ਨਿਊਯਾਰਕ ਦੇ ਕੁਈਨਜ਼ ਇਲਾਕੇ ਵਿਚ ਯਹੋਵਾਹ ਦੇ 23 ਗਵਾਹਾਂ ਨੇ ਹਾਲ ਹੀ ਵਿਚ ਬੰਗਾਲੀ ਸਿੱਖਣ ਤੇ ਬੋਲਣ ਲਈ ਕਲਾਸਾਂ ਲਗਾਈਆਂ ਹਨ। ਇਹ ਭਾਸ਼ਾ ਬੰਗਲਾਦੇਸ਼ ਅਤੇ ਭਾਰਤ ਦੇ ਕੁਝ ਹਿੱਸਿਆਂ ਵਿਚ ਬੋਲੀ ਜਾਂਦੀ ਹੈ। ਇਹ ਇਕ ਅਜਿਹਾ ਕੋਰਸ ਹੈ ਜਿਸ ਰਾਹੀਂ ਇਕ ਨਵੀਂ ਭਾਸ਼ਾ ਜਲਦੀ ਸਿੱਖੀ ਜਾ ਸਕਦੀ ਹੈ।

ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਹੋਰ ਵੀ ਕਈ ਭਾਸ਼ਾਵਾਂ ਦੀਆਂ ਕਲਾਸਾਂ ਲੱਗਦੀਆਂ ਹਨ। ਇਨ੍ਹਾਂ ਕਲਾਸਾਂ ਵਿਚ ਜਾ ਕੇ ਭਾਸ਼ਾ ਸਿੱਖਣ ਦਾ ਮਕਸਦ ਹੈ ਕਿ ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨਾਲ ਬਾਈਬਲ ਦਾ ਸੰਦੇਸ਼ ਸਾਂਝਾ ਕੀਤਾ ਜਾ ਸਕੇ।

ਬੰਗਾਲੀ ਸਿੱਖਣ ਵਾਲੀ ਮਗਾਲੀ ਨਾਂ ਦੀ ਇਕ ਸਟੂਡੈਂਟ ਦੱਸਦੀ ਹੈ: “ਸਾਡੇ ਇਲਾਕੇ ਵਿਚ ਬੰਗਾਲੀਆਂ ਦੀ ਤਾਦਾਦ ਵਧਦੀ ਜਾ ਰਹੀ ਹੈ। ਲੋਕ ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਹਨ ਜਿਵੇਂ ਕਿ ਅੱਜ ਇੰਨੇ ਦੁੱਖ ਕਿਉਂ ਹਨ? ਜਦੋਂ ਮੈਂ ਉਨ੍ਹਾਂ ਨੂੰ ਭਵਿੱਖ ਵਿਚ ਪੂਰੇ ਹੋਣ ਵਾਲੇ ਪਰਮੇਸ਼ੁਰ ਦੇ ਸੋਹਣੇ ਵਾਅਦਿਆਂ ਬਾਰੇ ਦੱਸਦੀ ਹਾਂ, ਤਾਂ ਉਹ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹਨ। ਪਰ ਭਾਸ਼ਾ ਕਰ ਕੇ ਹਮੇਸ਼ਾ ਰੁਕਾਵਟ ਖੜ੍ਹੀ ਹੋ ਜਾਂਦੀ ਹੈ।”

ਇੰਸਟ੍ਰਕਟਰ ਸਿਖਾਉਣ ਦੇ ਮਜ਼ੇਦਾਰ ਤਰੀਕੇ ਵਰਤਦੇ ਹਨ ਤਾਂਕਿ ਸਟੂਡੈਂਟ ਜਲਦੀ ਇਹ ਭਾਸ਼ਾ ਸਿੱਖ ਸਕਣ। ਇਕ ਤਰੀਕਾ ਹੈ ਕਿ ਸਟੂਡੈਂਟ ਸਿੱਖਦੇ ਵੇਲੇ ਆਪਣੇ ਹੱਥਾਂ-ਪੈਰਾਂ ਨਾਲ ਕੋਈ ਗੇਮ ਖੇਡਦੇ ਹਨ ਜਿਸ ਨਾਲ ਉਨ੍ਹਾਂ ਨੂੰ ਭਾਸ਼ਾ ਯਾਦ ਰੱਖਣ ਵਿਚ ਮਦਦ ਮਿਲਦੀ ਹੈ।

ਹਰ ਕਲਾਸ ਤੋਂ ਬਾਅਦ ਸਟੂਡੈਂਟ ਨਵੀਂ ਭਾਸ਼ਾ ਦੀਆਂ ਸਿੱਖੀਆਂ ਗੱਲਾਂ ਇਕਦਮ ਬੋਲਣੀਆਂ ਸ਼ੁਰੂ ਕਰ ਦਿੰਦੇ ਹਨ। ਉਹ ਆਪਣੇ ਇਲਾਕੇ ਵਿਚ ਬੰਗਾਲੀ ਲੋਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਨਾਲ ਬਾਈਬਲ ਦੀ ਚਰਚਾ ਕਰਦੇ ਹਨ। ਮਗਾਲੀ ਨੇ ਕਿਹਾ: “ਲੋਕ ਸਿੱਖਣ ਲਈ ਬੇਤਾਬ ਹਨ ਅਤੇ ਉਹ ਜਾਣਨਾ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੀ ਭਾਸ਼ਾ ਕਿਉਂ ਸਿੱਖ ਰਹੀ ਹਾਂ। ਅਸਲ ਵਿਚ ਮੈਂ ਇਹ ਭਾਸ਼ਾ ਸਿੱਖਣ ਵਿਚ ਸਮਾਂ ਇਸ ਲਈ ਲਗਾ ਰਹੀ ਹਾਂ ਤਾਂਕਿ ਮੈਂ ਉਨ੍ਹਾਂ ਨੂੰ ਸਮਝਾ ਸਕਾਂ ਕਿ ਸਾਡਾ ਸੰਦੇਸ਼ ਕਿੰਨਾ ਜ਼ਰੂਰੀ ਹੈ।”

ਯਹੋਵਾਹ ਦੇ ਗਵਾਹ ਨਾ ਸਿਰਫ਼ ਦੂਜੀਆਂ ਭਾਸ਼ਾਵਾਂ ਸਿੱਖਦੇ ਹਨ, ਸਗੋਂ ਉਨ੍ਹਾਂ ਨੂੰ ਇੰਸਟ੍ਰਕਟਰਾਂ ਵਜੋਂ ਟ੍ਰੇਨਿੰਗ ਮਿਲਦੀ ਹੈ ਤਾਂਕਿ ਉਹ ਅਜਿਹੀਆਂ ਕਲਾਸਾਂ ਵਿਚ ਭਾਸ਼ਾਵਾਂ ਸਿਖਾ ਸਕਣ। ਸਿਰਫ਼ ਅਮਰੀਕਾ ਦੇ ਬ੍ਰਾਂਚ ਆਫ਼ਿਸ ਦੇ ਇਲਾਕੇ ਵਿਚ ਜਨਵਰੀ 2006 ਅਤੇ ਜਨਵਰੀ 2012 ਵਿਚਕਾਰ ਕੁਝ 38 ਅਜਿਹੀਆਂ ਕਲਾਸਾਂ ਦੇ ਸੈਮੀਨਾਰ ਹੋਏ ਜਿਨ੍ਹਾਂ ਵਿਚ 2,244 ਇੰਸਟ੍ਰਕਟਰਾਂ ਨੂੰ ਟ੍ਰੇਨਿੰਗ ਮਿਲੀ। ਅਮਰੀਕਾ ਦੇ ਬ੍ਰਾਂਚ ਆਫ਼ਿਸ ਦੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨੇ 1 ਸਤੰਬਰ 2012 ਤੋਂ ਸ਼ੁਰੂ ਕਰਦੇ ਹੋਏ 37 ਭਾਸ਼ਾਵਾਂ ਦੀਆਂ 1,500 ਤੋਂ ਜ਼ਿਆਦਾ ਕਲਾਸਾਂ ਲਗਾਈਆਂ।