ਇਕ ਬਾਈਬਲ ਸਟੱਡੀ ਤੋਂ ਕਈ ਸਟੱਡੀਆਂ ਦੀ ਸ਼ੁਰੂਆਤ
ਗੁਆਤੇਮਾਲਾ ਵਿਚ ਇਕ ਯਹੋਵਾਹ ਦੀ ਗਵਾਹ ਮਾਰਤਾ ਕੈਕਚੀ ਭਾਸ਼ਾ ਸਿੱਖ ਰਹੀ ਹੈ ਤਾਂਕਿ ਉਹ ਕੈਕਚੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾ ਸਕੇ। ਇਕ ਦਿਨ ਉਸ ਨੇ ਹਸਪਤਾਲ ਵਿੱਚੋਂ ਇਕ ਆਦਮੀ ਨੂੰ ਨਿਕਲਦਾ ਦੇਖਿਆ। ਉਸ ਆਦਮੀ ਨੂੰ ਦੇਖ ਕੇ ਮਾਰਤਾ ਨੂੰ ਲੱਗਾ ਕਿ ਉਹ ਪਹਾੜੀ ਇਲਾਕੇ ਦੇ ਕੈਕਚੀ ਪਿੰਡ ਤੋਂ ਸੀ ਜਿੱਥੇ ਯਹੋਵਾਹ ਦੇ ਗਵਾਹਾਂ ਨੇ ਘੱਟ ਹੀ ਪ੍ਰਚਾਰ ਕੀਤਾ ਸੀ। ਉਹ ਉਸ ਆਦਮੀ ਕੋਲ ਗਈ ਅਤੇ ਉਸ ਨੇ ਕੈਕਚੀ ਭਾਸ਼ਾ ਦੇ ਥੋੜ੍ਹੇ ਜਿਹੇ ਸ਼ਬਦ ਵਰਤ ਕੇ ਗੱਲ ਕੀਤੀ।
ਮਾਰਤਾ ਨੇ ਉਸ ਨੂੰ ਬਾਈਬਲ ਸਟੱਡੀ ਕਰਨ ਲਈ ਪੁੱਛਿਆ। ਉਹ ਆਦਮੀ ਖ਼ੁਸ਼ੀ-ਖ਼ੁਸ਼ੀ ਸਟੱਡੀ ਕਰਨ ਲਈ ਰਾਜ਼ੀ ਹੋ ਗਿਆ, ਪਰ ਉਸ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ। ਮਾਰਤਾ ਨੇ ਉਸ ਆਦਮੀ ਨੂੰ ਦੱਸਿਆ ਕਿ ਯਹੋਵਾਹ ਦੇ ਗਵਾਹ ਲੋਕਾਂ ਨੂੰ ਮੁਫ਼ਤ ਵਿਚ ਬਾਈਬਲ ਸਟੱਡੀ ਕਰਾਉਂਦੇ ਹਨ। ਉਸ ਨੇ ਇਹ ਵੀ ਦੱਸਿਆ ਕਿ ਉਹ ਫ਼ੋਨ ʼਤੇ ਸਟੱਡੀ ਕਰ ਸਕਦਾ ਹੈ ਅਤੇ ਉਸ ਦਾ ਪਰਿਵਾਰ ਵੀ ਉਸ ਨਾਲ ਬੈਠ ਸਕਦਾ ਹੈ। ਉਹ ਆਦਮੀ ਮੰਨ ਗਿਆ। ਉਹ ਆਦਮੀ ਸਪੈਨਿਸ਼ ਭਾਸ਼ਾ ਬੋਲ ਅਤੇ ਪੜ੍ਹ ਸਕਦਾ ਸੀ, ਇਸ ਲਈ ਮਾਰਤਾ ਨੇ ਉਸ ਨੂੰ ਸਪੈਨਿਸ਼ ਭਾਸ਼ਾ ਵਿਚ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਬਾਈਬਲ ਦਿੱਤੀ। ਉਸ ਨੇ ਬਾਈਬਲ ਸਟੱਡੀ ਕਰਨ ਲਈ ਉਸ ਨੂੰ ਕੈਕਚੀ ਭਾਸ਼ਾ ਵਿਚ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵੀ ਦਿੱਤੀ। ਅਗਲੇ ਹੀ ਹਫ਼ਤੇ ਉਹ ਆਦਮੀ, ਉਸ ਦੀ ਪਤਨੀ ਅਤੇ ਦੋ ਬੱਚੇ ਮਾਰਤਾ ਨਾਲ ਫ਼ੋਨ ʼਤੇ ਸਟੱਡੀ ਕਰਨ ਲੱਗ ਪਏ। ਉਹ ਹਫ਼ਤੇ ਵਿਚ ਦੋ ਵਾਰੀ ਸਟੱਡੀ ਕਰਦੇ ਸਨ। ਮਾਰਤਾ ਕਹਿੰਦੀ ਹੈ: “ਮੈਨੂੰ ਕੈਕਚੀ ਭਾਸ਼ਾ ਘੱਟ ਹੀ ਆਉਂਦੀ ਸੀ, ਇਸ ਲਈ ਅਸੀਂ ਸਪੈਨਿਸ਼ ਭਾਸ਼ਾ ਵਿਚ ਸਟੱਡੀ ਕਰਦੇ ਸੀ। ਸਾਡੇ ਵਿਚ ਜੋ ਗੱਲਬਾਤ ਹੁੰਦੀ ਸੀ, ਉਹ ਆਦਮੀ ਉਸ ਗੱਲਬਾਤ ਦਾ ਅਨੁਵਾਦ ਕਰ ਕੇ ਆਪਣੀ ਪਤਨੀ ਨੂੰ ਦੱਸਦਾ ਸੀ। ਬੱਚਿਆਂ ਨੂੰ ਸਪੈਨਿਸ਼ ਆਉਂਦੀ ਸੀ।”
ਇਹ ਆਦਮੀ ਚਰਚ ਦਾ ਪਾਦਰੀ ਸੀ। ਉਸ ਨੇ ਆਪਣੇ ਚਰਚ ਦੇ ਲੋਕਾਂ ਨੂੰ ਉਹ ਗੱਲਾਂ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਉਹ ਬਾਈਬਲ ਸਟੱਡੀ ਕਰ ਕੇ ਸਿੱਖ ਰਿਹਾ ਸੀ। ਲੋਕਾਂ ਨੂੰ ਉਸ ਦੀਆਂ ਗੱਲਾਂ ਚੰਗੀਆਂ ਲੱਗੀਆਂ ਅਤੇ ਉਨ੍ਹਾਂ ਨੇ ਉਸ ਤੋਂ ਪੁੱਛਿਆ ਕਿ ਉਸ ਨੂੰ ਇਹ ਨਵੀਆਂ ਸਿੱਖਿਆਵਾਂ ਕਿੱਥੋਂ ਪਤਾ ਲੱਗੀਆਂ। ਜਦੋਂ ਉਸ ਨੇ ਦੱਸਿਆ ਕਿ ਉਹ ਬਾਈਬਲ ਸਟੱਡੀ ਕਰ ਰਿਹਾ ਹੈ, ਤਾਂ ਉਹ ਲੋਕ ਵੀ ਇਕ-ਇਕ ਕਰ ਕੇ ਉਸ ਨਾਲ ਸਟੱਡੀ ਦੌਰਾਨ ਬੈਠਣ ਲੱਗੇ। ਜਲਦੀ ਹੀ ਲਗਭਗ 15 ਜਣੇ ਹਰ ਹਫ਼ਤੇ ਮਾਰਤਾ ਨਾਲ ਫ਼ੋਨ ʼਤੇ ਸਟੱਡੀ ਕਰਨ ਲੱਗ ਪਏ। ਕੁਝ ਸਮੇਂ ਬਾਅਦ ਉਹ ਫ਼ੋਨ ਦੇ ਨੇੜੇ ਮਾਈਕ ਰੱਖਣ ਲੱਗ ਪਏ ਤਾਂਕਿ ਸਾਰੇ ਲੋਕ ਸੁਣ ਸਕਣ।
ਜਦੋਂ ਮਾਰਤਾ ਨੇ ਇਸ ਬਾਈਬਲ ਸਟੱਡੀ ਬਾਰੇ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਦੱਸਿਆ, ਤਾਂ ਇਕ ਬਜ਼ੁਰਗ ਸਟੱਡੀ ਕਰ ਰਹੇ ਲੋਕਾਂ ਦੇ ਪਿੰਡ ਗਿਆ। ਉਸ ਨੇ ਉਨ੍ਹਾਂ ਲੋਕਾਂ ਨੂੰ ਸਰਕਟ ਨਿਗਾਹਬਾਨ a ਦਾ ਪਬਲਿਕ ਭਾਸ਼ਣ ਸੁਣਨ ਲਈ ਬੁਲਾਇਆ ਜੋ ਇਕ ਪਿੰਡ ਵਿਚ ਦਿੱਤਾ ਜਾਣਾ ਸੀ। ਇਸ ਪਿੰਡ ਵਿਚ ਪਹੁੰਚਣ ਲਈ ਕਾਰ ਵਿਚ ਇਕ ਘੰਟਾ ਲੱਗਣਾ ਸੀ ਅਤੇ ਫਿਰ ਦੋ ਘੰਟੇ ਤੁਰਨਾ ਪੈਣਾ ਸੀ। ਲੋਕ ਆਉਣ ਲਈ ਮੰਨ ਗਏ ਅਤੇ ਉਨ੍ਹਾਂ ਵਿੱਚੋਂ 17 ਲੋਕ ਭਾਸ਼ਣ ਸੁਣਨ ਆਏ।
ਕੁਝ ਹਫ਼ਤਿਆਂ ਬਾਅਦ ਸਰਕਟ ਨਿਗਾਹਬਾਨ ਅਤੇ ਕੁਝ ਹੋਰ ਗਵਾਹਾਂ ਨੇ ਸਟੱਡੀ ਕਰ ਰਹੇ ਲੋਕਾਂ ਨਾਲ ਚਾਰ ਦਿਨ ਬਿਤਾਏ। ਸਵੇਰ ਨੂੰ ਉਹ ਕੈਕਚੀ ਭਾਸ਼ਾ ਵਿਚ jw.org ʼਤੇ ਬਾਈਬਲ-ਆਧਾਰਿਤ ਵੀਡੀਓ ਦੇਖਦੇ ਸਨ ਅਤੇ ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ? ਬਰੋਸ਼ਰ ਤੋਂ ਸਟੱਡੀ ਕਰਦੇ ਸਨ। ਦੁਪਹਿਰ ਨੂੰ ਉਹ JW ਬ੍ਰਾਡਕਾਸਟਿੰਗ ਪ੍ਰੋਗ੍ਰਾਮ ਦੇ ਕੁਝ ਹਿੱਸੇ ਦੇਖਦੇ ਸਨ। ਸਰਕਟ ਨਿਗਾਹਬਾਨ ਨੇ ਇੰਤਜ਼ਾਮ ਕੀਤਾ ਕਿ ਸਟੱਡੀ ਕਰ ਰਹੇ ਇਕ-ਇਕ ਵਿਦਿਆਰਥੀ ਨਾਲ ਇਕ-ਇਕ ਜਣਾ ਸਟੱਡੀ ਕਰੇਗਾ।
ਉਨ੍ਹਾਂ ਚਾਰ ਦਿਨਾਂ ਦੌਰਾਨ ਗਵਾਹਾਂ ਨੇ ਨੇੜੇ ਦੇ ਕੈਕਚੀ ਭਾਸ਼ਾ ਦੇ ਪਿੰਡਾਂ ਵਿਚ ਪ੍ਰਚਾਰ ਵੀ ਕੀਤਾ ਅਤੇ ਲੋਕਾਂ ਨੂੰ ਇਕ ਖ਼ਾਸ ਮੀਟਿੰਗ ਲਈ ਬੁਲਾਇਆ। ਉਸ ਮੀਟਿੰਗ ਵਿਚ ਆਏ 47 ਲੋਕਾਂ ਨੂੰ ਭਰਾਵਾਂ ਨੇ ਬਾਈਬਲ ਸਟੱਡੀ ਕਰਨ ਲਈ ਪੁੱਛਿਆ। ਉਨ੍ਹਾਂ ਵਿੱਚੋਂ 11 ਪਰਿਵਾਰ ਸਟੱਡੀ ਕਰਨ ਲਈ ਰਾਜ਼ੀ ਹੋ ਗਏ।
ਕੁਝ ਮਹੀਨਿਆਂ ਬਾਅਦ ਬਜ਼ੁਰਗਾਂ ਨੇ ਸ਼ੁਰੂ ਵਿਚ ਜ਼ਿਕਰ ਕੀਤੇ ਪਿੰਡ ਵਿਚ ਹਰ ਹਫ਼ਤੇ ਮੀਟਿੰਗ ਕਰਨ ਦਾ ਪ੍ਰਬੰਧ ਕੀਤਾ। ਅੱਜ ਉੱਥੇ ਲਗਭਗ 40 ਲੋਕ ਲਗਾਤਾਰ ਮੀਟਿੰਗਾਂ ʼਤੇ ਹਾਜ਼ਰ ਹੁੰਦੇ ਹਨ। ਜਦੋਂ ਭਰਾਵਾਂ ਨੇ ਉੱਥੇ ਯਿਸੂ ਦੀ ਮੌਤ ਦੀ ਯਾਦਗਾਰ ਮਨਾਈ, ਤਾਂ ਉੱਥੇ 91 ਲੋਕ ਹਾਜ਼ਰ ਹੋਏ।
ਇਹ ਸਭ ਕਿਵੇਂ ਸ਼ੁਰੂ ਹੋਇਆ ਅਤੇ ਕਿੰਨੇ ਵਧੀਆ ਨਤੀਜੇ ਨਿਕਲੇ, ਇਸ ਬਾਰੇ ਮਾਰਤਾ ਯਾਦ ਕਰਦੀ ਹੋਈ ਕਹਿੰਦੀ ਹੈ: “ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ। ਕਦੇ-ਕਦੇ ਮੈਂ ਸੋਚਦੀ ਕਿ ਮੈਂ ਜ਼ਿਆਦਾ ਨਹੀਂ ਕਰ ਸਕਦੀ। ਪਰ ਯਹੋਵਾਹ ਸਾਨੂੰ ਦੂਜਿਆਂ ਦੀ ਮਦਦ ਕਰਨ ਲਈ ਵਰਤਦਾ ਹੈ। ਉਹ ਜਾਣਦਾ ਸੀ ਕਿ ਉਨ੍ਹਾਂ ਪਿੰਡਾਂ ਦੇ ਲੋਕਾਂ ਦੇ ਦਿਲਾਂ ਵਿਚ ਕੀ ਸੀ ਅਤੇ ਉਸ ਨੇ ਉਨ੍ਹਾਂ ਨੂੰ ਆਪਣੇ ਲੋਕਾਂ ਵੱਲ ਖਿੱਚਿਆ। ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ।”
a ਸਰਕਟ ਨਿਗਾਹਬਾਨ ਯਹੋਵਾਹ ਦੇ ਗਵਾਹਾਂ ਦੀਆਂ ਲਗਭਗ 20 ਮੰਡਲੀਆਂ ਵਿਚ ਜਾਂਦਾ ਹੈ ਜੋ ਇਕ ਸਰਕਟ ਵਿਚ ਆਉਂਦੀਆਂ ਹਨ।