Skip to content

Skip to table of contents

ਭਾਗ 1

ਰੱਬ ਦੀ ਸੇਧ ਲਓ, ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਪਾਓ

ਰੱਬ ਦੀ ਸੇਧ ਲਓ, ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਪਾਓ

“ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ ਸੀ ਅਤੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਦਮੀ ਅਤੇ ਤੀਵੀਂ ਦੇ ਤੌਰ ਤੇ ਬਣਾਇਆ।”​—ਮੱਤੀ 19:4

ਦੁਨੀਆਂ ਦਾ ਸਭ ਤੋਂ ਪਹਿਲਾ ਵਿਆਹ ਯਹੋਵਾਹ a ਪਰਮੇਸ਼ੁਰ ਨੇ ਆਪਣੇ ਹੱਥੀਂ ਕੀਤਾ ਸੀ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਪਹਿਲੀ ਤੀਵੀਂ ਹੱਵਾਹ ਨੂੰ ਬਣਾ ਕੇ “ਆਦਮੀ ਕੋਲ ਲੈ ਆਇਆ।” ਆਦਮ ਉਹ ਨੂੰ ਦੇਖ ਕੇ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਕਿਹਾ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ।” (ਉਤਪਤ 2:22, 23) ਯਹੋਵਾਹ ਅੱਜ ਵੀ ਇਹੀ ਚਾਹੁੰਦਾ ਹੈ ਕਿ ਪਤੀ-ਪਤਨੀ ਆਪਣੇ ਰਿਸ਼ਤੇ ਵਿਚ ਹਮੇਸ਼ਾ ਮਿਠਾਸ ਕਾਇਮ ਰੱਖਣ।

ਵਿਆਹ ਹੋ ਜਾਣ ਤੇ ਤੁਸੀਂ ਸ਼ਾਇਦ ਸੋਚੋ ਕਿ ਹੁਣ ਸਾਡੀ ਜ਼ਿੰਦਗੀ ਫੁੱਲਾਂ ਦੀ ਸੇਜ ਹੋਵੇਗੀ। ਪਰ ਅਸਲੀਅਤ ਤਾਂ ਇਹ ਹੈ ਕਿ ਪਤੀ-ਪਤਨੀ ਵਿਚ ਜਿੰਨਾ ਮਰਜ਼ੀ ਪਿਆਰ ਹੋਵੇ, ਫਿਰ ਵੀ ਕਦੀ-ਕਦੀ ਮੁਸ਼ਕਲਾਂ ਖੜ੍ਹੀਆਂ ਹੋ ਹੀ ਜਾਂਦੀਆਂ ਹਨ। (1 ਕੁਰਿੰਥੀਆਂ 7:28) ਇਸ ਬਰੋਸ਼ਰ ਵਿਚ ਕੁਝ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਲਾਗੂ ਕਰ ਕੇ ਤੁਸੀਂ ਆਪਣੇ ਘਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆ ਸਕੋਗੇ।​—ਜ਼ਬੂਰਾਂ ਦੀ ਪੋਥੀ 19:8-11.

1 ਯਹੋਵਾਹ ਤੋਂ ਮਿਲੀ ਆਪਣੀ ਜ਼ਿੰਮੇਵਾਰੀ ਨਿਭਾਓ

ਬਾਈਬਲ ਕੀ ਕਹਿੰਦੀ ਹੈ: ਪਰਿਵਾਰ ਦਾ ਸਿਰ ਪਤੀ ਹੈ।​—ਅਫ਼ਸੀਆਂ 5:23.

ਜੇ ਤੁਸੀਂ ਪਤੀ ਹੋ, ਤਾਂ ਯਹੋਵਾਹ ਤੁਹਾਡੇ ਤੋਂ ਉਮੀਦ ਰੱਖਦਾ ਹੈ ਕਿ ਤੁਸੀਂ ਆਪਣੀ ਪਤਨੀ ਦੀ ਕੋਮਲਤਾ ਨਾਲ ਦੇਖ-ਭਾਲ ਕਰੋ। (1 ਪਤਰਸ 3:7) ਪਰਮੇਸ਼ੁਰ ਨੇ ਪਤਨੀ ਨੂੰ ਤੁਹਾਡੀ ਸਹਾਇਤਾ ਕਰਨ ਲਈ ਬਣਾਇਆ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਨਾਲ ਆਦਰ ਤੇ ਪਿਆਰ ਨਾਲ ਪੇਸ਼ ਆਓ। (ਉਤਪਤ 2:18) ਤੁਹਾਡਾ ਆਪਣੀ ਪਤਨੀ ਨਾਲ ਇੰਨਾ ਪਿਆਰ ਹੋਣਾ ਚਾਹੀਦਾ ਹੈ ਕਿ ਤੁਸੀਂ ਪਹਿਲਾਂ ਆਪਣੇ ਬਾਰੇ ਨਹੀਂ, ਸਗੋਂ ਉਸ ਦੇ ਭਲੇ ਬਾਰੇ ਸੋਚੋਗੇ।​—ਅਫ਼ਸੀਆਂ 5:25-29.

ਜੇ ਤੁਸੀਂ ਪਤਨੀ ਹੋ, ਤਾਂ ਯਹੋਵਾਹ ਤੁਹਾਡੇ ਤੋਂ ਉਮੀਦ ਰੱਖਦਾ ਹੈ ਕਿ ਤੁਸੀਂ ਆਪਣੇ ਪਤੀ ਦਾ ਗਹਿਰਾ ਆਦਰ ਕਰੋ ਅਤੇ ਜ਼ਿੰਮੇਵਾਰੀਆਂ ਸੰਭਾਲਣ ਵਿਚ ਉਸ ਦੀ ਸਹਾਇਤਾ ਕਰੋ। (1 ਕੁਰਿੰਥੀਆਂ 11:3; ਅਫ਼ਸੀਆਂ 5:33) ਉਸ ਦੇ ਫ਼ੈਸਲਿਆਂ ਮੁਤਾਬਕ ਚੱਲੋ ਅਤੇ ਪੂਰੇ ਦਿਲ ਨਾਲ ਉਸ ਦਾ ਸਾਥ ਨਿਭਾਓ। (ਕੁਲੁੱਸੀਆਂ 3:18) ਜਦੋਂ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਨਾ ਸਿਰਫ਼ ਆਪਣੇ ਪਤੀ ਦੀਆਂ ਨਜ਼ਰਾਂ ਵਿਚ, ਸਗੋਂ ਯਹੋਵਾਹ ਦੀਆਂ ਨਜ਼ਰਾਂ ਵਿਚ ਵੀ ਅਨਮੋਲ ਹੋਵੋਗੇ।​—1 ਪਤਰਸ 3:1-6.

ਤੁਸੀ ਕੀ ਕਰ ਸਕਦੇ ਹੋ:

  • ਆਪਣੇ ਜੀਵਨ ਸਾਥੀ ਨੂੰ ਪੁੱਛੋ, ‘ਮੈਨੂੰ ਹੋਰ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ?’ ਫਿਰ ਧਿਆਨ ਨਾਲ ਗੱਲ ਸੁਣੋ ਅਤੇ ਆਪਣੇ ਵਿਚ ਨਿਖਾਰ ਲਿਆਉਣ ਦੀ ਪੂਰੀ ਕੋਸ਼ਿਸ਼ ਕਰੋ

  • ਧੀਰਜ ਰੱਖੋ। ਤੁਹਾਨੂੰ ਇਹ ਜਾਣਨ ਵਿਚ ਸਮਾਂ ਲੱਗੇਗਾ ਕਿ ਕਿਹੜੀਆਂ ਗੱਲਾਂ ਤੁਹਾਡੇ ਸਾਥੀ ਨੂੰ ਖ਼ੁਸ਼ ਕਰਦੀਆਂ ਹਨ

2 ਆਪਣੇ ਸਾਥੀ ਦੇ ਜਜ਼ਬਾਤਾਂ ਦਾ ਖ਼ਿਆਲ ਰੱਖੋ

ਬਾਈਬਲ ਕੀ ਕਹਿੰਦੀ ਹੈ: ਤੁਹਾਨੂੰ ਆਪਣੇ ਜੀਵਨ ਸਾਥੀ ਦੀ ਭਲਾਈ ਬਾਰੇ ਸੋਚਣਾ ਚਾਹੀਦਾ ਹੈ। (ਫ਼ਿਲਿੱਪੀਆਂ 2:3, 4) ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ‘ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣ।’ ਇਸ ਲਈ ਪਤੀ-ਪਤਨੀ ਨੂੰ ਖ਼ਾਸ ਕਰਕੇ ਇਕ-ਦੂਜੇ ਨਾਲ ਦਿਲੋਂ-ਜਾਨ ਨਾਲ ਪਿਆਰ ਕਰਨਾ ਚਾਹੀਦਾ ਹੈ। (2 ਤਿਮੋਥਿਉਸ 2:24) ਨਾਲੇ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਤੋਲੋ ਫਿਰ ਬੋਲੋ ਕਿਉਂਕਿ “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾਉਤਾਂ 12:18) ਯਹੋਵਾਹ ਦੀ ਸ਼ਕਤੀ ਦੀ ਮਦਦ ਨਾਲ ਤੁਸੀਂ ਕੋਮਲਤਾ ਅਤੇ ਪਿਆਰ ਨਾਲ ਗੱਲ ਕਰਨੀ ਸਿੱਖ ਸਕਦੇ ਹੋ।​—ਗਲਾਤੀਆਂ 5:22, 23; ਕੁਲੁੱਸੀਆਂ 4:6.

ਤੁਸੀ ਕੀ ਕਰ ਸਕਦੇ ਹੋ:

  • ਪ੍ਰਾਰਥਨਾ ਕਰੋ ਕਿ ਤੁਸੀਂ ਆਪਣੇ ਸਾਥੀ ਨਾਲ ਜ਼ਰੂਰੀ ਮਾਮਲਿਆਂ ਬਾਰੇ ਸ਼ਾਂਤੀ ਨਾਲ ਗੱਲ ਕਰ ਸਕੋ। ਫਿਰ ਤੁਸੀਂ ਆਪਣੇ ਸਾਥੀ ਦੀ ਰਾਇ ਸੁਣਨ ਅਤੇ ਮੰਨਣ ਲਈ ਵੀ ਤਿਆਰ ਹੋ ਸਕੋਗੇ

  • ਧਿਆਨ ਨਾਲ ਸੋਚੋ ਕਿ ਤੁਸੀਂ ਕੀ ਕਹੋਗੇ ਅਤੇ ਕਿਸ ਤਰ੍ਹਾਂ ਕਹੋਗੇ

3 ਇਕ ਜੋੜੀ, ਇਕ ਸੋਚ

ਬਾਈਬਲ ਕੀ ਕਹਿੰਦੀ ਹੈ: ਜਦੋਂ ਤੁਹਾਡਾ ਵਿਆਹ ਹੋ ਜਾਂਦਾ ਹੈ, ਤਾਂ ਤੁਸੀਂ ਦੋਵੇਂ “ਇਕ ਸਰੀਰ” ਹੋ ਜਾਂਦੇ ਹੋ। (ਮੱਤੀ 19:5) ਪਰ ਫਿਰ ਵੀ ਤੁਹਾਡੇ ਦੋਵਾਂ ਦੇ ਵਿਚਾਰ ਅਲੱਗ-ਅਲੱਗ ਹੋ ਸਕਦੇ ਹਨ। ਇਸ ਕਰਕੇ, ਏਕਤਾ ਰੱਖਣ ਲਈ ਜ਼ਰੂਰੀ ਹੈ ਕਿ ਤੁਹਾਡੀ ਸੋਚ ਅਤੇ ਜਜ਼ਬਾਤ ਇੱਕੋ ਜਿਹੇ ਹੋਣ। (ਫ਼ਿਲਿੱਪੀਆਂ 2:2) ਤੁਹਾਡੇ ਦੋਵਾਂ ਲਈ ਰਜ਼ਾਮੰਦੀ ਨਾਲ ਫ਼ੈਸਲੇ ਕਰਨੇ ਲਾਜ਼ਮੀ ਹਨ। ਬਾਈਬਲ ਕਹਿੰਦੀ ਹੈ: “ਯੋਜਨਾ ਸਲਾਹ ਲੈਣ ਦੁਆਰਾ ਸਫਲ ਹੋ ਜਾਂਦੀ ਹੈ।” (ਕਹਾਉਤਾਂ 20:18, CL) ਵੱਡੇ-ਵੱਡੇ ਫ਼ੈਸਲੇ ਕਰਦੇ ਸਮੇਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲੋ।ਕਹਾਉਤਾਂ 8:32, 33.

ਤੁਸੀਂ ਕੀ ਕਰ ਸਕਦੇ ਹੋ:

  • ਨਾ ਸਿਰਫ਼ ਆਪਣੇ ਵਿਚਾਰ ਦੱਸੋ, ਸਗੋਂ ਆਪਣੇ ਦਿਲ ਦੀ ਗੱਲ ਵੀ ਕਰੋ

  • ਕਿਸੇ ਗੱਲ ਨੂੰ ‘ਹਾਂ’ ਕਰਨ ਜਾਂ ਕੋਈ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਆਪਣੇ ਸਾਥੀ ਨੂੰ ਪੁੱਛੋ

a ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।