ਮੈਟਰੋ ਟੋਰੌਂਟੋ ਕਨਵੈਨਸ਼ਨ ਸੈਂਟਰ ਨੇ 13-16 ਨਵੰਬਰ 2014 ਨੂੰ ਟੋਰੌਂਟੋ ਅੰਤਰਰਾਸ਼ਟਰੀ ਪੁਸਤਕ ਮੇਲਾ ਲਗਾਇਆ। ਇਸ ਵਿਚ ਛਾਪੀਆਂ ਕਿਤਾਬਾਂ ਰੱਖੀਆਂ ਗਈਆਂ ਸਨ ਅਤੇ ਕਈ ਕਿਤਾਬਾਂ ਨੂੰ ਟੈਬਲੇਟਾਂ ’ਤੇ ਦਿਖਾਇਆ ਗਿਆ ਸੀ। ਚਾਰ ਦਿਨਾਂ ਦੌਰਾਨ 20,000 ਤੋਂ ਜ਼ਿਆਦਾ ਲੋਕ ਇਸ ਪੁਸਤਕ ਮੇਲੇ ਨੂੰ ਦੇਖਣ ਆਏ।

ਪ੍ਰਦਰਸ਼ਨੀ ਲਾਉਣ ਵਾਲਿਆਂ ਵਿਚ ਯਹੋਵਾਹ ਦੇ ਗਵਾਹ ਵੀ ਸ਼ਾਮਲ ਸਨ। ਯਹੋਵਾਹ ਦੇ ਗਵਾਹਾਂ ਦਾ ਬੂਥ ਸਾਰਿਆਂ ਦਾ ਧਿਆਨ ਖਿੱਚਦਾ ਸੀ ਅਤੇ ਕੋਈ ਵੀ ਕਿਤਾਬਾਂ ਨੂੰ ਖ਼ੁਦ ਖੋਲ੍ਹ ਕੇ ਦੇਖ ਸਕਦਾ ਸੀ। ਬੂਥਾਂ ਵਿਚ ਦਿਖਾਇਆ ਗਿਆ ਕਿ ਟੈਬਲੇਟ ’ਤੇ ਅਸੀਂ jw.org ਨੂੰ ਕਿਵੇਂ ਚਲਾ ਸਕਦੇ ਹਾਂ

ਉੱਥੋਂ ਦੇ ਇਕ ਮੈਨੇਜਰ ਨੇ ਕਿਹਾ: “ਤੁਹਾਡੀ ਵੈੱਬਸਾਈਟ ਤਾਂ ਨਵੇਂ ਜ਼ਮਾਨੇ ਦੀ ਹੈ। ਮੈਨੂੰ ਲੱਗਦਾ ਕਿ ਬਾਕੀ ਪ੍ਰਦਰਸ਼ਨੀਆਂ ਲਾਉਣ ਵਾਲਿਆ ਨੂੰ ਤੁਹਾਡੇ ਤੋਂ ਸਿੱਖਣਾ ਚਾਹੀਦਾ ਹੈ।” ਲੋਕਾਂ ਨੇ ਕਿਹਾ ਕਿ ਤੁਹਾਡੀ ਵੈੱਬਸਾਈਟ ਬਹੁਤ ਹੀ ਪ੍ਰੋਫ਼ੈਸ਼ਨਲ ਹੈ ਅਤੇ ਇਸ ਦੀ ਵਰਤੋਂ ਕਰਨੀ ਸੌਖੀ ਹੈ ਤੇ ਇਹ ਜ਼ਰੂਰੀ ਸਵਾਲਾਂ ਦੇ ਜਵਾਬ ਦਿੰਦੀ ਹੈ। ਉਹ ਇਸ ਗੱਲੋਂ ਵੀ ਹੈਰਾਨ ਹੋਏ ਕਿ ਵੈੱਬਸਾਈਟ ਨੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਅਤੇ ਚਿੰਤਾਵਾਂ ’ਤੇ ਕਾਬੂ ਪਾਉਣ ਵਿਚ ਲੋਕਾਂ ਦੀ ਮਦਦ ਕੀਤੀ।

ਬੂਥ ਦੀ ਦੇਖ-ਰੇਖ ਕਰਨ ਵਾਲੇ ਭੈਣ-ਭਰਾਵਾਂ ਨੇ ਜਦੋਂ ਲੋਕਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜ਼ਿਆਦਾਤਰ ਲੋਕਾਂ ਨੇ ਇਸ ਪੁਸਤਕ ਮੇਲੇ ਤੋਂ ਪਹਿਲਾਂ ਕਦੇ ਵੀ jw.org ਬਾਰੇ ਨਹੀਂ ਸੁਣਿਆ ਸੀ। ਲਗਭਗ ਹਰ ਵਿਅਕਤੀ ਨੇ ਕੰਟੈਕਟ ਕਾਰਡ ਜਾਂ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਨਾਂ ਦਾ ਟ੍ਰੈਕਟ ਲਿਆ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਦੁਬਾਰਾ ਵੈੱਬਸਾਈਟ ਦੇਖਣਗੇ ਅਤੇ ਕੁਝ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਨੂੰ ਆਪਣੇ ਘਰ ਆਉਣ ਲਈ ਕਿਹਾ।

ਸ਼ੁੱਕਰਵਾਰ ਪੁਸਤਕ ਮੇਲੇ ਵਿਚ “ਬੱਚਿਆਂ ਦਾ ਦਿਨ” ਸੀ, ਸੋ ਭੈਣ-ਭਰਾਵਾਂ ਨੇ ਵੈੱਬਸਾਈਟ ਤੋਂ ਵਾਈਟ ਬੋਰਡ ਐਨੀਮੇਸ਼ਨਸ ਦਿਖਾਈਆਂ। ਬਹੁਤ ਸਾਰੇ ਸਕੂਲ ਦੇ ਬੱਚਿਆਂ ਨੇ ਆਪਣੇ ਅਧਿਆਪਕਾਂ ਨਾਲ ਇਹ ਵੀਡੀਓ ਦੇਖੇ।

ਸ਼ਿਕਾਗੋ ਤੋਂ ਆਏ ਇਕ ਵਿਅਕਤੀ, ਜੋ ਕਿ ਬਾਈਬਲ ਛਾਪਣ ਵਾਲੀ ਇਕ ਕੰਪਨੀ ਵਿਚ ਕੰਮ ਕਰਦਾ ਹੈ, ਨੇ ਪੁਸਤਕ ਮੇਲੇ ਵਿਚ ਰੱਖੇ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਬਾਰੇ ਕਿਹਾ ਕਿ ਇਸ ਦੀ ਕੁਆਲਿਟੀ ਵਧੀਆ ਹੈ। ਉਸ ਨੇ ਕਿਹਾ ਕਿ ਉਹ ਬਾਈਬਲ ਦੀ ਛਪਾਈ ਕਰਨ ਵਾਲਿਆਂ ਨੂੰ ਮਿਲਣਾ ਚਾਹੁੰਦਾ ਹੈ ਅਤੇ ਉਸ ਨੂੰ ਕੰਟੈਕਟ ਕਾਰਡ ਦਿੱਤਾ ਗਿਆ।

ਵੈੱਬਸਾਈਟ ’ਤੇ 700 ਤੋਂ ਜ਼ਿਆਦਾ ਭਾਸ਼ਾਵਾਂ ਵਿੱਚੋਂ ਲੋਕਾਂ ਨੇ ਇਨ੍ਹਾਂ ਕੁਝ 16 ਭਾਸ਼ਾਵਾਂ ਵਿਚ ਸਾਹਿੱਤ ਦੇਖਿਆ ਜਿਵੇਂ ਉਰਦੂ, ਐਮਹੈਰਿਕ, ਅੰਗ੍ਰੇਜ਼ੀ, ਸਪੇਨੀ, ਸਵੀਡਿਸ਼, ਹਿੰਦੀ, ਕੋਰੀਆਈ, ਗੁਜਰਾਤੀ, ਚੀਨੀ, ਟਿੱਗ੍ਰਿਨਿਆ, ਤਾਮਿਲ, ਪੁਰਤਗਾਲੀ, ਫ਼੍ਰੈਂਚ, ਬੰਗਾਲੀ, ਯੂਨਾਨੀ ਤੇ ਵੀਅਤਨਾਮੀ।

ਬੂਥ ਵਿਚ ਆ ਰਹੇ ਲੋਕਾਂ ਦਾ ਸੁਆਗਤ ਕਰ ਰਹੇ ਇਕ ਗਵਾਹ ਨੇ ਦੇਖਿਆ ਕਿ ਲੋਕਾਂ ਨੂੰ ਵੈੱਬਸਾਈਟ ਬਾਰੇ ਦੱਸਣ ਅਤੇ ਅਸਲ ਵਿਚ ਇਸ ਨੂੰ ਖੋਲ੍ਹ ਕੇ ਦਿਖਾਉਣ ਵਿਚ ਬਹੁਤ ਫ਼ਰਕ ਹੈ। ਉਸ ਨੇ ਕਿਹਾ: “ਸਾਨੂੰ ਵੈੱਬਸਾਈਟ ਦਿਖਾਉਣ ਦਾ ਬਹੁਤ ਹੀ ਵਧੀਆ ਮੌਕਾ ਮਿਲਿਆ।”