Skip to content

Skip to table of contents

 ਅਠਾਰ੍ਹਵਾਂ ਪਾਠ

ਪਰਮੇਸ਼ੁਰ ਦੇ ਦੋਸਤ ਸਦਾ ਲਈ ਬਣੋ!

ਪਰਮੇਸ਼ੁਰ ਦੇ ਦੋਸਤ ਸਦਾ ਲਈ ਬਣੋ!

ਕਿਸੇ ਨਾਲ ਦੋਸਤੀ ਕਰਨ ਲਈ ਅਤੇ ਉਸ ਦੋਸਤੀ ਨੂੰ ਬਣਾਈ ਰੱਖਣ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਪਰਮੇਸ਼ੁਰ ਨਾਲ ਦੋਸਤੀ ਬਣਾਈ ਰੱਖਣ ਲਈ ਜਤਨ ਕਰੋ। ਇਸ ਤੋਂ ਤੁਹਾਨੂੰ ਬਹੁਤ ਬਰਕਤਾਂ ਮਿਲਣਗੀਆਂ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ “ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) ਇਸ ਦਾ ਕੀ ਮਤਲਬ ਹੈ?

ਤੁਸੀਂ ਆਜ਼ਾਦ ਹੋ ਸਕਦੇ ਹੋ। ਤੁਸੀਂ ਸ਼ਤਾਨ ਦੀਆਂ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਹੋ ਸਕਦੇ ਹੋ। ਕਈਆਂ ਲੋਕਾਂ ਕੋਲ ਕੋਈ ਉਮੀਦ ਨਹੀਂ ਹੈ ਕਿਉਂਕਿ ਉਹ ਯਹੋਵਾਹ ਨੂੰ ਨਹੀਂ ਜਾਣਦੇ। (ਰੋਮੀਆਂ 8:22) ਪਰ ਯਹੋਵਾਹ ਬਾਰੇ ਸਿੱਖ ਕੇ ਤੁਹਾਨੂੰ ਭਵਿੱਖ ਲਈ ਵਧੀਆ ਉਮੀਦ ਮਿਲ ਸਕਦੀ ਹੈ। ਪਰਮੇਸ਼ੁਰ ਦੇ ਦੋਸਤ ਤਾਂ ‘ਮੌਤ ਦੇ ਡਰ’ ਤੋਂ ਵੀ ਆਜ਼ਾਦ ਹਨ।​—ਇਬਰਾਨੀਆਂ 2:14, 15.

ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਤੁਸੀਂ ਖ਼ੁਸ਼ੀ ਹੀ ਖ਼ੁਸ਼ੀ ਪਾਓਗੇ। ਭਵਿੱਖ ਵਿਚ ਤੁਹਾਡੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਜਾਵੇਗੀ! ਫਿਰਦੌਸ ਵਿਚ ਕੋਈ ਲੜਾਈ, ਬੀਮਾਰੀ, ਅਤੇ ਅਪਰਾਧ ਨਹੀਂ ਹੋਵੇਗਾ। ਨਾ ਕੋਈ ਗ਼ਰੀਬ ਹੋਵੇਗਾ ਅਤੇ ਨਾ ਕੋਈ ਭੁੱਖ ਤੋਂ ਮਰੇਗਾ। ਲੋਕ ਨਾ ਹੀ ਬੁੱਢੇ ਹੋਣਗੇ ਅਤੇ ਨਾ ਹੀ ਮਰਨਗੇ। ਡਰ, ਜ਼ੁਲਮ, ਅਤੇ ਬੇਇਨਸਾਫ਼ੀ ਵਰਗੀਆਂ ਗੱਲਾਂ ਨੂੰ ਖ਼ਤਮ ਕੀਤਾ ਜਾਵੇਗਾ। ਬਾਈਬਲ ਪਰਮੇਸ਼ੁਰ ਬਾਰੇ ਕਹਿੰਦੀ ਹੈ ਕਿ “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।”​—ਜ਼ਬੂਰ 145:16.

 ਪਰਮੇਸ਼ੁਰ ਦੇ ਦੋਸਤ ਸਦਾ ਲਈ ਜੀਉਣਗੇ। ਸਦਾ ਦੀ ਜ਼ਿੰਦਗੀ ਪਰਮੇਸ਼ੁਰ ਵੱਲੋਂ ਉਨ੍ਹਾਂ ਸਾਰਿਆਂ ਲਈ ਇਕ ਬਖ਼ਸ਼ੀਸ਼ ਹੈ ਜੋ ਉਸ ਦੇ ਦੋਸਤ ਬਣਨਾ ਚਾਹੁੰਦੇ ਹਨ। (ਰੋਮੀਆਂ 6:23) ਜ਼ਰਾ ਸੋਚੋ ਕਿ ਤੁਸੀਂ ਸਦਾ ਦੀ ਜ਼ਿੰਦਗੀ ਦਾ ਕਿੰਨਾ ਆਨੰਦ ਮਾਣ ਸਕੋਗੇ!

ਤੁਹਾਡੇ ਕੋਲ ਬਹੁਤ ਕੁਝ ਕਰਨ ਦਾ ਸਮਾਂ ਹੋਵੇਗਾ। ਸ਼ਾਇਦ ਤੁਸੀਂ ਗੀਤ-ਸੰਗੀਤ ਸਿੱਖਣਾ ਚਾਹੋ। ਤੁਸੀਂ ਸ਼ਾਇਦ ਕੋਈ ਕਲਾ ਸਿੱਖਣੀ, ਜਾਂ ਕਿਸੇ ਚੀਜ਼ ਨੂੰ ਡੀਜ਼ਾਈਨ ਕਰ ਕੇ ਬਣਾਉਣਾ ਚਾਹੋ। ਹੋ ਸਕਦਾ ਹੈ ਕਿ ਤੁਸੀਂ ਵੱਖੋ-ਵੱਖਰੇ ਦੇਸ਼ਾਂ ਦਾ ਸਫ਼ਰ ਕਰਨਾ ਚਾਹੋ ਅਤੇ ਉੱਥੇ ਦੇ ਲੋਕਾਂ ਨੂੰ ਮਿਲਣਾ ਚਾਹੋ। ਸਦਾ ਦੀ ਜ਼ਿੰਦਗੀ ਪਾਉਣ ਨਾਲ ਇਹ ਸਭ ਕੁਝ ਮੁਮਕਿਨ ਹੋਵੇਗਾ!

ਤੁਹਾਡੇ ਕੋਲ ਬਹੁਤ ਸਾਰੇ ਦੋਸਤ ਬਣਾਉਣ ਦਾ ਸਮਾਂ ਹੋਵੇਗਾ। ਸਦਾ ਦੀ ਜ਼ਿੰਦਗੀ ਪਾ ਕੇ ਤੁਸੀਂ ਪਰਮੇਸ਼ੁਰ ਦੇ ਹੋਰ ਬਹੁਤ ਸਾਰਿਆਂ ਦੋਸਤਾਂ ਨਾਲ ਦੋਸਤੀ ਕਰ ਸਕੋਗੇ। ਤੁਸੀਂ ਉਨ੍ਹਾਂ ਦੇ ਚੰਗਿਆਂ ਗੁਣਾਂ ਅਤੇ ਯੋਗਤਾਵਾਂ ਨੂੰ ਜਾਣੋਗੇ, ਅਤੇ ਉਹ ਤੁਹਾਡੇ ਨਾਲ ਵੀ ਦੋਸਤੀ ਕਰਨਗੇ। ਤੁਹਾਡਾ ਆਪਸ ਵਿਚ ਗੂੜ੍ਹਾ ਪਿਆਰ ਹੋਵੇਗਾ। (1 ਕੁਰਿੰਥੀਆਂ 13:8) ਸਦਾ ਦੀ ਜ਼ਿੰਦਗੀ ਪਾ ਕੇ ਤੁਹਾਡੇ ਕੋਲ ਦੁਨੀਆਂ ਦੇ ਹਰ ਜੀਅ ਨਾਲ ਦੋਸਤੀ ਕਰਨ ਦਾ ਸਮਾਂ ਹੋਵੇਗਾ! ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਸਦੀਆਂ ਦੇ ਬੀਤਣ ਨਾਲ ਯਹੋਵਾਹ ਨਾਲ ਤੁਹਾਡੀ ਦੋਸਤੀ ਹੋਰ ਵੀ ਗੂੜ੍ਹੀ ਹੁੰਦੀ ਜਾਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਦਾ ਲਈ ਪਰਮੇਸ਼ੁਰ ਦੇ ਦੋਸਤ ਬਣੇ ਰਹੋਗੇ!