2014 ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਯੂਰਪ ਦੇ ਉੱਤਰੀ ਇਲਾਕਿਆਂ ਅਤੇ ਉੱਤਰੀ ਅਮਰੀਕਾ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਬਾਈਬਲ ਦਾ ਸੰਦੇਸ਼ ਪਹੁੰਚਾਉਣ ਦਾ ਨਵਾਂ ਪ੍ਰਬੰਧ ਕੀਤਾ। (ਰਸੂਲਾਂ ਦੇ ਕੰਮ 1:8) ਸ਼ੁਰੂ-ਸ਼ੁਰੂ ਵਿਚ ਇਸ ਪ੍ਰੋਗ੍ਰਾਮ ਮੁਤਾਬਕ ਅਲਾਸਕਾ (ਅਮਰੀਕਾ), ਲੈਪਲੈਂਡ (ਫਿਨਲੈਂਡ), ਨੂਨਾਵੂਟ ਅਤੇ ਉੱਤਰੀ-ਪੱਛਮੀ ਇਲਾਕਿਆਂ (ਕੈਨੇਡਾ) ਵੱਲ ਧਿਆਨ ਦਿੱਤਾ ਗਿਆ।

ਯਹੋਵਾਹ ਦੇ ਗਵਾਹ ਇਨ੍ਹਾਂ ਦੂਰ-ਦੁਰਾਡੇ ਇਲਾਕਿਆਂ ਵਿਚ ਦਹਾਕਿਆਂ ਤੋਂ ਪ੍ਰਚਾਰ ਕਰ ਰਹੇ ਸਨ। ਪਰ ਗਵਾਹ ਉੱਥੇ ਥੋੜ੍ਹੇ ਸਮੇਂ ਲਈ ਹੀ ਰਹਿੰਦੇ ਸਨ ਅਤੇ ਅਕਸਰ ਉਨ੍ਹਾਂ ਦਾ ਕੰਮ ਬਾਈਬਲ-ਆਧਾਰਿਤ ਪ੍ਰਕਾਸ਼ਨ ਵੰਡਣ ਤਕ ਹੀ ਸੀਮਿਤ ਸੀ।

ਦੂਰ-ਦੁਰਾਡੇ ਉੱਤਰੀ ਇਲਾਕਿਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕਰਨ ਵਾਲੇ ਬ੍ਰਾਂਚ ਆਫ਼ਿਸਾਂ ਨੇ ਪੂਰੇ ਸਮੇਂ ਦੀ ਸੇਵਕਾਈ ਕਰਨ ਵਾਲਿਆਂ (ਪਾਇਨੀਅਰਾਂ) ਨੂੰ ਚੁਣੇ ਇਲਾਕਿਆਂ ਵਿਚ ਘੱਟੋ-ਘੱਟ ਤਿੰਨ ਮਹੀਨੇ ਰਹਿਣ ਦਾ ਸੱਦਾ ਦਿੱਤਾ। ਜੇ ਇਲਾਕੇ ਦੇ ਕਈ ਲੋਕ ਬਾਈਬਲ ਸਟੱਡੀ ਕਰਨ ਵਿਚ ਦਿਲਚਸਪੀ ਦਿਖਾਉਣਗੇ, ਤਾਂ ਪਾਇਨੀਅਰ ਜ਼ਿਆਦਾ ਦੇਰ ਲਈ ਵੀ ਰੁਕ ਸਕਦੇ ਸਨ ਤੇ ਮੀਟਿੰਗਾਂ ਵੀ ਕਰ ਸਕਦੇ ਸਨ।

ਇਸ ਇਲਾਕੇ ਵਿਚ ਪ੍ਰਚਾਰ ਕਰਦਿਆਂ ਉਨ੍ਹਾਂ ਨੂੰ ਕੁਝ ਚੁਣੌਤੀਆਂ ਵੀ ਆਈਆਂ। ਅਲਾਸਕਾ ਦੇ ਬੈਰੋ ਸ਼ਹਿਰ ਵਿਚ ਦੋ ਪਾਇਨੀਅਰਾਂ ਨੂੰ ਭੇਜਿਆ ਗਿਆ ਜਿਨ੍ਹਾਂ ਵਿੱਚੋਂ ਇਕ ਜਣਾ ਪਹਿਲਾਂ ਦੱਖਣੀ ਕੈਲੇਫ਼ੋਰਨੀਆ ਵਿਚ ਤੇ ਦੂਜਾ ਜਾਰਜੀਆ, ਅਮਰੀਕਾ ਵਿਚ ਰਹਿ ਚੁੱਕਾ ਸੀ। ਬੈਰੋ ਵਿਚ ਉਨ੍ਹਾਂ ਦੀਆਂ ਪਹਿਲੀਆਂ ਸਰਦੀਆਂ ਦੌਰਾਨ ਉੱਥੇ ਤਾਪਮਾਨ ਘੱਟ ਕੇ -38 ਡਿਗਰੀ ਸੈਲਸੀਅਸ ਰਹਿ ਗਿਆ! ਫਿਰ ਵੀ ਉੱਥੇ ਪਹੁੰਚਣ ਤੋਂ ਕੁਝ ਮਹੀਨਿਆਂ ਦੇ ਅੰਦਰ-ਅੰਦਰ ਉਹ ਲਗਭਗ 95% ਘਰਾਂ ਵਿਚ ਗਏ ਅਤੇ ਚਾਰ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਉਨ੍ਹਾਂ ਵਿੱਚੋਂ ਇਕ ਸਟੱਡੀ ਕਰਨ ਵਾਲੇ ਨੌਜਵਾਨ ਦਾ ਨਾਂ ਜੌਨ ਸੀ। ਉਹ ਅਤੇ ਉਸ ਦੀ ਸਹੇਲੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਸਟੱਡੀ ਕਰ ਰਹੇ ਹਨ ਅਤੇ ਉਹ ਨੌਜਵਾਨ ਸਿੱਖੀਆਂ ਗੱਲਾਂ ਆਪਣੇ ਦੋਸਤਾਂ ਅਤੇ ਨਾਲ ਕੰਮ ਕਰਨ ਵਾਲਿਆਂ ਨੂੰ ਦੱਸਦਾ ਹੈ। ਉਹ ਆਪਣੇ ਫ਼ੋਨ ਤੇ JW Library ਐਪ ਵਰਤ ਕੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਤੋਂ ਹਵਾਲਾ ਪੜ੍ਹਦਾ ਹੈ।

ਕੈਨੇਡਾ ਦੇ ਨੂਨਾਵੂਟ ਇਲਾਕੇ ਦੇ ਰੈਨਕਿਨ ਇੰਨਲੈਟ ਪਿੰਡ ਨੂੰ ਕੋਈ ਸੜਕ ਨਹੀਂ ਜਾਂਦੀ। ਇਸ ਲਈ ਦੋ ਪਾਇਨੀਅਰ ਹਵਾਈ ਜਹਾਜ਼ ਰਾਹੀਂ ਇਸ ਛੋਟੇ ਜਿਹੇ ਪਿੰਡ ਵਿਚ ਗਏ ਅਤੇ ਬਹੁਤ ਸਾਰੀਆਂ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਇਕ ਆਦਮੀ ਨੇ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦਾ ਵੀਡੀਓ ਦੇਖਣ ਤੋਂ ਬਾਅਦ ਪੁੱਛਿਆ ਕਿ ਤੁਸੀਂ ਕਦੋਂ ਇਸ ਇਲਾਕੇ ਵਿਚ ਕਿੰਗਡਮ ਹਾਲ ਬਣਾਓਗੇ। ਉਸ ਨੇ ਅੱਗੇ ਕਿਹਾ: “ਜੇ ਮੈਂ ਤੁਹਾਡੇ ਕਿੰਗਡਮ ਹਾਲ ਬਣਾਉਂਦੇ ਵੇਲੇ ਇੱਥੇ ਹੋਇਆ, ਤਾਂ ਮੈਂ ਜ਼ਰੂਰ ਮੀਟਿੰਗਾਂ ਤੇ ਆਵਾਂਗਾ।”

ਸਾਵਿਉਕੋਸਕੀ, ਫਿਨਲੈਂਡ ਵਿਚ ਗਏ ਪਾਇਨੀਅਰਾਂ ਨੇ ਕਿਹਾ: “ਤਾਪਮਾਨ ਬਹੁਤ ਘੱਟ ਹੈ ਅਤੇ ਬਰਫ਼ ਬਹੁਤ ਪੈਂਦੀ ਹੈ। ਉੱਥੇ ਲੋਕਾਂ ਨਾਲੋਂ 10 ਗੁਣਾ ਜ਼ਿਆਦਾ ਬਾਰਾਸਿੰਗੇ ਹਨ।” ਫਿਰ ਵੀ ਉਨ੍ਹਾਂ ਨੇ ਕਿਹਾ ਕਿ ਉਹ ਸਹੀ ਸਮੇਂ ’ਤੇ ਉੱਥੇ ਗਏ ਸਨ। ਉਹ ਕਿਉਂ? ਉਹ ਦੱਸਦੇ ਹਨ: “ਅਸੀਂ ਪੂਰੇ ਇਲਾਕਿਆਂ ਵਿਚ ਚੰਗੀ ਤਰ੍ਹਾਂ ਪ੍ਰਚਾਰ ਕਰ ਦਿੱਤਾ। ਪਿੰਡਾਂ ਅਤੇ ਦੂਰ-ਦੁਰਾਡੇ ਇਲਾਕਿਆਂ ਨੂੰ ਜਾਂਦੀਆਂ ਸੜਕਾਂ ਤੋਂ ਬਰਫ਼ ਹਟਾ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਹੀ ਹਾਲਤ ਵਿਚ ਰੱਖਿਆਂ ਜਾਂਦਾ ਹੈ। ਬਹੁਤ ਜ਼ਿਆਦਾ ਠੰਢ ਕਰਕੇ ਲੋਕ ਜ਼ਿਆਦਾਤਰ ਘਰਾਂ ਵਿਚ ਹੀ ਰਹਿੰਦੇ ਹਨ।”

ਦੂਰ-ਦੁਰਾਡੇ ਉੱਤਰੀ ਇਲਾਕਿਆਂ ਵਿਚ ਬਾਈਬਲ ਦਾ ਸੰਦੇਸ਼ ਪਹੁੰਚਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਕਰਕੇ ਲੋਕਾਂ ਦਾ ਸਾਡੇ ਵੱਲ ਧਿਆਨ ਖਿੱਚਿਆ ਗਿਆ। ਅਲਾਸਕਾ ਦੇ ਇਕ ਸ਼ਹਿਰ ਦੀ ਮੇਅਰ ਨੂੰ ਦੋ ਪਾਇਨੀਅਰ ਮਿਲੇ। ਮਿਲਣ ਤੋਂ ਬਾਅਦ ਮੇਅਰ ਨੇ ਪਾਇਨੀਅਰਾਂ ਨਾਲ ਹੋਈ ਗੱਲਬਾਤ ਬਾਰੇ ਆਪਣੇ ਚੰਗੇ ਵਿਚਾਰ ਸੋਸ਼ਲ-ਮੀਡੀਆ ’ਤੇ ਸਾਂਝੇ ਕੀਤੇ ਅਤੇ ਉਸ ਨੇ ਨਾਲ ਪਰਮੇਸ਼ੁਰ ਦਾ ਰਾਜ ਕੀ ਹੈ? ਨਾਂ ਦੇ ਟ੍ਰੈਕਟ ਦੀ ਤਸਵੀਰ ਵੀ ਪਾਈ।

ਅਲਾਸਕਾ ਦੇ ਕਸਬੇ ਹੇਂਜ਼ ਵਿਚ ਇਨ੍ਹਾਂ ਦੋ ਪਾਇਨੀਅਰ ਭਰਾਵਾਂ ਨੇ ਪਬਲਿਕ ਲਾਇਬ੍ਰੇਰੀ ਵਿਚ ਮੀਟਿੰਗ ਕੀਤੀ ਜਿੱਥੇ ਅੱਠ ਜਣੇ ਆਏ। ਉੱਥੇ ਦੀ ਅਖ਼ਬਾਰ ਵਿਚ ਦੱਸਿਆ ਗਿਆ ਕਿ ਟੈਕਸਸ ਅਤੇ ਉੱਤਰੀ ਕੈਰੋਲਾਇਨਾ ਤੋਂ ਦੋ ਆਦਮੀ ਕਸਬੇ ਵਿਚ ਆਏ ਤੇ ਉਹ ਘਰ-ਘਰ ਬਾਈਬਲ ਸਟੱਡੀ ਕਰਨ ਦੀ ਪੇਸ਼ਕਸ਼ ਕਰ ਰਹੇ ਸਨ। ਖ਼ਬਰ ਦੇ ਅਖ਼ੀਰ ਵਿਚ ਲਿਖਿਆ ਸੀ: “ਹੋਰ ਸਿੱਖਣ ਲਈ jw.org ’ਤੇ ਜਾਓ।”