Skip to content

ਕੀ ਕੋਈ ਯਹੋਵਾਹ ਦਾ ਗਵਾਹ ਫ਼ੈਸਲਾ ਕਰ ਸਕਦਾ ਹੈ ਕਿ ਉਹ ਅੱਗੇ ਤੋਂ ਗਵਾਹ ਨਹੀਂ ਰਹੇਗਾ?

ਕੀ ਕੋਈ ਯਹੋਵਾਹ ਦਾ ਗਵਾਹ ਫ਼ੈਸਲਾ ਕਰ ਸਕਦਾ ਹੈ ਕਿ ਉਹ ਅੱਗੇ ਤੋਂ ਗਵਾਹ ਨਹੀਂ ਰਹੇਗਾ?

ਹਾਂ। ਇਕ ਵਿਅਕਤੀ ਦੋ ਤਰੀਕਿਆਂ ਨਾਲ ਫ਼ੈਸਲਾ ਦੱਸ ਸਕਦਾ ਹੈ ਕਿ ਉਹ ਸਾਡੇ ਸੰਗਠਨ ਦਾ ਹਿੱਸਾ ਨਹੀਂ ਰਹਿਣਾ ਚਾਹੁੰਦਾ:

  • ਦੱਸ ਕੇ। ਮੂੰਹੋਂ ਜਾਂ ਲਿਖ ਕੇ ਇਕ ਵਿਅਕਤੀ ਆਪਣਾ ਫ਼ੈਸਲਾ ਦੱਸ ਸਕਦਾ ਹੈ ਕਿ ਹੁਣ ਤੋਂ ਉਹ ਯਹੋਵਾਹ ਦਾ ਗਵਾਹ ਨਹੀਂ ਹੈ।

  • ਕੋਈ ਕੰਮ ਕਰ ਕੇ। ਕੋਈ ਵਿਅਕਤੀ ਅਜਿਹਾ ਕੰਮ ਕਰ ਸਕਦਾ ਹੈ ਜਿਸ ਕਰਕੇ ਉਸ ਨੂੰ ਦੁਨੀਆਂ ਭਰ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ। (1 ਪਤਰਸ 5:9) ਮਿਸਾਲ ਲਈ, ਉਹ ਸ਼ਾਇਦ ਕਿਸੇ ਹੋਰ ਧਰਮ ਨੂੰ ਮੰਨਣ ਲੱਗ ਜਾਵੇ ਅਤੇ ਕਹੇ ਕਿ ਉਹ ਉਸ ਧਰਮ ਦਾ ਹਿੱਸਾ ਬਣਿਆ ਰਹਿਣਾ ਚਾਹੁੰਦਾ ਹੈ।​—1 ਯੂਹੰਨਾ 2:19.

ਉਦੋਂ ਕੀ ਜੇ ਕੋਈ ਵਿਅਕਤੀ ਪ੍ਰਚਾਰ ਕਰਨਾ ਜਾਂ ਤੁਹਾਡੀਆਂ ਸਭਾਵਾਂ ਵਿਚ ਆਉਣਾ ਛੱਡ ਦਿੰਦਾ ਹੈ? ਕੀ ਤੁਸੀਂ ਇਹ ਮੰਨ ਲੈਂਦੇ ਹੋ ਕਿ ਉਸ ਨੇ ਅਸਤੀਫ਼ਾ ਦੇ ਦਿੱਤਾ ਹੈ?

ਨਹੀਂ, ਅਸੀਂ ਇਹ ਨਹੀਂ ਮੰਨਦੇ। ਅਸਤੀਫ਼ਾ ਦੇਣਾ ਜਾਂ ਸਭਾਵਾਂ ਵਿਚ ਆਉਣਾ ਛੱਡ ਦੇਣਾ ਨਿਹਚਾ ਕਮਜ਼ੋਰ ਪੈਣ ਨਾਲੋਂ ਵੱਖਰਾ ਹੈ। ਅਕਸਰ ਜਿਹੜੇ ਭਗਤੀ ਕਰਨ ਵਿਚ ਕੁਝ ਸਮੇਂ ਲਈ ਢਿੱਲੇ ਪੈ ਜਾਂਦੇ ਹਨ ਜਾਂ ਭਗਤੀ ਕਰਨੀ ਛੱਡ ਦਿੰਦੇ ਹਨ, ਉਹ ਰੱਬ ’ਤੇ ਵਿਸ਼ਵਾਸ ਕਰਨਾ ਨਹੀਂ ਛੱਡਦੇ, ਪਰ ਨਿਰਾਸ਼ ਹੋ ਜਾਂਦੇ ਹਨ। ਅਜਿਹੇ ਲੋਕਾਂ ਨੂੰ ਭੁਲਾ ਦੇਣ ਦੀ ਬਜਾਇ, ਅਸੀਂ ਉਨ੍ਹਾਂ ਨੂੰ ਦਿਲਾਸਾ ਤੇ ਸਹਾਰਾ ਦੇਣ ਦੀ ਕੋਸ਼ਿਸ਼ ਕਰਦੇ ਹਾਂ। (1 ਥੱਸਲੁਨੀਕੀਆਂ 5:14; ਯਹੂਦਾਹ 22) ਜੇ ਉਹ ਵਿਅਕਤੀ ਮਦਦ ਚਾਹੁੰਦਾ ਹੈ, ਤਾਂ ਮੰਡਲੀ ਦੀ ਅਗਵਾਈ ਕਰਨ ਵਾਲੇ ਬਜ਼ੁਰਗ ਉਨ੍ਹਾਂ ਦੀ ਮਦਦ ਕਰਨ ਵਿਚ ਪਹਿਲ ਕਰਦੇ ਹਨ।​—ਗਲਾਤੀਆਂ 6:1; 1 ਪਤਰਸ 5:1-3.

ਪਰ ਇਹ ਬਜ਼ੁਰਗ ਕਿਸੇ ਨੂੰ ਵੀ ਯਹੋਵਾਹ ਦੇ ਗਵਾਹ ਬਣੇ ਰਹਿਣ ਲਈ ਮਜਬੂਰ ਨਹੀਂ ਕਰਦੇ। ਧਰਮ ਸੰਬੰਧੀ ਹਰ ਵਿਅਕਤੀ ਆਪਣਾ ਫ਼ੈਸਲਾ ਆਪ ਕਰਦਾ ਹੈ। (ਯਹੋਸ਼ੁਆ 24:15) ਸਾਡਾ ਮੰਨਣਾ ਹੈ ਕਿ ਜਿਹੜੇ ਵੀ ਲੋਕ ਰੱਬ ਦੀ ਭਗਤੀ ਕਰਦੇ ਹਨ, ਉਨ੍ਹਾਂ ਨੂੰ ਦਿਲੋਂ ਉਸ ਦੀ ਭਗਤੀ ਕਰਨੀ ਚਾਹੀਦੀ ਹੈ।—ਜ਼ਬੂਰਾਂ ਦੀ ਪੋਥੀ 110:3; ਮੱਤੀ 22:37.