Skip to content

Skip to table of contents

 ਦਸਵਾਂ ਪਾਠ

ਸੱਚੇ ਧਰਮ ਦੀ ਪਛਾਣ

ਸੱਚੇ ਧਰਮ ਦੀ ਪਛਾਣ

ਜੇਕਰ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਧਰਮ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਜਿਸ ਨੂੰ ਪਰਮੇਸ਼ੁਰ ਸਵੀਕਾਰ ਕਰਦਾ ਹੈ। ਯਿਸੂ ਨੇ ਕਿਹਾ ਸੀ ਕਿ ‘ਸੱਚੇ ਭਗਤ ਸਚਿਆਈ’ ਦੇ ਅਨੁਸਾਰ ਪਰਮੇਸ਼ੁਰ ਦੀ ਭਗਤੀ ਕਰਨਗੇ। (ਯੂਹੰਨਾ 4:23, 24) ਪਰਮੇਸ਼ੁਰ ਦੀ ਭਗਤੀ ਕਰਨ ਦਾ ਸਿਰਫ਼ ਇਕ ਹੀ ਸਹੀ ਤਰੀਕਾ ਹੈ। (ਅਫ਼ਸੀਆਂ 4:4-6) ਸੱਚਾ ਧਰਮ ਹਮੇਸ਼ਾ ਦੀ ਜ਼ਿੰਦਗੀ ਵੱਲ, ਅਤੇ ਝੂਠਾ ਧਰਮ ਨਾਸ਼ ਵੱਲ ਲੈ ਜਾਂਦਾ ਹੈ।​—ਮੱਤੀ 7:13, 14.

ਸੱਚੇ ਧਰਮ ਦੀ ਪਛਾਣ ਉਸ ਨੂੰ ਮੰਨਣ ਵਾਲਿਆਂ ਦੇ ਕੰਮਾਂ ਤੋਂ ਕੀਤੀ ਜਾ ਸਕਦੀ ਹੈ। ਯਹੋਵਾਹ ਖ਼ੁਦ ਚੰਗਾ ਹੈ, ਇਸ ਲਈ ਉਸ ਦੇ ਸੱਚੇ ਭਗਤਾਂ ਨੂੰ ਵੀ ਚੰਗੇ ਇਨਸਾਨ ਹੋਣਾ ਚਾਹੀਦਾ ਹੈ। ਠੀਕ ਜਿਵੇਂ ਅੰਬ ਦੇ ਚੰਗੇ ਦਰਖ਼ਤ ਉੱਤੇ ਵਧੀਆ ਅੰਬ ਲੱਗਦੇ ਹਨ, ਉਸੇ ਤਰ੍ਹਾਂ ਸੱਚੇ ਧਰਮ ਦੇ ਲੋਕ ਵੀ ਚੰਗੇ ਹੋਣਗੇ।​—ਮੱਤੀ 7:15-20.

ਯਹੋਵਾਹ ਦੇ ਦੋਸਤ ਬਾਈਬਲ ਦਾ ਗਹਿਰਾ ਆਦਰ ਕਰਦੇ ਹਨ। ਉਹ ਜਾਣਦੇ ਹਨ ਕਿ ਬਾਈਬਲ ਪਰਮੇਸ਼ੁਰ ਨੇ ਲਿਖਵਾਈ ਹੈ। ਉਹ ਬਾਈਬਲ ਦੇ ਅਸੂਲਾਂ ਅਨੁਸਾਰ ਜੀਉਂਦੇ ਹਨ, ਉਸ ਵਿਚ ਦਿੱਤੀ ਸਲਾਹ ਨਾਲ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਹਨ, ਅਤੇ ਉਸ ਵਿੱਚੋਂ ਹੀ ਉਹ ਪਰਮੇਸ਼ੁਰ ਬਾਰੇ ਸਿੱਖਦੇ ਹਨ। (2 ਤਿਮੋਥਿਉਸ 3:16) ਉਹ ਬਾਈਬਲ ਦਾ ਸਿਰਫ਼ ਪ੍ਰਚਾਰ ਹੀ ਨਹੀਂ ਕਰਦੇ, ਸਗੋਂ ਉਸ ਉੱਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।

 ਯਹੋਵਾਹ ਦੇ ਦੋਸਤ ਇਕ ਦੂਜੇ ਨਾਲ ਪਿਆਰ ਕਰਦੇ ਹਨ। ਯਿਸੂ ਨੇ ਪਰਮੇਸ਼ੁਰ ਬਾਰੇ ਸਿਖਾ ਕੇ ਅਤੇ ਬੀਮਾਰਾਂ ਨੂੰ ਰਾਜ਼ੀ ਕਰ ਕੇ ਲੋਕਾਂ ਲਈ ਆਪਣਾ ਪਿਆਰ ਦਿਖਾਇਆ ਸੀ। ਜਿਹੜੇ ਲੋਕ ਸੱਚੇ ਧਰਮ ਅਨੁਸਾਰ ਚੱਲਦੇ ਹਨ ਉਹ ਵੀ ਲੋਕਾਂ ਨਾਲ ਪਿਆਰ ਕਰਦੇ ਹਨ। ਯਿਸੂ ਵਾਂਗ, ਉਹ ਗ਼ਰੀਬਾਂ ਨੂੰ ਮਾਮੂਲੀ ਜਿਹੇ ਇਨਸਾਨ ਨਹੀਂ ਸਮਝਦੇ ਅਤੇ ਨਾ ਹੀ ਉਹ ਰੰਗ-ਰੂਪ ਜਾਂ ਜਾਤ-ਪਾਤ ਦਾ ਫ਼ਰਕ ਕਰਦੇ ਹਨ। ਯਿਸੂ ਨੇ ਕਿਹਾ ਸੀ ਕਿ ਲੋਕ ਉਸ ਦੇ ਚੇਲਿਆਂ ਨੂੰ ਉਨ੍ਹਾਂ ਦੇ ਪ੍ਰੇਮ ਤੋਂ ਪਛਾਣਨਗੇ।​—ਯੂਹੰਨਾ 13:35.

ਪਰਮੇਸ਼ੁਰ ਦੇ ਮਿੱਤਰ ਉਸ ਦੇ ਨਾਂ, ਯਹੋਵਾਹ, ਦੀ ਕਦਰ ਕਰਦੇ ਹਨ। ਅਸੀਂ ਆਪਣੇ ਕਿਸੇ ਦੋਸਤ ਨੂੰ ਉਸ ਦੇ ਨਾਂ ਤੋਂ ਬੁਲਾਉਂਦੇ ਹਾਂ ਅਤੇ ਉਸ ਦੋਸਤ ਦੇ ਚੰਗੇ ਗੁਣਾਂ ਬਾਰੇ ਲੋਕਾਂ ਨੂੰ ਦੱਸਦੇ ਹਾਂ। ਇਸੇ ਤਰ੍ਹਾਂ ਜਿਹੜੇ ਪਰਮੇਸ਼ੁਰ ਨਾਲ ਦੋਸਤੀ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਉਸ ਦਾ ਨਾਂ ਲੈਣਾ ਚਾਹੀਦਾ ਹੈ ਅਤੇ ਉਸ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਯਹੋਵਾਹ ਇਹੀ ਚਾਹੁੰਦਾ ਹੈ।​—ਮੱਤੀ 6:9; ਰੋਮੀਆਂ 10:13, 14.

ਯਿਸੂ ਵਾਂਗ ਯਹੋਵਾਹ ਦੇ ਮਿੱਤਰ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਂਦੇ ਹਨ। ਪਰਮੇਸ਼ੁਰ ਦਾ ਰਾਜ ਸਵਰਗ ਵਿਚ ਉਹ ਸਰਕਾਰ ਹੈ ਜੋ ਧਰਤੀ ਨੂੰ ਫਿਰਦੌਸ ਬਣਾਵੇਗਾ। ਪਰਮੇਸ਼ੁਰ ਦੇ ਦੋਸਤ ਦੂਸਰਿਆਂ ਨੂੰ ਉਸ ਦੇ ਰਾਜ ਬਾਰੇ ਖ਼ੁਸ਼ ਖ਼ਬਰੀ ਸੁਣਾਉਂਦੇ ਹਨ।​—ਮੱਤੀ 24:14.

ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਮਿੱਤਰ ਬਣਨ ਦੀ ਕੋਸ਼ਿਸ਼ ਕਰਦੇ ਹਨ। ਉਹ ਬਾਈਬਲ ਦਾ ਆਦਰ ਕਰਦੇ ਹਨ ਅਤੇ ਇਕ ਦੂਜੇ ਨਾਲ ਪਿਆਰ ਕਰਦੇ ਹਨ। ਉਹ ਪਰਮੇਸ਼ੁਰ ਦੇ ਨਾਂ ਦੀ ਕਦਰ ਕਰਦੇ, ਉਸ ਦਾ ਨਾਂ ਲੈਂਦੇ, ਅਤੇ ਦੂਸਰਿਆਂ ਨੂੰ ਉਸ ਦੇ ਰਾਜ ਬਾਰੇ ਦੱਸਦੇ ਹਨ। ਯਹੋਵਾਹ ਦੇ ਗਵਾਹ ਅੱਜ ਸੱਚੇ ਧਰਮ ਦੇ ਅਨੁਸਾਰ ਚੱਲਦੇ ਹਨ।