Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

”ਅਪਰਾਧ ਅਤੇ ਪੈਸੇ ਨਾਲ ਪਿਆਰ ਹੋਣ ਕਰਕੇ ਮੈਨੂੰ ਸਿਰਫ਼ ਦੁੱਖ ਹੀ ਮਿਲੇ”

”ਅਪਰਾਧ ਅਤੇ ਪੈਸੇ ਨਾਲ ਪਿਆਰ ਹੋਣ ਕਰਕੇ ਮੈਨੂੰ ਸਿਰਫ਼ ਦੁੱਖ ਹੀ ਮਿਲੇ”
  • ਜਨਮ: 1974

  • ਦੇਸ਼: ਅਲਬਾਨੀਆ

  • ਅਤੀਤ: ਚੋਰ, ਨਸ਼ਾ ਵੇਚਣ ਵਾਲਾ, ਕੈਦੀ

ਮੇਰੇ ਅਤੀਤ ਬਾਰੇ ਕੁਝ ਗੱਲਾਂ

 ਮੇਰਾ ਜਨਮ ਅਲਬਾਨੀਆ ਦੀ ਰਾਜਧਾਨੀ ਟਿਰਾਨਾ ਵਿਚ ਹੋਇਆ। ਸਾਡਾ ਪਰਿਵਾਰ ਬਹੁਤ ਗ਼ਰੀਬ ਸੀ। ਮੇਰੇ ਡੈਡੀ ਇਕ ਈਮਾਨਦਾਰ ਵਿਅਕਤੀ ਸਨ। ਉਹ ਘਰ ਦਾ ਗੁਜ਼ਾਰਾ ਤੋਰਨ ਲਈ ਸਾਰਾ-ਸਾਰਾ ਦਿਨ ਕੰਮ ਕਰਦੇ ਸਨ, ਫਿਰ ਵੀ ਗੁਜ਼ਾਰਾ ਤੋਰਨਾ ਬਹੁਤ ਔਖਾ ਸੀ। ਛੋਟੇ ਹੁੰਦਿਆਂ ਆਪਣੀ ਗ਼ਰੀਬੀ ਦੇਖ ਕੇ ਮੈਂ ਬਹੁਤ ਦੁਖੀ ਹੁੰਦਾ ਸੀ ਕਿਉਂਕਿ ਨਾ ਤਾਂ ਪੈਰੀਂ ਪਾਉਣ ਲਈ ਜੁੱਤੀ ਸੀ ਤੇ ਨਾ ਹੀ ਢਿੱਡ ਭਰ ਕੇ ਖਾਣ ਨੂੰ ਰੋਟੀ।

 ਬਹੁਤ ਹੀ ਛੋਟੀ ਉਮਰ ਵਿਚ ਮੈਂ ਚੋਰੀ ਕਰਨ ਲੱਗ ਪਿਆ। ਮੈਨੂੰ ਲੱਗਦਾ ਸੀ ਕਿ ਚੋਰੀ ਕਰ ਕੇ ਮੈਂ ਆਪਣੇ ਪਰਿਵਾਰ ਦੀ ਗੁਜ਼ਾਰਾ ਤੋਰਨ ਵਿਚ ਮਦਦ ਕਰ ਰਿਹਾ ਸੀ। ਅਖ਼ੀਰ, ਪੁਲਿਸ ਨੇ ਮੈਨੂੰ ਫੜ੍ਹ ਲਿਆ। ਇਸ ਲਈ 1988 ਵਿਚ ਜਦੋਂ ਮੈਂ 14 ਸਾਲਾਂ ਦਾ ਸੀ, ਤਾਂ ਮੇਰੇ ਪਿਤਾ ਜੀ ਨੇ ਮੈਨੂੰ ਸੁਧਾਰ ਕੇਂਦਰ ਭੇਜ ਦਿੱਤਾ। ਮੈਂ ਦੋ ਸਾਲ ਉੱਥੇ ਰਿਹਾ ਤੇ ਵੈੱਲਡਿੰਗ ਦਾ ਕੰਮ ਸਿੱਖਿਆ। ਉੱਥੋਂ ਨਿਕਲਣ ਤੋਂ ਬਾਅਦ ਮੈਂ ਈਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾਉਣੀ ਚਾਹੁੰਦਾ ਸੀ, ਪਰ ਮੈਨੂੰ ਕੋਈ ਕੰਮ ਨਹੀਂ ਮਿਲਿਆ। ਰਾਜਨੀਤਿਕ ਉਥਲ-ਪੁਥਲ ਹੋਣ ਕਰਕੇ ਅਲਬਾਨੀਆ ਵਿਚ ਬਹੁਤ ਬੇਰੋਜ਼ਗਾਰੀ ਸੀ। ਮੈਂ ਅੱਕ-ਥੱਕ ਕੇ ਆਪਣੇ ਪੁਰਾਣੇ ਦੋਸਤਾਂ ਨੂੰ ਦੁਬਾਰਾ ਮਿਲਣ ਲੱਗ ਪਿਆ ਅਤੇ ਚੋਰੀ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਤੇ ਮੇਰੇ ਦੋਸਤਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਸਾਨੂੰ ਤਿੰਨ ਸਾਲਾਂ ਲਈ ਜੇਲ੍ਹ ਦੀ ਸਜ਼ਾ ਹੋ ਗਈ।

 ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਵੀ ਮੈਂ ਅਪਰਾਧ ਕਰਨੇ ਜਾਰੀ ਰੱਖੇ। ਅਲਬਾਨੀਆ ਦੀ ਅਰਥ-ਵਿਵਸਥਾ ਖ਼ਰਾਬ ਸੀ ਅਤੇ ਪੂਰੇ ਦੇਸ਼ ਦੀ ਹਾਲਤ ਡਾਵਾਂ-ਡੋਲ ਸੀ। ਇਸ ਉਥਲ-ਪੁਥਲ ਦੇ ਦੌਰ ਵਿਚ ਮੈਂ ਗ਼ੈਰ-ਕਾਨੂੰਨੀ ਕੰਮ ਕਰ ਕੇ ਬਹੁਤ ਸਾਰੇ ਪੈਸੇ ਕਮਾਏ। ਇਕ ਵਾਰ ਮੈਂ ਆਪਣੇ ਸਾਥੀਆਂ ਨਾਲ ਹਥਿਆਰਾਂ ਦੀ ਨੋਕ ʼਤੇ ਡਕੈਤੀ ਕੀਤੀ। ਇਸ ਦੌਰਾਨ ਮੇਰੇ ਸਾਥੀ ਫੜੇ ਗਏ ਅਤੇ ਮੈਂ ਜੇਲ੍ਹ ਦੀ ਲੰਬੀ ਸਜ਼ਾ ਦੇ ਡਰੋਂ ਦੇਸ਼ ਛੱਡ ਕੇ ਭੱਜ ਗਿਆ। ਫਿਰ ਮੈਂ ਯੂਲਿੰਦਾ ਨਾਲ ਵਿਆਹ ਕਰਾ ਲਿਆ ਤੇ ਸਾਡੇ ਇਕ ਮੁੰਡਾ ਹੋਇਆ।

 ਅਖ਼ੀਰ, ਅਸੀਂ ਇੰਗਲੈਂਡ ਆ ਕੇ ਵੱਸ ਗਏ। ਮੈਂ ਆਪਣੇ ਪਰਿਵਾਰ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਸੀ। ਪਰ ਮੇਰੇ ਲਈ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਛੱਡਣਾ ਬਹੁਤ ਔਖਾ ਸੀ। ਮੈਂ ਇਕ ਵਾਰ ਫਿਰ ਤੋਂ ਅਪਰਾਧ ਦੀ ਦੁਨੀਆਂ ਵਿਚ ਵਾਪਸ ਚਲਾ ਗਿਆ। ਮੈਂ ਨਸ਼ੇ ਦਾ ਵਪਾਰ ਕਰਨ ਲੱਗਾ ਅਤੇ ਇਸ ਵਪਾਰ ਵਿਚ ਮੈਂ ਕਾਫ਼ੀ ਸਾਰੇ ਪੈਸਿਆਂ ਦਾ ਲੈਣ-ਦੇਣ ਕਰਦਾ ਸੀ।

 ਯੂਲਿੰਦਾ ਮੇਰੇ ਕੰਮ ਬਾਰੇ ਕੀ ਸੋਚਦੀ ਸੀ? ਉਸ ਕੋਲੋਂ ਹੀ ਪੁੱਛ ਲਓ: “ਅਲਬਾਨੀਆ ਵਰਗੇ ਗ਼ਰੀਬ ਦੇਸ਼ ਵਿਚ ਰਹਿਣ ਕਰਕੇ ਮੈਂ ਹਮੇਸ਼ਾ ਅਮੀਰ ਬਣਨ ਦੇ ਹੀ ਸੁਪਨੇ ਦੇਖਦੀ ਸੀ। ਮੈਂ ਵਧੀਆ ਜ਼ਿੰਦਗੀ ਪਾਉਣ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਸੀ। ਮੈਨੂੰ ਲੱਗਦਾ ਸੀ ਕਿ ਸਿਰਫ਼ ਪੈਸਿਆਂ ਨਾਲ ਹੀ ਸਾਡੀ ਜ਼ਿੰਦਗੀ ਵਧੀਆ ਬਣੇਗੀ। ਇਸ ਲਈ ਮੈਂ ਝੂਠ ਬੋਲਣ, ਚੋਰੀ ਕਰਨ ਜਾਂ ਨਸ਼ੇ ਵੇਚਣ ਵਿਚ ਆਰਟਨ ਦਾ ਪੈਰ-ਪੈਰ ʼਤੇ ਸਾਥ ਦਿੱਤਾ ਤਾਂਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾ ਸਕੀਏ।”

“ਮੈਂ ਝੂਠ ਬੋਲਣ, ਚੋਰੀ ਕਰਨ ਜਾਂ ਨਸ਼ੇ ਵੇਚਣ ਵਿਚ ਆਰਟਨ ਦਾ ਪੈਰ-ਪੈਰ ʼਤੇ ਸਾਥ ਦਿੱਤਾ।”—ਯੂਲਿੰਦਾ

 ਫਿਰ 2002 ਵਿਚ ਸਾਡੀਆਂ ਅਮੀਰ ਬਣਨ ਦੀਆਂ ਸਾਰੀਆਂ ਸਕੀਮਾਂ ਅਤੇ ਉਮੀਦਾਂ ʼਤੇ ਪਾਣੀ ਫਿਰ ਗਿਆ। ਕਾਫ਼ੀ ਮਾਤਰਾ ਵਿਚ ਨਸ਼ੇ ਦੀ ਤਸਕਰੀ ਕਰਦਿਆਂ ਮੈਂ ਫੜਿਆ ਗਿਆ ਤੇ ਮੈਨੂੰ ਇਕ ਵਾਰ ਫਿਰ ਤੋਂ ਜੇਲ੍ਹ ਹੋ ਗਈ।

ਬਾਈਬਲ ਦਾ ਮੇਰੀ ਜ਼ਿੰਦਗੀ ʼਤੇ ਅਸਰ

 ਮੈਨੂੰ ਪਤਾ ਵੀ ਨਹੀਂ ਲੱਗਾ ਕਿ ਬਾਈਬਲ ਦਾ ਮੇਰੀ ਜ਼ਿੰਦਗੀ ʼਤੇ ਅਸਰ ਪੈਣਾ ਸ਼ੁਰੂ ਹੋ ਗਿਆ ਸੀ। ਸਾਲ 2000 ਦੇ ਸ਼ੁਰੂ ਵਿਚ ਯੂਲਿੰਦਾ ਯਹੋਵਾਹ ਦੇ ਗਵਾਹਾਂ ਨੂੰ ਮਿਲੀ ਅਤੇ ਉਸ ਨੇ ਇਕ ਜੋੜੇ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਬਾਈਬਲ ʼਤੇ ਚਰਚਾ ਕਰਨੀ ਮੈਨੂੰ ਬੋਰਿੰਗ ਲੱਗਦੀ ਸੀ ਇਸ ਲਈ ਮੈਂ ਸਟੱਡੀ ਨਹੀਂ ਕਰਨੀ ਚਾਹੁੰਦਾ ਸੀ। ਪਰ ਯੂਲਿੰਦਾ ਨੂੰ ਬਾਈਬਲ ਬਾਰੇ ਸਿੱਖਣਾ ਬਹੁਤ ਵਧੀਆ ਲੱਗਦਾ ਸੀ। ਉਹ ਦੱਸਦੀ ਹੈ: “ਮੇਰੇ ਮਾਪੇ ਰੱਬ ਨੂੰ ਬਹੁਤ ਮੰਨਦੇ ਸਨ ਅਤੇ ਮੈਂ ਬਾਈਬਲ ਦਾ ਬਹੁਤ ਆਦਰ ਕਰਦੀ ਸੀ ਤੇ ਮੈਨੂੰ ਇਸ ਵਿਚ ਦੱਸੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ। ਮੈਂ ਹਮੇਸ਼ਾ ਬਾਈਬਲ ਬਾਰੇ ਸਿੱਖਣਾ ਚਾਹੁੰਦੀ ਸੀ ਅਤੇ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਕੇ ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੋਈ। ਬਾਈਬਲ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਮੈਨੂੰ ਚੰਗੀ ਤਰ੍ਹਾਂ ਸਮਝ ਆਉਣ ਲੱਗ ਪਈਆਂ ਅਤੇ ਮੈਂ ਸਿੱਖੀਆਂ ਗੱਲਾਂ ਮੁਤਾਬਕ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ। ਪਰ ਪੈਸੇ ਪ੍ਰਤੀ ਮੇਰੀ ਸੋਚ ਉਦੋਂ ਤਕ ਨਹੀਂ ਬਦਲੀ ਜਦੋਂ ਤਕ ਆਰਟਨ ਨੂੰ ਗਿਰਫ਼ਤਾਰ ਨਹੀਂ ਕਰ ਲਿਆ ਗਿਆ। ਇਸ ਤੋਂ ਬਾਅਦ ਹੀ ਮੇਰੀ ਸੋਚ ਪੂਰੀ ਤਰ੍ਹਾਂ ਬਦਲੀ। ਮੈਨੂੰ ਇਕਦਮ ਅਹਿਸਾਸ ਹੋਇਆ ਕਿ ਪੈਸੇ ਬਾਰੇ ਬਾਈਬਲ ਜੋ ਵੀ ਕਹਿੰਦੀ ਹੈ, ਉਹ ਬਿਲਕੁਲ ਸੱਚ ਹੈ! ਅਸੀਂ ਪੈਸੇ ਪਿੱਛੇ ਹੀ ਭੱਜਦੇ ਰਹੇ, ਪਰ ਇਸ ਤੋਂ ਸਾਨੂੰ ਕੋਈ ਖ਼ੁਸ਼ੀ ਨਹੀਂ ਮਿਲੀ। ਮੈਨੂੰ ਫਿਰ ਜਾ ਕੇ ਸਮਝ ਆਈ ਕਿ ਮੈਨੂੰ ਪੂਰੀ ਤਰ੍ਹਾਂ ਬਾਈਬਲ ਦੇ ਮਿਆਰਾਂ ਮੁਤਾਬਕ ਚੱਲਣ ਦੀ ਲੋੜ ਸੀ।”

 2004 ਵਿਚ ਮੈਨੂੰ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ ਅਤੇ ਮੈਂ ਫਿਰ ਤੋਂ ਨਸ਼ੇ ਦਾ ਵਪਾਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਵੇਲੇ ਯੂਲਿੰਦਾ ਦੀ ਸੋਚ ਪੂਰੀ ਤਰ੍ਹਾਂ ਬਦਲ ਗਈ ਸੀ। ਉਸ ਦੀ ਇਹ ਗੱਲ ਸੁਣ ਕੇ ਮੈਂ ਸੋਚਣ ਲਈ ਮਜਬੂਰ ਹੋ ਗਿਆ: “ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ। ਮੈਨੂੰ ਮੇਰਾ ਪਤੀ ਅਤੇ ਮੇਰੇ ਮੁੰਡਿਆਂ ਦਾ ਪਿਤਾ ਵਾਪਸ ਚਾਹੀਦਾ।” ਯੂਲਿੰਦਾ ਦੀਆਂ ਗੱਲਾਂ ਸੁਣ ਕੇ ਮੈਨੂੰ ਧੱਕਾ ਤਾਂ ਜ਼ਰੂਰ ਲੱਗਾ, ਪਰ ਉਹ ਬਿਲਕੁਲ ਸਹੀ ਕਹਿ ਰਹੀ ਸੀ। ਮੈਂ ਕਈ ਸਾਲ ਆਪਣੇ ਪਰਿਵਾਰ ਤੋਂ ਦੂਰ ਰਿਹਾ ਸੀ। ਨਾਲੇ ਮੈਂ ਇਹ ਵੀ ਸੋਚਿਆ ਕਿ ਪੈਸਿਆਂ ਪਿੱਛੇ ਭੱਜਣ ਕਰਕੇ ਸਾਨੂੰ ਸਿਰਫ਼ ਦੁੱਖ ਹੀ ਦੁੱਖ ਮਿਲੇ। ਮੈਂ ਖ਼ੁਦ ਆਪਣੀ ਜ਼ਿੰਦਗੀ ਵਿਚ ਦੇਖਿਆ ਕਿ ਬੇਈਮਾਨੀ ਨਾਲ ਪੈਸੇ ਕਮਾਉਣ ਦੇ ਕੀ ਨਤੀਜੇ ਨਿਕਲਦੇ ਹਨ। ਇਸ ਲਈ ਮੈਂ ਖ਼ੁਦ ਨੂੰ ਬਦਲਣ ਦਾ ਫ਼ੈਸਲਾ ਕੀਤਾ ਅਤੇ ਆਪਣੇ ਸਾਰੇ ਪੁਰਾਣੇ ਦੋਸਤਾਂ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜ ਲਿਆ।

 ਮੇਰੀ ਜ਼ਿੰਦਗੀ ਵਿਚ ਉਦੋਂ ਇਕ ਨਵਾਂ ਮੋੜ ਆਇਆ ਜਦੋਂ ਮੈਂ ਆਪਣੀ ਪਤਨੀ ਤੇ ਦੋ ਮੁੰਡਿਆਂ ਨਾਲ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਗਿਆ। ਉੱਥੇ ਸਾਰੇ ਜਣੇ ਜਿੱਦਾਂ ਇਕ-ਦੂਜੇ ਨੂੰ ਮਿਲ ਰਹੇ ਸਨ, ਉਹ ਮੇਰੇ ਦਿਲ ਨੂੰ ਛੂਹ ਗਿਆ। ਅਖ਼ੀਰ, ਮੈਂ ਵੀ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।

ਮੈਂ ਹਮੇਸ਼ਾ ਇਹੀ ਸੋਚਦਾ ਸੀ ਕਿ ਬਹੁਤ ਸਾਰਾ ਪੈਸਾ ਹੋਣ ਕਰਕੇ ਹੀ ਸਾਨੂੰ ਖ਼ੁਸ਼ੀ ਮਿਲੇਗੀ

 ਮੈਂ ਬਾਈਬਲ ਵਿੱਚੋਂ ਸਿੱਖਿਆ ਕਿ “ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ। ਪੈਸੇ ਨਾਲ ਪਿਆਰ ਹੋਣ ਕਰਕੇ ਕਈਆਂ ਨੇ . . . ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋ. 6:9, 10) ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਦੇਖਿਆ ਸੀ ਕਿ ਬਾਈਬਲ ਦੀ ਇਹ ਗੱਲ ਸੋਲਾ ਆਨੇ ਸੱਚ ਹੈ। ਮੇਰੀ ਪੁਰਾਣੀ ਜ਼ਿੰਦਗੀ ਕਰਕੇ ਜੋ ਕੁਝ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਭੁਗਤਣਾ ਪਿਆ, ਉਸ ਦਾ ਮੈਨੂੰ ਬਹੁਤ ਜ਼ਿਆਦਾ ਅਫ਼ਸੋਸ ਸੀ। (ਗਲਾਤੀਆਂ 6:7) ਜਦੋਂ ਮੈਂ ਸਿੱਖਿਆ ਕਿ ਯਹੋਵਾਹ ਅਤੇ ਉਸ ਦਾ ਪੁੱਤਰ ਯਿਸੂ ਮਸੀਹ ਸਾਨੂੰ ਕਿੰਨਾ ਪਿਆਰ ਕਰਦੇ ਹਨ, ਤਾਂ ਮੈਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਤੋਂ ਪਹਿਲਾਂ ਦੂਜਿਆਂ ਬਾਰੇ ਸੋਚਣ ਲੱਗਾ ਜਿਸ ਕਰਕੇ ਮੈਂ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣ ਸ਼ੁਰੂ ਕੀਤਾ।

ਮੈਨੂੰ ਕਿਵੇਂ ਫ਼ਾਇਦਾ ਹੋਇਆ?

 ਮੈਨੂੰ ਬਾਈਬਲ ਦੀ ਇਹ ਸਲਾਹ ਮੰਨ ਕੇ ਫ਼ਾਇਦਾ ਹੋਇਆ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ। (ਇਬਰਾਨੀਆਂ 13:5) ਹੁਣ ਮੇਰੀ ਜ਼ਮੀਰ ਸਾਫ਼ ਹੈ ਅਤੇ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ। ਇਸ ਕਰਕੇ ਮੈਨੂੰ ਉਹ ਖ਼ੁਸ਼ੀ ਮਿਲੀ ਹੈ ਜੋ ਮੈਨੂੰ ਪਹਿਲਾਂ ਕਦੇ ਨਹੀਂ ਮਿਲੀ। ਸਾਡਾ ਵਿਆਹੁਤਾ ਰਿਸ਼ਤਾ ਮਜ਼ਬੂਤ ਹੋਇਆ ਹੈ ਅਤੇ ਸਾਡਾ ਸਾਰਾ ਪਰਿਵਾਰ ਹੁਣ ਇਕ-ਦੂਜੇ ਦੇ ਨੇੜੇ ਮਹਿਸੂਸ ਕਰਦਾ ਹੈ।

 ਮੈਂ ਹਮੇਸ਼ਾ ਇਹੀ ਸੋਚਦਾ ਸੀ ਕਿ ਬਹੁਤ ਸਾਰਾ ਪੈਸਾ ਹੋਣ ਕਰਕੇ ਹੀ ਸਾਨੂੰ ਖ਼ੁਸ਼ੀ ਮਿਲੇਗੀ। ਹੁਣ ਮੈਂ ਚੰਗੀ ਤਰ੍ਹਾਂ ਸਮਝ ਗਿਆ ਕਿ ਅਪਰਾਧ ਅਤੇ ਪੈਸੇ ਨਾਲ ਪਿਆਰ ਹੋਣ ਕਰਕੇ ਮੈਨੂੰ ਸਿਰਫ਼ ਦੁੱਖ ਹੀ ਮਿਲੇ। ਹੁਣ ਚਾਹੇ ਸਾਡੇ ਕੋਲ ਬਹੁਤੇ ਪੈਸੇ ਨਹੀਂ ਹਨ, ਪਰ ਸਾਡੇ ਕੋਲ ਇਕ ਬੇਸ਼ਕੀਮਤੀ ਚੀਜ਼ ਹੈ, ਉਹ ਹੈ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ। ਨਾਲੇ ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਉਸ ਦੀ ਭਗਤੀ ਕਰਨ ਨਾਲ ਹੀ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ।

ਮੈਂ ਆਪਣੇ ਪਰਿਵਾਰ ਨਾਲ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ਵਿਚ