Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਗਿਲਿਅਡ ਸਕੂਲ ਦੇ 70 ਸਾਲ

ਗਿਲਿਅਡ ਸਕੂਲ ਦੇ 70 ਸਾਲ

1 ਫਰਵਰੀ 1943 ਨੂੰ ਨਿਊਯਾਰਕ ਸੂਬੇ ਵਿਚ ਇਕ ਖ਼ਾਸ ਸਕੂਲ ਦੀ ਪਹਿਲੀ ਕਲਾਸ ਸ਼ੁਰੂ ਹੋਈ। ਇਸ ਸਕੂਲ ਨੂੰ ਹੁਣ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਕੂਲ ਨੇ ਪੂਰੀ ਦੁਨੀਆਂ ਤੋਂ ਆਏ 8,000 ਤੋਂ ਜ਼ਿਆਦਾ ਭੈਣਾਂ-ਭਰਾਵਾਂ ਨੂੰ ਖ਼ਾਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਹੈ।

ਉੱਪਰ: ਨਿਊਯਾਰਕ ਦੇ ਸਾਊਥ ਲੈਂਸਿੰਗ ਸ਼ਹਿਰ ਵਿਚ ਗਿਲਿਅਡ ਸਕੂਲ ਦਾ ਮੋਹਰਲਾ ਗੇਟ। ਥੱਲੇ: ਗਿਲਿਅਡ ਇੰਸਟ੍ਰਕਟਰ ਵੱਡੇ ਥੀਏਟਰ ਵਿਚ 31ਵੀਂ ਕਲਾਸ ਦੇ ਮੈਂਬਰਾਂ ਨਾਲ ਗੱਲ ਕਰਦੇ ਹੋਏ

ਹਾਲ ਹੀ ਵਿਚ ਗਿਲਿਅਡ ਦੇ ਇਕ ਗ੍ਰੈਜੂਏਟ ਯੋਨਾਥਾਨ ਨੇ ਕਿਹਾ: “ਸਾਨੂੰ ਪਰਮੇਸ਼ੁਰ ਦੇ ਬਚਨ ’ਤੇ ਆਧਾਰਿਤ ਸਿੱਖਿਆ ਮਿਲੀ ਹੈ। ਇਸ ਰਾਹੀਂ ਅਸੀਂ ਹੁਣ ਕਿਸੇ ਵੀ ਇਲਾਕੇ ਜਾਂ ਸਭਿਆਚਾਰ ਦੇ ਲੋਕਾਂ ਨੂੰ ਹੋਰ ਵੀ ਅਸਰਦਾਰ ਤਰੀਕੇ ਨਾਲ ਸਿਖਾ ਸਕਾਂਗੇ।” ਉਸ ਦੀ ਪਤਨੀ ਮਾਨੀ ਕਹਿੰਦੀ ਹੈ: “ਮੇਰੀ ਇੱਛਾ ਪਹਿਲਾਂ ਨਾਲੋਂ ਹੋਰ ਵੀ ਵੱਧ ਗਈ ਹੈ ਕਿ ਮੈਂ ਲੋਕਾਂ ਦੀ ਇਹ ਜਾਣਨ ਵਿਚ ਮਦਦ ਕਰਾਂ ਕਿ ਸ੍ਰਿਸ਼ਟੀਕਰਤਾ ਮੁਤਾਬਕ ਜ਼ਿੰਦਗੀ ਜੀਉਣੀ ਹੀ ਸਭ ਤੋਂ ਵਧੀਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣੇਗੀ।”

ਪੰਜ ਮਹੀਨਿਆਂ ਦੇ ਇਸ ਸਕੂਲ ਵਿਚ ਸਿਖਲਾਈ ਮੁਫ਼ਤ ਦਿੱਤੀ ਜਾਂਦੀ ਹੈ। ਇਸ ਵਿਚ ਮੁੱਖ ਤੌਰ ਤੇ ਬਾਈਬਲ ਅਤੇ ਪ੍ਰਚਾਰ ਕੰਮ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਸਕੂਲ ਦਾ ਮਕਸਦ ਹੈ ਕਿ ਗ੍ਰੈਜੂਏਟ ਭੈਣ-ਭਰਾ ਪਰਮੇਸ਼ੁਰ ਦੇ ਲੋਕਾਂ ਦੀ ਹੌਸਲਾ-ਅਫ਼ਜ਼ਾਈ ਕਰਨ। ਨਾਲੇ ਸਾਰਿਆਂ ਨੂੰ ਮਦਦ ਦੇਣ ਕਿ ਉਹ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰ ਸਕਣ ਜਿਨ੍ਹਾਂ ਨਾਲ ਉਹ ਰੋਜ਼ਮੱਰਾ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਪਾਉਣਗੇ। ਇਨ੍ਹਾਂ ਪੰਜ ਮਹੀਨਿਆਂ ਦੌਰਾਨ ਸਟੂਡੈਂਟ ਕਲਾਸ ਵਿਚ ਬਾਈਬਲ ਦੇ ਅਸੂਲਾਂ ਬਾਰੇ ਚਰਚਾ ਕਰਦੇ ਹਨ ਤਾਂਕਿ ਉਨ੍ਹਾਂ ਦਾ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਹੋ ਸਕੇ।

ਉੱਪਰ: 1958 ਵਿਚ ਐਲਬਰਟ ਸ਼੍ਰੋਡਰ ਗਿਲਿਅਡ ਸਟੂਡੈਂਟਸ ਨੂੰ ਡੇਰੇ ਦਾ ਮਾਡਲ ਦਿਖਾ ਕੇ ਸਿਖਾਉਂਦਾ ਹੋਇਆ। ਥੱਲੇ: 1968 ਵਿਚ ਯੁਲਿਸੀਜ਼ ਗਲਾਸ 46ਵੀਂ ਕਲਾਸ ਨੂੰ ਪੜ੍ਹਾਉਂਦਾ ਹੋਇਆ

ਗਿਲਿਅਡ ਸਕੂਲ ਵਿਚ ਜਾਣ ਵਾਲੇ ਵਿਆਹੇ ਜੋੜੇ ਪਹਿਲਾਂ ਤੋਂ ਹੀ ਫੁੱਲ-ਟਾਈਮ ਸੇਵਾ ਕਰ ਰਹੇ ਹੁੰਦੇ ਹਨ। ਗ੍ਰੈਜੂਏਟ ਹੋਣ ਤੋਂ ਬਾਅਦ, ਉਹ ਵਾਪਸ ਉੱਥੇ ਚਲੇ ਜਾਂਦੇ ਹਨ ਜਿੱਥੇ ਉਹ ਪਹਿਲਾਂ ਸੇਵਾ ਕਰ ਰਹੇ ਸਨ ਜਾਂ ਫਿਰ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਵਿਚ ਸੇਵਾ ਕਰਨ ਲਈ ਭੇਜਿਆ ਜਾਂਦਾ ਹੈ। ਕੁਝ ਨੂੰ ਯਹੋਵਾਹ ਦੇ ਗਵਾਹਾਂ ਦੇ 90 ਤੋਂ ਵੀ ਜ਼ਿਆਦਾ ਬ੍ਰਾਂਚ ਆਫ਼ਿਸਾਂ ਵਿੱਚੋਂ ਕਿਸੇ ਇਕ ਬ੍ਰਾਂਚ ਵਿਚ ਸੇਵਾ ਕਰਨ ਲਈ ਭੇਜਿਆ ਜਾਂਦਾ ਹੈ। ਜ਼ਿਆਦਾਤਰ ਜੋੜਿਆਂ ਨੂੰ ਅਜਿਹੇ ਇਲਾਕਿਆਂ ਵਿਚ ਭੇਜਿਆ ਜਾਂਦਾ ਹੈ ਜਿੱਥੇ ਲੱਖਾਂ ਹੀ ਲੋਕ ਰਹਿੰਦੇ ਹਨ ਤਾਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਨ ਸਕਣ।

ਪਹਿਲਾਂ ਗਿਲਿਅਡ ਸਕੂਲ ਨਿਊਯਾਰਕ ਦੇ ਸਾਊਥ ਲੈਂਸਿੰਗ ਸ਼ਹਿਰ ਵਿਚ ਕਿੰਗਡਮ ਫਾਰਮ ’ਤੇ ਹੁੰਦਾ ਸੀ। ਪਰ 1961 ਵਿਚ ਇਹ ਸਕੂਲ ਯਹੋਵਾਹ ਦੇ ਗਵਾਹਾਂ ਦੇ ਵਰਲਡ ਹੈੱਡ-ਕੁਆਰਟਰ ਬਰੁਕਲਿਨ, ਨਿਊਯਾਰਕ ਵਿਖੇ ਚਲਾਇਆ ਜਾਣ ਲੱਗਾ। 1988-1995 ਤਕ ਇਸ ਸਕੂਲ ਦੀਆਂ ਕਲਾਸਾਂ ਨਿਊਯਾਰਕ ਦੇ ਵਾਲਕਿਲ ਸ਼ਹਿਰ ਵਿਚ ਵਾਚਟਾਵਰ ਫਾਰਮ ’ਤੇ ਹੋਣ ਲੱਗੀਆਂ। ਇਹ ਸਕੂਲ 1995 ਤੋਂ ਵਾਚਟਾਵਰ ਸਿੱਖਿਆ ਕੇਂਦਰ, ਪੈਟਰਸਨ, ਨਿਊਯਾਰਕ ਵਿਖੇ ਚਲਾਇਆ ਜਾ ਰਿਹਾ ਹੈ। ਮਾਰਚ 2013 ਵਿਚ ਇਸ ਸਕੂਲ ਦੀ 134ਵੀਂ ਕਲਾਸ ਹੋਈ

ਉੱਪਰ: 2003 ਗਿਲਿਅਡ ਦੀ 116ਵੀਂ ਕਲਾਸ ਵਿਚ ਬੈਠੇ ਸਟੂਡੈਂਟ। ਥੱਲੇ: 2011 ਵਿਚ ਸਟੂਡੈਂਟ ਗਿਲਿਅਡ ਲਾਇਬ੍ਰੇਰੀ ਵਿਚ ਸਟੱਡੀ ਕਰਦੇ ਹੋਏ

70 ਸਾਲਾਂ ਤੋਂ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੇ ਗ੍ਰੈਜੂਏਟਾਂ ਨੇ ਯਹੋਵਾਹ ਬਾਰੇ ਵਫ਼ਾਦਾਰੀ ਨਾਲ ਗਵਾਹੀ ਦੇਣ ਵਿਚ ਜ਼ਬਰਦਸਤ ਮਿਸਾਲ ਕਾਇਮ ਕੀਤੀ ਹੈ।