Skip to content

ਕੀ ਯਹੋਵਾਹ ਦੇ ਗਵਾਹ ਪਰਿਵਾਰਾਂ ਨੂੰ ਤੋੜਦੇ ਹਨ ਜਾਂ ਮਜ਼ਬੂਤ ਕਰਦੇ ਹਨ?

ਕੀ ਯਹੋਵਾਹ ਦੇ ਗਵਾਹ ਪਰਿਵਾਰਾਂ ਨੂੰ ਤੋੜਦੇ ਹਨ ਜਾਂ ਮਜ਼ਬੂਤ ਕਰਦੇ ਹਨ?

ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਆਪਣੇ ਤੇ ਗੁਆਂਢੀਆਂ ਦੇ ਪਰਿਵਾਰਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਮੰਨਦੇ ਹਾਂ ਕਿ ਰੱਬ ਨੇ ਹੀ ਪਰਿਵਾਰ ਦੀ ਸ਼ੁਰੂਆਤ ਕੀਤੀ ਹੈ। (ਉਤਪਤ 2:21-24; ਅਫ਼ਸੀਆਂ 3:14, 15) ਬਾਈਬਲ ਵਿਚ ਰੱਬ ਨੇ ਅਸੂਲ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕਾਂ ਨੇ ਆਪਣਾ ਵਿਆਹੁਤਾ ਬੰਧਨ ਮਜ਼ਬੂਤ ਕੀਤਾ ਹੈ ਅਤੇ ਖ਼ੁਸ਼ੀਆਂ ਪਾਈਆਂ ਹਨ।

ਯਹੋਵਾਹ ਦੇ ਗਵਾਹ ਪਰਿਵਾਰਾਂ ਨੂੰ ਮਜ਼ਬੂਤ ਕਿਵੇਂ ਕਰਦੇ ਹਨ?

ਅਸੀਂ ਬਾਈਬਲ ਦੀ ਸਲਾਹ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਸ ਦੀ ਮਦਦ ਨਾਲ ਅਸੀਂ ਹੋਰ ਵਧੀਆ ਪਤੀ, ਪਤਨੀਆਂ ਅਤੇ ਮਾਪੇ ਬਣਦੇ ਹਾਂ। (ਕਹਾਉਤਾਂ 31:10-31; ਅਫ਼ਸੀਆਂ 5:22–6:4; 1 ਤਿਮੋਥਿਉਸ 5:8) ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਵੱਖੋ-ਵੱਖਰੇ ਧਰਮਾਂ ਨੂੰ ਮੰਨਦੇ ਹਨ, ਉਨ੍ਹਾਂ ਪਰਿਵਾਰਾਂ ਨੂੰ ਵੀ ਬਾਈਬਲ ਦੀ ਵਧੀਆ ਸਿੱਖਿਆ ਮਜ਼ਬੂਤ ਕਰਨ ਵਿਚ ਮਦਦ ਕਰਦੀ ਹੈ। (1 ਪਤਰਸ 3:1, 2) ਇਨ੍ਹਾਂ ਟਿੱਪਣੀਆਂ ’ਤੇ ਗੌਰ ਕਰੋ ਜਿਹੜੀਆਂ ਉਨ੍ਹਾਂ ਲੋਕਾਂ ਨੇ ਦਿੱਤੀਆਂ ਹਨ ਜਿਨ੍ਹਾਂ ਦੇ ਜੀਵਨ ਸਾਥੀ ਯਹੋਵਾਹ ਦੇ ਗਵਾਹ ਬਣ ਗਏ ਹਨ:

  • “ਸਾਡੇ ਵਿਆਹ ਦੇ ਪਹਿਲੇ ਛੇ ਸਾਲ ਲੜਾਈ-ਝਗੜੇ ਵਿਚ ਹੀ ਨਿਕਲ ਗਏ। ਪਰ ਜਦੋਂ ਈਵੈਟੀ ਯਹੋਵਾਹ ਦੀ ਗਵਾਹ ਬਣ ਗਈ, ਤਾਂ ਉਹ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਕਰਨ ਤੇ ਧੀਰਜ ਰੱਖਣ ਲੱਗ ਪਈ। ਉਹ ਦੇ ਬਦਲਣ ਕਰਕੇ ਸਾਡਾ ਵਿਆਹੁਤਾ ਬੰਧਨ ਟੁੱਟਣ ਤੋਂ ਬਚ ਗਿਆ।”—ਬ੍ਰਾਜ਼ੀਲ ਤੋਂ ਕਲਾਉਈਰ।

  • “ਜਦੋਂ ਮੇਰੇ ਪਤੀ ਚਾਂਸਾ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਪੜ੍ਹਨੀ ਸ਼ੁਰੂ ਕੀਤੀ, ਤਾਂ ਮੈਂ ਉਸ ਦਾ ਵਿਰੋਧ ਕੀਤਾ ਕਿਉਂਕਿ ਮੈਂ ਸੋਚਦੀ ਸੀ ਕਿ ਉਹ ਪਰਿਵਾਰਾਂ ਨੂੰ ਤੋੜਦੇ ਹਨ। ਪਰ ਉਦੋਂ ਤੋਂ ਮੈਂ ਦੇਖਿਆ ਹੈ ਕਿ ਬਾਈਬਲ ਨੇ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਮਦਦ ਕੀਤੀ ਹੈ।”—ਜ਼ੈਂਬੀਆ ਤੋਂ ਐਗਨਸ।

ਅਸੀਂ ਪ੍ਰਚਾਰ ਕਰਦਿਆਂ ਲੋਕਾਂ ਨੂੰ ਦਿਖਾਉਂਦੇ ਹਾਂ ਕਿ ਬਾਈਬਲ ਦੀ ਸਲਾਹ ਲਾਗੂ ਕਰਨ ਨਾਲ ਉਹ

ਕੀ ਧਰਮ ਬਦਲਣ ਨਾਲ ਪਰਿਵਾਰਾਂ ਵਿਚ ਝਗੜੇ ਹੁੰਦੇ ਹਨ?

ਕਈ ਵਾਰ ਇੱਦਾਂ ਹੁੰਦਾ ਹੈ। ਮਿਸਾਲ ਲਈ, 1998 ਵਿਚ ਸੋਫ਼ਰਸ ਨਾਂ ਦੀ ਇਕ ਕੰਪਨੀ ਨੇ ਰਿਸਰਚ ਕੀਤੀ ਜਿਸ ਨਾਲ ਪਤਾ ਲੱਗਾ ਕਿ ਜਦੋਂ ਇਕ ਜੀਵਨ ਸਾਥੀ ਯਹੋਵਾਹ ਦਾ ਗਵਾਹ ਬਣ ਜਾਂਦਾ ਹੈ, ਤਾਂ 20 ਵਿੱਚੋਂ 1 ਪਰਿਵਾਰ ਵਿਚ ਗੰਭੀਰ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ।

ਯਿਸੂ ਨੇ ਦੱਸਿਆ ਸੀ ਕਿ ਜੋ ਉਸ ਦੀਆਂ ਸਿੱਖਿਆਵਾਂ ’ਤੇ ਚੱਲਦੇ ਹਨ, ਉਨ੍ਹਾਂ ਦੇ ਪਰਿਵਾਰਾਂ ਵਿਚ ਵੀ ਕਦੀ-ਕਦੀ ਮੁਸ਼ਕਲਾਂ ਆਉਣਗੀਆਂ। (ਮੱਤੀ 10:32-36) ਇਤਿਹਾਸਕਾਰ ਵਿਲ ਡੁਰੈਂਟ ਕਹਿੰਦਾ ਹੈ ਕਿ ਰੋਮੀ ਸਾਮਰਾਜ ਅਧੀਨ “ਈਸਾਈਆਂ ’ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਪਰਿਵਾਰਾਂ ਨੂੰ ਤੋੜਦੇ ਹਨ।” * ਅੱਜ ਵੀ ਕੁਝ ਯਹੋਵਾਹ ਦੇ ਗਵਾਹਾਂ ’ਤੇ ਇਹੀ ਦੋਸ਼ ਲਾਇਆ ਜਾਂਦਾ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਗਵਾਹ ਪਰਿਵਾਰਾਂ ਵਿਚ ਲੜਾਈ-ਝਗੜੇ ਕਰਵਾਉਂਦੇ ਹਨ?

ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ

ਯਹੋਵਾਹ ਦੇ ਗਵਾਹਾਂ ’ਤੇ ਪਰਿਵਾਰਾਂ ਨੂੰ ਤੋੜਨ ਦੇ ਲੱਗੇ ਦੋਸ਼ ਬਾਰੇ ਫ਼ੈਸਲਾ ਕਰਨ ਵਾਲੀ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਨੇ ਕਿਹਾ ਕਿ ਜਿਹੜਾ ਪਰਿਵਾਰ ਦਾ ਮੈਂਬਰ ਯਹੋਵਾਹ ਦਾ ਗਵਾਹ ਨਹੀਂ ਹੁੰਦਾ, ਉਹ ਅਕਸਰ ਝਗੜੇ ਦੀ ਜੜ੍ਹ ਹੁੰਦਾ ਹੈ। ਕਿਉਂ? ਕਿਉਂਕਿ ਉਹ ਇਹ ਨਹੀਂ “ਮੰਨਦਾ ਕਿ ਉਸ ਦੇ ਰਿਸ਼ਤੇਦਾਰ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਇਸ ਮੁਤਾਬਕ ਚੱਲਣ ਦੀ ਆਜ਼ਾਦੀ ਹੈ।” ਅਦਾਲਤ ਨੇ ਇਹ ਵੀ ਕਿਹਾ ਕਿ “ਇੱਦਾਂ ਸਿਰਫ਼ ਯਹੋਵਾਹ ਦੇ ਗਵਾਹਾਂ ਨਾਲ ਹੀ ਨਹੀਂ ਹੁੰਦਾ, ਸਗੋਂ ਉਨ੍ਹਾਂ ਪਰਿਵਾਰਾਂ ਨਾਲ ਵੀ ਹੁੰਦਾ ਜਿਨ੍ਹਾਂ ਦੇ ਮੈਂਬਰ ਹੋਰ ਵੱਖੋ-ਵੱਖਰੇ ਧਰਮਾਂ ਨੂੰ ਮੰਨਦੇ ਹਨ।” * ਭਾਵੇਂ ਕਿ ਲੋਕ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਕਰਦੇ ਹਨ, ਫਿਰ ਵੀ ਉਹ ਬਾਈਬਲ ਦੀ ਇਸ ਸਲਾਹ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ: “ਬੁਰਾਈ ਦੇ ਵੱਟੇ ਬੁਰਾਈ ਨਾ ਕਰੋ। . . . ਜੇ ਹੋ ਸਕੇ, ਤਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।”—ਰੋਮੀਆਂ 12:17, 18.

ਯਹੋਵਾਹ ਦੇ ਗਵਾਹ ਸਿਰਫ਼ ਆਪਣੇ ਧਰਮ ਵਿਚ ਹੀ ਵਿਆਹ ਕਿਉਂ ਕਰਾਉਂਦੇ ਹਨ?

ਯਹੋਵਾਹ ਦੇ ਗਵਾਹ ਬਾਈਬਲ ਦੀ ਇਸ ਸਲਾਹ ’ਤੇ ਚੱਲਦੇ ਹਨ ਕਿ ਉਹ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਨ ਯਾਨੀ ਉਹ ਸਿਰਫ਼ ਉਨ੍ਹਾਂ ਨਾਲ ਵਿਆਹ ਕਰਨ ਜੋ ਉਨ੍ਹਾਂ ਵਰਗੇ ਵਿਸ਼ਵਾਸ ਰੱਖਦੇ ਹਨ। (1 ਕੁਰਿੰਥੀਆਂ 7:39) ਇਹ ਹੁਕਮ ਬਾਈਬਲ ਤੋਂ ਹੈ ਤੇ ਸਾਡੇ ਲਈ ਫ਼ਾਇਦੇਮੰਦ ਹੈ। ਮਿਸਾਲ ਲਈ, ਵਿਆਹ ਤੇ ਪਰਿਵਾਰ ਨਾਂ ਦੇ ਰਸਾਲੇ (ਅੰਗ੍ਰੇਜ਼ੀ) ਵਿਚ 2010 ਦਾ ਇਕ ਲੇਖ ਕਹਿੰਦਾ ਹੈ ਕਿ ਜਿਨ੍ਹਾਂ ਜੀਵਨ ਸਾਥੀਆਂ ਦਾ ਧਰਮ ਅਤੇ ਵਿਸ਼ਵਾਸ ਇੱਕੋ ਜਿਹੇ ਹੁੰਦੇ ਹਨ, ਉਨ੍ਹਾਂ ਦੇ ਵਿਆਹੁਤਾ ਬੰਧਨ ਦੀ ਡੋਰ ਮਜ਼ਬੂਤ ਹੁੰਦੀ ਹੈ। *

ਪਰ ਯਹੋਵਾਹ ਦੇ ਗਵਾਹ ਆਪਣੇ ਲੋਕਾਂ ਨੂੰ ਆਪਣੇ ਅਵਿਸ਼ਵਾਸੀ ਜੀਵਨ ਸਾਥੀਆਂ ਤੋਂ ਜੁਦਾ ਹੋਣ ਦੀ ਹੱਲਾਸ਼ੇਰੀ ਨਹੀਂ ਦਿੰਦੇ। ਬਾਈਬਲ ਕਹਿੰਦੀ ਹੈ: “ਜੇ ਕਿਸੇ ਭਰਾ ਦੀ ਪਤਨੀ ਅਵਿਸ਼ਵਾਸੀ ਹੈ ਅਤੇ ਉਹ ਉਸ ਨਾਲ ਰਹਿਣ ਲਈ ਤਿਆਰ ਹੈ, ਤਾਂ ਉਹ ਆਪਣੀ ਪਤਨੀ ਨੂੰ ਨਾ ਛੱਡੇ; ਇਸੇ ਤਰ੍ਹਾਂ, ਜੇ ਕਿਸੇ ਤੀਵੀਂ ਦਾ ਪਤੀ ਅਵਿਸ਼ਵਾਸੀ ਹੈ ਅਤੇ ਉਹ ਉਸ ਨਾਲ ਰਹਿਣ ਲਈ ਤਿਆਰ ਹੈ, ਤਾਂ ਉਹ ਆਪਣੇ ਪਤੀ ਨੂੰ ਨਾ ਛੱਡੇ।” (1 ਕੁਰਿੰਥੀਆਂ 7:12, 13) ਯਹੋਵਾਹ ਦੇ ਗਵਾਹ ਇਸ ਹੁਕਮ ਨੂੰ ਮੰਨਦੇ ਹਨ।

^ ਪੈਰਾ 14 ਕੈਸਰ ਅਤੇ ਮਸੀਹ (ਅੰਗ੍ਰੇਜ਼ੀ), ਸਫ਼ਾ 647 ਦੇਖੋ।

^ ਪੈਰਾ 15 ਮਾਸਕੋ ਵਿਚ ਯਹੋਵਾਹ ਦੇ ਗਵਾਹਾਂ ਤੇ ਹੋਰ ਲੋਕਾਂ ਖ਼ਿਲਾਫ਼ ਰੂਸ (ਅੰਗ੍ਰੇਜ਼ੀ) ਨਾਂ ਦੇ ਮੁਕੱਦਮੇ ਦੇ ਫ਼ੈਸਲੇ ਬਾਰੇ ਜਾਣਨ ਲਈ ਇਸ ਦੇ ਸਫ਼ੇ 26-27, ਪੈਰਾ 111 ਦੇਖੋ।

^ ਪੈਰਾ 16 ਵਿਆਹ ਤੇ ਪਰਿਵਾਰ (ਅੰਗ੍ਰੇਜ਼ੀ) ਨਾਂ ਦੇ ਰਸਾਲੇ ਦਾ ਖੰਡ 72, ਨੰਬਰ 4, (ਅਗਸਤ 2010), ਸਫ਼ਾ 963 ਦੇਖੋ।