Skip to content

ਕੀ ਨਵੀਂ ਦੁਨੀਆਂ ਅਨੁਵਾਦ ਸਹੀ ਹੈ?

ਕੀ ਨਵੀਂ ਦੁਨੀਆਂ ਅਨੁਵਾਦ ਸਹੀ ਹੈ?

 ਅੰਗ੍ਰੇਜ਼ੀ ਵਿਚ ਨਵੀਂ ਦੁਨੀਆਂ ਅਨੁਵਾਦ ਦਾ ਪਹਿਲਾ ਹਿੱਸਾ 1950 ਵਿਚ ਛਾਪਿਆ ਗਿਆ ਸੀ। ਉਸ ਸਮੇਂ ਤੋਂ ਕੁਝ ਲੋਕਾਂ ਨੇ ਨਵੀਂ ਦੁਨੀਆਂ ਅਨੁਵਾਦ a ਦੇ ਤਰਜਮੇ ʼਤੇ ਸਵਾਲ ਉਠਾਏ ਹਨ ਕਿ ਇਹ ਸਹੀ ਨਹੀਂ ਕਿਉਂਕਿ ਇਸ ਦੀਆਂ ਕੁਝ ਆਇਤਾਂ ਦੂਜੀਆਂ ਬਾਈਬਲਾਂ ਤੋਂ ਵੱਖਰੀਆਂ ਹਨ। ਇਨ੍ਹਾਂ ਆਇਤਾਂ ਵਿਚ ਜੋ ਫ਼ਰਕ ਹੈ ਉਨ੍ਹਾਂ ਦੇ ਕੁਝ ਕਾਰਨ ਹੇਠਾਂ ਦਿੱਤੇ ਗਏ ਹਨ।

 •   ਭਰੋਸੇਯੋਗ। ਨਵੀਂ ਦੁਨੀਆਂ ਅਨੁਵਾਦ ਸਭ ਤੋਂ ਭਰੋਸੇਯੋਗ ਪੁਰਾਣੀਆਂ ਹੱਥ-ਲਿਖਤਾਂ ਅਤੇ ਵਿਦਵਾਨਾਂ ਦੁਆਰਾ ਕੀਤੀਆਂ ਨਵੀਆਂ ਖੋਜਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਇਸ ਤੋਂ ਉਲਟ 1611 ਵਿਚ ਛਾਪਿਆ ਗਿਆ ਕਿੰਗ ਜੇਮਜ਼ ਵਰਯਨ ਉਨ੍ਹਾਂ ਹੱਥ-ਲਿਖਤਾਂ ʼਤੇ ਆਧਾਰਿਤ ਹੈ ਜੋ ਇੰਨੀਆਂ ਪੁਰਾਣੀਆਂ ਨਹੀਂ ਸਨ ਅਤੇ ਜਿਨ੍ਹਾਂ ʼਤੇ ਪੱਕਾ ਭਰੋਸਾ ਨਹੀਂ ਕੀਤਾ ਜਾ ਸਕਦਾ।

 •   ਸਹੀ-ਸਹੀ। ਨਵੀਂ ਦੁਨੀਆਂ ਅਨੁਵਾਦ ਦੇ ਅਨੁਵਾਦਕਾਂ ਨੇ ਪਰਮੇਸ਼ੁਰ ਦਾ ਉਹ ਸੰਦੇਸ਼ ਸਹੀ-ਸਹੀ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੋ ਉਸ ਨੇ ਸ਼ੁਰੂ ਵਿਚ ਆਪਣੀ ਪਵਿੱਤਰ ਸ਼ਕਤੀ ਦੁਆਰਾ ਲਿਖਵਾਇਆ ਸੀ। (2 ਤਿਮੋਥਿਉਸ 3:16) ਕਈ ਤਰਜਮਿਆਂ ਵਿਚ ਅਨੁਵਾਦਕਾਂ ਨੇ ਰੀਤਾਂ-ਰਿਵਾਜਾਂ ਨੂੰ ਪਹਿਲ ਦੇ ਕੇ ਪਰਮੇਸ਼ੁਰ ਦੇ ਬਚਨ ਦਾ ਤਰਜਮਾ ਸਹੀ-ਸਹੀ ਨਹੀਂ ਕੀਤਾ। ਮਿਸਾਲ ਲਈ, ਕੁਝ ਬਾਈਬਲਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਯਹੋਵਾਹ ਕੱਢ ਕੇ ਉਸ ਦੀ ਥਾਂ ਪ੍ਰਭੂ ਜਾਂ ਪਰਮੇਸ਼ੁਰ ਵਰਗੇ ਖ਼ਿਤਾਬ ਵਰਤੇ ਗਏ ਹਨ।

 •   ਸ਼ਾਬਦਿਕ ਅਨੁਵਾਦ। ਕੁਝ ਬਾਈਬਲਾਂ ਵਿਚ ਹਰ ਸ਼ਬਦ ਦਾ ਸਹੀ-ਸਹੀ ਅਨੁਵਾਦ ਕਰਨ ਦੀ ਬਜਾਇ, ਆਇਤਾਂ ਦਾ ਸਿਰਫ਼ ਸਾਰ ਦਿੱਤਾ ਗਿਆ ਗਿਆ ਹੈ। ਪਰ ਨਵੀਂ ਦੁਨੀਆਂ ਅਨੁਵਾਦ ਵਿਚ ਜੇ ਪੜ੍ਹਨ ਵਿਚ ਕੋਈ ਦਿੱਕਤ ਨਹੀਂ ਆਈ ਜਾਂ ਪੁਰਾਣੀਆਂ ਲਿਖਤਾਂ ਦਾ ਮਤਲਬ ਨਹੀਂ ਬਦਲਿਆ, ਤਾਂ ਹਰ ਆਇਤ ਦਾ ਸ਼ਾਬਦਿਕ ਅਨੁਵਾਦ ਕੀਤਾ ਗਿਆ ਹੈ। ਜੋ ਤਰਜਮੇ ਪੁਰਾਣੀਆਂ ਹੱਥ-ਲਿਖਤਾਂ ਦਾ ਸਿਰਫ਼ ਸਾਰ ਦਿੰਦੇ ਹਨ, ਉਨ੍ਹਾਂ ਵਿਚ ਕਦੇ-ਕਦੇ ਇਨਸਾਨਾਂ ਦੇ ਵਿਚਾਰ ਪਾਏ ਜਾਂਦੇ ਹਨ ਜਾਂ ਫਿਰ ਕੁਝ ਅਹਿਮ ਗੱਲਾਂ ਛੱਡੀਆਂ ਜਾਂਦੀਆਂ ਹਨ।

ਨਵੀਂ ਦੁਨੀਆਂ ਅਨੁਵਾਦ ਅਤੇ ਹੋਰਨਾਂ ਤਰਜਮਿਆਂ ਵਿਚ ਫ਼ਰਕ

 ਲਾਪਤਾ ਕਿਤਾਬਾਂ। ਕੈਥੋਲਿਕ ਅਤੇ ਪੂਰਬੀ ਆਰਥੋਡਾਕਸ ਚਰਚ ਨੇ ਆਪਣੀਆਂ ਬਾਈਬਲਾਂ ਵਿਚ ਕਈ ਅਜਿਹੀਆਂ ਲਿਖਤਾਂ ਸ਼ਾਮਲ ਕੀਤੀਆਂ ਹਨ (Apocrypha) ਜਿਨ੍ਹਾਂ ਨੂੰ ਯਹੂਦੀਆਂ ਨੇ ਇਬਰਾਨੀ ਲਿਖਤਾਂ ਵਿਚ ਸ਼ਾਮਲ ਨਹੀਂ ਸੀ ਕੀਤਾ। ਇਹ ਵੀ ਗੱਲ ਧਿਆਨਯੋਗ ਹੈ ਕਿ ਬਾਈਬਲ ਵਿਚ ਕਿਹਾ ਗਿਆ ਹੈ ਕਿ ਯਹੂਦੀਆਂ ਨੂੰ ‘ਪਰਮੇਸ਼ੁਰ ਦੀਆਂ ਬਾਣੀਆਂ ਸੌਂਪੀਆਂ ਗਈਆਂ’ ਸਨ। (ਰੋਮੀਆਂ 3:1, 2) ਇਸ ਲਈ, ਨਵੀਂ ਦੁਨੀਆਂ ਅਨੁਵਾਦ ਅਤੇ ਬਾਈਬਲ ਦੇ ਹੋਰ ਨਵੇਂ ਤਰਜਮਿਆਂ ਵਿਚ ਇਹ ਘੜੀਆਂ ਲਿਖਤਾਂ ਸ਼ਾਮਲ ਨਹੀਂ ਕੀਤੀਆਂ ਗਈਆਂ ਅਤੇ ਉਨ੍ਹਾਂ ਦਾ ਇਸ ਤਰ੍ਹਾਂ ਕਰਨਾ ਬਿਲਕੁਲ ਠੀਕ ਹੈ।

 ਲਾਪਤਾ ਆਇਤਾਂ। ਕੁਝ ਤਰਜਮਿਆਂ ਵਿਚ ਕੁਝ ਅਜਿਹੀਆਂ ਆਇਤਾਂ ਅਤੇ ਵਾਕ ਸ਼ਾਮਲ ਕੀਤੇ ਗਏ ਹਨ ਜੋ ਬਾਈਬਲ ਦੀਆਂ ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ ਵਿਚ ਨਹੀਂ ਸਨ। ਪਰ ਨਵੀਂ ਦੁਨੀਆਂ ਅਨੁਵਾਦ ਵਿਚ ਇਨ੍ਹਾਂ ਆਇਤਾਂ ਜਾਂ ਵਾਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਕਈ ਆਧੁਨਿਕ ਤਰਜਮਿਆਂ ਵਿਚ ਇਹ ਆਇਤਾਂ ਨਹੀਂ ਪਾਈਆਂ ਜਾਂਦੀਆਂ ਜਾਂ ਫਿਰ ਇਹ ਤਰਜਮੇ ਇਸ ਗੱਲ ਨੂੰ ਕਬੂਲ ਕਰਦੇ ਹਨ ਕਿ ਇਨ੍ਹਾਂ ਵਾਧੂ ਆਇਤਾਂ ਦਾ ਬਾਈਬਲ ਵਿਚ ਹੋਣ ਦਾ ਕੋਈ ਠੋਸ ਸਬੂਤ ਨਹੀਂ ਹੈ। b

 ਸ਼ਬਦਾਂ ਵਿਚ ਫੇਰ-ਬਦਲ। ਜਦੋਂ ਸ਼ਾਬਦਿਕ ਅਨੁਵਾਦ ਕੀਤਾ ਜਾਂਦਾ ਹੈ, ਤਾਂ ਕਦੀ-ਕਦਾਈਂ ਗੱਲ ਦੀ ਪੂਰੀ ਸਮਝ ਨਹੀਂ ਲੱਗਦੀ ਜਾਂ ਉਸ ਦਾ ਵੱਖਰਾ ਮਤਲਬ ਨਿਕਲ ਸਕਦਾ ਹੈ। ਮਿਸਾਲ ਲਈ, ਮੱਤੀ 5:3 ਵਿਚ ਯਿਸੂ ਦੀ ਕਹੀ ਗੱਲ ਦਾ ਅਕਸਰ ਇਸ ਤਰ੍ਹਾਂ ਤਰਜਮਾ ਕੀਤਾ ਜਾਂਦਾ ਹੈ: “ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ।” (ਇੰਗਲਿਸ਼ ਸਟੈਂਡਡ ਵਰਯਨ; ਕਿੰਗ ਜੇਮਜ਼ ਵਰਯਨ; ਨਿਊ ਇੰਟਰਨੈਸ਼ਨਲ ਵਰਯਨ) ਕਈ ਲੋਕ “ਦਿਲ ਦੇ ਗ਼ਰੀਬ” ਵਾਕ ਨੂੰ ਸਮਝ ਨਹੀਂ ਸਕਦੇ ਅਤੇ ਕਈ ਸੋਚਦੇ ਹਨ ਕਿ ਯਿਸੂ ਨਿਮਰ ਜਾਂ ਗ਼ਰੀਬ ਹੋਣ ਉੱਤੇ ਜ਼ੋਰ ਦੇ ਰਿਹਾ ਸੀ। ਪਰ ਅਸਲ ਵਿਚ ਯਿਸੂ ਇੱਥੇ ਇਹ ਗੱਲ ਸਮਝਾ ਰਿਹਾ ਸੀ ਕਿ ਅਸਲੀ ਖ਼ੁਸ਼ੀ ਉਨ੍ਹਾਂ ਨੂੰ ਮਿਲਦੀ ਹੈ ਜੋ ਪਰਮੇਸ਼ੁਰ ਦੀ ਸੇਧ ਚਾਹੁੰਦੇ ਹਨ। ਨਵੀਂ ਦੁਨੀਆਂ ਅਨੁਵਾਦ ਨੇ ਇਸ ਆਇਤ ਵਿਚ ਯਿਸੂ ਦੀ ਗੱਲ ਦਾ ਸਹੀ-ਸਹੀ ਤਰਜਮਾ ਕੀਤਾ ਹੈ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”​—ਮੱਤੀ 5:3. c

ਕੁਝ ਵਿਦਵਾਨਾਂ ਵੱਲੋਂ ਵਧੀਆ ਟਿੱਪਣੀਆਂ ਜੋ ਯਹੋਵਾਹ ਦੇ ਗਵਾਹ ਨਹੀਂ ਹਨ

 •   8 ਦਸੰਬਰ 1950 ਨੂੰ ਲਿਖੀ ਚਿੱਠੀ ਵਿਚ ਬਾਈਬਲ ਵਿਦਵਾਨ ਏਡਗਰ ਜੇ. ਗੁਡਸਪੀਡ ਨੇ ਨਵੀਂ ਦੁਨੀਆਂ ਅਨੁਵਾਦ (ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ) ਬਾਰੇ ਲਿਖਿਆ: “ਮੈਨੂੰ ਤੁਹਾਡੇ ਲੋਕਾਂ ਦੇ ਪ੍ਰਚਾਰ ਦੇ ਕੰਮ ਵਿਚ ਬਹੁਤ ਦਿਲਚਸਪੀ ਹੈ ਜੋ ਦੁਨੀਆਂ ਭਰ ਵਿਚ ਕੀਤਾ ਜਾ ਰਿਹਾ ਹੈ। ਜੋ ਸਾਫ਼ ਤੇ ਜ਼ਬਰਦਸਤ ਤਰਜਮਾ ਤੁਸੀਂ ਕੀਤਾ ਹੈ, ਉਹ ਮੈਨੂੰ ਬਹੁਤ ਹੀ ਵਧੀਆ ਲੱਗਾ। ਮੈਨੂੰ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਤੁਸੀਂ ਕਾਫ਼ੀ ਡੂੰਘੀ ਖੋਜ ਕਰ ਕੇ ਹੀ ਇਹ ਤਰਜਮਾ ਕੀਤਾ ਹੈ।”

  ਏਡਗਰ ਜੇ. ਗੁਡਸਪੀਡ

 •   ਸ਼ਿਕਾਗੋ ਦੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਐਲਨ ਵਿਕਗ੍ਰੇਨ ਨੇ ਨਵੀਂ ਦੁਨੀਆਂ ਅਨੁਵਾਦ ਬਾਰੇ ਕਿਹਾ ਕਿ ਇਹ ਅਜਿਹਾ ਤਰਜਮਾ ਹੈ ਜਿਸ ਵਿਚ ਆਧੁਨਿਕ ਭਾਸ਼ਾ ਵਰਤੀ ਗਈ ਹੈ। ਇਹ ਹੋਰਾਂ ਤਰਜਮਿਆਂ ਤੋਂ ਅਨੁਵਾਦ ਨਹੀਂ ਕੀਤਾ ਗਿਆ, ਸਗੋਂ “ਇਸ ਦਾ ਅਲੱਗ ਸਟਾਈਲ ਪੜ੍ਹਨ ਵਿਚ ਬਹੁਤ ਵਧੀਆ ਹੈ।”​—ਦੀ ਇੰਟਰਪ੍ਰਟਰਜ਼ ਬਾਈਬਲ, ਖੰਡ 1, ਸਫ਼ਾ 99.

 •   ਬਰਤਾਨਵੀ ਬਾਈਬਲ ਆਲੋਚਕ ਐਲੇਗਜ਼ੈਂਡਰ ਟੋਮਸਨ ਨੇ ਨਵੀਂ ਦੁਨੀਆਂ ਅਨੁਵਾਦ (ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ) ਬਾਰੇ ਲਿਖਿਆ: “ਇਸ ਤਰ੍ਹਾਂ ਲੱਗਦਾ ਹੈ ਕਿ ਇਹ ਤਰਜਮਾ ਮਾਹਰ ਅਤੇ ਹੁਸ਼ਿਆਰ ਵਿਦਵਾਨਾਂ ਦਾ ਕੰਮ ਹੈ, ਜਿਨ੍ਹਾਂ ਨੇ ਅੰਗ੍ਰੇਜ਼ੀ ਵਿਚ ਜਿੰਨਾ ਮੁਮਕਿਨ ਸੀ, ਯੂਨਾਨੀ ਭਾਸ਼ਾ ਦਾ ਪੂਰਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।”​—ਦ ਡਿਫਰੈਂਸ਼ੀਏਟਰ, ਅਪ੍ਰੈਲ 1952, ਸਫ਼ਾ 52.

 •   ਲੇਖਕ ਚਾਰਲਜ਼ ਫ਼ਰਾਂਸਿਸ ਪਾਟਰ ਨੂੰ ਇਸ ਅਨੁਵਾਦ ਦੀਆਂ ਕੁਝ ਗੱਲਾਂ ਅਜੀਬ ਲੱਗੀਆਂ, ਪਰ ਫਿਰ ਵੀ ਉਸ ਨੇ ਕਿਹਾ: “ਇਸ ਦੇ ਬੇਨਾਮ ਅਨੁਵਾਦਕਾਂ ਨੇ ਯੂਨਾਨੀ ਤੇ ਇਬਰਾਨੀ ਹੱਥ-ਲਿਖਤਾਂ ਦਾ ਸਭ ਤੋਂ ਵਧੀਆ ਤਰਜਮਾ ਕੀਤਾ ਹੈ। ਜ਼ਾਹਰ ਹੈ ਕਿ ਉਹ ਕਾਬਲ ਤੇ ਹੁਸ਼ਿਆਰ ਵਿਦਵਾਨ ਹਨ।”​—ਦ ਫੇਥਸ ਮੈਨ ਲਿਵ ਬਾਈ, ਸਫ਼ਾ 300.

 •   ਭਾਵੇਂ ਕਿ ਰੌਬਰਟ ਐੱਮ. ਮਕੋਈ ਨੂੰ ਲੱਗਾ ਕਿ ਨਵੀਂ ਦੁਨੀਆਂ ਅਨੁਵਾਦ ਦੀਆਂ ਕੁਝ ਗੱਲਾਂ ਅਜੀਬ ਤੇ ਕੁਝ ਵਧੀਆ ਵੀ ਸਨ, ਉਸ ਨੇ ਇਸ ਅਨੁਵਾਦ ਬਾਰੇ ਕਿਹਾ ਕਿ “ਨਵੇਂ ਨੇਮ ਦੇ ਤਰਜਮੇ ਤੋਂ ਸਬੂਤ ਮਿਲਦਾ ਹੈ ਕਿ ਇਨ੍ਹਾਂ [ਯਹੋਵਾਹ ਦੇ ਗਵਾਹਾਂ] ਵਿਚ ਅਜਿਹੇ ਵਿਦਵਾਨ ਹਨ ਜੋ ਸੂਝ-ਬੂਝ ਨਾਲ ਬਾਈਬਲ ਦਾ ਤਰਜਮਾ ਕਰਨ ਦੀਆਂ ਅਨੇਕ ਸਮੱਸਿਆਵਾਂ ਨੂੰ ਸੁਲਝਾਉਣ ਦੇ ਯੋਗ ਹਨ।”​—ਐਂਡੋਵਰ ਨਿਊਟਨ ਕੁਆਟਰਲੀ, ਜਨਵਰੀ 1963, ਸਫ਼ਾ 31.

 •   ਪ੍ਰੋਫ਼ੈਸਰ ਮੈਕਲੀਨ ਗਿਲਮੋਰ ਨਵੀਂ ਦੁਨੀਆਂ ਅਨੁਵਾਦ ਦੀਆਂ ਕੁਝ ਆਇਤਾਂ ਦੇ ਤਰਜਮੇ ਨਾਲ ਸਹਿਮਤ ਨਹੀਂ ਸੀ, ਫਿਰ ਵੀ ਉਸ ਨੇ ਇਸ ਦੇ ਅਨੁਵਾਦਕਾਂ ਬਾਰੇ ਕਿਹਾ ਕਿ ਉਹ “ਯੂਨਾਨੀ ਲਿਖਤਾਂ ਦਾ ਸਹੀ ਤਰਜਮਾ ਕਰਨ ਵਿਚ ਕਾਫ਼ੀ ਮਾਹਰ ਹਨ।”​—ਐਂਡੋਵਰ ਨਿਊਟਨ ਕੁਆਟਰਲੀ, ਸਤੰਬਰ 1966, ਸਫ਼ਾ 26.

 •   ਪ੍ਰੋਫ਼ੈਸਰ ਟੋਮਸਨ ਐੱਨ. ਵਿੰਟਰ ਨੇ ਨਵੀਂ ਦੁਨੀਆਂ ਅਨੁਵਾਦ, ਜੋ ਕਿੰਗਡਮ ਇੰਟਰਲਿਨੀਅਰ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਦਾ ਹਿੱਸਾ ਹੈ, ਬਾਰੇ ਸਾਰ ਦਿੰਦਿਆਂ ਲਿਖਿਆ: “ਬੇਨਾਮ ਅਨੁਵਾਦਕਾਂ ਦੀ ਕਮੇਟੀ ਆਧੁਨਿਕ ਜਾਣਕਾਰੀ ਤੋਂ ਪੂਰੀ ਤਰ੍ਹਾਂ ਵਾਕਫ਼ ਹੈ ਅਤੇ ਉਨ੍ਹਾਂ ਨੇ ਹਰ ਗੱਲ ਦਾ ਸਹੀ-ਸਹੀ ਤਰਜਮਾ ਕੀਤਾ ਹੈ।​—ਦ ਕਲਾਸਿਕਲ ਜਰਨਲ, ਅਪ੍ਰੈਲ-ਮਈ 1974, ਸਫ਼ਾ 376.

 •   ਇਜ਼ਰਾਈਲ ਵਿਚ ਇਕ ਇਬਰਾਨੀ ਵਿਦਵਾਨ, ਪ੍ਰੋਫ਼ੈਸਰ ਬੇਨਜਾਮਿਨ ਕਡਾਰ, ਨੇ 1989 ਵਿਚ ਕਿਹਾ: “ਮੈਂ ਇਬਰਾਨੀ ਬਾਈਬਲ ਅਤੇ ਹੋਰ ਤਰਜਮਿਆਂ ਦੀ ਖੋਜ-ਬੀਨ ਕਰਦਿਆਂ ਕਈ ਵਾਰ ਅੰਗ੍ਰੇਜ਼ੀ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਨੂੰ ਇਸਤੇਮਾਲ ਕਰਦਾ ਹਾਂ। ਇਸ ਤਰ੍ਹਾਂ ਕਰਨ ਨਾਲ, ਮੈਨੂੰ ਹੋਰ ਯਕੀਨ ਹੁੰਦਾ ਜਾ ਰਿਹਾ ਹੈ ਕਿ ਇਹ ਤਰਜਮਾ ਬੜੀ ਈਮਾਨਦਾਰੀ ਨਾਲ ਕੀਤਾ ਗਿਆ ਹੈ ਅਤੇ ਜਿੰਨਾ ਸੰਭਵ ਹੈ ਇਸ ਵਿਚ ਪੁਰਾਣੀਆਂ ਲਿਖਤਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।”

 •   ਨੌਂ ਮੁੱਖ ਅੰਗ੍ਰੇਜ਼ੀ ਤਰਜਮਿਆਂ ਦਾ ਅਧਿਐਨ ਕਰਨ ਤੋਂ ਬਾਅਦ ਧਰਮ ਦੇ ਪ੍ਰੋਫ਼ੈਸਰ ਜੇਸਨ ਡੇਵਿਡ ਬੇਡੂਨ ਨੇ ਸਿੱਟਾ ਕੱਢਿਆ ਕਿ ਨਿਊ ਵਰਲਡ ਟ੍ਰਾਂਸਲੇਸ਼ਨ “ਮੌਜੂਦਾ ਸਮੇਂ ਵਿਚ ਉਪਲਬਧ . . . ਅਨੁਵਾਦਾਂ ਵਿੱਚੋਂ ਸਭ ਤੋਂ ਸ਼ੁੱਧ” ਹੈ। ਭਾਵੇਂ ਕਿ ਕੁਝ ਲੋਕ ਅਤੇ ਕਈ ਬਾਈਬਲ ਵਿਦਵਾਨ ਮੰਨਦੇ ਹਨ ਕਿ ਨਵੀਂ ਦੁਨੀਆਂ ਅਨੁਵਾਦ ਤੇ ਹੋਰਨਾਂ ਬਾਈਬਲਾਂ ਵਿਚ ਫ਼ਰਕ ਇਸ ਲਈ ਹਨ ਕਿਉਂਕਿ ਇਸ ਦੇ ਅਨੁਵਾਦਕਾਂ ਨੇ ਆਪਣੇ ਵਿਸ਼ਵਾਸ ਪੇਸ਼ ਕੀਤੇ ਹਨ, ਪਰ ਬੇਡੂਨ ਨੇ ਕਿਹਾ: “ਫ਼ਰਕ ਇਸ ਲਈ ਹੈ ਕਿਉਂਕਿ [ਨਵੀਂ ਦੁਨੀਆਂ ਅਨੁਵਾਦ] ਦੂਸਰੇ ਅਨੁਵਾਦਾਂ ਨਾਲੋਂ ਜ਼ਿਆਦਾ ਸਹੀ ਹੈ ਅਤੇ ਇਸ ਵਿਚ ਨਵੇਂ ਨੇਮ ਦੇ ਲਿਖਾਰੀਆਂ ਦੁਆਰਾ ਵਰਤੇ ਗਏ ਯੂਨਾਨੀ ਸ਼ਬਦਾਂ ਦਾ ਸਹੀ-ਸਹੀ ਤੇ ਸ਼ਾਬਦਿਕ ਅਨੁਵਾਦ ਕੀਤਾ ਗਿਆ ਹੈ।”​—ਅਨੁਵਾਦ ਵਿਚ ਸੱਚਾਈ (ਅੰਗ੍ਰੇਜ਼ੀ), ਸਫ਼ੇ 163, 165.

a ਇਹ ਗੱਲਾਂ ਅੰਗ੍ਰੇਜ਼ੀ ਦੇ ਤਰਜਮਿਆਂ ʼਤੇ ਲਾਗੂ ਹੁੰਦੀਆਂ ਹਨ ਜੋ 2013 ਦੇ ਨਵੇਂ ਐਡੀਸ਼ਨ ਤੋਂ ਪਹਿਲਾਂ ਛਪੇ ਸਨ।

b ਮਿਸਾਲ ਲਈ, ਨਿਊ ਇੰਟਰਨੈਸ਼ਨਲ ਵਰਯਨ ਅਤੇ ਕੈਥੋਲਿਕ ਨਿਊ ਜਰੂਸਲਮ ਬਾਈਬਲ ਦੇਖੋ। ਇਨ੍ਹਾਂ ਵਿਚ ਮੱਤੀ 17:21; 18:11; 23:14; ਮਰਕੁਸ 7:16; 9:44, 46; 11:26; 15:28; ਲੂਕਾ 17:36; 23:17; ਯੂਹੰਨਾ 5:4; ਰਸੂਲਾਂ ਦੇ ਕੰਮ 8:37; 15:34; 24:7; 28:29; ਅਤੇ ਰੋਮੀਆਂ 16:24 ਵਾਧੂ ਆਇਤਾਂ ਸ਼ਾਮਲ ਕੀਤੀਆਂ ਗਈਆਂ ਹਨ। ਕਿੰਗ ਜੇਮਜ਼ ਵਰਯਨ ਅਤੇ ਡੂਏ-ਰਾਈਮਸ ਵਰਯਨ ਵਿਚ 1 ਯੂਹੰਨਾ 5:7, 8 ਵਿਚ ਤ੍ਰਿਏਕ ਬਾਰੇ ਕੁਝ ਵਾਕ ਵੀ ਲਿਖੇ ਗਏ ਹਨ ਜੋ ਬਾਈਬਲ ਲਿਖਣ ਤੋਂ ਸੈਂਕੜੇ ਸਾਲ ਬਾਅਦ ਸ਼ਾਮਲ ਕੀਤੇ ਗਏ ਸਨ।

c ਜੇ. ਬੀ. ਫ਼ਿਲਿਪਸ ਬਾਈਬਲ ਵਿਚ ਵੀ ਇਸ ਆਇਤ ਦਾ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ: “ਜਿਹੜੇ ਜਾਣਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਜ਼ਰੂਰਤ ਹੈ” ਅਤੇ ਦ ਟ੍ਰਾਂਸਲੇਟਰਜ਼ ਨਿਊ ਟੈਸਟਾਮੈਂਟ ਵਿਚ ਇਸ ਤਰ੍ਹਾਂ ਕੀਤਾ ਗਿਆ ਹੈ: “ਜਿਹੜੇ ਜਾਣਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਅਗਵਾਈ ਦੀ ਲੋੜ ਹੈ।”