Skip to content

Skip to table of contents

 ਚੌਦ੍ਹਵਾਂ ਅਧਿਆਇ

ਹਰ ਕੰਮ ਈਮਾਨਦਾਰੀ ਨਾਲ ਕਰੋ

ਹਰ ਕੰਮ ਈਮਾਨਦਾਰੀ ਨਾਲ ਕਰੋ

“ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।”​—ਇਬਰਾਨੀਆਂ 13:18.

1, 2. ਸਾਡੀ ਈਮਾਨਦਾਰੀ ਦੇਖ ਕੇ ਯਹੋਵਾਹ ਨੂੰ ਕਿਉਂ ਖ਼ੁਸ਼ੀ ਹੁੰਦੀ ਹੈ? ਉਦਾਹਰਣ ਦੇ ਕੇ ਸਮਝਾਓ।

ਇਕ ਮਾਂ ਅਤੇ ਉਸ ਦਾ ਮੁੰਡਾ ਦੁਕਾਨੋਂ ਬਾਹਰ ਨਿਕਲਦੇ ਹਨ। ਅਚਾਨਕ ਮੁੰਡਾ ਖੜ੍ਹ ਜਾਂਦਾ ਹੈ। ਉਹ ਡਰ ਨਾਲ ਸਹਿਮਿਆ ਮਾਂ ਅੱਗੇ ਰੋਣ ਲੱਗ ਪੈਂਦਾ ਹੈ। ਉਸ ਨੇ ਦੁਕਾਨ ਵਿੱਚੋਂ ਇਕ ਖਿਡੌਣਾ ਚੁੱਕ ਲਿਆ ਸੀ। ਉਹ ਉਸ ਨੂੰ ਵਾਪਸ ਰੱਖਣਾ ਭੁੱਲ ਗਿਆ ਸੀ ਜਾਂ ਉਸ ਨੂੰ ਯਾਦ ਨਹੀਂ ਰਿਹਾ ਕਿ ਉਹ ਆਪਣੀ ਮੰਮੀ ਨੂੰ ਇਹ ਖਿਡੌਣਾ ਖ਼ਰੀਦਣ ਵਾਸਤੇ ਕਹੇ। ਮਾਂ ਬੱਚੇ ਨੂੰ ਪਿਆਰ ਨਾਲ ਚੁੱਪ ਕਰਾਉਂਦੀ ਹੈ ਅਤੇ ਉਸ ਨੂੰ ਖਿਡੌਣਾ ਵਾਪਸ ਕਰਨ ਅਤੇ ਦੁਕਾਨਦਾਰ ਤੋਂ ਮਾਫ਼ੀ ਮੰਗਣ ਲਈ ਦੁਕਾਨ ਵਿਚ ਲੈ ਜਾਂਦੀ ਹੈ। ਮੁੰਡਾ ਖਿਡੌਣਾ ਵਾਪਸ ਕਰ ਕੇ ਦੁਕਾਨਦਾਰ ਤੋਂ ਮਾਫ਼ੀ ਮੰਗਦਾ ਹੈ। ਇਹ ਦੇਖ ਕੇ ਮਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਅਤੇ ਮਾਣ ਨਾਲ ਉਸ ਦਾ ਸਿਰ ਉੱਚਾ ਹੋ ਜਾਂਦਾ ਹੈ। ਕਿਉਂ?

2 ਮਾਂ-ਬਾਪ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਈਮਾਨਦਾਰੀ ਸਿੱਖ ਰਹੇ ਹਨ। ਇਸੇ ਤਰ੍ਹਾਂ ਸਾਡੀ ਈਮਾਨਦਾਰੀ ਦੇਖ ਕੇ ਸਾਡੇ ਪਿਤਾ ਯਹੋਵਾਹ ਨੂੰ ਵੀ ਖ਼ੁਸ਼ੀ ਹੁੰਦੀ ਹੈ ਕਿਉਂਕਿ ਉਹ ‘ਸਚਿਆਈ ਦਾ ਪਰਮੇਸ਼ੁਰ’ ਹੈ। (ਜ਼ਬੂਰਾਂ ਦੀ ਪੋਥੀ 31:5) ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ ਅਤੇ ਉਸ ਨਾਲ ਆਪਣਾ ਪਿਆਰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਇਸ ਲਈ ਪੌਲੁਸ ਰਸੂਲ ਵਾਂਗ “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।” (ਇਬਰਾਨੀਆਂ 13:18) ਆਓ ਆਪਾਂ ਜ਼ਿੰਦਗੀ ਦੇ ਚਾਰ ਮੁੱਖ ਪਹਿਲੂਆਂ ਉੱਤੇ ਗੌਰ ਕਰੀਏ ਜਿਨ੍ਹਾਂ ਵਿਚ ਸਾਡੇ ਲਈ ਈਮਾਨਦਾਰ ਰਹਿਣਾ ਕਈ ਵਾਰ ਮੁਸ਼ਕਲ ਹੋ ਸਕਦਾ ਹੈ। ਇਸ ਤੋਂ ਬਾਅਦ ਆਪਾਂ ਈਮਾਨਦਾਰ ਰਹਿਣ ਦੇ ਫ਼ਾਇਦਿਆਂ ਉੱਤੇ ਵੀ ਚਰਚਾ ਕਰਾਂਗੇ।

 ਈਮਾਨਦਾਰੀ ਨਾਲ ਆਪਣੀ ਜਾਂਚ ਕਰੋ

3-5. (ੳ) ਬਾਈਬਲ ਸਾਨੂੰ ਆਪਣੇ ਆਪ ਨੂੰ ਧੋਖਾ ਦੇਣ ਦੇ ਖ਼ਤਰੇ ਤੋਂ ਕਿਵੇਂ ਖ਼ਬਰਦਾਰ ਕਰਦੀ ਹੈ? (ਅ) ਈਮਾਨਦਾਰੀ ਨਾਲ ਆਪਣੀ ਜਾਂਚ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?

3 ਪਾਪੀ ਹੋਣ ਕਰਕੇ ਆਪਣੇ ਆਪ ਨੂੰ ਧੋਖਾ ਦੇਣਾ ਆਸਾਨ ਹੈ। ਮਿਸਾਲ ਲਈ, ਯਿਸੂ ਨੇ ਲਾਉਦਿਕੀਆ ਦੇ ਮਸੀਹੀਆਂ ਨੂੰ ਕਿਹਾ ਸੀ ਕਿ ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਸਨ ਕਿ ਉਹ ਅਮੀਰ ਸਨ, ਪਰ ਅਸਲ ਵਿਚ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ‘ਗ਼ਰੀਬ, ਅੰਨ੍ਹੇ ਅਤੇ ਨੰਗੇ’ ਸਨ। (ਪ੍ਰਕਾਸ਼ ਦੀ ਕਿਤਾਬ 3:17) ਉਨ੍ਹਾਂ ਦੀ ਹਾਲਤ ਪਹਿਲਾਂ ਹੀ ਬਹੁਤ ਤਰਸਯੋਗ ਸੀ, ਪਰ ਆਪਣੇ ਆਪ ਨੂੰ ਧੋਖਾ ਦੇਣ ਕਰਕੇ ਇਹ ਹੋਰ ਵੀ ਖ਼ਰਾਬ ਹੋ ਗਈ ਸੀ।

4 ਤੁਹਾਨੂੰ ਯਾਕੂਬ ਦੀ ਇਹ ਚੇਤਾਵਨੀ ਤਾਂ ਯਾਦ ਹੋਣੀ: “ਜਿਹੜਾ ਇਨਸਾਨ ਇਹ ਸੋਚਦਾ ਹੈ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਦਾ ਹੈ, ਪਰ ਆਪਣੀ ਜ਼ਬਾਨ ਨੂੰ ਕੱਸ ਕੇ ਲਗਾਮ ਨਹੀਂ ਪਾਉਂਦਾ, ਤਾਂ ਉਹ ਆਪਣੇ ਹੀ ਦਿਲ ਨੂੰ ਧੋਖਾ ਦਿੰਦਾ ਹੈ ਅਤੇ ਉਸ ਦੀ ਭਗਤੀ ਵਿਅਰਥ ਹੈ।” (ਯਾਕੂਬ 1:26) ਜੇ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਜੋ ਮੂੰਹ ਆਏ ਕਹਿ ਸਕਦੇ ਹਾਂ ਅਤੇ ਯਹੋਵਾਹ ਸਾਡੀ ਭਗਤੀ ਨੂੰ ਸਵੀਕਾਰ ਕਰੇਗਾ, ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਯਹੋਵਾਹ ਦੀਆਂ ਨਜ਼ਰਾਂ ਵਿਚ ਸਾਡੀ ਭਗਤੀ ਵਿਅਰਥ ਹੋਵੇਗੀ। ਅਸੀਂ ਇਹ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹਾਂ?

5 ਯਾਕੂਬ ਨੇ ਚੇਤਾਵਨੀ ਦੇਣ ਤੋਂ ਪਹਿਲਾਂ ਪਰਮੇਸ਼ੁਰ ਦੇ ਬਚਨ ਦੀ ਤੁਲਨਾ ਸ਼ੀਸ਼ੇ ਨਾਲ ਕੀਤੀ ਸੀ। (ਯਾਕੂਬ 1:23-25 ਪੜ੍ਹੋ।) ਉਸ ਨੇ ਸਾਨੂੰ ਸਲਾਹ ਦਿੱਤੀ ਕਿ ਅਸੀਂ ਪਰਮੇਸ਼ੁਰ ਦੇ ਨਿਯਮਾਂ ਅਤੇ ਅਸੂਲਾਂ ਮੁਤਾਬਕ ਈਮਾਨਦਾਰੀ ਨਾਲ ਆਪਣੀ ਜਾਂਚ ਕਰੀਏ ਅਤੇ ਆਪਣੇ ਅੰਦਰ ਤਬਦੀਲੀਆਂ ਕਰੀਏ। (ਵਿਰਲਾਪ 3:40; ਹੱਜਈ 1:5) ਅਸੀਂ ਯਹੋਵਾਹ ਨੂੰ ਵੀ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਡੀ ਜਾਂਚ ਕਰੇ ਅਤੇ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਦੇਖਣ ਅਤੇ ਦੂਰ ਕਰਨ ਵਿਚ ਮਦਦ ਦੇਵੇ। (ਜ਼ਬੂਰਾਂ ਦੀ ਪੋਥੀ 139:23, 24) ਜੇ ਅਸੀਂ ਆਪਣੀ ਜਾਂਚ ਈਮਾਨਦਾਰੀ ਨਾਲ ਨਹੀਂ ਕਰਦੇ, ਤਾਂ ਅਸੀਂ ਖ਼ੁਦ ਨਾਲ ਬੇਈਮਾਨੀ ਕਰਦੇ ਹਾਂ। ਤਾਂ ਫਿਰ ਯਹੋਵਾਹ ਸਾਡੇ ਬਾਰੇ ਕੀ ਸੋਚੇਗਾ? ਬਾਈਬਲ ਵਿਚ ਲਿਖਿਆ ਹੈ: “ਯਹੋਵਾਹ ਕਪਟੀ ਲੋਕਾਂ ਨੂੰ ਨਫ਼ਰਤ ਕਰਦਾ ਹੈ, ਪਰ ਆਪਣੀ ਦੋਸਤੀ ਉਹਨਾਂ ਲੋਕਾਂ ਵੱਲ ਵਧਾਉਂਦਾ ਹੈ ਜੋ ਇਮਾਨਦਾਰ ਹਨ।” (ਕਹਾਉਤਾਂ 3:32, ERV) ਯਹੋਵਾਹ ਬੇਈਮਾਨੀ ਨਾਲ ਨਫ਼ਰਤ ਕਰਨ ਅਤੇ ਈਮਾਨਦਾਰੀ ਨਾਲ ਆਪਣੀ ਜਾਂਚ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ।  ਯਾਦ ਰੱਖੋ ਪੌਲੁਸ ਨੇ ਕਿਹਾ ਸੀ: “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।” ਭਾਵੇਂ ਸਾਡੇ ਲਈ ਹੁਣ ਪੂਰੀ ਤਰ੍ਹਾਂ ਈਮਾਨਦਾਰ ਬਣਨਾ ਸੰਭਵ ਨਹੀਂ ਹੈ, ਪਰ ਅਸੀਂ ਈਮਾਨਦਾਰ ਬਣਨ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ।

ਘਰ ਵਿਚ ਈਮਾਨਦਾਰੀ ਨਾਲ ਪੇਸ਼ ਆਓ

ਈਮਾਨਦਾਰ ਰਹਿਣ ਕਰਕੇ ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੇ ਜੋ ਸਾਨੂੰ ਲੁਕਾਉਣਾ ਪਵੇ

6. ਪਤੀ-ਪਤਨੀ ਨੂੰ ਇਕ-ਦੂਜੇ ਨਾਲ ਈਮਾਨਦਾਰੀ ਨਾਲ ਕਿਉਂ ਪੇਸ਼ ਆਉਣਾ ਚਾਹੀਦਾ ਹੈ ਅਤੇ ਇਸ ਕਰਕੇ ਉਹ ਕਿਹੜੇ ਗ਼ਲਤ ਕੰਮਾਂ ਤੋਂ ਬਚੇ ਰਹਿਣਗੇ?

6 ਈਮਾਨਦਾਰੀ ਮਸੀਹੀ ਪਰਿਵਾਰਾਂ ਦੀ ਪਛਾਣ ਹੋਣੀ ਚਾਹੀਦੀ ਹੈ। ਪਤੀ-ਪਤਨੀ ਨੂੰ ਇਕ-ਦੂਜੇ ਨਾਲ ਈਮਾਨਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਕਿਸੇ ਹੋਰ ਨਾਲ ਫਲਰਟ ਕਰਨ, ਇੰਟਰਨੈੱਟ ਉੱਤੇ ਚੋਰੀ-ਛੁਪੇ ਦੂਸਰਿਆਂ ਨਾਲ ਗ਼ਲਤ ਰਿਸ਼ਤਾ ਜੋੜਨ ਜਾਂ ਪੋਰਨੋਗ੍ਰਾਫੀ ਦੇਖਣ ਵਰਗੇ ਗੰਦੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਈ ਵਿਆਹੇ ਮਸੀਹੀਆਂ ਨੇ ਅਜਿਹੇ ਗ਼ਲਤ ਕੰਮ ਕੀਤੇ ਹਨ ਅਤੇ ਇਨ੍ਹਾਂ ਨੂੰ ਲੁਕੋ ਕੇ ਆਪਣੇ ਜੀਵਨ ਸਾਥੀ ਨਾਲ ਬੇਈਮਾਨੀ ਕੀਤੀ ਹੈ। ਵਫ਼ਾਦਾਰ ਰਾਜਾ ਦਾਊਦ ਦੇ ਸ਼ਬਦਾਂ ਵੱਲ ਧਿਆਨ ਦਿਓ: “ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ, ਨਾ ਮੈਂ ਕਪਟੀਆਂ ਦੇ ਨਾਲ ਅੰਦਰ ਜਾਵਾਂਗਾ।” (ਜ਼ਬੂਰਾਂ ਦੀ ਪੋਥੀ 26:4) ਜੇ ਤੁਸੀਂ ਵਿਆਹੇ ਹੋ, ਤਾਂ ਅਜਿਹਾ ਕੋਈ ਕੰਮ ਨਾ ਕਰੋ ਜੋ ਤੁਹਾਨੂੰ ਆਪਣੇ ਸਾਥੀ ਤੋਂ ਲੁਕਾਉਣਾ ਪਵੇ।

7, 8. ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਦੀ ਮਦਦ ਨਾਲ ਬੱਚਿਆਂ ਨੂੰ ਈਮਾਨਦਾਰੀ ਦੀ ਸਿੱਖਿਆ ਦਿੱਤੀ ਜਾ ਸਕਦੀ ਹੈ?

7 ਬਾਈਬਲ ਵਿਚ ਦਿੱਤੀਆਂ ਉਦਾਹਰਣਾਂ ਦੀ ਮਦਦ ਨਾਲ ਮਾਂ-ਬਾਪ ਆਪਣੇ ਬੱਚਿਆਂ ਨੂੰ ਈਮਾਨਦਾਰ ਬਣਨ ਦੀ ਸਿੱਖਿਆ ਦੇ ਸਕਦੇ ਹਨ। ਬਾਈਬਲ ਵਿਚ ਕੁਝ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਹੜੇ ਬੇਈਮਾਨ ਹੋ ਗਏ ਸਨ। ਮਿਸਾਲ ਲਈ, ਆਕਾਨ ਨੇ ਚੋਰੀ ਕੀਤੀ ਸੀ ਅਤੇ ਇਸ ਨੂੰ ਲੁਕੋਇਆ ਸੀ। ਗੇਹਾਜੀ ਨੇ ਪੈਸਿਆਂ ਅਤੇ ਚੀਜ਼ਾਂ ਦੇ ਲਾਲਚ ਵਿਚ ਝੂਠ  ਬੋਲਿਆ ਸੀ। ਯਹੂਦਾਹ ਪੈਸੇ ਚੋਰੀ ਕਰਦਾ ਹੁੰਦਾ ਸੀ ਅਤੇ ਉਸ ਨੇ ਯਿਸੂ ਨਾਲ ਦਗ਼ਾ ਕੀਤਾ ਸੀ।​—ਯਹੋਸ਼ੁਆ 6:17-19; 7:11-25; 2 ਰਾਜਿਆਂ 5:14-16, 20-27; ਮੱਤੀ 26:14, 15; ਯੂਹੰਨਾ 12:6.

8 ਬਾਈਬਲ ਵਿਚ ਅਜਿਹੇ ਲੋਕਾਂ ਦੀਆਂ ਮਿਸਾਲਾਂ ਵੀ ਹਨ ਜਿਨ੍ਹਾਂ ਨੇ ਈਮਾਨਦਾਰੀ ਤੋਂ ਕੰਮ ਲਿਆ ਸੀ। ਮਿਸਾਲ ਲਈ, ਯਾਕੂਬ ਨੇ ਆਪਣੇ ਮੁੰਡਿਆਂ ਨੂੰ ਕਿਹਾ ਸੀ ਕਿ ਉਹ ਬੋਰਿਆਂ ਵਿੱਚੋਂ ਮਿਲੇ ਪੈਸੇ ਮੋੜ ਦੇਣ ਕਿਉਂਕਿ ਉਸ ਨੇ ਸੋਚਿਆ ਕਿ ਇਹ ਗ਼ਲਤੀ ਨਾਲ ਉਨ੍ਹਾਂ ਵਿਚ ਰੱਖੇ ਗਏ ਸਨ। ਯਿਫ਼ਤਾਹ ਦੀ ਧੀ ਨੇ ਯਹੋਵਾਹ ਨਾਲ ਕੀਤਾ ਵਾਅਦਾ ਨਿਭਾਉਣ ਵਿਚ ਆਪਣੇ ਪਿਤਾ ਦੀ ਮਦਦ ਕੀਤੀ ਸੀ ਭਾਵੇਂ ਉਸ ਨੂੰ ਵਿਆਹ ਕਰਾਉਣ ਦੀ ਆਪਣੀ ਇੱਛਾ ਨੂੰ ਦਬਾਉਣਾ ਪਿਆ ਸੀ। ਯਿਸੂ ਨੇ ਭਵਿੱਖਬਾਣੀ ਦੀ ਪੂਰਤੀ ਕਰਨ ਲਈ ਅਤੇ ਆਪਣੇ ਚੇਲਿਆਂ ਨੂੰ ਬਚਾਉਣ ਦੀ ਖ਼ਾਤਰ ਆਪਣੇ ਆਪ ਨੂੰ ਸਿਪਾਹੀਆਂ ਦੇ ਹਵਾਲੇ ਕਰ ਦਿੱਤਾ ਸੀ। (ਉਤਪਤ 43:12; ਨਿਆਈਆਂ 11:30-40; ਯੂਹੰਨਾ 18:3-11) ਈਮਾਨਦਾਰੀ ਦੀਆਂ ਇਹ ਤਾਂ ਕੁਝ ਹੀ ਉਦਾਹਰਣਾਂ ਹਨ। ਬਾਈਬਲ ਵਿਚ ਹੋਰ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਨੂੰ ਈਮਾਨਦਾਰੀ ਦੀ ਸਿੱਖਿਆ ਦੇ ਸਕਦੇ ਹਨ।

9. ਆਪਣੇ ਬੱਚਿਆਂ ਨੂੰ ਈਮਾਨਦਾਰੀ ਸਿਖਾਉਣ ਲਈ ਮਾਂ-ਬਾਪ ਨੂੰ ਕੀ ਨਹੀਂ ਕਰਨਾ ਚਾਹੀਦਾ ਅਤੇ ਕਿਉਂ?

9 ਬੱਚਿਆਂ ਨੂੰ ਈਮਾਨਦਾਰ ਬਣਾਉਣ ਲਈ ਮਾਪਿਆਂ ਨੂੰ ਆਪ ਵੀ ਈਮਾਨਦਾਰ ਬਣਨਾ ਪਵੇਗਾ। ਪੌਲੁਸ ਰਸੂਲ ਨੇ ਪੁੱਛਿਆ: “ਤੂੰ ਇਹ ਸਭ ਕੁਝ ਹੋਰਾਂ ਨੂੰ ਤਾਂ ਸਿਖਾਉਂਦਾ ਹੈਂ, ਪਰ ਕੀ ਤੂੰ ਆਪ ਨੂੰ ਸਿਖਾਉਂਦਾ ਹੈਂ? ਤੂੰ ਦੂਜਿਆਂ ਨੂੰ ਸਿੱਖਿਆ ਦਿੰਦਾ ਹੈਂ, “ਚੋਰੀ ਨਾ ਕਰ,” ਪਰ ਕੀ ਤੂੰ ਆਪ ਚੋਰੀ ਕਰਦਾ ਹੈਂ?” (ਰੋਮੀਆਂ 2:21) ਕਈ ਮਾਂ-ਬਾਪ ਆਪਣੇ ਬੱਚਿਆਂ ਨੂੰ ਈਮਾਨਦਾਰੀ ਦੀ ਸਿੱਖਿਆ ਤਾਂ ਦਿੰਦੇ ਹਨ, ਪਰ ਆਪ ਬੇਈਮਾਨੀਆਂ ਕਰਦੇ ਹਨ। ਉਹ ਛੋਟੀਆਂ-ਮੋਟੀਆਂ ਚੋਰੀਆਂ ਜਾਂ ਝੂਠ ਦੀ ਸਫ਼ਾਈ ਪੇਸ਼ ਕਰਦਿਆਂ ਸ਼ਾਇਦ ਕਹਿਣ ਕਿ “ਸਾਰੇ ਹੀ ਚੁੱਕਦੇ ਆ” ਜਾਂ “ਮਾੜਾ-ਮੋਟਾ ਤਾਂ ਝੂਠ ਬੋਲਣਾ ਹੀ ਪੈਂਦਾ।” ਅਸਲ ਵਿਚ, ਚੋਰੀ ਭਾਵੇਂ ਕੱਖ ਦੀ ਹੋਵੇ ਭਾਵੇਂ ਲੱਖ ਦੀ, ਚੋਰੀ ਚੋਰੀ ਹੁੰਦੀ ਹੈ। ਇੱਦਾਂ ਹੀ ਝੂਠ ਝੂਠ ਹੀ ਹੁੰਦਾ ਹੈ, ਭਾਵੇਂ ਛੋਟਾ ਹੋਵੇ ਭਾਵੇਂ ਵੱਡਾ। * (ਲੂਕਾ 16:10 ਪੜ੍ਹੋ।) ਬੱਚਿਆਂ ਨੂੰ ਝੱਟ ਆਪਣੇ ਮਾਪਿਆਂ ਦੀ ਕਹਿਣੀ ਤੇ ਕਰਨੀ  ਵਿਚ ਫ਼ਰਕ ਨਜ਼ਰ ਆ ਜਾਂਦਾ ਹੈ ਅਤੇ ਉਹ ਵੀ ਉਨ੍ਹਾਂ ਵਰਗੇ ਬਣ ਜਾਂਦੇ ਹਨ। (ਅਫ਼ਸੀਆਂ 6:4) ਪਰ, ਜਦੋਂ ਮਾਂ-ਬਾਪ ਆਪਣੇ ਬੱਚਿਆਂ ਸਾਮ੍ਹਣੇ ਈਮਾਨਦਾਰੀ ਦੀ ਚੰਗੀ ਮਿਸਾਲ ਰੱਖਦੇ ਹਨ, ਤਾਂ ਬੱਚੇ ਵੀ ਵੱਡੇ ਹੋ ਕੇ ਇਸ ਬੇਈਮਾਨ ਦੁਨੀਆਂ ਵਿਚ ਰਹਿੰਦਿਆਂ ਈਮਾਨਦਾਰ ਬਣਨਗੇ ਅਤੇ ਯਹੋਵਾਹ ਦੀ ਮਹਿਮਾ ਕਰਨਗੇ।​—ਕਹਾਉਤਾਂ 22:6.

ਮੰਡਲੀ ਵਿਚ ਈਮਾਨਦਾਰੀ ਤੋਂ ਕੰਮ ਲਓ

10. ਭੈਣਾਂ-ਭਰਾਵਾਂ ਨਾਲ ਗੱਲ ਕਰਨ ਲੱਗਿਆਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

10 ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਈਮਾਨਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਜਿਵੇਂ ਅਸੀਂ ਬਾਰ੍ਹਵੇਂ ਅਧਿਆਇ ਵਿਚ ਦੇਖਿਆ ਸੀ, ਸਾਨੂੰ ਸੋਚ-ਸਮਝ ਕੇ ਬੋਲਣ ਦੀ ਲੋੜ ਹੈ, ਖ਼ਾਸ ਕਰਕੇ ਆਪਣੇ ਭੈਣਾਂ-ਭਰਾਵਾਂ ਨਾਲ। ਹੋ ਸਕਦਾ ਹੈ ਕਿ ਅਸੀਂ ਗੱਪ-ਸ਼ੱਪ ਮਾਰਦੇ ਹੋਏ ਦੂਜਿਆਂ ਬਾਰੇ ਚੁਗ਼ਲੀਆਂ ਕਰਨ ਅਤੇ ਤੁਹਮਤਾਂ ਲਾਉਣ ਲੱਗ ਪਈਏ। ਜੇ ਅਸੀਂ ਕੋਈ ਸੁਣੀ-ਸੁਣਾਈ ਗੱਲ ਅੱਗੋਂ ਕਿਸੇ ਨੂੰ ਦੱਸਦੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਝੂਠੀਆਂ ਗੱਲਾਂ ਫੈਲਾ ਰਹੇ ਹਾਂ। ਇਸ ਲਈ ਆਪਣਾ ਮੂੰਹ ਬੰਦ ਰੱਖਣਾ ਹੀ ਚੰਗਾ ਹੋਵੇਗਾ। (ਕਹਾਉਤਾਂ 10:19) ਦੂਜੇ ਪਾਸੇ, ਜੇ ਸਾਨੂੰ ਪਤਾ ਹੈ ਕਿ ਗੱਲ ਸੱਚੀ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕੋਠੇ ਚੜ੍ਹ ਕੇ ਰੌਲਾ ਪਾ ਦੇਈਏ। ਕਿਸੇ ਦੇ ਮਾਮਲੇ ਵਿਚ ਲੱਤ ਅੜਾਉਣੀ ਜਾਂ ਉਸ ਬਾਰੇ ਗੱਲ ਕਰਨੀ ਠੀਕ ਨਹੀਂ ਹੈ। (1 ਥੱਸਲੁਨੀਕੀਆਂ 4:11; 1 ਪਤਰਸ 4:15) ਜੇ ਅਸੀਂ ਕਿਸੇ ਨੂੰ ਸੱਚੀ ਗੱਲ ਕਹਿਣੀ ਵੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਗੱਲ ਸਿੱਧੀ ਮੂੰਹ ’ਤੇ ਕਹਿ ਦੇਈਏ। ਇਸ ਦੀ ਬਜਾਇ, ਸੱਚੀ ਗੱਲ ਕਹਿਣ ਲੱਗਿਆਂ ਵੀ ਸਾਡੇ ਲਹਿਜੇ ਵਿਚ ਮਿਠਾਸ ਹੋਣੀ ਚਾਹੀਦੀ ਹੈ।​—ਕੁਲੁੱਸੀਆਂ 4:6 ਪੜ੍ਹੋ।

11, 12. (ੳ) ਗੰਭੀਰ ਗ਼ਲਤੀਆਂ ਕਰਨ ਵਾਲੇ ਕੁਝ ਮਸੀਹੀ ਕੀ ਕਰ ਕੇ ਆਪਣੀ ਸਮੱਸਿਆ ਹੋਰ ਵਧਾ ਲੈਂਦੇ ਹਨ? (ਅ) ਪਾਪ ਬਾਰੇ ਸ਼ੈਤਾਨ ਕਿਹੜੇ ਕੁਝ ਝੂਠ ਫੈਲਾਉਂਦਾ ਹੈ ਅਤੇ ਅਸੀਂ ਕਿਵੇਂ ਉਸ ਦੇ ਧੋਖੇ ਵਿਚ ਆਉਣ ਤੋਂ ਬਚ ਸਕਦੇ ਹਾਂ? (ੲ) ਅਸੀਂ ਯਹੋਵਾਹ ਦੇ ਸੰਗਠਨ ਨਾਲ ਈਮਾਨਦਾਰੀ ਨਾਲ ਕਿਵੇਂ ਪੇਸ਼ ਆ ਸਕਦੇ ਹਾਂ?

 11 ਸਾਡੇ ਲਈ ਮੰਡਲੀ ਦੇ ਬਜ਼ੁਰਗਾਂ ਨਾਲ ਈਮਾਨਦਾਰੀ ਨਾਲ ਪੇਸ਼ ਆਉਣਾ ਬਹੁਤ ਜ਼ਰੂਰੀ ਹੈ। ਕੁਝ ਮਸੀਹੀ ਗੰਭੀਰ ਗ਼ਲਤੀਆਂ ਕਰਦੇ ਹਨ ਅਤੇ ਫਿਰ ਇਨ੍ਹਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਸਮੱਸਿਆ ਹੋਰ ਵਧਾ ਲੈਂਦੇ ਹਨ। ਗ਼ਲਤੀਆਂ ਬਾਰੇ ਪੁੱਛੇ ਜਾਣ ’ਤੇ ਉਹ ਬਜ਼ੁਰਗਾਂ ਨੂੰ ਝੂਠ ਬੋਲਦੇ ਹਨ। ਅਜਿਹੇ ਇਨਸਾਨ ਦੋਗਲੀ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੰਦੇ ਹਨ। ਇਕ ਪਾਸੇ ਤਾਂ ਉਹ ਯਹੋਵਾਹ ਦੀ ਸੇਵਾ ਕਰਨ ਦਾ ਦਿਖਾਵਾ ਕਰਦੇ ਹਨ, ਪਰ ਦੂਜੇ ਪਾਸੇ ਪਾਪ ਕਰਦੇ ਰਹਿੰਦੇ ਹਨ। ਅਜਿਹੇ ਬੰਦੇ ਦੀ ਜ਼ਿੰਦਗੀ ਝੂਠ ਦੇ ਸਹਾਰੇ ਹੀ ਚੱਲਦੀ ਹੈ। (ਜ਼ਬੂਰਾਂ ਦੀ ਪੋਥੀ 12:2) ਕਈ ਹੋਰ ਮਸੀਹੀ ਕਿਸੇ ਮਾਮਲੇ ਬਾਰੇ ਬਜ਼ੁਰਗਾਂ ਨੂੰ ਪੂਰੀ ਗੱਲ ਨਹੀਂ ਦੱਸਦੇ ਅਤੇ ਜ਼ਰੂਰੀ ਗੱਲਾਂ ਲੁਕੋ ਲੈਂਦੇ ਹਨ। (ਰਸੂਲਾਂ ਦੇ ਕੰਮ 5:1-11) ਉਹ ਆਮ ਤੌਰ ਤੇ ਇਹ ਬੇਈਮਾਨੀ ਇਸ ਲਈ ਕਰਦੇ ਹਨ ਕਿਉਂਕਿ ਉਹ ਸ਼ੈਤਾਨ ਦੁਆਰਾ ਫੈਲਾਏ ਝੂਠਾਂ ਉੱਤੇ ਵਿਸ਼ਵਾਸ ਕਰਦੇ ਹਨ।​—“ ਪਾਪ ਬਾਰੇ ਫੈਲਾਏ ਸ਼ੈਤਾਨ ਦੇ ਝੂਠ” ਨਾਮਕ ਡੱਬੀ ਦੇਖੋ।

12 ਆਪਣੇ ਬਾਰੇ ਜਾਣਕਾਰੀ ਦੇਣ ਲੱਗਿਆਂ ਸਾਨੂੰ ਯਹੋਵਾਹ ਦੇ ਸੰਗਠਨ ਨਾਲ ਵੀ ਈਮਾਨਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਮਿਸਾਲ ਲਈ, ਜਦੋਂ ਅਸੀਂ ਹਰ ਮਹੀਨੇ ਆਪਣੇ ਪ੍ਰਚਾਰ ਦੀ ਰਿਪੋਰਟ ਦਿੰਦੇ ਹਾਂ, ਤਾਂ ਸਾਨੂੰ ਸਹੀ ਰਿਪੋਰਟ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਪਾਇਨੀਅਰੀ ਜਾਂ ਹੋਰ ਸੇਵਾ ਵਾਸਤੇ ਫਾਰਮ ਭਰਦਿਆਂ ਸਾਨੂੰ ਆਪਣੀ ਸਿਹਤ ਜਾਂ ਹੋਰ ਮਾਮਲਿਆਂ ਬਾਰੇ ਸੱਚ-ਸੱਚ ਦੱਸਣਾ ਚਾਹੀਦਾ ਹੈ।​—ਕਹਾਉਤਾਂ 6:16-19 ਪੜ੍ਹੋ।

13. ਭੈਣਾਂ-ਭਰਾਵਾਂ ਨਾਲ ਬਿਜ਼ਨਿਸ ਵਗੈਰਾ ਕਰਦਿਆਂ ਅਸੀਂ ਈਮਾਨਦਾਰੀ ਤੋਂ ਕੰਮ ਕਿਵੇਂ ਲੈ ਸਕਦੇ ਹਾਂ?

13 ਬਿਜ਼ਨਿਸ ਦੇ ਮਾਮਲਿਆਂ ਵਿਚ ਵੀ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਈਮਾਨਦਾਰ ਰਹਿਣ ਦੀ ਲੋੜ ਹੈ। ਕਈ ਵਾਰ ਕੁਝ ਭੈਣ-ਭਰਾ ਇਕੱਠੇ ਹੋ ਕੇ ਕੋਈ ਬਿਜ਼ਨਿਸ ਜਾਂ ਕੰਮ ਸ਼ੁਰੂ ਕਰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿੰਗਡਮ ਹਾਲ ਵਿਚ ਜਾਂ ਪ੍ਰਚਾਰ ਕਰਦਿਆਂ ਉਹ ਬਿਜ਼ਨਿਸ ਬਾਰੇ ਗੱਲ ਨਾ ਕਰਨ ਕਿਉਂਕਿ ਇਹ ਭਗਤੀ ਦਾ ਸਮਾਂ ਹੈ। ਜੇ ਅਸੀਂ ਕਿਸੇ ਭੈਣ ਜਾਂ ਭਰਾ ਨੂੰ ਕੰਮ ’ਤੇ ਰੱਖਿਆ ਹੈ, ਤਾਂ ਸਾਨੂੰ ਉਸ ਨਾਲ ਈਮਾਨਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਸ ਨੂੰ ਸਮੇਂ  ਸਿਰ ਪੂਰੀ ਤਨਖ਼ਾਹ ਦੇਣੀ ਚਾਹੀਦੀ ਹੈ ਅਤੇ ਉਸ ਨਾਲ ਤੈਅ ਕੀਤੀਆਂ ਜਾਂ ਕਾਨੂੰਨੀ ਤੌਰ ਤੇ ਬਣਦੀਆਂ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ ਹਨ। (1 ਤਿਮੋਥਿਉਸ 5:18; ਯਾਕੂਬ 5:1-4) ਇਸੇ ਤਰ੍ਹਾਂ ਜੇ ਅਸੀਂ ਕਿਸੇ ਭਰਾ ਜਾਂ ਭੈਣ ਲਈ ਕੰਮ ਕਰਦੇ ਹਾਂ, ਤਾਂ ਅਸੀਂ ਜਿੰਨਾ ਪੈਸਾ ਲੈਂਦੇ ਹਾਂ, ਸਾਨੂੰ ਉੱਨਾ ਕੰਮ ਵੀ ਕਰਨਾ ਚਾਹੀਦਾ ਹੈ। (2 ਥੱਸਲੁਨੀਕੀਆਂ 3:10) ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਸਾਡਾ ਭਰਾ ਜਾਂ ਭੈਣ ਹੋਣ ਕਰਕੇ ਉਹ ਸਾਡੇ ਨਾਲ ਰਿਆਇਤ ਕਰੇ, ਸਾਨੂੰ ਵਾਧੂ ਛੁੱਟੀ ਦੇਵੇ ਜਾਂ ਹੋਰ ਸਹੂਲਤਾਂ ਦੇਵੇ ਜੋ ਬਾਕੀ ਕੰਮ ਕਰਨ ਵਾਲਿਆਂ ਨੂੰ ਨਹੀਂ ਮਿਲਦੀਆਂ।​—ਅਫ਼ਸੀਆਂ 6:5-8.

14. ਬਿਜ਼ਨਿਸ ਵਿਚ ਹਿੱਸੇਦਾਰੀ ਪਾਉਣ ਲੱਗਿਆਂ ਮਸੀਹੀਆਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਉਂ?

14 ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਭੈਣ-ਭਰਾ ਆਪਣਾ ਪੈਸਾ ਲਾ ਕੇ ਜਾਂ ਕਰਜ਼ਾ ਲੈ ਕੇ ਇਕੱਠੇ ਕੋਈ ਬਿਜ਼ਨਿਸ ਸ਼ੁਰੂ ਕਰਦੇ ਹਨ ਜਿਸ ਵਿਚ ਪੈਸਾ ਡੁੱਬ ਸਕਦਾ ਹੈ? ਇਸ ਬਾਰੇ ਬਾਈਬਲ ਵਿਚ ਇਕ ਅਹਿਮ ਅਸੂਲ ਦਿੱਤਾ ਗਿਆ ਹੈ: ਬਿਜ਼ਨਿਸ ਬਾਰੇ ਹਰ ਗੱਲ ਲਿਖ ਲਓ! ਉਦਾਹਰਣ ਲਈ, ਜਦੋਂ ਯਿਰਮਿਯਾਹ ਨੇ ਇਕ ਖੇਤ ਖ਼ਰੀਦਿਆ ਸੀ, ਤਾਂ ਉਸ ਨੇ ਖੇਤ ਦੇ ਕਾਗਜ਼ ਅਤੇ ਉਨ੍ਹਾਂ ਦੀ ਨਕਲ ਬਣਾਈ। ਫਿਰ ਦੋਵਾਂ ਉੱਤੇ ਗਵਾਹਾਂ ਦੇ ਦਸਤਖਤ ਕਰਵਾਏ ਸਨ ਅਤੇ ਉਨ੍ਹਾਂ ਨੂੰ ਸੰਭਾਲ ਕੇ ਰੱਖ ਲਿਆ ਸੀ। (ਯਿਰਮਿਯਾਹ 32:9-12; ਉਤਪਤ 23:16-20 ਵੀ ਦੇਖੋ।) ਜੇ ਬਿਜ਼ਨਿਸ ਕਰਨ ਲੱਗਿਆਂ ਭੈਣ ਜਾਂ ਭਰਾ ਧਿਆਨ ਨਾਲ ਸਾਰੀਆਂ ਗੱਲਾਂ ਲਿਖ ਕੇ ਦਸਤਾਵੇਜ਼ਾਂ ’ਤੇ ਦਸਤਖਤ ਕਰਦੇ ਹਨ ਅਤੇ ਗਵਾਹਾਂ ਤੋਂ ਵੀ ਦਸਤਖਤ ਕਰਾਉਂਦੇ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੂੰ ਇਕ-ਦੂਜੇ ਉੱਤੇ ਭਰੋਸਾ ਨਹੀਂ। ਇਸ ਦੀ ਬਜਾਇ, ਇਸ ਤਰ੍ਹਾਂ ਕਰਨ ਨਾਲ ਬਾਅਦ ਵਿਚ ਉਨ੍ਹਾਂ ਵਿਚ ਗ਼ਲਤਫ਼ਹਿਮੀਆਂ ਜਾਂ ਝਗੜੇ ਨਹੀਂ ਹੋਣਗੇ। ਇਕੱਠੇ ਬਿਜ਼ਨਿਸ ਕਰ ਰਹੇ ਭੈਣਾਂ-ਭਰਾਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬਿਜ਼ਨਿਸ ਕਰਕੇ ਮੰਡਲੀ ਦੀ ਏਕਤਾ ਅਤੇ ਸ਼ਾਂਤੀ ਭੰਗ ਨਾ ਹੋਵੇ। *​—1 ਕੁਰਿੰਥੀਆਂ 6:1-8.

ਦੁਨੀਆਂ ਦੇ ਲੋਕਾਂ ਨਾਲ ਈਮਾਨਦਾਰੀ ਨਾਲ ਪੇਸ਼ ਆਓ

15. ਯਹੋਵਾਹ ਦਾ ਬੇਈਮਾਨੀ ਬਾਰੇ ਕੀ ਨਜ਼ਰੀਆ ਹੈ ਅਤੇ ਮਸੀਹੀਆਂ ਦਾ ਵੀ ਬੇਈਮਾਨੀ ਪ੍ਰਤੀ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

15 ਸਾਨੂੰ ਸਿਰਫ਼ ਆਪਣੇ ਭੈਣਾਂ-ਭਰਾਵਾਂ ਨਾਲ ਹੀ ਈਮਾਨਦਾਰੀ ਨਾਲ ਪੇਸ਼ ਨਹੀਂ  ਆਉਣਾ ਚਾਹੀਦਾ ਹੈ। ਪੌਲੁਸ ਨੇ ਕਿਹਾ ਸੀ: “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।” (ਇਬਰਾਨੀਆਂ 13:18) ਸਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਅਸੀਂ ਦੁਨੀਆਂ ਦੇ ਲੋਕਾਂ ਨਾਲ ਵੀ ਈਮਾਨਦਾਰੀ ਨਾਲ ਪੇਸ਼ ਆਈਏ। ਮਿਸਾਲ ਲਈ, ਉਸ ਨੇ ਕਹਾਉਤਾਂ ਦੀ ਕਿਤਾਬ ਵਿਚ ਹੀ ਕਈ ਵਾਰ ਦੱਸਿਆ ਕਿ ਨਾਪ-ਤੋਲ ਵਿਚ ਬੇਈਮਾਨੀ ਬਾਰੇ ਉਸ ਦਾ ਕੀ ਨਜ਼ਰੀਆ ਹੈ। (ਕਹਾਉਤਾਂ 11:1; 20:10, 23) ਪੁਰਾਣੇ ਜ਼ਮਾਨਿਆਂ ਵਿਚ ਚੀਜ਼ਾਂ ਤੋਲਣ ਲਈ ਆਮ ਤੌਰ ਤੇ ਤੱਕੜੀਆਂ-ਵੱਟੇ ਵਰਤੇ ਜਾਂਦੇ ਸਨ। ਚੀਜ਼ਾਂ ਖ਼ਰੀਦਣ ਲਈ ਪੈਸੇ ਵੀ ਤੋਲ ਕੇ ਦਿੱਤੇ ਜਾਂਦੇ ਸਨ। ਬੇਈਮਾਨ ਵਪਾਰੀ ਦੋ ਤਰ੍ਹਾਂ ਦੇ ਵੱਟੇ ਅਤੇ ਤੱਕੜੀਆਂ ਰੱਖਦੇ ਹੁੰਦੇ ਸਨ। ਇਕ ਤੱਕੜੀ ਅਤੇ ਵੱਟੇ ਗਾਹਕਾਂ ਨੂੰ ਠੱਗਣ ਲਈ ਰੱਖਦੇ ਸਨ। * ਯਹੋਵਾਹ ਨੂੰ ਬੇਈਮਾਨੀ ਨਾਲ ਨਫ਼ਰਤ ਹੈ। ਉਸ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਲਈ ਸਾਨੂੰ ਹਰ ਤਰ੍ਹਾਂ ਦੀ ਬੇਈਮਾਨੀ ਤੋਂ ਦੂਰ ਰਹਿਣਾ ਚਾਹੀਦਾ ਹੈ।

16, 17. ਅੱਜ ਲੋਕ ਕਿਹੜੀਆਂ ਬੇਈਮਾਨੀਆਂ ਕਰਦੇ ਹਨ ਅਤੇ ਸੱਚੇ ਮਸੀਹੀਆਂ ਨੇ ਕੀ ਇਰਾਦਾ ਕੀਤਾ ਹੈ?

16 ਸ਼ੈਤਾਨ ਇਸ ਦੁਨੀਆਂ ਦਾ ਸਰਦਾਰ ਹੈ, ਇਸੇ ਕਰਕੇ ਹਰ ਪਾਸੇ ਬੇਈਮਾਨੀ ਦਾ ਸਿੱਕਾ ਚੱਲਦਾ ਹੈ। ਹਰ ਦਿਨ ਸਾਡੇ ਦਿਲ ਵਿਚ ਬੇਈਮਾਨੀ ਕਰਨ ਦਾ ਖ਼ਿਆਲ ਆ ਸਕਦਾ ਹੈ। ਜਦੋਂ ਲੋਕ ਨੌਕਰੀ ਲਈ ਅਰਜ਼ੀ ਦਿੰਦੇ ਹਨ, ਤਾਂ ਉਹ ਆਪਣੀ ਪੜ੍ਹਾਈ-ਲਿਖਾਈ, ਤਜਰਬੇ ਤੇ ਹੋਰ ਗੱਲਾਂ ਬਾਰੇ ਗ਼ਲਤ ਜਾਣਕਾਰੀ ਦਿੰਦੇ ਹਨ। ਵਿਦੇਸ਼ ਜਾਣ, ਟੈਕਸ ਭਰਨ, ਬੀਮੇ ਦੀ ਰਕਮ ਲੈਣ ਜਾਂ ਹੋਰ ਕੰਮ ਵਾਸਤੇ ਕੋਈ ਫਾਰਮ ਭਰਨ ਲੱਗਿਆਂ ਲੋਕ ਸਹੀ-ਸਹੀ ਜਾਣਕਾਰੀ ਨਹੀਂ ਦਿੰਦੇ। ਬਹੁਤ ਸਾਰੇ ਵਿਦਿਆਰਥੀ ਪੇਪਰਾਂ ਵਿਚ ਨਕਲਾਂ ਮਾਰਦੇ ਹਨ। ਜਾਂ ਜਦੋਂ ਉਨ੍ਹਾਂ ਨੂੰ ਕਿਸੇ ਵਿਸ਼ੇ ਉੱਤੇ ਰਿਪੋਰਟ ਲਿਖਣ ਲਈ ਕਿਹਾ ਜਾਂਦਾ ਹੈ, ਤਾਂ ਉਹ ਇੰਟਰਨੈੱਟ ਤੋਂ ਜਾਣਕਾਰੀ ਲੈ ਕੇ ਰਿਪੋਰਟ ਬਣਾ ਲੈਂਦੇ ਹਨ ਅਤੇ ਇਸ ਨੂੰ ਆਪਣੀ ਰਿਪੋਰਟ ਦੇ ਤੌਰ ਤੇ ਅਧਿਆਪਕ ਨੂੰ ਪੇਸ਼ ਕਰਦੇ ਹਨ। ਲੋਕ ਆਪਣਾ ਕੰਮ ਕਰਾਉਣ ਲਈ ਭ੍ਰਿਸ਼ਟ ਅਫ਼ਸਰਾਂ ਨੂੰ ਰਿਸ਼ਵਤ ਦਿੰਦੇ ਹਨ। ਅਸੀਂ ਦੁਨੀਆਂ ਦੇ ਲੋਕਾਂ ਤੋਂ ਇਹੀ ਉਮੀਦ ਰੱਖਦੇ ਹਾਂ ਕਿਉਂਕਿ ਉਹ “ਸੁਆਰਥੀ, ਪੈਸੇ ਦੇ ਪ੍ਰੇਮੀ . . . ਭਲਾਈ ਨਾਲ ਪਿਆਰ ਨਾ ਕਰਨ ਵਾਲੇ” ਹਨ।​—2 ਤਿਮੋਥਿਉਸ 3:1-5.

17 ਸੱਚੇ ਮਸੀਹੀਆਂ ਨੇ ਕੋਈ ਵੀ ਬੇਈਮਾਨੀ ਵਾਲਾ ਕੰਮ ਨਾ ਕਰਨ ਦਾ ਇਰਾਦਾ  ਕੀਤਾ ਹੈ। ਪਰ ਬੇਈਮਾਨ ਲੋਕਾਂ ਨੂੰ ਕਾਮਯਾਬੀ ਦੀਆਂ ਪੌੜੀਆਂ ਚੜ੍ਹਦਿਆਂ ਦੇਖ ਕੇ ਸਾਨੂੰ ਕਈ ਵਾਰ ਈਮਾਨਦਾਰੀ ਤੋਂ ਕੰਮ ਲੈਣਾ ਮੁਸ਼ਕਲ ਲੱਗਦਾ ਹੈ। (ਜ਼ਬੂਰਾਂ ਦੀ ਪੋਥੀ 73:1-8) ਇਸ ਦੇ ਨਾਲ-ਨਾਲ ਮਸੀਹੀਆਂ ਨੂੰ “ਹਰ ਗੱਲ ਵਿਚ” ਈਮਾਨਦਾਰ ਰਹਿ ਕੇ ਘਾਟਾ ਵੀ ਸਹਿਣਾ ਪੈ ਸਕਦਾ ਹੈ। ਪਰ ਕੀ ਈਮਾਨਦਾਰ ਰਹਿਣ ਦਾ ਕੋਈ ਫ਼ਾਇਦਾ ਵੀ ਹੈ? ਆਓ ਆਪਾਂ ਦੇਖੀਏ।

ਈਮਾਨਦਾਰ ਰਹਿਣ ਦੇ ਫ਼ਾਇਦੇ

18. ਈਮਾਨਦਾਰ ਰਹਿ ਕੇ ਨੇਕਨਾਮੀ ਖੱਟਣ ਦਾ ਕੀ ਫ਼ਾਇਦਾ ਹੈ?

18 ਈਮਾਨਦਾਰ ਹੋਣ ਦਾ ਇਕ ਫ਼ਾਇਦਾ ਇਹ ਹੈ ਕਿ ਤੁਹਾਡੀ ਨੇਕਨਾਮੀ ਹੁੰਦੀ ਹੈ ਅਤੇ ਲੋਕ ਤੁਹਾਡੇ ਉੱਤੇ ਭਰੋਸਾ ਕਰਦੇ ਹਨ। (“ ਮੈਂ ਕਿੰਨਾ ਕੁ ਈਮਾਨਦਾਰ ਹਾਂ?” ਨਾਮਕ ਡੱਬੀ ਦੇਖੋ।) ਇਹ ਵੀ ਯਾਦ ਰੱਖੋ ਕਿ ਹਰ ਕੋਈ ਇਹ ਨੇਕਨਾਮੀ ਖੱਟ ਸਕਦਾ ਹੈ, ਚਾਹੇ ਉਹ ਪੜ੍ਹਿਆ-ਲਿਖਿਆ ਹੋਵੇ ਜਾਂ ਅਨਪੜ੍ਹ, ਅਮੀਰ ਹੋਵੇ ਜਾਂ ਗ਼ਰੀਬ, ਸੋਹਣਾ-ਸੁਨੱਖਾ ਹੋਵੇ ਜਾਂ ਨਾ। ਪਰ ਬਹੁਤ ਘੱਟ ਲੋਕ ਇਹ ਨੇਕਨਾਮੀ ਖੱਟਦੇ ਹਨ। (ਮੀਕਾਹ 7:2) ਹੋ ਸਕਦਾ ਹੈ ਕਿ ਕੁਝ ਲੋਕ ਤੁਹਾਡੀ ਈਮਾਨਦਾਰੀ ਦਾ ਮਜ਼ਾਕ ਉਡਾਉਣ, ਪਰ ਹੋਰ ਕਈ ਲੋਕ ਇਸ ਦੀ ਕਦਰ ਕਰਦਿਆਂ ਤੁਹਾਡੀ ਇੱਜ਼ਤ ਕਰਨ ਅਤੇ ਤੁਹਾਡੇ ਉੱਤੇ ਭਰੋਸਾ ਰੱਖਣ। ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਨੂੰ ਆਪਣੀ ਈਮਾਨਦਾਰੀ ਦਾ ਫ਼ਾਇਦਾ ਹੋਇਆ ਹੈ। ਕਈ ਵਾਰ ਇੱਦਾਂ ਹੋਇਆ ਕਿ ਮਾਲਕਾਂ ਨੇ ਬੇਈਮਾਨ ਕਾਮਿਆਂ ਨੂੰ ਨੌਕਰੀ ਤੋਂ ਕੱਢਿਆ, ਪਰ ਯਹੋਵਾਹ ਦੇ ਗਵਾਹਾਂ ਨੂੰ ਨਹੀਂ ਕੱਢਿਆ। ਜਾਂ ਫਿਰ ਉਨ੍ਹਾਂ ਨੂੰ ਉਸ ਜਗ੍ਹਾ ਨੌਕਰੀ ਮਿਲੀ ਜਿੱਥੇ ਮਾਲਕਾਂ ਨੂੰ ਈਮਾਨਦਾਰ ਲੋਕਾਂ ਦੀ ਲੋੜ ਸੀ।

19. ਈਮਾਨਦਾਰੀ ਦਾ ਸਾਡੀ ਜ਼ਮੀਰ ਅਤੇ ਯਹੋਵਾਹ ਨਾਲ ਰਿਸ਼ਤੇ ਉੱਤੇ ਕੀ ਅਸਰ ਪੈਂਦਾ ਹੈ?

19 ਭਾਵੇਂ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ ਜਾਂ ਨਾ ਹੋਵੇ, ਪਰ ਯਾਦ ਰੱਖੋ ਕਿ ਈਮਾਨਦਾਰੀ ਦੇ ਇਸ ਤੋਂ ਵੀ ਵੱਡੇ ਫ਼ਾਇਦੇ ਹਨ। ਈਮਾਨਦਾਰ ਰਹਿਣ ਨਾਲ ਤੁਹਾਡੀ ਜ਼ਮੀਰ ਸਾਫ਼ ਰਹੇਗੀ। ਪੌਲੁਸ ਨੇ ਲਿਖਿਆ ਸੀ: “ਸਾਨੂੰ ਭਰੋਸਾ ਹੈ ਕਿ ਸਾਡੀ ਜ਼ਮੀਰ ਸਾਫ਼ ਹੈ।” (ਇਬਰਾਨੀਆਂ 13:18) ਇਸ ਤੋਂ ਇਲਾਵਾ, ਸਾਡੇ ਪਿਤਾ ਯਹੋਵਾਹ ਤੋਂ ਸਾਡੀ ਈਮਾਨਦਾਰੀ ਲੁਕੀ ਨਹੀਂ ਰਹਿੰਦੀ। ਉਹ ਈਮਾਨਦਾਰ ਲੋਕਾਂ ਨੂੰ ਪਿਆਰ ਕਰਦਾ ਹੈ। (ਜ਼ਬੂਰਾਂ ਦੀ ਪੋਥੀ 15:1, 2; ਕਹਾਉਤਾਂ 22:1 ਪੜ੍ਹੋ।) ਜੀ ਹਾਂ, ਈਮਾਨਦਾਰੀ ਯਹੋਵਾਹ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਵਿਚ ਸਾਡੀ ਮਦਦ ਕਰਦੀ ਹੈ। ਸਾਡੀ ਈਮਾਨਦਾਰੀ ਦਾ ਇਹੀ ਸਭ ਤੋਂ ਵੱਡਾ ਇਨਾਮ ਹੈ! ਆਓ ਆਪਾਂ ਹੁਣ ਅਗਲੇ ਅਧਿਆਇ ਵਿਚ ਦੇਖੀਏ ਕਿ ਯਹੋਵਾਹ ਦਾ ਕੰਮ ਬਾਰੇ ਕੀ ਨਜ਼ਰੀਆ ਹੈ

^ ਪੈਰਾ 9 ਜੇ ਕੋਈ ਮੰਡਲੀ ਦੇ ਭੈਣਾਂ-ਭਰਾਵਾਂ ਦਾ ਨਾਂ ਬਦਨਾਮ ਕਰਨ ਲਈ ਵਾਰ-ਵਾਰ ਝੂਠ ਬੋਲਣ ਤੋਂ ਬਾਜ਼ ਨਹੀਂ ਆਉਂਦਾ, ਤਾਂ ਬਜ਼ੁਰਗ ਉਸ ਖ਼ਿਲਾਫ਼ ਜੁਡੀਸ਼ਲ ਕਾਰਵਾਈ ਕਰ ਸਕਦੇ ਹਨ।

^ ਪੈਰਾ 14 ਬਿਜ਼ਨਿਸ ਕਰਕੇ ਭਰਾਵਾਂ ਵਿਚ ਪੈਦਾ ਹੋਈਆਂ ਸਮੱਸਿਆਵਾਂ ਨਾਲ ਨਜਿੱਠਣ ਬਾਰੇ ਦਿੱਤੀ ਗਈ ਵਧੇਰੇ ਜਾਣਕਾਰੀ “ਬਿਜ਼ਨਿਸ ਕਰਕੇ ਪੈਦਾ ਹੋਏ ਝਗੜਿਆਂ ਨੂੰ ਨਜਿੱਠੋ” ਦੇਖੋ।

^ ਪੈਰਾ 15 ਵਪਾਰੀ ਇਕ ਤੱਕੜੀ ਅਤੇ ਵੱਟੇ ਚੀਜ਼ਾਂ ਖ਼ਰੀਦਣ ਅਤੇ ਦੂਜੀ ਤੱਕੜੀ ਅਤੇ ਵੱਟੇ ਚੀਜ਼ਾਂ ਵੇਚਣ ਲਈ ਰੱਖਦੇ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਚੀਜ਼ਾਂ ਵੇਚਣ ਤੇ ਖ਼ਰੀਦਣ ਲੱਗਿਆਂ ਦੋਵਾਂ ਵਿਚ ਨਫ਼ਾ ਹੁੰਦਾ ਸੀ। ਗਾਹਕਾਂ ਨੂੰ ਠੱਗਣ ਲਈ ਵਰਤੀ ਜਾਂਦੀ ਤੱਕੜੀ ਦੀ ਡੰਡੀ ਦਾ ਇਕ ਪਾਸਾ ਦੂਸਰੇ ਪਾਸੇ ਨਾਲੋਂ ਲੰਬਾ ਜਾਂ ਭਾਰਾ ਹੁੰਦਾ ਸੀ।