Skip to content

ਕੀ ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਤੋਂ ਦੂਰ ਰਹਿੰਦੇ ਹਨ ਜਿਹੜੇ ਪਹਿਲਾਂ ਉਨ੍ਹਾਂ ਦੇ ਧਰਮ ਨੂੰ ਮੰਨਦੇ ਸਨ?

ਕੀ ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਤੋਂ ਦੂਰ ਰਹਿੰਦੇ ਹਨ ਜਿਹੜੇ ਪਹਿਲਾਂ ਉਨ੍ਹਾਂ ਦੇ ਧਰਮ ਨੂੰ ਮੰਨਦੇ ਸਨ?

ਜਿਹੜੇ ਲੋਕ ਪਹਿਲਾਂ ਯਹੋਵਾਹ ਦੇ ਗਵਾਹ ਸਨ, ਪਰ ਹੁਣ ਉਨ੍ਹਾਂ ਨੇ ਦੂਜਿਆਂ ਨੂੰ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਹੌਲੀ-ਹੌਲੀ ਹੋਰ ਯਹੋਵਾਹ ਦੇ ਗਵਾਹਾਂ ਨੂੰ ਮਿਲਣਾ-ਗਿਲ਼ਣਾ ਛੱਡ ਦਿੱਤਾ ਹੈ, ਉਨ੍ਹਾਂ ਤੋਂ ਅਸੀਂ ਦੂਰ ਨਹੀਂ ਰਹਿੰਦੇ। ਅਸਲ ਵਿਚ, ਅਸੀਂ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੀ ਮਦਦ ਕਰਨ ਅਤੇ ਪਰਮੇਸ਼ੁਰੀ ਕੰਮਾਂ ਵਿਚ ਦੁਬਾਰਾ ਉਨ੍ਹਾਂ ਦੀ ਦਿਲਚਸਪੀ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਗੰਭੀਰ ਪਾਪ ਕਰਨ ਵਾਲੇ ਇਨਸਾਨ ਨੂੰ ਇਕਦਮ ਨਹੀਂ ਛੇਕਿਆ ਜਾਂਦਾ। ਪਰ ਜੇ ਯਹੋਵਾਹ ਦਾ ਗਵਾਹ, ਜਿਸ ਨੇ ਬਪਤਿਸਮਾ ਲਿਆ ਹੈ, ਬਾਈਬਲ ਦੇ ਹੁਕਮਾਂ ਦੀ ਉਲੰਘਣਾ ਕਰਨ ਵਿਚ ਲੱਗਾ ਰਹਿੰਦਾ ਹੈ ਅਤੇ ਪਛਤਾਵਾ ਨਹੀਂ ਕਰਦਾ, ਤਾਂ ਉਸ ਨੂੰ ਛੇਕ ਦਿੱਤਾ ਜਾਂਦਾ ਹੈ। ਬਾਈਬਲ ਵਿਚ ਸਾਫ਼ ਲਿਖਿਆ ਹੈ: “ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢ ਦਿਓ।”—1 ਕੁਰਿੰਥੀਆਂ 5:13.

ਪਰ ਜੇ ਕਿਸੇ ਆਦਮੀ ਨੂੰ ਛੇਕ ਦਿੱਤਾ ਜਾਂਦਾ ਹੈ, ਪਰ ਉਸ ਦੀ ਪਤਨੀ ਅਤੇ ਬੱਚੇ ਅਜੇ ਵੀ ਯਹੋਵਾਹ ਦੇ ਗਵਾਹ ਹਨ, ਤਾਂ ਉਨ੍ਹਾਂ ਦੇ ਰਿਸ਼ਤੇ ’ਤੇ ਕੀ ਅਸਰ ਪੈਂਦਾ ਹੈ? ਛੇਕੇ ਗਏ ਆਦਮੀ ਨੇ ਪਰਮੇਸ਼ੁਰ ਨਾਲੋਂ ਰਿਸ਼ਤਾ ਤੋੜ ਲਿਆ ਹੈ, ਇਸ ਕਰਕੇ ਪਰਿਵਾਰ ਉਸ ਨਾਲ ਪਰਮੇਸ਼ੁਰ ਬਾਰੇ ਕੋਈ ਗੱਲਬਾਤ ਨਹੀਂ ਕਰੇਗਾ। ਪਰ ਖ਼ੂਨ ਦਾ ਰਿਸ਼ਤਾ ਉਸੇ ਤਰ੍ਹਾਂ ਰਹਿੰਦਾ ਹੈ। ਪਤੀ-ਪਤਨੀ ਦਾ ਆਪਸੀ ਰਿਸ਼ਤਾ ਨਹੀਂ ਟੁੱਟਦਾ ਅਤੇ ਪਰਿਵਾਰ ਪਿਆਰ ਨਾਲ ਜ਼ਿੰਦਗੀ ਗੁਜ਼ਾਰਦਾ ਹੈ।

ਛੇਕੇ ਗਏ ਵਿਅਕਤੀ ਸਾਡੀਆਂ ਮੀਟਿੰਗਾਂ ਵਿਚ ਆ ਸਕਦੇ ਹਨ। ਜੇ ਉਹ ਚਾਹੁਣ, ਤਾਂ ਉਹ ਪਰਮੇਸ਼ੁਰ ਨਾਲ ਦੁਬਾਰਾ ਰਿਸ਼ਤਾ ਜੋੜਨ ਲਈ ਮੰਡਲੀ ਦੇ ਬਜ਼ੁਰਗਾਂ ਦੀ ਮਦਦ ਲੈ ਸਕਦੇ ਹਨ। ਉਨ੍ਹਾਂ ਦੀ ਮਦਦ ਕੀਤੀ ਜਾਵੇਗੀ ਕਿ ਉਹ ਦੁਬਾਰਾ ਯਹੋਵਾਹ ਦੇ ਗਵਾਹ ਬਣਨ ਦੇ ਕਾਬਲ ਹੋ ਜਾਣ। ਜਿਹੜੇ ਛੇਕੇ ਗਏ ਲੋਕ ਆਪਣੇ ਗ਼ਲਤ ਕੰਮ ਛੱਡ ਕੇ ਬਾਈਬਲ ਦੇ ਅਸੂਲਾਂ ਮੁਤਾਬਕ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਦੁਬਾਰਾ ਯਹੋਵਾਹ ਦੇ ਗਵਾਹ ਬਣ ਸਕਦੇ ਹਨ।