Skip to content

ਕੀ ਯਹੋਵਾਹ ਦੇ ਗਵਾਹ ਲੋਕਾਂ ਨੂੰ ਧਰਮ ਬਦਲਣ ਲਈ ਮਜਬੂਰ ਕਰਦੇ ਹਨ?

ਕੀ ਯਹੋਵਾਹ ਦੇ ਗਵਾਹ ਲੋਕਾਂ ਨੂੰ ਧਰਮ ਬਦਲਣ ਲਈ ਮਜਬੂਰ ਕਰਦੇ ਹਨ?

 ਨਹੀਂ, ਅਸੀਂ ਇਸ ਤਰ੍ਹਾਂ ਨਹੀਂ ਕਰਦੇ। ਅਸੀਂ ਆਪਣੇ ਮੁੱਖ ਰਸਾਲੇ ਪਹਿਰਾਬੁਰਜ ਵਿਚ ਕਿਹਾ ਹੈ: “ਆਪਣੇ ਧਰਮ ਨੂੰ ਬਦਲਣ ਲਈ ਲੋਕਾਂ ਨੂੰ ਮਜਬੂਰ ਕਰਨਾ ਗ਼ਲਤ ਹੈ।” a ਅਸੀਂ ਅੱਗੇ ਦੱਸੇ ਕਾਰਨਾਂ ਕਰਕੇ ਲੋਕਾਂ ਨੂੰ ਮਜਬੂਰ ਨਹੀਂ ਕਰਦੇ:

  •   ਯਿਸੂ ਨੇ ਕਦੇ ਲੋਕਾਂ ਨੂੰ ਮਜਬੂਰ ਨਹੀਂ ਕੀਤਾ ਕਿ ਉਹ ਉਸ ਦੀਆਂ ਸਿੱਖਿਆਵਾਂ ਨੂੰ ਮੰਨਣ। ਉਸ ਨੂੰ ਪਤਾ ਸੀ ਕਿ ਥੋੜ੍ਹੇ ਜਣੇ ਹੀ ਉਸ ਦਾ ਸੰਦੇਸ਼ ਕਬੂਲ ਕਰਨਗੇ। (ਮੱਤੀ 7:13, 14) ਜਦੋਂ ਕੁਝ ਚੇਲਿਆਂ ਨੂੰ ਉਸ ਦੀਆਂ ਕਹੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ, ਤਾਂ ਉਸ ਨੇ ਉਨ੍ਹਾਂ ਨੂੰ ਜਾਣ ਤੋਂ ਨਹੀਂ ਰੋਕਿਆ।​—ਯੂਹੰਨਾ 6:60-62, 66-68.

  •   ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਦੂਜਿਆਂ ਨੂੰ ਆਪਣੇ ਵਿਸ਼ਵਾਸ ਬਦਲਣ ਲਈ ਮਜਬੂਰ ਨਾ ਕਰਨ। ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਲੋਕਾਂ ʼਤੇ ਥੋਪਣ ਦੀ ਬਜਾਇ, ਯਿਸੂ ਦੇ ਚੇਲਿਆਂ ਨੇ ਉਨ੍ਹਾਂ ਲੋਕਾਂ ਨੂੰ ਲੱਭਣਾ ਸੀ ਜੋ ਉਨ੍ਹਾਂ ਦੀ ਗੱਲ ਸੁਣਨਾ ਚਾਹੁੰਦੇ ਸਨ।​—ਮੱਤੀ 10:7, 11-14.

  •   ਜ਼ਬਰਦਸਤੀ ਕਿਸੇ ਦਾ ਧਰਮ ਬਦਲਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਯਹੋਵਾਹ ਸਿਰਫ਼ ਦਿਲੋਂ ਕੀਤੀ ਭਗਤੀ ਨੂੰ ਕਬੂਲ ਕਰਦਾ ਹੈ।​—ਬਿਵਸਥਾ ਸਾਰ 6:4, 5; ਮੱਤੀ 22:37, 38.

ਕੀ ਸਾਡਾ ਕੰਮ ਲੋਕਾਂ ਦਾ ਧਰਮ ਬਦਲਣਾ ਹੈ?

 ਇਹ ਸੱਚ ਹੈ ਕਿ ਅਸੀਂ “ਖੁੱਲ੍ਹੇ-ਆਮ ਤੇ ਘਰ-ਘਰ” ਬਾਈਬਲ ਦਾ ਸੰਦੇਸ਼ “ਧਰਤੀ ਦੇ ਕੋਨੇ-ਕੋਨੇ” ਤਕ ਪਹੁੰਚਾਉਂਦੇ ਹਾਂ ਜਿਵੇਂ ਬਾਈਬਲ ਵਿਚ ਹੁਕਮ ਦਿੱਤਾ ਗਿਆ ਹੈ। (ਰਸੂਲਾਂ ਦੇ ਕੰਮ 1:8; 10:42; 20:20) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਡੇ ʼਤੇ ਵੀ ਕਦੇ-ਕਦੇ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਅਸੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਦਾ ਧਰਮ ਬਦਲਦੇ ਹਾਂ। (ਰਸੂਲਾਂ ਦੇ ਕੰਮ 18:12, 13) ਪਰ ਇਹ ਇਲਜ਼ਾਮ ਸਰਾਸਰ ਝੂਠੇ ਹਨ। ਅਸੀਂ ਆਪਣੇ ਵਿਸ਼ਵਾਸ ਦੂਜਿਆਂ ʼਤੇ ਥੋਪਦੇ ਨਹੀਂ ਹਾਂ। ਇਸ ਦਾ ਬਜਾਇ, ਅਸੀਂ ਮੰਨਦੇ ਹਾਂ ਕਿ ਲੋਕਾਂ ਨੂੰ ਜਾਣਕਾਰੀ ਲੈਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਤਾਂਕਿ ਉਹ ਜਾਣਕਾਰੀ ਲੈ ਕੇ ਆਪ ਫ਼ੈਸਲਾ ਕਰ ਸਕਣ।

 ਅਸੀਂ ਲੋਕਾਂ ਨੂੰ ਧਰਮ ਬਦਲਣ ਲਈ ਮਜਬੂਰ ਨਹੀਂ ਕਰਦੇ ਤੇ ਨਾ ਹੀ ਅਸੀਂ ਧਰਮ ਦੀ ਆੜ ਵਿਚ ਰਾਜਨੀਤੀ ਖੇਡਦੇ ਜਾਂ ਕਿਸੇ ਨੂੰ ਧਰਮ ਨਾਲ ਜੋੜਨ ਲਈ ਪੈਸੇ ਜਾਂ ਸਮਾਜਕ ਰੁਤਬਿਆਂ ਦਾ ਲਾਲਚ ਦਿੰਦੇ ਹਾਂ। ਅਸੀਂ ਉਨ੍ਹਾਂ ਵਰਗੇ ਨਹੀਂ ਹਾਂ ਜੋ ਮਸੀਹੀ ਹੋਣ ਦਾ ਦਾਅਵਾ ਤਾਂ ਕਰਦੇ ਹਨ ਪਰ ਇਹੋ ਜਿਹੇ ਕੰਮ ਕਰ ਕੇ ਮਸੀਹ ਨੂੰ ਬਦਨਾਮ ਕਰਦੇ ਹਨ। b

ਕੀ ਇਨਸਾਨ ਨੂੰ ਆਪਣਾ ਧਰਮ ਬਦਲਣ ਦਾ ਹੱਕ ਹੈ?

ਅਬਰਾਹਾਮ ਨਬੀ ਨੇ ਆਪਣੇ ਰਿਸ਼ਤੇਦਾਰਾਂ ਦਾ ਧਰਮ ਛੱਡ ਦਿੱਤਾ ਸੀ

 ਜੀ ਹਾਂ, ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲੋਕਾਂ ਕੋਲ ਆਪਣਾ ਧਰਮ ਬਦਲਣ ਦਾ ਅਧਿਕਾਰ ਹੈ। ਬਾਈਬਲ ਕਈ ਲੋਕਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੇ ਆਪਣਾ ਜੱਦੀ ਧਰਮ ਛੱਡ ਕੇ ਆਪਣੀ ਮਰਜ਼ੀ ਨਾਲ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਦੀ ਚੋਣ ਕੀਤੀ ਸੀ। ਅਬਰਾਹਾਮ, ਰੂਥ, ਐਥਿਨਜ਼ ਦੇ ਰਹਿਣ ਵਾਲੇ ਕੁਝ ਲੋਕ ਅਤੇ ਰਸੂਲ ਪੌਲੁਸ ਇਸ ਦੀਆਂ ਕੁਝ ਮਿਸਾਲਾਂ ਹਨ। (ਯਹੋਸ਼ੁਆ 24:2; ਰੂਥ 1:14-16; ਰਸੂਲਾਂ ਦੇ ਕੰਮ 17:22, 30-34; ਗਲਾਤੀਆਂ 1:14, 23) ਬਾਈਬਲ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜੇ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੀ ਭਗਤੀ ਨੂੰ ਛੱਡਣ ਦਾ ਨਾਸਮਝੀ ਭਰਿਆ ਫ਼ੈਸਲਾ ਕਰਦੇ ਹਨ, ਤਾਂ ਇਹ ਵੀ ਉਨ੍ਹਾਂ ਦਾ ਹੱਕ ਹੈ।​—1 ਯੂਹੰਨਾ 2:19.

 ਮਨੁੱਖੀ ਅਧਿਕਾਰਾਂ ਦੇ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ ਵਿਚ ਧਰਮ ਬਦਲਣ ਦੇ ਅਧਿਕਾਰ ਦਾ ਸਮਰਥਨ ਕੀਤਾ ਗਿਆ ਹੈ। ਇਸ ਘੋਸ਼ਣਾ-ਪੱਤਰ ਨੂੰ ਸੰਯੁਕਤ ਰਾਸ਼ਟਰ-ਸੰਘ ਦੁਆਰਾ “ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਨੀਂਹ” ਸਮਝਿਆ ਜਾਂਦਾ ਹੈ। ਇਹ ਘੋਸ਼ਣਾ-ਪੱਤਰ ਕਹਿੰਦਾ ਹੈ ਕਿ ਹਰ ਕਿਸੇ ਨੂੰ “ਆਪਣਾ ਧਰਮ ਬਦਲਣ” ਅਤੇ “ਜਾਣਕਾਰੀ ਲੈਣ ਅਤੇ ਦੇਣ ਦੀ ਆਜ਼ਾਦੀ ਹੈ” ਜਿਸ ਵਿਚ ਧਾਰਮਿਕ ਜਾਣਕਾਰੀ ਵੀ ਸ਼ਾਮਲ ਹੈ। c ਇਹ ਗੱਲ ਵੀ ਸੱਚ ਹੈ ਕਿ ਇਨ੍ਹਾਂ ਅਧਿਕਾਰਾਂ ਦੇ ਨਾਲ-ਨਾਲ ਇਹ ਜ਼ਿੰਮੇਵਾਰੀ ਵੀ ਆਉਂਦੀ ਹੈ ਕਿ ਸਾਨੂੰ ਦੂਜਿਆਂ ਦੇ ਅਧਿਕਾਰਾਂ ਦਾ ਆਦਰ ਕਰਨਾ ਚਾਹੀਦਾ ਹੈ। ਉਨ੍ਹਾਂ ਕੋਲ ਇਹ ਅਧਿਕਾਰ ਹੈ ਕਿ ਉਹ ਆਪਣੇ ਵਿਸ਼ਵਾਸਾਂ ʼਤੇ ਟਿਕੇ ਰਹਿ ਸਕਦੇ ਹਨ ਅਤੇ ਉਸ ਜਾਣਕਾਰੀ ਨੂੰ ਠੁਕਰਾ ਸਕਦੇ ਹਨ ਜਿਸ ਨਾਲ ਉਹ ਸਹਿਮਤ ਨਹੀਂ ਹਨ।

ਕੀ ਧਰਮ ਬਦਲਣ ਨਾਲ ਪਰਿਵਾਰਕ ਪਰੰਪਰਾ ਜਾਂ ਰਸਮਾਂ-ਰਿਵਾਜਾਂ ਦਾ ਨਿਰਾਦਰ ਹੁੰਦਾ ਹੈ?

 ਜ਼ਰੂਰੀ ਨਹੀਂ। ਬਾਈਬਲ ਸਾਰਿਆਂ ਦਾ ਆਦਰ ਕਰਨ ʼਤੇ ਜ਼ੋਰ ਦਿੰਦੀ ਹੈ, ਫਿਰ ਭਾਵੇਂ ਉਨ੍ਹਾਂ ਦਾ ਧਰਮ ਕੋਈ ਵੀ ਹੋਵੇ। (1 ਪਤਰਸ 2:17) ਇਸ ਦੇ ਨਾਲ-ਨਾਲ ਯਹੋਵਾਹ ਦੇ ਗਵਾਹ ਬਾਈਬਲ ਦੇ ਇਸ ਹੁਕਮ ਨੂੰ ਵੀ ਮੰਨਦੇ ਹਨ ਕਿ ਸਾਨੂੰ ਆਪਣੇ ਮਾਪਿਆਂ ਦਾ ਆਦਰ ਕਰਨਾ ਚਾਹੀਦਾ ਹੈ ਫਿਰ ਚਾਹੇ ਉਨ੍ਹਾਂ ਦੇ ਵਿਸ਼ਵਾਸ ਸਾਡੇ ਵਿਸ਼ਵਾਸਾਂ ਨਾਲ ਮੇਲ ਨਾ ਵੀ ਖਾਂਦੇ ਹੋਣ।—ਅਫ਼ਸੀਆਂ 6:2, 3.

 ਫਿਰ ਵੀ, ਹਰ ਕੋਈ ਬਾਈਬਲ ਦੀ ਸਿੱਖਿਆ ਨਾਲ ਸਹਿਮਤ ਨਹੀਂ ਹੁੰਦਾ। ਜ਼ਾਂਬੀਆ ਵਿਚ ਜੰਮੀ-ਪਲ਼ੀ ਇਕ ਔਰਤ ਕਹਿੰਦੀ ਹੈ: “ਜਿਸ ਸਮਾਜ ਵਿੱਚ ਮੈਂ ਰਹਿੰਦੀ ਹਾਂ, ਉੱਥੇ ਜੇ ਕੋਈ ਧਰਮ ਬਦਲਦਾ ਹੈ . . . , ਤਾਂ ਇਸ ਨੂੰ ਪਰਿਵਾਰ ਅਤੇ ਸਮਾਜ ਪ੍ਰਤੀ ਨਿਰਾਦਰ ਅਤੇ ਧੋਖੇ ਵਜੋਂ ਦੇਖਿਆ ਜਾਂਦਾ ਹੈ।” ਇਸ ਔਰਤ ਨੂੰ ਵੀ ਇਸ ਸਮੱਸਿਆ ਦਾ ਸਾਮ੍ਹਣਾ ਕਰਨਾ ਪਿਆ ਜਦ ਉਸ ਨੇ ਅੱਲੜ੍ਹ ਉਮਰ ਵਿਚ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਅਤੇ ਉਸ ਤੋਂ ਥੋੜ੍ਹੇ ਸਮੇਂ ਬਾਅਦ ਆਪਣਾ ਧਰਮ ਬਦਲਣ ਦਾ ਫ਼ੈਸਲਾ ਕੀਤਾ। ਉਹ ਕਹਿੰਦੀ ਹੈ: “ਮੇਰੇ ਮਾਪਿਆਂ ਨੇ ਵਾਰ-ਵਾਰ ਮੈਨੂੰ ਕਿਹਾ ਕਿ ਉਹ ਮੇਰੇ ਤੋਂ ਬਹੁਤ ਨਾਰਾਜ਼ ਸਨ ਅਤੇ ਮੇਰੇ ਕਾਰਨ ਉਨ੍ਹਾਂ ਦਾ ਸਿਰ ਝੁਕ ਗਿਆ। ਇਹ ਮੇਰੇ ਲਈ ਬਹੁਤ ਔਖਾ ਸਮਾਂ ਸੀ ਕਿਉਂਕਿ ਮੈਂ ਆਪਣੇ ਮਾਪਿਆਂ ਨੂੰ ਖ਼ੁਸ਼ ਕਰਨਾ ਚਾਹੁੰਦੀ ਸੀ। . . . ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਛੱਡ ਕੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਚੋਣ ਕਰਨ ਦਾ ਇਹ ਮਤਲਬ ਨਹੀਂ ਕਿ ਮੈਂ ਆਪਣੇ ਪਰਿਵਾਰ ਨਾਲ ਧੋਖਾ ਕਰ ਰਹੀ ਸੀ।” d

a 1 ਜਨਵਰੀ 2002 ਦੇ ਪਹਿਰਾਬੁਰਜ ਦੇ ਸਫ਼ਾ 12 ਉੱਤੇ ਪੈਰਾ 15 ਦੇਖੋ।

b ਮਿਸਾਲ ਲਈ, 785 ਈਸਵੀ ਦੌਰਾਨ ਸ਼ਾਰਲਮੇਨ ਨੇ ਸੈਕਸਨੀ ਦੇ ਲੋਕਾਂ ਉੱਤੇ ਇਕ ਫ਼ਰਮਾਨ ਜਾਰੀ ਕੀਤਾ ਕਿ ਜੋ ਲੋਕ ਮਸੀਹੀ ਬਣਨ ਤੋਂ ਇਨਕਾਰ ਕਰਨਗੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਨਾਲੇ 1555 ਈਸਵੀ ਵਿਚ ਪਵਿੱਤਰ ਰੋਮੀ ਸਾਮਰਾਜ ਵਿਚ ਲੜ ਰਹੀਆਂ ਧਿਰਾਂ ਨੇ ਆਉਗਸਬਰਗ ਸੰਧੀ ʼਤੇ ਦਸਤਖਤ ਕੀਤੇ ਸਨ। ਇਸ ਸੰਧੀ ਵਿਚ ਇਹ ਸ਼ਰਤ ਰੱਖੀ ਕਿ ਵੱਖਰੇ-ਵੱਖਰੇ ਖੇਤਰਾਂ ਦੇ ਸ਼ਾਸਕ ਰੋਮੀ ਕੈਥੋਲਿਕ ਜਾਂ ਲੂਥਰਨ ਧਰਮ ਦੇ ਹੋਣ ਅਤੇ ਉਨ੍ਹਾਂ ਦੇ ਸ਼ਾਸਨ ਅਧੀਨ ਲੋਕਾਂ ਨੂੰ ਉਨ੍ਹਾਂ ਦਾ ਧਰਮ ਹੀ ਅਪਣਾਉਣਾ ਪੈਣਾ ਸੀ। ਜਿਹੜੇ ਲੋਕ ਸ਼ਾਸਕ ਦਾ ਧਰਮ ਅਪਣਾਉਣ ਤੋਂ ਇਨਕਾਰ ਕਰਦੇ ਸਨ ਉਨ੍ਹਾਂ ਨੂੰ ਉਸ ਇਲਾਕੇ ਤੋਂ ਜਾਣਾ ਪੈਂਦਾ ਸੀ।

c ਇਸੇ ਤਰ੍ਹਾਂ ਦੇ ਅਧਿਕਾਰ ਹੋਰਨਾਂ ਦੇਸ਼ਾਂ ਨੇ ਵੀ ਆਪਣੇ ਘੋਸ਼ਣਾ-ਪੱਤਰਾਂ ਵਿਚ ਸ਼ਾਮਲ ਕੀਤੇ ਹਨ। ਇਨ੍ਹਾਂ ਦੇਸ਼ਾਂ ਵਿਚ ਅਫ਼ਰੀਕਾ, ਅਮਰੀਕਾ, ਅਰਬ, ਏਸ਼ੀਆ ਅਤੇ ਯੂਰਪ ਦੇ ਕਈ ਹੋਰ ਦੇਸ਼ ਵੀ ਸ਼ਾਮਲ ਹਨ। ਪਰ ਜਿਹੜੇ ਦੇਸ਼ ਇਸ ਤਰ੍ਹਾਂ ਦੇ ਅਧਿਕਾਰ ਦੇਣ ਦਾ ਦਾਅਵਾ ਕਰਦੇ ਵੀ ਹਨ ਉਹ ਹਮੇਸ਼ਾ ਇਸ ਦਾਅਵੇ ʼਤੇ ਖਰੇ ਨਹੀਂ ਉਤਰਦੇ।—African Charter on Human and Peoples’ Rights; American Declaration of the Rights and Duties of Man; 2004 Arab Charter on Human Rights; ASEAN (Association of Southeast Asian Nations) Human Rights Declaration; European Convention on Human Rights; International Covenant on Civil and Political Rights.

d ਬਾਈਬਲ ਵਿਚ ਸੱਚੇ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।