੀ ਰਗ-ਰਗ ਤੋਂ ਵਾਕਫ਼ ਹੈ, ਇਸ ਲਈ ਉਹ ਜਾਣਦਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਕੀ ਨਹੀਂ। (ਜ਼ਬੂਰਾਂ ਦੀ ਪੋਥੀ 103:14) ਇਸ ਦੇ ਨਾਲ-ਨਾਲ ਸਹੀ ਰਾਹ ’ਤੇ ਚੱਲਣ ਵਿਚ ਯਹੋਵਾਹ ਸਾਨੂੰ ਹਿੰਮਤ ਵੀ ਬਖ਼ਸ਼ ਸਕਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਵਫ਼ਾਦਾਰ ਹੈ ਅਤੇ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ, ਸਗੋਂ ਪਰੀਖਿਆ ਦੇ ਵੇਲੇ ਉਹ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।” (1 ਕੁਰਿੰਥੀਆਂ 10:13) ਯਹੋਵਾਹ  ਸਾਨੂੰ ਅਜਿਹੀ “ਤਾਕਤ” ਦੇ ਸਕਦਾ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ” ਤਾਂਕਿ ਅਸੀਂ ਹਰ ਦੁੱਖ ਤੇ ਮੁਸ਼ਕਲ ਸਹਿ ਸਕੀਏ। (2 ਕੁਰਿੰਥੀਆਂ 4:7) ਪੌਲੁਸ ਨੇ ਵੀ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ, ਪਰ ਇਨ੍ਹਾਂ ਨੂੰ ਧੀਰਜ ਨਾਲ ਸਹਿਣ ਤੋਂ ਬਾਅਦ ਉਸ ਨੇ ਕਿਹਾ: “ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।”​—ਫ਼ਿਲਿੱਪੀਆਂ 4:13.

ਉਹ ਗੁਣ ਪੈਦਾ ਕਰੋ ਜੋ ਯਹੋਵਾਹ ਨੂੰ ਪਸੰਦ ਹਨ

20. ਸਾਨੂੰ ਕਿਹੜੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਹ ਕਿਉਂ ਜ਼ਰੂਰੀ ਹੈ?

20 ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਨ ਲਈ ਇੰਨਾ ਹੀ ਕਾਫ਼ੀ ਨਹੀਂ ਕਿ ਅਸੀਂ  ਉਨ੍ਹਾਂ ਕੰਮਾਂ ਤੋਂ ਦੂਰ ਰਹੀਏ ਜਿਨ੍ਹਾਂ ਤੋਂ ਯਹੋਵਾਹ ਘਿਣ ਕਰਦਾ ਹੈ, ਸਗੋਂ ਸਾਨੂੰ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਨ ਦੀ ਵੀ ਲੋੜ ਹੈ ਜਿਨ੍ਹਾਂ ਨਾਲ ਉਹ ਪਿਆਰ ਕਰਦਾ ਹੈ। (ਰੋਮੀਆਂ 12:9) ਜਿੱਦਾਂ ਅਸੀਂ ਸ਼ੁਰੂ ਵਿਚ ਕਿਹਾ ਸੀ, ਸਾਡੀ ਉਨ੍ਹਾਂ ਲੋਕਾਂ ਨਾਲ ਬੜੀ ਬਣਦੀ ਹੈ ਜਿਨ੍ਹਾਂ ਦੀ ਸੋਚ, ਪਸੰਦ ਅਤੇ ਕਦਰਾਂ-ਕੀਮਤਾਂ ਸਾਡੇ ਨਾਲ ਮਿਲਦੀਆਂ-ਜੁਲਦੀਆਂ ਹਨ। ਯਹੋਵਾਹ ਵੀ ਅਜਿਹੇ ਲੋਕਾਂ ਨੂੰ ਪਸੰਦ ਕਰਦਾ ਹੈ ਜਿਨ੍ਹਾਂ ਦੀ ਸੋਚਣੀ ਉਸ ਵਰਗੀ ਹੈ। ਤਾਂ ਫਿਰ ਉਨ੍ਹਾਂ ਗੱਲਾਂ ਨੂੰ ਪਿਆਰ ਕਰਨਾ ਸਿੱਖੋ ਜਿਨ੍ਹਾਂ ਨਾਲ ਯਹੋਵਾਹ ਪਿਆਰ ਕਰਦਾ ਹੈ। ਮਿਸਾਲ ਲਈ, ਜ਼ਬੂਰਾਂ ਦੀ ਪੋਥੀ ਦਾ 15ਵਾਂ ਅਧਿਆਇ ਪੜ੍ਹ ਕੇ ਦੇਖੋ ਕਿ ਯਹੋਵਾਹ ਕਿਹੋ ਜਿਹੀਆਂ ਗੱਲਾਂ ਨੂੰ ਪਸੰਦ ਕਰਦਾ ਹੈ। (ਜ਼ਬੂਰਾਂ ਦੀ ਪੋਥੀ 15:1-5 ਪੜ੍ਹੋ।) ਇਸ ਦੇ ਨਾਲ-ਨਾਲ ਯਹੋਵਾਹ ਦੇ ਵਫ਼ਾਦਾਰ ਸੇਵਕ ਉਸ ਵਰਗੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿੱਦਾਂ ਕਿ  “ਪਿਆਰ, ਖ਼ੁਸ਼ੀ, ਸ਼ਾਂਤੀ, ਸਹਿਣਸ਼ੀਲਤਾ, ਦਇਆ, ਭਲਾਈ, ਨਿਹਚਾ, ਨਰਮਾਈ, ਸੰਜਮ।”​—ਗਲਾਤੀਆਂ 5:22, 23.

21. ਚੰਗੇ ਗੁਣ ਪੈਦਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

21 ਜੇ ਅਸੀਂ ਯਹੋਵਾਹ ਵਰਗੇ ਗੁਣ ਪੈਦਾ ਕਰਨੇ ਚਾਹੁੰਦੇ ਹਾਂ, ਤਾਂ ਸਾਨੂੰ ਰੋਜ਼ ਉਸ ਦਾ ਬਚਨ ਪੜ੍ਹਨਾ ਚਾਹੀਦਾ ਹੈ। ਬਾਈਬਲ ਵਿੱਚੋਂ ਅਸੀਂ ਜਾਣਾਂਗੇ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ ਤਾਂਕਿ ਅਸੀਂ ਉਸ ਦੇ ਰਾਹਾਂ ਉੱਤੇ ਚੱਲ ਸਕੀਏ। (ਯਸਾਯਾਹ 30:20, 21) ਯਹੋਵਾਹ ਲਈ ਸਾਡਾ ਪਿਆਰ ਜਿੰਨਾ ਵਧੇਗਾ, ਉੱਨਾ ਹੀ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹਾਂਗੇ।

22. ਯਹੋਵਾਹ ਦੇ ਰਾਹ ਉੱਤੇ ਚੱਲਣ ਦਾ ਕੀ ਨਤੀਜਾ ਨਿਕਲੇਗਾ?

22 ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਮਿਹਨਤ ਕਰਨੀ ਪਵੇਗੀ। ਸਾਨੂੰ ਸ਼ਾਇਦ ਆਪਣੀ ਜ਼ਿੰਦਗੀ ਬਦਲਣੀ ਪਵੇ। ਸਾਨੂੰ ਸ਼ਾਇਦ ਮਾੜੀਆਂ ਆਦਤਾਂ ਛੱਡਣੀਆਂ ਪੈਣ। (ਕੁਲੁੱਸੀਆਂ 3:9, 10) ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਦੇ ਹੁਕਮਾਂ ਬਾਰੇ ਕਿਹਾ ਸੀ ਕਿ “ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ।” (ਜ਼ਬੂਰਾਂ ਦੀ ਪੋਥੀ 19:11) ਯਹੋਵਾਹ ਦੇ ਹੁਕਮਾਂ ਨੂੰ ਮੰਨਣ ਨਾਲ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਇਸ ਦੇ ਨਾਲ-ਨਾਲ ਤੁਸੀਂ ਯਹੋਵਾਹ ਦੇ ਰਾਹ ’ਤੇ ਚੱਲ ਕੇ ਸ਼ੈਤਾਨ ਦੇ ਮਿਹਣੇ ਦਾ ਮੂੰਹ-ਤੋੜ ਜਵਾਬ ਦੇ ਸਕੋਗੇ ਅਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਸਕੋਗੇ!

^ ਪੈਰਾ 16 ਇਸ ਦਾ ਇਹ ਮਤਲਬ ਨਹੀਂ ਕਿ ਜਿਹੜੇ ਲੋਕ ਤੁਹਾਡਾ ਵਿਰੋਧ ਕਰਦੇ ਹਨ, ਉਹ ਸਭ ਸ਼ੈਤਾਨ ਦੇ ਇਸ਼ਾਰਿਆਂ ’ਤੇ ਨੱਚਦੇ ਹਨ। ਪਰ ਅਸੀਂ ਜਾਣਦੇ ਹਾਂ ਕਿ ਸਾਰੀ ਦੁਨੀਆਂ ਉੱਤੇ ਸ਼ੈਤਾਨ ਦਾ ਰਾਜ ਚੱਲ ਰਿਹਾ ਹੈ। (2 ਕੁਰਿੰਥੀਆਂ 4:4; 1 ਯੂਹੰਨਾ 5:19) ਇਸ ਲਈ ਜਦੋਂ ਅਸੀਂ ਯਹੋਵਾਹ ਦੇ ਰਾਹਾਂ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਅਸੀਂ ਅਜਿਹੀ ਵਿਰੋਧਤਾ ਦੀ ਉਮੀਦ ਰੱਖ ਸਕਦੇ ਹਾਂ।