Skip to content

ਯਹੋਵਾਹ ਦੇ ਗਵਾਹਾਂ ਦੇ ਸੰਗਠਨ ਦਾ ਮੋਢੀ ਕੌਣ ਹੈ?

ਯਹੋਵਾਹ ਦੇ ਗਵਾਹਾਂ ਦੇ ਸੰਗਠਨ ਦਾ ਮੋਢੀ ਕੌਣ ਹੈ?

 ਉੱਨੀਵੀਂ ਸਦੀ ਦੇ ਅੰਤ ਵਿਚ ਯਹੋਵਾਹ ਦੇ ਗਵਾਹਾਂ ਦਾ ਸੰਗਠਨ ਹੋਂਦ ਵਿਚ ਆਇਆ ਸੀ। ਉਸ ਸਮੇਂ ਅਮਰੀਕਾ ਦੇ ਪੈਨਸਿਲਵੇਨੀਆ ਰਾਜ ਦੇ ਪਿਟੱਸਬਰਗ ਸ਼ਹਿਰ ਨੇੜੇ ਬਾਈਬਲ ਸਟੂਡੈਂਟਸ ਦੇ ਇਕ ਛੋਟੇ ਜਿਹੇ ਗਰੁੱਪ ਨੇ ਇਕੱਠੇ ਹੋ ਕੇ ਸਿਲਸਿਲੇਵਾਰ ਢੰਗ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਬਾਈਬਲ ਦੀ ਮਦਦ ਨਾਲ ਚਰਚ ਦੀਆਂ ਸਿੱਖਿਆਵਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਜੋ ਕੁਝ ਸਿੱਖਿਆ, ਉਸ ਨੂੰ ਕਿਤਾਬਾਂ, ਅਖ਼ਬਾਰਾਂ ਅਤੇ ਇਕ ਮੈਗਜ਼ੀਨ ਵਿਚ ਛਾਪਣਾ ਸ਼ੁਰੂ ਕੀਤਾ। ਇਸ ਮੈਗਜ਼ੀਨ ਨੂੰ ਹੁਣ ਪਹਿਰਾਬੁਰਜ—ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ ਕਿਹਾ ਜਾਂਦਾ ਹੈ।

 ਉਨ੍ਹਾਂ ਨੇਕਦਿਲ ਬਾਈਬਲ ਸਟੂਡੈਂਟਸ ਵਿਚ ਚਾਰਲਸ ਟੇਜ਼ ਰਸਲ ਨਾਂ ਦਾ ਇਕ ਆਦਮੀ ਸੀ। ਹਾਲਾਂਕਿ ਰਸਲ ਨੇ ਉਸ ਸਮੇਂ ਬਾਈਬਲ ਦੀ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ ਅਤੇ ਉਹ ਪਹਿਰਾਬੁਰਜ ਮੈਗਜ਼ੀਨ ਦਾ ਪਹਿਲਾ ਸੰਪਾਦਕ ਸੀ, ਪਰ ਉਸ ਨੇ ਕਿਸੇ ਨਵੇਂ ਧਰਮ ਦੀ ਸ਼ੁਰੂਆਤ ਨਹੀਂ ਕੀਤੀ। ਰਸਲ ਤੇ ਹੋਰ ਬਾਈਬਲ ਸਟੂਡੈਂਟਸ ਦਾ ਇਹੀ ਮਕਸਦ ਸੀ ਕਿ ਉਹ ਯਿਸੂ ਮਸੀਹ ਦੀਆਂ ਸਿੱਖਿਆਵਾਂ ਬਾਰੇ ਲੋਕਾਂ ਨੂੰ ਦੱਸਣ ਅਤੇ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਉਨ੍ਹਾਂ ਸਿੱਖਿਆਵਾਂ ʼਤੇ ਚੱਲਣ। ਮਸੀਹੀ ਧਰਮ ਦੀ ਸ਼ੁਰੂਆਤ ਅਸਲ ਵਿਚ ਯਿਸੂ ਨੇ ਕੀਤੀ ਸੀ ਅਤੇ ਅਸੀਂ ਉਸੇ ਨੂੰ ਆਪਣੇ ਸੰਗਠਨ ਦਾ ਮੋਢੀ ਮੰਨਦੇ ਹਾਂ।—ਕੁਲੁੱਸੀਆਂ 1:18-20.