Skip to content

Skip to table of contents

 ਵਧੇਰੇ ਜਾਣਕਾਰੀ

ਬਿਜ਼ਨਿਸ ਕਰਕੇ ਪੈਦਾ ਹੋਏ ਝਗੜਿਆਂ ਨੂੰ ਨਜਿੱਠੋ

ਬਿਜ਼ਨਿਸ ਕਰਕੇ ਪੈਦਾ ਹੋਏ ਝਗੜਿਆਂ ਨੂੰ ਨਜਿੱਠੋ

ਪਹਿਲਾ ਕੁਰਿੰਥੀਆਂ 6:1-8 ਵਿਚ ਪੌਲੁਸ ਰਸੂਲ ਨੇ ਭਰਾਵਾਂ ਵੱਲੋਂ ਇਕ-ਦੂਜੇ ਉੱਤੇ ਕੀਤੇ ਮੁਕੱਦਮਿਆਂ ਬਾਰੇ ਗੱਲ ਕੀਤੀ ਸੀ। ਉਸ ਨੂੰ ਇਹ ਜਾਣ ਕੇ ਬੜਾ ਦੁੱਖ ਹੋਇਆ ਕਿ ਕੁਰਿੰਥੁਸ ਦੇ ਕੁਝ ਮਸੀਹੀਆਂ ਨੇ ਆਪਣੇ ਝਗੜਿਆਂ ਦੇ ਨਬੇੜੇ ਲਈ “ਅਧਰਮੀ ਲੋਕਾਂ ਸਾਮ੍ਹਣੇ ਜਾਣ ਦਾ ਹੀਆ” ਕੀਤਾ ਸੀ। (ਆਇਤ 1) ਪੌਲੁਸ ਨੇ ਇਸ ਦੇ ਵਧੀਆ ਕਾਰਨ ਦਿੱਤੇ ਕਿ ਮਸੀਹੀਆਂ ਨੂੰ ਆਪਣੇ ਭੈਣਾਂ-ਭਰਾਵਾਂ ਨੂੰ ਕਚਹਿਰੀਆਂ ਵਿਚ ਕਿਉਂ ਨਹੀਂ ਘਸੀਟਣਾ ਚਾਹੀਦਾ, ਸਗੋਂ ਮੰਡਲੀ ਵਿਚ ਹੀ ਆਪਣੇ ਝਗੜਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਆਓ ਆਪਾਂ ਬਾਈਬਲ ਵਿਚ ਦਰਜ ਇਨ੍ਹਾਂ ਕੁਝ ਕਾਰਨਾਂ ਉੱਤੇ ਵਿਚਾਰ ਕਰੀਏ ਅਤੇ ਫਿਰ ਉਨ੍ਹਾਂ ਮਾਮਲਿਆਂ ਬਾਰੇ ਵੀ ਗੱਲ ਕਰਾਂਗੇ ਜਿਨ੍ਹਾਂ ਉੱਤੇ ਇਹ ਸਲਾਹ ਲਾਗੂ ਨਹੀਂ ਹੁੰਦੀ।

ਜੇ ਬਿਜ਼ਨਿਸ ਕਰਕੇ ਤੁਹਾਡਾ ਕਿਸੇ ਭਰਾ ਜਾਂ ਭੈਣ ਨਾਲ ਝਗੜਾ ਹੋ ਗਿਆ ਹੈ, ਤਾਂ ਇਸ ਨੂੰ ਆਪਣੇ ਤਰੀਕੇ ਨਾਲ ਨਹੀਂ, ਸਗੋਂ ਯਹੋਵਾਹ ਦੇ ਤਰੀਕੇ ਨਾਲ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰੋ। (ਕਹਾਉਤਾਂ 14:12) ਯਿਸੂ ਨੇ ਦੱਸਿਆ ਸੀ ਕਿ ਝਗੜਾ ਵਧਣ ਤੋਂ ਪਹਿਲਾਂ ਹੀ ਸਮੱਸਿਆ ਨਾਲ ਨਜਿੱਠਣਾ ਚੰਗੀ ਗੱਲ ਹੈ। (ਮੱਤੀ 5:23-26) ਪਰ ਦੁੱਖ ਦੀ ਗੱਲ ਹੈ ਕਿ ਕੁਝ ਮਸੀਹੀਆਂ ਨੇ ਆਪਣੇ ਭੈਣਾਂ-ਭਰਾਵਾਂ ਨਾਲ ਬਹੁਤ ਲੜਾਈ-ਝਗੜਾ ਕੀਤਾ ਅਤੇ ਉਨ੍ਹਾਂ ਉੱਤੇ ਮੁਕੱਦਮੇ ਕੀਤੇ ਹਨ। ਪੌਲੁਸ ਨੇ ਕਿਹਾ ਸੀ: “ਅਸਲ ਵਿਚ, ਜਦੋਂ ਤੁਸੀਂ ਇਕ-ਦੂਜੇ ਉੱਤੇ ਮੁਕੱਦਮੇ ਕਰਦੇ ਹੋ, ਤਾਂ ਤੁਹਾਡੀ ਪਹਿਲਾਂ ਹੀ ਹਾਰ ਹੋ ਚੁੱਕੀ ਹੁੰਦੀ ਹੈ।” ਇਹ ਕਿਵੇਂ? ਮੁਕੱਦਮਾ ਕਰਨ ਨਾਲ ਯਹੋਵਾਹ ਪਰਮੇਸ਼ੁਰ ਅਤੇ ਮੰਡਲੀ ਦੀ ਬਦਨਾਮੀ ਹੋ ਸਕਦੀ ਹੈ। ਇਸ ਲਈ ਸਾਨੂੰ ਪੌਲੁਸ ਦੇ ਇਸ ਸਵਾਲ ਵੱਲ ਧਿਆਨ ਦੇਣਾ ਚਾਹੀਦਾ ਹੈ: “ਤੁਸੀਂ ਆਪ ਹੀ ਬੇਇਨਸਾਫ਼ੀ ਕਿਉਂ ਨਹੀਂ ਸਹਿ ਲੈਂਦੇ?”​—ਆਇਤ 7.

ਪੌਲੁਸ ਨੇ ਇਹ ਵੀ ਦੱਸਿਆ ਸੀ ਕਿ ਬਹੁਤ ਸਾਰੇ ਝਗੜਿਆਂ ਦਾ ਹੱਲ ਕਰਨ ਲਈ ਯਹੋਵਾਹ ਨੇ ਮੰਡਲੀ ਵਿਚ ਵਧੀਆ ਪ੍ਰਬੰਧ ਕੀਤਾ ਹੈ। ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਬਚਨ ਦਾ ਗਿਆਨ ਹੈ, ਇਸ ਕਰਕੇ ਉਹ ਬੁੱਧੀਮਾਨ ਹਨ ਅਤੇ “ਜ਼ਿੰਦਗੀ ਦੇ ਮਸਲਿਆਂ” ਵਿਚ ‘ਆਪਣੇ ਭਰਾਵਾਂ ਦਾ ਨਿਆਂ ਕਰਨ’ ਦੇ ਯੋਗ ਹਨ। (ਆਇਤਾਂ 3-5) ਯਿਸੂ ਨੇ ਦਿਖਾਇਆ ਸੀ ਕਿ ਤੁਹਮਤ ਲਾਉਣ ਅਤੇ ਠੱਗੀ ਕਰਨ ਵਰਗੇ ਗੰਭੀਰ ਮਸਲਿਆਂ ਨੂੰ ਹੱਲ ਕਰਨ ਲਈ ਤਿੰਨ ਕਦਮ ਚੁੱਕਣ ਦੀ ਲੋੜ ਹੈ: ਪਹਿਲਾ, ਜਿਨ੍ਹਾਂ ਮਸੀਹੀਆਂ ਵਿਚ ਝਗੜਾ ਹੋਇਆ ਹੈ, ਉਹ ਦੋਵੇਂ ਗੱਲ ਕਰ ਕੇ ਆਪਣਾ ਝਗੜਾ ਹੱਲ  ਕਰਨ ਦੀ ਕੋਸ਼ਿਸ਼ ਕਰਨ; ਦੂਸਰਾ, ਜੇ ਝਗੜਾ ਹੱਲ ਨਹੀਂ ਹੁੰਦਾ ਹੈ, ਤਾਂ ਇਕ-ਦੋ ਜਣਿਆਂ ਨੂੰ ਗਵਾਹਾਂ ਦੇ ਤੌਰ ਤੇ ਨਾਲ ਲਿਆਓ ਅਤੇ ਗੱਲ ਕਰੋ; ਤੀਸਰਾ, ਜੇ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ ਹੈ, ਤਾਂ ਮਸਲਾ ਬਜ਼ੁਰਗਾਂ ਸਾਮ੍ਹਣੇ ਰੱਖ ਦਿਓ।​—ਮੱਤੀ 18:15-17.

ਬਜ਼ੁਰਗਾਂ ਨੂੰ ਅਜਿਹੇ ਮਸਲਿਆਂ ਬਾਰੇ ਕਾਨੂੰਨੀ ਸਲਾਹਾਂ ਨਹੀਂ ਦੇਣੀਆਂ ਚਾਹੀਦੀਆਂ ਜਾਂ ਕਾਰੋਬਾਰ ਦੀਆਂ ਸ਼ਰਤਾਂ ਤੈ ਨਹੀਂ ਕਰਨੀਆਂ ਚਾਹੀਦੀਆਂ। ਇਸ ਦੀ ਬਜਾਇ ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਬਾਈਬਲ ਵਿੱਚੋਂ ਸਲਾਹ ਦੇਣੀ ਹੈ ਤਾਂਕਿ ਉਹ ਸ਼ਾਂਤੀ ਨਾਲ ਝਗੜਾ ਨਿਪਟਾ ਸਕਣ। ਜੇ ਮਸਲਾ ਗੰਭੀਰ ਹੈ, ਤਾਂ ਉਹ ਸਰਕਟ ਓਵਰਸੀਅਰ ਨਾਲ ਵੀ ਸਲਾਹ ਕਰ ਸਕਦੇ ਹਨ ਜਾਂ ਫਿਰ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਵੀ ਲਿਖ ਸਕਦੇ ਹਨ। ਪਰ ਕੁਝ ਮਾਮਲਿਆਂ ਵਿਚ ਪੌਲੁਸ ਦੀ ਸਲਾਹ ਲਾਗੂ ਨਹੀਂ ਹੁੰਦੀ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਮਾਮਲਿਆਂ ਬਾਰੇ ਗੱਲ ਕਰੀਏ।

ਕੁਝ ਮਾਮਲਿਆਂ ਵਿਚ ਮੁਕੱਦਮਾ ਕਰਨਾ ਜ਼ਰੂਰੀ ਹੁੰਦਾ ਹੈ। ਮਿਸਾਲ ਲਈ, ਤਲਾਕ ਲੈਣ, ਤਲਾਕ ਤੋਂ ਬਾਅਦ ਖ਼ਰਚਾ ਲੈਣ ਅਤੇ ਬੱਚੇ ਨੂੰ ਆਪਣੇ ਕੋਲ ਰੱਖਣ ਦਾ ਹੱਕ ਪਾਉਣ ਵਾਸਤੇ। ਕਦੀ-ਕਦੀ ਪੈਸਿਆਂ ਦੇ ਮਾਮਲੇ ਵਿਚ ਵੀ ਅਦਾਲਤੀ ਕਾਰਵਾਈ ਕਰਨੀ ਪੈਂਦੀ ਹੈ। ਮਿਸਾਲ ਲਈ, ਬੀਮੇ ਦੀ ਰਕਮ ਲੈਣ ਵਾਸਤੇ, ਕੰਪਨੀ ਦਾ ਦਿਵਾਲਾ ਨਿਕਲ ਜਾਣ ’ਤੇ ਆਪਣੇ ਪੈਸੇ ਵਸੂਲ ਕਰਨ ਵਾਸਤੇ ਅਤੇ ਵਸੀਅਤ ਨੂੰ ਕਾਨੂੰਨੀ ਤੌਰ ਤੇ ਜਾਇਜ਼ ਬਣਾਉਣ ਵਾਸਤੇ। ਕਿਸੇ ਮਾਮਲੇ ਵਿਚ ਹੋ ਸਕਦਾ ਹੈ ਕਿ ਕਿਸੇ ਭਰਾ ਨੂੰ ਮੁਕੱਦਮੇ ਵਿਚ ਆਪਣਾ ਬਚਾਅ ਕਰਨ ਲਈ ਦੂਜੀ ਧਿਰ ਉੱਤੇ ਮੁਕੱਦਮਾ ਕਰਨਾ ਪਵੇ। *

ਜੇ ਬਿਨਾਂ ਕਿਸੇ ਲੜਾਈ-ਝਗੜੇ ਤੋਂ ਇਹ ਕਾਰਵਾਈ ਕੀਤੀ ਜਾਂਦੀ ਹੈ, ਤਾਂ ਇਹ ਪੌਲੁਸ ਦੀ ਸਲਾਹ ਦੇ ਉਲਟ ਨਹੀਂ ਹੋਵੇਗਾ। * ਪਰ ਮਸੀਹੀਆਂ ਨੂੰ ਸਭ ਤੋਂ ਜ਼ਿਆਦਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੇ ਨਾਂ ਦੀ ਬਦਨਾਮੀ ਨਾ ਹੋਵੇ ਅਤੇ ਨਾ ਹੀ ਮੰਡਲੀ ਦੀ ਸ਼ਾਂਤੀ ਅਤੇ ਏਕਤਾ ਭੰਗ ਹੋਵੇ। ਮਸੀਹ ਦੇ ਚੇਲਿਆਂ ਦੀ ਪਛਾਣ ਹੈ ਪਿਆਰ ਅਤੇ “ਪਿਆਰ . . . ਆਪਣੇ ਬਾਰੇ ਹੀ ਨਹੀਂ ਸੋਚਦਾ।”​—1 ਕੁਰਿੰਥੀਆਂ 13:4, 5; ਯੂਹੰਨਾ 13:34, 35.

^ ਪੈਰਾ 2 ਜੇ ਕੋਈ ਮਸੀਹੀ ਗੰਭੀਰ ਪਾਪ ਕਰਦਾ ਹੈ ਜਿਵੇਂ ਕਿ ਕਿਸੇ ਹੋਰ ਮਸੀਹੀ ਨਾਲ ਬਲਾਤਕਾਰ ਕਰਦਾ ਹੈ, ਹਮਲਾ ਕਰਦਾ ਹੈ, ਖ਼ੂਨ ਕਰਦਾ ਹੈ ਜਾਂ ਵੱਡੀ ਚੋਰੀ ਕਰਦਾ ਹੈ, ਤਾਂ ਭਰਾ ਹੋਣ ਕਰਕੇ ਉਸ ਦੇ ਪਾਪ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਦੀ ਬਜਾਇ, ਮਾਮਲੇ ਬਾਰੇ ਪੁਲਸ ਨੂੰ ਦੱਸਣਾ ਤੇ ਮੁਕੱਦਮਾ ਕਰਨਾ ਠੀਕ ਹੋਵੇਗਾ।

^ ਪੈਰਾ 3 ਹੋਰ ਜਾਣਕਾਰੀ ਲਈ ਕਿਰਪਾ ਕਰ ਕੇ ਪਹਿਰਾਬੁਰਜ 1 ਮਾਰਚ 1997 ਸਫ਼ੇ 24-29 ਦੇਖੋ।