Skip to content

Skip to table of contents

 ਦਸਵਾਂ ਅਧਿਆਇ

ਵਿਆਹ​—ਪਰਮੇਸ਼ੁਰ ਦੀ ਬਰਕਤ

ਵਿਆਹ​—ਪਰਮੇਸ਼ੁਰ ਦੀ ਬਰਕਤ

“ਤੇਹਰੀ ਰੱਸੀ ਝੱਬਦੇ ਨਹੀਂ ਟੁੱਟਦੀ।”​—ਉਪਦੇਸ਼ਕ ਦੀ ਪੋਥੀ 4:12.

1, 2. (ੳ) ਨਵੇਂ ਵਿਆਹੇ ਜੋੜਿਆਂ ਦੇ ਸੰਬੰਧ ਵਿਚ ਸਾਡੇ ਮਨ ਵਿਚ ਕਿਹੜੇ ਸਵਾਲ ਆਉਂਦੇ ਹਨ ਅਤੇ ਕਿਉਂ? (ਅ) ਇਸ ਅਧਿਆਇ ਵਿਚ ਕਿਨ੍ਹਾਂ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ?

ਕੀ ਤੁਹਾਨੂੰ ਵਿਆਹਾਂ-ਸ਼ਾਦੀਆਂ ਵਿਚ ਜਾਣਾ ਪਸੰਦ ਹੈ? ਬਹੁਤ ਲੋਕਾਂ ਨੂੰ ਪਸੰਦ ਹੈ ਕਿਉਂਕਿ ਵਿਆਹਾਂ ਵਿਚ ਬਹੁਤ ਰੌਣਕ ਹੁੰਦੀ ਹੈ। ਲਾੜਾ-ਲਾੜੀ ਸਜੇ-ਧਜੇ ਹੁੰਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜੇ ਹੁੰਦੇ ਹਨ। ਉਹ ਦੋਵੇਂ ਜਣੇ ਚੰਗੀ ਜ਼ਿੰਦਗੀ ਦੀ ਉਮੀਦ ਰੱਖਦੇ ਹਨ।

2 ਪਰ ਅੱਜ-ਕੱਲ੍ਹ ਵਿਆਹ ਦੇ ਬੰਧਨ ਟੁੱਟ ਰਹੇ ਹਨ। ਨਵੇਂ ਵਿਆਹੇ ਜੋੜੇ ਲਈ ਖ਼ੁਸ਼ੀਆਂ ਦੀ ਕਾਮਨਾ ਕਰਦਿਆਂ ਸ਼ਾਇਦ ਸਾਡੇ ਮਨ ਵਿਚ ਇਹ ਸਵਾਲ ਪੈਦਾ ਹੋਣ: ‘ਕੀ ਇਹ ਦੋਵੇਂ ਖ਼ੁਸ਼ ਰਹਿਣਗੇ? ਕੀ ਇਨ੍ਹਾਂ ਦੀ ਨਿਭੇਗੀ?’ ਇਨ੍ਹਾਂ ਸਵਾਲਾਂ ਦਾ ਜਵਾਬ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਹ ਵਿਆਹ ਸੰਬੰਧੀ ਪਰਮੇਸ਼ੁਰ ਦੀ ਸਲਾਹ ਉੱਤੇ ਭਰੋਸਾ ਰੱਖ ਕੇ ਇਸ ਉੱਤੇ ਚੱਲਣਗੇ ਜਾਂ ਨਹੀਂ। (ਕਹਾਉਤਾਂ 3:5, 6 ਪੜ੍ਹੋ।) ਜੇ ਉਹ ਚਾਹੁੰਦੇ ਹਨ ਕਿ ਪਰਮੇਸ਼ੁਰ ਨਾਲ ਉਨ੍ਹਾਂ ਦੇ ਪਿਆਰ ਵਿਚ ਕਮੀ ਨਾ ਆਵੇ, ਉਨ੍ਹਾਂ ਨੂੰ ਇਸ ਸਲਾਹ ’ਤੇ ਚੱਲਣਾ ਪਵੇਗਾ। ਆਓ ਆਪਾਂ ਬਾਈਬਲ ਵਿੱਚੋਂ ਇਨ੍ਹਾਂ ਚਾਰ ਸਵਾਲਾਂ ਦੇ ਜਵਾਬ ਪਾਈਏ: ਵਿਆਹ ਕਿਉਂ ਕਰੀਏ? ਕਿਸ ਨੂੰ ਆਪਣਾ ਜੀਵਨ ਸਾਥੀ ਬਣਾਈਏ? ਤੁਸੀਂ ਵਿਆਹੁਤਾ ਜ਼ਿੰਦਗੀ ਦੀ ਤਿਆਰੀ ਕਿਵੇਂ ਕਰ ਸਕਦੇ ਹੋ? ਅਤੇ ਪਤੀ-ਪਤਨੀ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਿਵੇਂ ਰੱਖ ਸਕਦੇ ਹਨ?

ਵਿਆਹ ਕਿਉਂ ਕਰੀਏ?

3. ਛੋਟੇ-ਮੋਟੇ ਕਾਰਨਾਂ ਕਰਕੇ ਵਿਆਹ ਕਰਾਉਣਾ ਅਕਲਮੰਦੀ ਕਿਉਂ ਨਹੀਂ ਹੋਵੇਗੀ?

3 ਕਈ ਸੋਚਦੇ ਹਨ ਕਿ ਜ਼ਿੰਦਗੀ ਵਿਚ ਖ਼ੁਸ਼ੀਆਂ ਪਾਉਣ ਲਈ ਵਿਆਹ ਕਰਾਉਣਾ ਜ਼ਰੂਰੀ ਹੈ। ਉਹ ਕਹਿੰਦੇ ਹਨ ਕਿ ਜੇ ਜ਼ਿੰਦਗੀ ਵਿਚ ਕਿਸੇ ਦਾ ਸਾਥ ਨਾ ਮਿਲਿਆ, ਤਾਂ ਜ਼ਿੰਦਗੀ ਅਧੂਰੀ ਹੈ। ਪਰ ਇਹ ਗੱਲ ਸੱਚ ਨਹੀਂ ਹੈ। ਯਿਸੂ ਨੇ ਵਿਆਹ ਨਹੀਂ ਕਰਾਇਆ ਸੀ। ਉਸ ਨੇ ਕਿਹਾ ਸੀ ਕਿ ਕੁਆਰੇ ਰਹਿਣਾ ਸਾਡੇ ਲਈ ਬਰਕਤ ਸਾਬਤ ਹੋ ਸਕਦਾ ਹੈ, ਇਸ ਲਈ ਉਸ ਨੇ ਦੂਜਿਆਂ ਨੂੰ ਵੀ ਕੁਆਰੇ ਰਹਿਣ ਬਾਰੇ ਸੋਚਣ ਲਈ ਕਿਹਾ  ਸੀ। (ਮੱਤੀ 19:11, 12) ਪੌਲੁਸ ਰਸੂਲ ਨੇ ਵੀ ਕੁਆਰੇ ਰਹਿਣ ਦੇ ਫ਼ਾਇਦਿਆਂ ਬਾਰੇ ਦੱਸਿਆ ਸੀ। (1 ਕੁਰਿੰਥੀਆਂ 7:32-38) ਲੇਕਿਨ ਨਾ ਤਾਂ ਯਿਸੂ ਨੇ ਤੇ ਨਾ ਹੀ ਪੌਲੁਸ ਨੇ ਦੂਜਿਆਂ ਨੂੰ ਵਿਆਹ ਕਰਾਉਣ ਤੋਂ ਵਰਜਿਆ ਸੀ। ਬਾਈਬਲ ਵਿਚ ਵਿਆਹ-ਸ਼ਾਦੀਆਂ ਕਰਾਉਣ ਤੋਂ ਰੋਕਣ ਨੂੰ ‘ਦੁਸ਼ਟ ਦੂਤਾਂ ਦੀ ਸਿੱਖਿਆ’ ਕਿਹਾ ਗਿਆ ਹੈ। (1 ਤਿਮੋਥਿਉਸ 4:1-3) ਪਰ ਕੁਆਰੇ ਰਹਿਣ ਦਾ ਇਕ ਫ਼ਾਇਦਾ ਇਹ ਹੈ ਕਿ ਪੂਰਾ ਧਿਆਨ ਲਾ ਕੇ ਯਹੋਵਾਹ ਦੀ ਸੇਵਾ ਕੀਤੀ ਜਾ ਸਕਦੀ ਹੈ। ਇਸ ਲਈ ਦੂਜਿਆਂ ਦੇ ਦਬਾਅ ਹੇਠ ਆ ਕੇ ਜਾਂ ਹੋਰ ਛੋਟੇ-ਮੋਟੇ ਕਾਰਨਾਂ ਕਰਕੇ ਵਿਆਹ ਕਰਾਉਣਾ ਅਕਲਮੰਦੀ ਨਹੀਂ ਹੋਵੇਗੀ।

4. ਪਤੀ-ਪਤਨੀ ਦਾ ਆਪਸ ਵਿਚ ਚੰਗਾ ਰਿਸ਼ਤਾ ਹੋਣ ਨਾਲ ਬੱਚਿਆਂ ਨੂੰ ਕੀ ਫ਼ਾਇਦਾ ਹੋਵੇਗਾ?

4 ਦੂਜੇ ਪਾਸੇ, ਕੀ ਵਿਆਹ ਕਰਾਉਣ ਦੇ ਜਾਇਜ਼ ਕਾਰਨ ਹਨ? ਜੀ ਹਾਂ। ਵਿਆਹ ਦੀ ਰੀਤ ਸਾਡੇ ਪਿਆਰੇ ਪਿਤਾ ਯਹੋਵਾਹ ਨੇ ਸ਼ੁਰੂ ਕੀਤੀ ਸੀ, ਇਸ ਕਰਕੇ ਵਿਆਹੁਤਾ ਰਿਸ਼ਤਾ ਵੀ ਸਾਡੇ ਲਈ ਬਰਕਤ ਸਾਬਤ ਹੋ ਸਕਦਾ ਹੈ। (ਉਤਪਤ 2:18 ਪੜ੍ਹੋ।) ਮਿਸਾਲ ਲਈ, ਪਤੀ-ਪਤਨੀ ਦਾ ਆਪਸ ਵਿਚ ਚੰਗਾ ਰਿਸ਼ਤਾ ਬੱਚਿਆਂ ਦੀ ਭਲਾਈ ਲਈ ਜ਼ਰੂਰੀ ਹੈ। ਉਹ ਬੱਚਿਆਂ ਦੀ ਪਰਵਰਿਸ਼ ਲਈ ਘਰ ਵਿਚ ਵਧੀਆ ਮਾਹੌਲ ਪੈਦਾ ਕਰ ਕੇ ਉਨ੍ਹਾਂ ਨੂੰ ਪਿਆਰ ਨਾਲ ਤਾੜਨਾ ਅਤੇ ਅਗਵਾਈ ਦੇ ਸਕਦੇ ਹਨ। (ਜ਼ਬੂਰਾਂ ਦੀ ਪੋਥੀ 127:3; ਅਫ਼ਸੀਆਂ 6:1-4) ਪਰ ਬੱਚਿਆਂ ਦੀ ਪਰਵਰਿਸ਼ ਤੋਂ ਇਲਾਵਾ ਵਿਆਹ ਦੇ ਹੋਰ ਵੀ ਕਈ ਕਾਰਨ ਹਨ।

5, 6. (ੳ) ਉਪਦੇਸ਼ਕ ਦੀ ਪੋਥੀ 4:9-12 ਅਨੁਸਾਰ ਪੱਕੀ ਦੋਸਤੀ ਦੇ ਕਿਹੜੇ ਕੁਝ ਫ਼ਾਇਦੇ ਹਨ? (ਅ) ਵਿਆਹੁਤਾ ਬੰਧਨ ਦੀ ਤੁਲਨਾ ਤੀਹਰੀ ਰੱਸੀ ਨਾਲ ਕਿਉਂ ਕੀਤੀ ਜਾ ਸਕਦੀ ਹੈ?

5 ਇਸ ਅਧਿਆਇ ਦੀ ਮੁੱਖ ਆਇਤ ਅਤੇ ਇਸ ਤੋਂ ਪਹਿਲੀਆਂ ਕੁਝ ਆਇਤਾਂ ’ਤੇ ਗੌਰ ਕਰੋ: “ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ। ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ ਪਰ ਹਾਏ ਉਹ ਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ ਕਿਉਂ ਜੋ ਉਸ ਦਾ ਦੂਜਾ ਕੋਈ ਨਹੀਂ ਜੋ ਉਹ ਨੂੰ ਚੁੱਕ ਖੜਾ ਕਰੇ! ਫੇਰ ਜੇ ਦੋ ਇਕੱਠੇ ਲੰਮੇ ਪੈਣ ਤਾਂ ਓਹ ਗਰਮ ਹੁੰਦੇ ਹਨ ਪਰ ਇਕੱਲਾ ਕਿੱਕਰ ਗਰਮ ਹੋਵੇ? ਅਤੇ ਜੇ ਕੋਈ ਇੱਕ ਉੱਤੇ ਪਰਬਲ ਪੈ ਜਾਵੇ ਤਾਂ ਓਹ ਦੋਵੇਂ ਉਹ ਦੇ ਨਾਲ ਮੱਥਾ ਲਾ ਸੱਕਦੇ ਹਨ ਅਤੇ ਤੇਹਰੀ ਰੱਸੀ ਝੱਬਦੇ ਨਹੀਂ ਟੁੱਟਦੀ।”​—ਉਪਦੇਸ਼ਕ ਦੀ ਪੋਥੀ 4:9-12.

6 ਇਨ੍ਹਾਂ ਆਇਤਾਂ ਵਿਚ ਮੁੱਖ ਤੌਰ ਤੇ ਦੋਸਤੀ ਦੇ ਫ਼ਾਇਦਿਆਂ ਦੀ ਗੱਲ ਕੀਤੀ ਗਈ ਹੈ। ਤੁਹਾਡੇ ਜੀਵਨ ਸਾਥੀ ਨਾਲੋਂ ਨਜ਼ਦੀਕੀ ਦੋਸਤ ਹੋਰ ਕਿਹੜਾ ਹੋ ਸਕਦਾ ਹੈ? ਜਿਵੇਂ ਇਨ੍ਹਾਂ ਆਇਤਾਂ ਵਿਚ ਦਿਖਾਇਆ ਗਿਆ ਹੈ, ਪਤੀ-ਪਤਨੀ ਇਕ-ਦੂਜੇ ਨੂੰ ਸਾਥ ਤੇ ਦਿਲਾਸਾ ਦੇ ਸਕਦੇ ਹਨ ਅਤੇ ਇਕ-ਦੂਜੇ ਦੀ ਹਿਫਾਜ਼ਤ ਕਰ ਸਕਦੇ ਹਨ।  ਇਨ੍ਹਾਂ ਆਇਤਾਂ ਵਿਚ ਤੀਹਰੀ ਰੱਸੀ ਦੀ ਵੀ ਗੱਲ ਕੀਤੀ ਗਈ ਹੈ ਜੋ ਦੋਹਰੀ ਰੱਸੀ ਨਾਲੋਂ ਮਜ਼ਬੂਤ ਹੁੰਦੀ ਹੈ। ਜਦੋਂ ਪਤੀ-ਪਤਨੀ ਯਹੋਵਾਹ ਨੂੰ ਆਪਣੀ ਜ਼ਿੰਦਗੀ ਦਾ ਤੀਸਰਾ ਮੈਂਬਰ ਬਣਾਉਂਦੇ ਹਨ, ਤਾਂ ਉਨ੍ਹਾਂ ਦਾ ਵਿਆਹੁਤਾ ਬੰਧਨ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ।

7, 8. (ੳ) ਸਰੀਰਕ ਇੱਛਾਵਾਂ ਨਾਲ ਜੱਦੋ-ਜਹਿਦ ਕਰ ਰਹੇ ਕੁਆਰੇ ਮਸੀਹੀਆਂ ਨੂੰ ਪੌਲੁਸ ਨੇ ਕੀ ਸਲਾਹ ਦਿੱਤੀ ਸੀ? (ਅ) ਵਿਆਹ ਬਾਰੇ ਕਿਹੜੀ ਗੱਲ ਯਾਦ ਰੱਖੀ ਜਾਣੀ ਚਾਹੀਦੀ ਹੈ?

7 ਵਿਆਹ ਕਰਾਉਣ ਦਾ ਇਕ ਹੋਰ ਕਾਰਨ ਇਹ ਹੈ ਕਿ ਵਿਆਹੁਤਾ ਬੰਧਨ ਵਿਚ ਬੱਝੇ ਮੁੰਡਾ-ਕੁੜੀ ਹੀ ਸਰੀਰਕ ਸੰਬੰਧਾਂ ਦਾ ਆਨੰਦ ਮਾਣ ਸਕਦੇ ਹਨ। (ਕਹਾਉਤਾਂ 5:18) ਜਵਾਨੀ ਦੀ ਕੱਚੀ ਉਮਰ ਵਿਚ ਸਰੀਰਕ ਇੱਛਾਵਾਂ ਜ਼ਿਆਦਾ ਹੁੰਦੀਆਂ ਹਨ। ਪਰ ਇਹ ਉਮਰ ਲੰਘ ਜਾਣ ਤੋਂ ਬਾਅਦ ਵੀ ਸਰੀਰਕ ਇੱਛਾਵਾਂ ਘੱਟਦੀਆਂ ਨਹੀਂ। ਜੇ ਇਨ੍ਹਾਂ ’ਤੇ ਕੰਟ੍ਰੋਲ ਨਾ ਰੱਖਿਆ ਜਾਵੇ, ਤਾਂ ਗ਼ਲਤ ਕੰਮ ਹੋ ਸਕਦਾ ਹੈ। ਇਸ ਲਈ ਪੌਲੁਸ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਕੁਆਰੇ ਲੋਕਾਂ ਨੂੰ ਇਹ ਸਲਾਹ ਦਿੱਤੀ ਸੀ: “ਜੇ ਉਹ ਸੰਜਮ ਨਹੀਂ ਰੱਖ ਸਕਦੇ, ਤਾਂ ਉਹ ਵਿਆਹ ਕਰਾ ਲੈਣ ਕਿਉਂਕਿ ਕਾਮ ਦੀ ਅੱਗ ਵਿਚ ਸੜਨ ਨਾਲੋਂ ਵਿਆਹ ਕਰਾਉਣਾ ਚੰਗਾ ਹੈ।”​—1 ਕੁਰਿੰਥਿਆਂ 7:9, 36; ਯਾਕੂਬ 1:15.

8 ਵਿਆਹ ਕਰਾਉਣ ਦੇ ਭਾਵੇਂ ਜੋ ਮਰਜ਼ੀ ਕਾਰਨ ਹੋਣ, ਪਰ ਇਹ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਵਿਆਹ ਫੁੱਲਾਂ ਦੀ ਸੇਜ ਹੀ ਨਹੀਂ ਹੈ। ਪੌਲੁਸ ਨੇ ਕਿਹਾ ਸੀ ਕਿ ਵਿਆਹ ਕਰਾਉਣ ਵਾਲੇ ਲੋਕ “ਜ਼ਿੰਦਗੀ ਵਿਚ ਮੁਸੀਬਤਾਂ ਦਾ ਸਾਮ੍ਹਣਾ” ਕਰਨਗੇ। (1 ਕੁਰਿੰਥੀਆਂ 7:28) ਵਿਆਹੇ ਲੋਕ ਅਜਿਹੀਆਂ ਕਈ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਨ ਜਿਨ੍ਹਾਂ ਦਾ ਕੁਆਰੇ ਲੋਕਾਂ ਨੂੰ ਸਾਮ੍ਹਣਾ ਨਹੀਂ ਕਰਨਾ ਪੈਂਦਾ। ਇਸ ਲਈ ਜੇ ਤੁਸੀਂ ਵਿਆਹ ਕਰਨ ਦਾ ਫ਼ੈਸਲਾ ਕਰਦੇ ਹੋ, ਤਾਂ ਤੁਸੀਂ ਸਮੱਸਿਆਵਾਂ ਘਟਾਉਣ ਅਤੇ ਖ਼ੁਸ਼ੀਆਂ ਵਧਾਉਣ ਲਈ ਕੀ ਕਰ ਸਕਦੇ ਹੋ? ਸਭ ਤੋਂ ਪਹਿਲਾਂ, ਸੋਚ-ਸਮਝ ਕੇ ਜੀਵਨ ਸਾਥੀ ਚੁਣੋ।

ਕੌਣ ਚੰਗਾ ਜੀਵਨ ਸਾਥੀ ਸਾਬਤ ਹੋ ਸਕਦਾ ਹੈ?

9, 10. (ੳ) ਪੌਲੁਸ ਨੇ ਸੱਚਾਈ ਤੋਂ ਬਾਹਰ ਵਿਆਹ ਕਰਾਉਣ ਦੇ ਖ਼ਤਰਿਆਂ ਤੋਂ ਖ਼ਬਰਦਾਰ ਕਰਨ ਲਈ ਕਿਹੜੀ ਉਦਾਹਰਣ ਦਿੱਤੀ ਸੀ? (ਅ) ਸੱਚਾਈ ਤੋਂ ਬਾਹਰ ਵਿਆਹ ਕਰਾਉਣ ਦੇ ਕੀ ਨਤੀਜੇ ਨਿਕਲਦੇ ਹਨ?

9 ਪੌਲੁਸ ਨੇ ਇਕ ਅਹਿਮ ਸਲਾਹ ਦਿੱਤੀ ਸੀ ਜਿਸ ਨੂੰ ਜੀਵਨ ਸਾਥੀ ਦੀ ਚੋਣ ਕਰਨ ਲੱਗਿਆਂ ਧਿਆਨ ਵਿਚ ਰੱਖਣਾ ਲਾਜ਼ਮੀ ਹੈ। ਉਸ ਨੇ ਕਿਹਾ ਸੀ: “ਅਵਿਸ਼ਵਾਸੀਆਂ ਨਾਲ ਇੱਕੋ ਜੂਲੇ ਹੇਠ ਨਾ ਆਓ ਜਿਹੜਾ ਸਾਵਾਂ ਨਹੀਂ ਹੈ।” (2 ਕੁਰਿੰਥੀਆਂ  6:14, ਫੁਟਨੋਟ) ਇੱਥੇ ਪੌਲੁਸ ਨੇ ਇਕ ਜੂਲੇ ਹੇਠ ਦੋ ਜਾਨਵਰਾਂ ਨੂੰ ਜੋਤਣ ਦੀ ਉਦਾਹਰਣ ਵਰਤੀ ਸੀ। ਜੇ ਖੇਤ ਵਾਹੁਣ ਲਈ ਆਕਾਰ ਅਤੇ ਤਾਕਤ ਵਿਚ ਵੱਖੋ-ਵੱਖਰੇ ਦੋ ਜਾਨਵਰਾਂ ਨੂੰ ਜੂਲੇ ਹੇਠ ਜੋਤਿਆ ਜਾਂਦਾ ਹੈ, ਤਾਂ ਦੋਵਾਂ ਜਾਨਵਰਾਂ ਨੂੰ ਕਸ਼ਟ ਸਹਿਣਾ ਪਵੇਗਾ। ਇਸੇ ਤਰ੍ਹਾਂ ਵਿਆਹ ਦੇ ਜੂਲੇ ਹੇਠ ਦੋ ਇਨਸਾਨ ਆਉਂਦੇ ਹਨ। ਜੇ ਇਕ ਜਣਾ ਯਹੋਵਾਹ ਨੂੰ ਮੰਨਦਾ ਹੋਵੇ ਤੇ ਦੂਸਰਾ ਨਾ ਮੰਨਦਾ ਹੋਵੇ, ਤਾਂ ਦੋਵਾਂ ਨੂੰ ਕਸ਼ਟ ਹੋਵੇਗਾ। ਜੇ ਇਕ ਜਣਾ ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ ਅਤੇ ਦੂਜੇ ਨੂੰ ਇਸ ਦੀ ਕੋਈ ਪਰਵਾਹ ਨਹੀਂ, ਤਾਂ ਉਨ੍ਹਾਂ ਦੇ ਰਾਹ ਵੱਖੋ-ਵੱਖਰੇ ਹੋਣਗੇ ਜਿਸ ਕਰਕੇ ਦੋਵਾਂ ਨੂੰ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਪਵੇਗਾ। ਇਸੇ ਲਈ ਪੌਲੁਸ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਹੀ ਵਿਆਹ ਕਰਾਉਣ।​—1 ਕੁਰਿੰਥੀਆਂ 7:39.

10 ਕਈ ਵਾਰ ਕੁਆਰੇ ਮਸੀਹੀ ਮਹਿਸੂਸ ਕਰਦੇ ਹਨ ਕਿ ਇਕੱਲੇ ਹੋਣ ਕਰਕੇ ਉਨ੍ਹਾਂ ਦੀ ਜ਼ਿੰਦਗੀ ਸੁੰਨੀ ਹੈ। ਆਪਣੀ ਸੁੰਨੀ ਜ਼ਿੰਦਗੀ ਵਿਚ ਬਹਾਰ ਲਿਆਉਣ ਲਈ ਉਹ ਇਸ ਸਲਾਹ ਨੂੰ ਅਣਗੌਲਿਆਂ ਕਰ ਕੇ ਸੱਚਾਈ ਤੋਂ ਬਾਹਰ ਵਿਆਹ ਕਰਾ ਲੈਂਦੇ ਹਨ। ਪਰ ਉਹ ਆਪਣੇ ਜੀਵਨ ਸਾਥੀ ਨਾਲ ਰਲ਼ ਕੇ ਯਹੋਵਾਹ ਦੀ ਸੇਵਾ ਨਹੀਂ ਕਰ ਪਾਉਂਦੇ। ਇਸ ਕਰਕੇ, ਜ਼ਿੰਦਗੀ ਵਿਚ ਬਹਾਰ ਆਉਣ ਦੀ ਬਜਾਇ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਸੁੰਨੀ ਹੋ ਜਾਂਦੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਹਜ਼ਾਰਾਂ ਕੁਆਰੇ ਮਸੀਹੀ ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ ਪੌਲੁਸ ਦੀ ਸਲਾਹ ਉੱਤੇ ਚੱਲਦੇ ਹਨ। (ਜ਼ਬੂਰਾਂ ਦੀ ਪੋਥੀ 32:8 ਪੜ੍ਹੋ।) ਵਿਆਹ ਕਰਾਉਣ ਦੀ ਤਮੰਨਾ ਰੱਖਦੇ ਹੋਏ ਉਹ ਉਦੋਂ ਤਕ ਕੁਆਰੇ ਰਹਿੰਦੇ ਹਨ ਜਦੋਂ ਤਕ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਦੇ ਸੇਵਕਾਂ ਵਿੱਚੋਂ ਕੋਈ ਸਾਥੀ ਨਹੀਂ ਮਿਲ ਜਾਂਦਾ।

11. ਸਮਝਦਾਰੀ ਨਾਲ ਜੀਵਨ ਸਾਥੀ ਦੀ ਚੋਣ ਕਰਨ ਲੱਗਿਆਂ ਤੁਹਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? (“ ਮੈਂ ਕਿਹੋ ਜਿਹਾ ਜੀਵਨ ਸਾਥੀ ਚਾਹੁੰਦਾ ਹਾਂ?” ਡੱਬੀ ਵੀ ਦੇਖੋ।)

11 ਪਰ ਇੱਦਾਂ ਵੀ ਨਹੀਂ ਹੈ ਕਿ ਤੁਸੀਂ ਕਿਸੇ ਵੀ ਯਹੋਵਾਹ ਦੇ ਸੇਵਕ ਨਾਲ ਵਿਆਹ ਕਰਾ ਲਓ। ਕਿਸੇ ਨੂੰ ਆਪਣਾ ਜੀਵਨ ਸਾਥੀ ਬਣਾਉਣ ਲਈ ਅਜਿਹੇ ਮਸੀਹੀ ਨੂੰ ਲੱਭੋ ਜਿਸ ਦਾ ਸੁਭਾਅ ਤੇ ਟੀਚੇ ਤੁਹਾਡੇ ਵਰਗੇ ਹਨ ਅਤੇ ਉਹ ਤੁਹਾਡੇ ਵਾਂਗ ਯਹੋਵਾਹ ਨਾਲ ਪਿਆਰ ਕਰਦਾ ਹੈ। ਵਫ਼ਾਦਾਰ ਅਤੇ ਸਮਝਦਾਰ ਨੌਕਰ ਨੇ ਇਸ ਮਾਮਲੇ ਬਾਰੇ ਕਿਤਾਬਾਂ-ਰਸਾਲਿਆਂ ਵਿਚ ਕਾਫ਼ੀ ਸਲਾਹ ਦਿੱਤੀ ਹੈ। ਚੰਗਾ ਹੋਵੇਗਾ ਜੇ ਤੁਸੀਂ ਇਹ ਅਹਿਮ ਫ਼ੈਸਲਾ ਕਰਨ ਲੱਗਿਆਂ ਪ੍ਰਾਰਥਨਾ ਕਰਦੇ ਹੋਏ ਇਸ ਸਲਾਹ ਉੱਤੇ ਸੋਚ-ਵਿਚਾਰ ਕਰੋ। *​—ਜ਼ਬੂਰਾਂ ਦੀ ਪੋਥੀ 119:105 ਪੜ੍ਹੋ।

12. ਕਈ ਦੇਸ਼ਾਂ ਵਿਚ ਵਿਆਹ ਸੰਬੰਧੀ ਕਿਹੜਾ ਰਿਵਾਜ ਹੈ ਅਤੇ ਇਸ ਬਾਰੇ ਬਾਈਬਲ ਵਿਚ ਦਿੱਤੀ ਕਿਹੜੀ ਉਦਾਹਰਣ ਮਦਦਗਾਰ ਸਾਬਤ ਹੋ ਸਕਦੀ ਹੈ?

 12 ਕਈ ਦੇਸ਼ਾਂ ਵਿਚ ਮਾਂ-ਬਾਪ ਆਪਣੇ ਬੱਚਿਆਂ ਲਈ ਜੀਵਨ ਸਾਥੀ ਦੀ ਚੋਣ ਕਰਦੇ ਹਨ। ਬੁੱਧੀਮਾਨ ਅਤੇ ਤਜਰਬੇਕਾਰ ਹੋਣ ਕਰਕੇ ਮਾਂ-ਬਾਪ ਆਪਣੇ ਬੱਚਿਆਂ ਲਈ ਸੋਚ-ਸਮਝ ਕੇ ਇਹ ਅਹਿਮ ਫ਼ੈਸਲਾ ਕਰ ਸਕਦੇ ਹਨ। ਅਜਿਹੇ ਵਿਆਹ ਅਕਸਰ ਸਫ਼ਲ ਹੁੰਦੇ ਹਨ। ਬਾਈਬਲ ਦੇ ਜ਼ਮਾਨੇ ਵਿਚ ਵੀ ਮਾਂ-ਬਾਪ ਆਪਣੇ ਬੱਚਿਆਂ ਦਾ ਰਿਸ਼ਤਾ ਕਰਦੇ ਹੁੰਦੇ ਸਨ। ਉਦਾਹਰਣ ਲਈ, ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਲਈ ਪਤਨੀ ਲੱਭਣ ਦੀ ਜ਼ਿੰਮੇਵਾਰੀ ਆਪਣੇ ਸੇਵਕ ਨੂੰ ਦਿੱਤੀ ਸੀ। ਉਸ ਨੇ ਆਪਣੇ ਸੇਵਕ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਇਸਹਾਕ ਲਈ ਕਿਹੋ ਜਿਹੀ ਪਤਨੀ ਲੱਭਣੀ ਸੀ। ਉਸ ਲਈ ਇਹ ਗੱਲ ਕੋਈ ਮਾਅਨੇ ਨਹੀਂ ਰੱਖਦੀ ਸੀ ਕਿ ਕੁੜੀ ਅਮੀਰ ਜਾਂ ਉੱਚੇ ਖ਼ਾਨਦਾਨ ਵਿੱਚੋਂ ਹੋਵੇ। ਇਸ ਦੀ ਬਜਾਇ, ਉਸ ਨੇ ਇਹ ਧਿਆਨ ਰੱਖਿਆ ਕਿ ਕੁੜੀ ਅਤੇ ਉਸ ਦਾ ਪਰਿਵਾਰ ਯਹੋਵਾਹ ਦੇ ਭਗਤ ਹੋਣ। ਇਸ ਉਦਾਹਰਣ ਤੋਂ ਅੱਜ ਮਾਂ-ਬਾਪ ਬਹੁਤ ਕੁਝ ਸਿੱਖ ਸਕਦੇ ਹਨ। *​—ਉਤਪਤ 24:3, 67.

ਤੁਸੀਂ ਖ਼ੁਸ਼ੀਆਂ ਭਰੀ ਵਿਆਹੁਤਾ ਜ਼ਿੰਦਗੀ ਦੀ ਤਿਆਰੀ ਕਿਵੇਂ ਕਰ ਸਕਦੇ ਹੋ?

13-15. (ੳ) ਕਹਾਉਤਾਂ 24:27 ਵਿਚ ਦਿੱਤਾ ਅਸੂਲ ਵਿਆਹ ਕਰਾਉਣ ਬਾਰੇ ਸੋਚ ਰਹੇ ਮੁੰਡੇ ਦੀ ਕਿਵੇਂ ਮਦਦ ਕਰ ਸਕਦਾ ਹੈ? (ਅ) ਕੁੜੀਆਂ ਵਿਆਹੁਤਾ ਜ਼ਿੰਦਗੀ ਲਈ ਤਿਆਰ ਕਿਵੇਂ ਹੋ ਸਕਦੀਆਂ ਹਨ?

13 ਜੇ ਤੁਸੀਂ ਵਿਆਹ ਕਰਾਉਣ ਦਾ ਮਨ ਬਣਾ ਲਿਆ ਹੈ, ਤਾਂ ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਵਿਆਹ ਦੇ ਬੰਧਨ ਵਿਚ ਬੱਝਣ ਲਈ ਤਿਆਰ ਵੀ ਹਾਂ?’ ਇਹ ਇਸ ਗੱਲ ’ਤੇ ਨਿਰਭਰ ਨਹੀਂ ਕਰਦਾ ਕਿ ਤੁਸੀਂ ਪਿਆਰ, ਸਾਥ ਜਾਂ ਬੱਚੇ ਚਾਹੁੰਦੇ ਹੋ। ਇਸ ਦੀ ਬਜਾਇ ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਕੁਝ ਖ਼ਾਸ ਜ਼ਿੰਮੇਵਾਰੀਆਂ ਬਾਰੇ ਸੋਚਣ ਦੀ ਲੋੜ ਹੈ।

 14 ਮੁੰਡੇ ਨੂੰ ਇਸ ਅਸੂਲ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ: “ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ।” (ਕਹਾਉਤਾਂ 24:27) ਇਸ ਦਾ ਕੀ ਮਤਲਬ ਹੈ? ਪੁਰਾਣੇ ਜ਼ਮਾਨਿਆਂ ਵਿਚ, ਜੇ ਕੋਈ ਬੰਦਾ ਵਿਆਹ ਕਰਾ ਕੇ ਆਪਣਾ ਪਰਿਵਾਰ ਚਾਹੁੰਦਾ ਸੀ, ਤਾਂ ਉਸ ਨੂੰ ਆਪਣੇ ਤੋਂ ਇਹ ਪੁੱਛਣ ਦੀ ਲੋੜ ਹੁੰਦੀ ਸੀ, ‘ਕੀ ਮੈਂ ਪਤਨੀ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹਾਂ?’ ਉਸ ਨੂੰ ਪਹਿਲਾਂ ਕੰਮ ਕਰ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਪੈਂਦਾ ਸੀ। ਇਹੀ ਗੱਲ ਅੱਜ ਵੀ ਲਾਗੂ ਹੁੰਦੀ ਹੈ। ਜੋ ਬੰਦਾ ਵਿਆਹ ਕਰਾਉਣਾ ਚਾਹੁੰਦਾ ਹੈ, ਉਸ ਨੂੰ ਜ਼ਿੰਮੇਵਾਰੀ ਚੁੱਕਣ ਦੇ ਕਾਬਲ ਬਣਨ ਦੀ ਲੋੜ ਹੈ। ਜਿੰਨਾ ਚਿਰ ਉਹ ਸਿਹਤਮੰਦ ਹੈ, ਉਸ ਨੂੰ ਕੰਮ ਕਰਨਾ ਪਵੇਗਾ। ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਜੋ ਬੰਦਾ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਿਚ ਮਦਦ ਨਹੀਂ ਕਰਦਾ, ਤਾਂ ਉਹ ਉਸ ਵਿਅਕਤੀ ਨਾਲੋਂ ਵੀ ਗਿਆ-ਗੁਜ਼ਰਿਆ ਹੈ ਜੋ ਸੱਚਾਈ ਵਿਚ ਨਹੀਂ ਹੈ।​—1 ਤਿਮੋਥਿਉਸ 5:8 ਪੜ੍ਹੋ।

15 ਜੋ ਕੁੜੀ ਵਿਆਹ ਕਰਾਉਣ ਦਾ ਫ਼ੈਸਲਾ ਕਰਦੀ ਹੈ, ਉਸ ਨੂੰ ਵੀ ਭਾਰੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਰਹਿਣਾ ਚਾਹੀਦਾ ਹੈ। ਬਾਈਬਲ ਵਿਚ ਚੰਗੀ ਪਤਨੀ ਦੀਆਂ ਖੂਬੀਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਸਦਕਾ ਉਹ ਆਪਣੇ ਪਤੀ ਦੀ ਮਦਦ ਕਰ ਸਕਦੀ ਹੈ ਅਤੇ ਟੱਬਰ ਦੀ ਦੇਖ-ਭਾਲ ਕਰ ਸਕਦੀ ਹੈ। (ਕਹਾਉਤਾਂ 31:10-31) ਜਿਹੜੇ ਮੁੰਡੇ-ਕੁੜੀਆਂ ਬਿਨਾਂ ਸੋਚੇ-ਸਮਝੇ ਵਿਆਹ ਕਰਾ ਲੈਂਦੇ ਹਨ, ਉਹ ਅਸਲ ਵਿਚ ਸੁਆਰਥੀ ਹੁੰਦੇ ਹਨ ਕਿਉਂਕਿ ਉਹ ਇਹ ਨਹੀਂ ਸੋਚਦੇ ਕਿ ਉਹ ਆਪਣੇ ਜੀਵਨ ਸਾਥੀ ਦੀ ਦੇਖ-ਭਾਲ ਕਿਵੇਂ ਕਰ ਸਕਦੇ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਉਣ ਲਈ ਬਾਈਬਲ ਦੇ ਅਸੂਲ ਕਿਵੇਂ ਲਾਗੂ ਕਰਨੇ ਹਨ। ਇਹੀ ਸਭ ਤੋਂ ਅਹਿਮ ਗੱਲ ਹੈ।

16, 17. ਵਿਆਹ ਕਰਾਉਣ ਬਾਰੇ ਸੋਚ ਰਹੇ ਮੁੰਡੇ-ਕੁੜੀਆਂ ਨੂੰ ਬਾਈਬਲ ਦੇ ਕਿਹੜੇ ਅਸੂਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

16 ਮੁੰਡੇ-ਕੁੜੀ ਨੂੰ ਪਰਮੇਸ਼ੁਰ ਵੱਲੋਂ ਪਤੀ-ਪਤਨੀ ਨੂੰ ਦਿੱਤੀਆਂ ਜ਼ਿੰਮੇਵਾਰੀਆਂ ਉੱਤੇ ਵੀ ਸੋਚ-ਵਿਚਾਰ ਕਰਨ ਦੀ ਲੋੜ ਹੈ। ਮੁੰਡੇ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਪਰਿਵਾਰ ਦਾ ਸਿਰ ਹੋਣ ਦਾ ਕੀ ਮਤਲਬ ਹੈ। ਪਰਿਵਾਰ ਦਾ ਸਿਰ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਉਹ ਆਪਣੀ ਪਤਨੀ ਨਾਲ ਜ਼ੋਰ-ਜ਼ਬਰਦਸਤੀ ਕਰ ਸਕਦਾ ਹੈ। ਇਸ ਦੀ ਬਜਾਇ, ਉਸ ਨੂੰ ਆਪਣੀ ਇਹ ਜ਼ਿੰਮੇਵਾਰੀ  ਉਸੇ ਤਰ੍ਹਾਂ ਨਿਭਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਯਿਸੂ ਨੇ ਮੰਡਲੀ ਦਾ ਸਿਰ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨਿਭਾਈ ਸੀ। (ਅਫ਼ਸੀਆਂ 5:23) ਇਸੇ ਤਰ੍ਹਾਂ, ਕੁੜੀ ਨੂੰ ਵੀ ਪਤਨੀ ਦੀਆਂ ਜ਼ਿੰਮੇਵਾਰੀਆਂ ਸਮਝਣ ਦੀ ਲੋੜ ਹੈ। ਕੀ ਉਹ ਵਿਆਹ ਤੋਂ ਬਾਅਦ ਆਪਣੇ ‘ਪਤੀ ਦਾ ਕਾਨੂੰਨ’ ਮੰਨਣ ਲਈ ਤਿਆਰ ਹੈ? (ਰੋਮੀਆਂ 7:2) ਉਹ ਪਹਿਲਾਂ ਹੀ ਯਹੋਵਾਹ ਅਤੇ ਯਿਸੂ ਦੇ ਅਧੀਨ ਹੈ। (ਗਲਾਤੀਆਂ 6:2) ਵਿਆਹ ਤੋਂ ਬਾਅਦ ਉਸ ਨੂੰ ਆਪਣੇ ਨਾਮੁਕੰਮਲ ਪਤੀ ਦੇ ਵੀ ਅਧੀਨ ਰਹਿਣਾ ਪਵੇਗਾ। ਕੀ ਉਹ ਉਸ ਦੇ ਅਧੀਨ ਰਹਿ ਸਕੇਗੀ? ਜੇ ਉਹ ਸੋਚਦੀ ਹੈ ਕਿ ਉਹ ਆਪਣੇ ਪਤੀ ਦੇ ਅਧੀਨ ਨਹੀਂ ਰਹਿ ਪਾਵੇਗੀ, ਤਾਂ ਚੰਗਾ ਹੋਵੇਗਾ ਕਿ ਉਹ ਵਿਆਹ ਕਰਾਵੇ ਹੀ ਨਾ।

17 ਇਸ ਤੋਂ ਇਲਾਵਾ, ਦੋਵੇਂ ਜਣਿਆਂ ਨੂੰ ਇਕ-ਦੂਜੇ ਦੇ ਜਜ਼ਬਾਤਾਂ ਨੂੰ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ। (ਫ਼ਿਲਿੱਪੀਆਂ 2:4 ਪੜ੍ਹੋ।) ਪੌਲੁਸ ਨੇ ਲਿਖਿਆ: “ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।” ਪਰਮੇਸ਼ੁਰ ਦੀ ਪ੍ਰੇਰਣਾ ਨਾਲ ਪੌਲੁਸ ਨੇ ਦੱਸਿਆ ਕਿ ਆਦਮੀ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਪਤਨੀ ਉਸ ਦੀ ਇੱਜ਼ਤ ਕਰਦੀ ਹੈ। ਅਤੇ ਪਤਨੀ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਪਤੀ ਉਸ ਨੂੰ ਪਿਆਰ ਕਰਦਾ ਹੈ।​—ਅਫ਼ਸੀਆਂ 5:21-33.

ਵਿਆਹ ਤੋਂ ਪਹਿਲਾਂ ਮੁੰਡਾ-ਕੁੜੀ ਇਕ-ਦੂਜੇ ਨੂੰ ਮਿਲਦੇ-ਗਿਲ਼ਦੇ ਸਮੇਂ ਕਿਸੇ ਸਿਆਣੇ ਵਿਅਕਤੀ ਨੂੰ ਆਪਣੇ ਨਾਲ ਰੱਖਣ ਦੀ ਸਮਝਦਾਰੀ ਕਰਦੇ ਹਨ

18. ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਨ ਦੇ ਸਮੇਂ ਦੌਰਾਨ ਮੁੰਡੇ-ਕੁੜੀ ਲਈ ਆਪਣੇ ’ਤੇ ਕੰਟ੍ਰੋਲ ਰੱਖਣਾ ਕਿਉਂ ਜ਼ਰੂਰੀ ਹੈ?

18 ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਲਈ ਇਕ-ਦੂਜੇ ਨੂੰ ਜਾਣਨ ਦਾ ਸਮਾਂ ਮੌਜ-ਮਸਤੀ ਕਰਨ ਦਾ ਨਹੀਂ ਹੁੰਦਾ। ਇਸ ਦੀ ਬਜਾਇ ਉਨ੍ਹਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਾ ਹੈ ਅਤੇ ਇਹ ਦੇਖਣਾ ਚਾਹੀਦਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਚੰਗੀ ਨਿਭੇਗੀ ਕਿ ਨਹੀਂ। ਇਸ ਸਮੇਂ ਦੌਰਾਨ ਆਪਣੇ ਉੱਤੇ ਕੰਟ੍ਰੋਲ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਇਕ-ਦੂਜੇ ਦੀ ਛੋਹ ਚੰਗੀ ਲੱਗਦੀ ਹੈ। ਪਰ ਜੇ ਉਹ ਇਕ-ਦੂਜੇ ਨਾਲ ਸੱਚਾ ਪਿਆਰ ਕਰਦੇ ਹਨ, ਤਾਂ ਉਹ ਅਜਿਹਾ ਕੁਝ ਨਹੀਂ ਕਰਨਗੇ ਜਿਸ ਕਰਕੇ ਪਰਮੇਸ਼ੁਰ ਉਨ੍ਹਾਂ ਨਾਲ ਨਾਰਾਜ਼ ਹੋ ਜਾਵੇ। (1 ਥੱਸਲੁਨੀਕੀਆਂ 4:6) ਜੇ ਤੁਸੀਂ ਇਸ ਸਮੇਂ ਦੌਰਾਨ ਆਪਣੇ ’ਤੇ ਕੰਟ੍ਰੋਲ ਰੱਖੋਗੇ, ਤਾਂ ਤੁਹਾਨੂੰ ਜ਼ਿੰਦਗੀ ਭਰ ਇਸ ਗੁਣ ਤੋਂ ਫ਼ਾਇਦਾ ਹੋਵੇਗਾ, ਭਾਵੇਂ ਤੁਸੀਂ ਵਿਆਹ ਕਰਾਉਂਦੇ ਜਾਂ ਨਹੀਂ ਕਰਾਉਂਦੇ।

 ਪਤੀ-ਪਤਨੀ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਿਵੇਂ ਰੱਖ ਸਕਦੇ ਹਨ?

19, 20. ਵਿਆਹ ਪ੍ਰਤੀ ਮਸੀਹੀਆਂ ਦਾ ਨਜ਼ਰੀਆ ਦੁਨੀਆਂ ਦੇ ਨਜ਼ਰੀਏ ਤੋਂ ਕਿਵੇਂ ਵੱਖਰਾ ਹੋਣਾ ਚਾਹੀਦਾ ਹੈ? ਉਦਾਹਰਣ ਦੇ ਕੇ ਸਮਝਾਓ।

19 ਜੇ ਪਤੀ-ਪਤਨੀ ਨੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣਾ ਹੈ, ਤਾਂ ਉਨ੍ਹਾਂ ਨੂੰ ਇਸ ਰਿਸ਼ਤੇ ਪ੍ਰਤੀ ਸਹੀ ਨਜ਼ਰੀਆ ਰੱਖਣ ਦੀ ਲੋੜ ਹੈ। ਯਹੋਵਾਹ ਨੇ ਜਦੋਂ ਵਿਆਹ ਦੀ ਸ਼ੁਰੂਆਤ ਕੀਤੀ ਸੀ, ਤਾਂ ਉਸ ਦਾ ਇਰਾਦਾ ਸੀ ਕਿ ਪਤੀ-ਪਤਨੀ ਉਮਰ ਭਰ ਇਕ-ਦੂਜੇ ਦਾ ਸਾਥ ਨਿਭਾਉਣ। (ਉਤਪਤ 2:24) ਪਰ ਦੁੱਖ ਦੀ ਗੱਲ ਹੈ ਕਿ ਅੱਜ ਬਹੁਤ ਸਾਰੇ ਲੋਕ ਇਕ-ਦੂਜੇ ਦਾ ਸਾਥ ਨਹੀਂ ਨਿਭਾਉਂਦੇ। ਕੁਝ ਸਭਿਆਚਾਰਾਂ ਵਿਚ ਵਿਆਹ ਵਿਚ ਪੱਲਾ ਬੰਨ੍ਹਣ ਦੀ ਰਸਮ ਹੁੰਦੀ ਹੈ। ਪੱਲਾ ਬੱਝ ਜਾਣ ਕਰਕੇ ਮੁੰਡੇ-ਕੁੜੀ ਨੇ ਜੀਵਨ ਭਰ ਇਕੱਠਿਆਂ ਰਹਿਣਾ ਹੁੰਦਾ ਹੈ। ਪਰ ਕਈ ਲੋਕ ਸੋਚਦੇ ਹਨ ਕਿ ਪੱਲੇ ਦੀ ਗੰਢ ਖੋਲ੍ਹੀ ਵੀ ਜਾ ਸਕਦੀ ਹੈ।

20 ਅੱਜ-ਕੱਲ੍ਹ ਲੋਕ ਵਿਆਹ ਨੂੰ ਉਮਰ ਭਰ ਦਾ ਸਾਥ ਨਹੀਂ ਸਮਝਦੇ। ਉਹ ਆਪਣੀਆਂ ਲੋੜਾਂ ਨੂੰ ਦੇਖਦਿਆਂ ਫਟਾਫਟ ਵਿਆਹ ਕਰਾ ਤਾਂ ਲੈਂਦੇ ਹਨ, ਪਰ ਥੋੜ੍ਹੀਆਂ ਜਿਹੀਆਂ ਸਮੱਸਿਆਵਾਂ ਆਉਣ ’ਤੇ ਝੱਟ ਇਹ ਰਿਸ਼ਤਾ ਤੋੜ ਦਿੰਦੇ ਹਨ। ਪਰ ਯਾਦ ਕਰੋ ਕਿ ਬਾਈਬਲ ਵਿਚ ਵਿਆਹ ਦੇ ਬੰਧਨ ਦੀ ਤੁਲਨਾ ਮਜ਼ਬੂਤ ਰੱਸੀ ਨਾਲ ਕੀਤੀ ਗਈ ਹੈ। ਪਹਾੜਾਂ ਉੱਤੇ ਚੜ੍ਹਨ ਵਾਲੇ ਲੋਕ ਮਜ਼ਬੂਤ ਰੱਸੀਆਂ ਇਸਤੇਮਾਲ ਕਰਦੇ ਹਨ ਜੋ ਪੱਥਰਾਂ ਨਾਲ ਵਾਰ-ਵਾਰ ਰਗੜ ਖਾ ਕੇ ਵੀ ਨਹੀਂ ਟੁੱਟਦੀਆਂ। ਇਸੇ ਤਰ੍ਹਾਂ, ਵਿਆਹ ਦਾ ਬੰਧਨ ਵੀ ਹਰ ਦੁੱਖ-ਸੁੱਖ ਵਿਚ ਮਜ਼ਬੂਤ ਰਹਿਣਾ ਚਾਹੀਦਾ ਹੈ। ਯਾਦ ਕਰੋ ਕਿ ਯਿਸੂ ਨੇ ਕਿਹਾ ਸੀ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।” (ਮੱਤੀ 19:6) ਜੇ ਤੁਸੀਂ ਵਿਆਹ ਕਰਾਉਂਦੇ ਹੋ, ਤਾਂ ਤੁਹਾਨੂੰ ਉਮਰ ਭਰ ਆਪਣੇ ਜੀਵਨ ਸਾਥੀ ਦਾ ਸਾਥ ਨਿਭਾਉਣਾ ਪਵੇਗਾ। ਕੀ ਉਮਰ ਭਰ ਦਾ ਸਾਥ ਬੋਝ ਨਹੀਂ ਹੋਵੇਗਾ? ਬਿਲਕੁਲ ਨਹੀਂ।

21. ਪਤੀ-ਪਤਨੀ ਨੂੰ ਇਕ-ਦੂਜੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ ਅਤੇ ਇਹ ਨਜ਼ਰੀਆ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

21 ਪਤੀ-ਪਤਨੀ ਨੂੰ ਇਕ-ਦੂਜੇ ਬਾਰੇ ਵੀ ਸਹੀ ਨਜ਼ਰੀਆ ਰੱਖਣ ਦੀ ਲੋੜ ਹੈ। ਜੇ ਉਹ ਦੋਵੇਂ ਇਕ-ਦੂਜੇ ਦੀਆਂ ਖੂਬੀਆਂ ਅਤੇ ਚੰਗੇ ਕੰਮਾਂ ਨੂੰ ਧਿਆਨ ਵਿਚ ਰੱਖਦੇ ਹਨ, ਤਾਂ ਉਨ੍ਹਾਂ ਨੂੰ ਇਕ-ਦੂਜੇ ਦੇ ਸਾਥ ਤੋਂ ਖ਼ੁਸ਼ੀ ਅਤੇ ਤਾਜ਼ਗੀ ਮਿਲੇਗੀ। ਕੀ ਆਪਣੇ ਨਾਮੁਕੰਮਲ ਜੀਵਨ ਸਾਥੀ ਬਾਰੇ ਸਹੀ ਨਜ਼ਰੀਆ ਰੱਖਣਾ ਮੁਮਕਿਨ ਹੈ? ਹਾਂ ਮੁਮਕਿਨ ਹੈ। ਕਿਉਂਕਿ ਯਹੋਵਾਹ ਵੀ ਸਾਡੇ ਬਾਰੇ ਸਹੀ ਨਜ਼ਰੀਆ ਰੱਖਦਾ ਹੈ, ਭਾਵੇਂ ਕਿ ਅਸੀਂ  ਨਾਮੁਕੰਮਲ ਹਾਂ। ਜ਼ਬੂਰਾਂ ਦੇ ਲਿਖਾਰੀ ਨੇ ਪੁੱਛਿਆ ਸੀ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰਾਂ ਦੀ ਪੋਥੀ 130:3) ਪਤੀ-ਪਤਨੀ ਨੂੰ ਵੀ ਇਹੀ ਨਜ਼ਰੀਆ ਰੱਖਦੇ ਹੋਏ ਇਕ-ਦੂਜੇ ਨੂੰ ਮਾਫ਼ ਕਰਨਾ ਚਾਹੀਦਾ ਹੈ।​—ਕੁਲੁੱਸੀਆਂ 3:13 ਪੜ੍ਹੋ।

22, 23. ਅਬਰਾਹਾਮ ਅਤੇ ਸਾਰਾਹ ਨੇ ਵਿਆਹੇ ਲੋਕਾਂ ਲਈ ਕਿਵੇਂ ਚੰਗੀ ਮਿਸਾਲ ਕਾਇਮ ਕੀਤੀ?

22 ਜਿੱਦਾਂ-ਜਿੱਦਾਂ ਸਾਲ ਲੰਘਦੇ ਜਾਣਗੇ, ਉੱਦਾਂ-ਉੱਦਾਂ ਤੁਹਾਡਾ ਆਪਸ ਵਿਚ  ਪਿਆਰ ਵਧਦਾ ਜਾਵੇਗਾ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਬਰਾਹਾਮ ਅਤੇ ਸਾਰਾਹ ਬੁੱਢੇ ਹੋ ਗਏ ਸਨ, ਤਾਂ ਉਨ੍ਹਾਂ ਦਾ ਆਪਸ ਵਿਚ ਰਿਸ਼ਤਾ ਕਿਹੋ ਜਿਹਾ ਸੀ। ਉਨ੍ਹਾਂ ਦੀ ਜ਼ਿੰਦਗੀ ਵਿਚ ਵੀ ਕਈ ਮੁਸ਼ਕਲ ਸਮੇਂ ਆਏ। ਕਲਪਨਾ ਕਰੋ ਕਿ ਸਾਰਾਹ ਉੱਤੇ ਕੀ ਬੀਤੀ ਹੋਣੀ ਜਦੋਂ ਉਸ ਨੂੰ ਊਰ ਨਾਂ ਦੇ ਵੱਡੇ ਸ਼ਹਿਰ ਵਿਚ ਆਪਣੇ ਸ਼ਾਨਦਾਰ ਘਰ ਨੂੰ ਛੱਡ ਕੇ ਬਾਕੀ ਦੀ ਜ਼ਿੰਦਗੀ ਤੰਬੂਆਂ ਵਿਚ ਕੱਟਣ ਲਈ ਕਿਹਾ ਗਿਆ ਸੀ। ਉਸ ਵੇਲੇ ਉਸ ਦੀ ਉਮਰ ਸੱਠਾਂ ਤੋਂ ਉੱਤੇ ਸੀ। ਫਿਰ ਵੀ ਉਸ ਨੇ ਆਪਣੇ ਪਤੀ ਦੇ ਅਧੀਨ ਰਹਿੰਦਿਆਂ ਉਸ ਦੀ ਰਜ਼ਾ ’ਤੇ ਫੁੱਲ ਚੜ੍ਹਾਏ। ਉਸ ਨੇ ਅਬਰਾਹਾਮ ਦੀ ਸੱਚੀ ਸਾਥਣ ਬਣ ਕੇ ਕਦਮ-ਕਦਮ ’ਤੇ ਉਸ ਦਾ ਸਾਥ ਨਿਭਾਇਆ ਅਤੇ ਅਬਰਾਹਾਮ ਨੂੰ ਆਪਣੇ ਫ਼ੈਸਲਿਆਂ ਮੁਤਾਬਕ ਚੱਲਣ ਵਿਚ ਮਦਦ ਦਿੱਤੀ। ਉਸ ਨੇ ਉੱਪਰੋਂ-ਉੱਪਰੋਂ ਅਧੀਨਗੀ ਨਹੀਂ ਦਿਖਾਈ। ਉਹ “ਆਪਣੇ ਮਨ ਵਿੱਚ” ਆਪਣੇ ਪਤੀ ਨੂੰ ਆਪਣਾ ਸੁਆਮੀ ਮੰਨਦੀ ਸੀ ਅਤੇ ਦਿਲੋਂ ਉਸ ਦੀ ਇੱਜ਼ਤ ਕਰਦੀ ਸੀ।​—ਉਤਪਤ 18:12; 1 ਪਤਰਸ 3:6.

23 ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਅਬਰਾਹਾਮ ਤੇ ਸਾਰਾਹ ਦੀ ਹਰ ਗੱਲ ਵਿਚ ਇੱਕੋ ਸਲਾਹ ਹੁੰਦੀ ਸੀ। ਇਕ ਵਾਰ ਅਬਰਾਹਾਮ ਨੂੰ ਸਾਰਾਹ ਦੀ ਇਕ ਸਲਾਹ “ਅੱਤ ਬੁਰੀ” ਲੱਗੀ ਸੀ। ਫਿਰ ਵੀ ਯਹੋਵਾਹ ਦੇ ਕਹਿਣੇ ’ਤੇ ਅਬਰਾਹਾਮ ਨੇ ਹਲੀਮੀ ਨਾਲ ਆਪਣੀ ਪਤਨੀ ਦੀ ਸਲਾਹ ਮੰਨ ਲਈ ਸੀ ਜੋ ਬਾਅਦ ਵਿਚ ਪਰਿਵਾਰ ਲਈ ਬਰਕਤ ਸਾਬਤ ਹੋਈ। (ਉਤਪਤ 21:9-13) ਅੱਜ ਪਤੀ-ਪਤਨੀ ਅਬਰਾਹਾਮ ਅਤੇ ਸਾਰਾਹ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਨ, ਉਹ ਪਤੀ-ਪਤਨੀ ਵੀ ਜਿਨ੍ਹਾਂ ਨੇ ਉਮਰ ਭਰ ਇਕ-ਦੂਜੇ ਦਾ ਸਾਥ ਨਿਭਾਇਆ ਹੈ।

24. ਵਿਆਹ ਸੰਬੰਧੀ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਮੁੰਡਾ-ਕੁੜੀ ਪਰਮੇਸ਼ੁਰ ਦੀ ਮਹਿਮਾ ਕਰ ਸਕਦੇ ਹਨ?

24 ਮੰਡਲੀਆਂ ਵਿਚ ਹਜ਼ਾਰਾਂ ਮਸੀਹੀ ਜੋੜੇ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਹਨ। ਕਿਉਂ? ਕਿਉਂਕਿ ਪਤਨੀ ਆਪਣੇ ਪਤੀ ਦੀ ਦਿਲੋਂ ਇੱਜ਼ਤ ਕਰਦੀ ਹੈ, ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ ਅਤੇ ਉਸ ਦੀ ਕਦਰ ਕਰਦਾ ਹੈ ਅਤੇ ਉਹ ਦੋਵੇਂ ਰਲ਼ ਕੇ ਯਹੋਵਾਹ ਦੇ ਕੰਮਾਂ ਨੂੰ ਪਹਿਲ ਦਿੰਦੇ ਹਨ। ਜੇ ਤੁਸੀਂ ਵਿਆਹ ਕਰਾਉਣ ਦਾ ਫ਼ੈਸਲਾ ਕਰਦੇ ਹੋ, ਤਾਂ ਧਿਆਨ ਨਾਲ ਜੀਵਨ ਸਾਥੀ ਦੀ ਚੋਣ ਕਰੋ, ਵਿਆਹੁਤਾ ਜ਼ਿੰਦਗੀ ਦੀ ਤਿਆਰੀ ਕਰੋ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਸ਼ਾਂਤੀ ਅਤੇ ਪਿਆਰ ਬਰਕਰਾਰ ਰੱਖਣ ਲਈ ਮਿਹਨਤ ਕਰੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਹੋਵੇਗੀ ਅਤੇ ਤੁਸੀਂ ਦੋਵੇਂ ਪਤੀ-ਪਤਨੀ ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖ ਸਕੋਗੇ।

^ ਪੈਰਾ 11 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਦਾ ਦੂਜਾ ਅਧਿਆਇ ਦੇਖੋ।

^ ਪੈਰਾ 12 ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਕਈ ਭਗਤਾਂ ਦੀਆਂ ਇਕ ਤੋਂ ਜ਼ਿਆਦਾ ਘਰਵਾਲੀਆਂ ਹੁੰਦੀਆਂ ਸਨ। ਭਾਵੇਂ ਕਿ ਸ਼ੁਰੂ ਵਿਚ ਪਰਮੇਸ਼ੁਰ ਦਾ ਇਹ ਮਕਸਦ ਨਹੀਂ ਸੀ ਕਿ ਆਦਮੀ ਦੀਆਂ ਇਕ ਤੋਂ ਜ਼ਿਆਦਾ ਪਤਨੀਆਂ ਹੋਣ, ਪਰ ਉਸ ਨੇ ਇਜ਼ਰਾਈਲੀਆਂ ਨੂੰ ਇਸ ਦੀ ਇਜਾਜ਼ਤ ਦਿੱਤੀ ਸੀ। ਉਸ ਨੇ ਇਸ ਮਾਮਲੇ ਸੰਬੰਧੀ ਕਾਨੂੰਨ ਬਣਾਏ ਸਨ। ਪਰ ਮਸੀਹੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਯਹੋਵਾਹ ਆਪਣੇ ਭਗਤਾਂ ਨੂੰ ਇਕ ਤੋਂ ਜ਼ਿਆਦਾ ਪਤਨੀਆਂ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ।​—ਮੱਤੀ 19:9; 1 ਤਿਮੋਥਿਉਸ 3:2.