Skip to content

ਕੀ ਯਹੋਵਾਹ ਦੇ ਗਵਾਹ ਪ੍ਰੋਟੈਸਟੈਂਟ ਮਤ ਦੇ ਹਨ?

ਕੀ ਯਹੋਵਾਹ ਦੇ ਗਵਾਹ ਪ੍ਰੋਟੈਸਟੈਂਟ ਮਤ ਦੇ ਹਨ?

ਨਹੀਂ। ਯਹੋਵਾਹ ਦੇ ਗਵਾਹ ਮਸੀਹੀ ਹਨ, ਪਰ ਅਸੀਂ ਆਪਣੇ ਆਪ ਨੂੰ ਪ੍ਰੋਟੈਸਟੈਂਟ ਮਤ ਦੇ ਨਹੀਂ ਸਮਝਦੇ। ਕਿਉਂ ਨਹੀਂ?

ਪ੍ਰੋਟੈਸਟੈਂਟਵਾਦ ਦਾ ਮਤਲਬ ਹੈ “ਰੋਮਨ ਕੈਥੋਲਿਕ ਚਰਚ ਨੂੰ ਸੁਧਾਰਨ ਲਈ ਧਾਰਮਿਕ ਅੰਦੋਲਨ।” ਹਾਲਾਂਕਿ ਕਿ ਇਹ ਸੱਚ ਹੈ ਕਿ ਯਹੋਵਾਹ ਦੇ ਗਵਾਹ ਕੈਥੋਲਿਕ ਚਰਚ ਦੀਆਂ ਸਿੱਖਿਆਵਾਂ ਨਾਲ ਸਹਿਮਤ ਨਹੀਂ ਹਨ, ਪਰ ਅਸੀਂ ਆਪਣੇ ਆਪ ਨੂੰ ਥੱਲੇ ਦੱਸੇ ਕਾਰਨਾਂ ਕਰਕੇ ਪ੍ਰੋਟੈਸਟੈਂਟ ਮਤ ਦੇ ਨਹੀਂ ਸਮਝਦੇ:

  1. 1. ਪ੍ਰੋਟੈਸਟੈਂਟ ਮਤ ਦੇ ਕਈ ਵਿਸ਼ਵਾਸ ਬਾਈਬਲ ਦੀਆਂ ਸਿੱਖਿਆਵਾਂ ਦੇ ਉਲਟ ਹਨ। ਮਿਸਾਲ ਲਈ, ਬਾਈਬਲ ਸਿਖਾਉਂਦੀ ਹੈ ਕਿ “ਪਰਮੇਸ਼ੁਰ ਇੱਕੋ ਹੈ।” ਉਹ ਤ੍ਰਿਏਕ ਦਾ ਹਿੱਸਾ ਨਹੀਂ ਹੈ। (1 ਤਿਮੋਥਿਉਸ 2:5; ਯੂਹੰਨਾ 14:28) ਨਾਲੇ ਬਾਈਬਲ ਸਾਫ਼ ਸਿਖਾਉਂਦੀ ਹੈ ਕਿ ਪਰਮੇਸ਼ੁਰ ਬੁਰੇ ਲੋਕਾਂ ਨੂੰ ਨਰਕ ਦੀ ਅੱਗ ਵਿਚ ਤੜਫ਼ਾ ਕੇ ਸਜ਼ਾ ਨਹੀਂ ਦਿੰਦਾ, ਸਗੋਂ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਸਜ਼ਾ ਦੇਵੇਗਾ।—ਜ਼ਬੂਰਾਂ ਦੀ ਪੋਥੀ 37:9; 2 ਥੱਸਲੁਨੀਕੀਆਂ 1:9.

  2. 2. ਅਸੀਂ ਕੈਥੋਲਿਕ ਚਰਚ ਜਾਂ ਹੋਰ ਕਿਸੇ ਧਾਰਮਿਕ ਸਮੂਹ ਪ੍ਰਤੀ ਰੋਸ ਨਹੀਂ ਪ੍ਰਗਟਾਉਂਦੇ ਜਾਂ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਦੇ ਉਲਟ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ ਤੇ ਇਸ ਖ਼ੁਸ਼ ਖ਼ਬਰੀ ’ਤੇ ਵਿਸ਼ਵਾਸ ਕਰਨ ਵਿਚ ਦੂਜਿਆਂ ਦੀ ਮਦਦ ਕਰਦੇ ਹਾਂ। (ਮੱਤੀ 24:14; 28:19, 20) ਸਾਨੂੰ ਦੂਸਰੇ ਧਾਰਮਿਕ ਸਮੂਹਾਂ ਨੂੰ ਸੁਧਾਰਨ ਵਿਚ ਕੋਈ ਦਿਲਚਸਪੀ ਨਹੀਂ ਹੈ, ਪਰ ਨੇਕਦਿਲ ਲੋਕਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਬਚਨ ਬਾਈਬਲ ਬਾਰੇ ਸੱਚਾਈ ਸਿਖਾਉਣ ਵਿਚ ਦਿਲਚਸਪੀ ਹੈ।—ਕੁਲੁੱਸੀਆਂ 1:9, 10; 2 ਤਿਮੋਥਿਉਸ 2:24, 25.