ਜੂਨ 2013 ਵਿਚ ਕੇਂਦਰੀ ਯੂਰਪ ਵਿਚ ਭਾਰੀ ਮੀਂਹ ਪੈਣ ਕਰਕੇ ਨਦੀਆਂ ਵਿਚ ਹੜ੍ਹ ਆ ਗਿਆ। ਹੰਗਰੀ ਵਿਚ ਡੈਨਿਊਬ ਨਦੀ ਲਗਭਗ ਨੱਕੋ-ਨੱਕ ਭਰ ਗਈ। ਇਤਿਹਾਸ ਵਿਚ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ।

ਐਮਰਜੈਂਸੀ ਕਾਰਨ ਹੰਗਰੀ ਦੇ ਮਾਨਵ ਵਿਕਾਸ ਵਿਭਾਗ ਨੇ ਹੜ੍ਹ ਦੇ ਨੁਕਸਾਨ ਤੋਂ ਬਚਣ ਲਈ ਯਹੋਵਾਹ ਦੇ ਗਵਾਹਾਂ ਦੇ ਹੰਗਰੀ ਬ੍ਰਾਂਚ ਆਫ਼ਿਸ ਤੋਂ ਮਦਦ ਮੰਗੀ। ਨਤੀਜੇ ਵਜੋਂ, ਬ੍ਰਾਂਚ ਨੇ ਡੈਨਿਊਬ ਨਦੀ ਦੇ ਲਾਗੇ ਦੀਆਂ ਮੰਡਲੀਆਂ ਦੇ ਗਵਾਹਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰੀ ਅਧਿਕਾਰੀਆਂ ਦੁਆਰਾ ਹੜ੍ਹ ਤੋਂ ਬਚਾਅ ਲਈ ਕੀਤੇ ਜਾਂਦੇ ਕੰਮਾਂ ਵਿਚ ਸਹਿਯੋਗ ਦੇਣ।

ਮੰਡਲੀਆਂ ਦੇ ਗਵਾਹਾਂ ਤੋਂ ਭਰਪੂਰ ਹੁੰਗਾਰਾ ਮਿਲਿਆ। ਅਗਲੇ ਕੁਝ ਦਿਨਾਂ ਵਿਚ 72 ਮੰਡਲੀਆਂ ਦੇ 900 ਤੋਂ ਜ਼ਿਆਦਾ ਗਵਾਹਾਂ ਨੇ ਨਦੀ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਵਿਚ ਹੱਥ ਵਟਾਇਆ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਬੈਜ ਕਾਰਡ ਲਾ ਕੇ ਆਉਣ ਜਿਨ੍ਹਾਂ ’ਤੇ “ਯਹੋਵਾਹ ਦੇ ਗਵਾਹ” ਲਿਖਿਆ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸ਼ਹਿਰ ਦਾ ਨਾਂ ਲਿਖਿਆ ਹੋਵੇ।

ਇਕ ਸ਼ਹਿਰ ਵਿਚ ਹੰਗਰੀ ਦੀ ਰੈਡ ਕਰਾਸ ਸੋਸਾਇਟੀ ਦੇ ਇਕ ਅਫ਼ਸਰ ਨੇ ਇਕ ਮੰਡਲੀ ਨੂੰ ਚਿੱਠੀ ਵਿਚ ਲਿਖਿਆ: “ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਦਿਲੋਂ ਤੁਹਾਡੀ ਇੱਜ਼ਤ ਕਰਦੇ ਹਾਂ। ਤੁਹਾਡੇ ਵਰਗੇ ਲੋਕ ਬਹੁਤ ਹੀ ਘੱਟ ਹਨ ਜੋ ਏਕਤਾ ਵਿਚ ਬੱਝ ਕੇ ਦੂਜਿਆਂ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕਰਦੇ ਹਨ। ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਮਦਦ ਕਰਨ ਲਈ ਕਿੰਨੀ ਦੂਰੋਂ ਆਏ ਸੀ! ਮੈਂ ਬੜੇ ਮਾਣ ਨਾਲ ਆਪਣੇ ਸ਼ਹਿਰ ਦੇ ਲੋਕਾਂ ਨੂੰ ਤੁਹਾਡੇ ਬਾਰੇ ਦੱਸਦਾ ਹਾਂ!”

ਇਕ ਰਾਹਤ ਸੰਸਥਾ ਦੇ ਚੇਅਰਮੈਨ, ਜੋ ਹੰਗਰੀ ਦੀ ਪਾਰਲੀਮੈਂਟ ਦਾ ਮੈਂਬਰ ਵੀ ਹੈ, ਨੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਭੇਜੀ ਜਿਸ ਵਿਚ ਉਸ ਨੇ ਗਵਾਹਾਂ ਵੱਲੋਂ ਦਿੱਤੀ ਮਦਦ ਲਈ ਧੰਨਵਾਦ ਕੀਤਾ।