“ਸਾਨੂੰ ਇਵੇਂ ਲੱਗਾ ਜਿਵੇਂ ਸਾਡੀ ਝੋਲ਼ੀ ਪਿਆਰ ਨਾਲ ਭਰ ਦਿੱਤੀ ਗਈ ਹੋਵੇ!” ਯੂਕਰੇਨ ਦੀ ਇਕ ਤੀਵੀਂ ਨੇ ਇਸ ਤਰ੍ਹਾਂ ਉਦੋਂ ਕਿਹਾ ਜਦੋਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਸਟੀਵਨ ਲੈੱਟ ਨੇ ਇਕ ਚਿੱਠੀ ਪੜ੍ਹ ਕੇ ਸੁਣਾਈ। ਇਹ ਤੀਵੀਂ ਉਨ੍ਹਾਂ 1,65,000 ਗਵਾਹਾਂ ਵਿੱਚੋਂ ਸੀ ਜਿਨ੍ਹਾਂ ਨੇ ਭਰਾ ਲੈੱਟ ਦਾ ਭਾਸ਼ਣ ਸੁਣਿਆ ਜਦੋਂ ਉਹ 10 ਅਤੇ 11 ਮਈ 2014 ਨੂੰ ਯੂਕਰੇਨ ਗਿਆ ਸੀ।

ਬਾਈਬਲ-ਆਧਾਰਿਤ ਭਾਸ਼ਣਾਂ ਅਤੇ ਚਿੱਠੀ ਦਾ ਪੰਜ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਅਤੇ ਇਨ੍ਹਾਂ ਦਾ ਯੂਕਰੇਨ ਦੇ ਲਗਭਗ 700 ਕਿੰਗਡਮ ਹਾਲਾਂ ਵਿਚ ਪ੍ਰਸਾਰਣ ਕੀਤਾ ਗਿਆ।

ਉਸੇ ਹਫ਼ਤੇ ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ ਮਾਰਕ ਸੈਂਡਰਸਨ ਨੇ ਪ੍ਰੋਗ੍ਰਾਮ ਵਿਚ ਰੂਸ ਦੇ ਭੈਣਾਂ-ਭਰਾਵਾਂ ਲਈ ਚਿੱਠੀ ਪੜ੍ਹੀ। ਇਸ ਪ੍ਰੋਗ੍ਰਾਮ ਨੂੰ 14 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ। ਬੈਲਾਰੁਸ ਤੇ ਰੂਸ ਦੀਆਂ 2,500 ਤੋਂ ਜ਼ਿਆਦਾ ਮੰਡਲੀਆਂ ਦੇ 1,80,413 ਭੈਣਾਂ-ਭਰਾਵਾਂ ਨੇ ਇਸ ਪ੍ਰੋਗ੍ਰਾਮ ਦਾ ਪ੍ਰਸਾਰਣ ਦੇਖਿਆ।

ਪ੍ਰਬੰਧਕ ਸਭਾ ਨੇ ਰੂਸ ਅਤੇ ਯੂਕਰੇਨ ਦੀਆਂ ਸਾਰੀਆਂ ਮੰਡਲੀਆਂ ਨੂੰ ਚਿੱਠੀ ਲਿਖੀ ਸੀ। ਭਰਾ ਸੈਂਡਰਸਨ ਨੇ ਇਹ ਚਿੱਠੀ ਰੂਸੀ ਭਾਸ਼ਾ ਵਿਚ ਪੜ੍ਹੀ ਜਿਸ ਕਰਕੇ ਰੂਸ ਦੇ ਬ੍ਰਾਂਚ ਆਫ਼ਿਸ ਨੇ ਲਿਖਿਆ: “ਭੈਣਾਂ-ਭਰਾਵਾਂ ਦੇ ਦਿਲਾਂ ਨੂੰ ਇਹ ਗੱਲ ਛੂਹ ਗਈ ਕਿ ਪ੍ਰਬੰਧਕ ਸਭਾ ਦੁਨੀਆਂ ਦੇ ਇਸ ਹਿੱਸੇ ਵਿਚ ਰਹਿੰਦੇ ਮਸੀਹੀਆਂ ਵਿਚ ਇੰਨੀ ਦਿਲਚਸਪੀ ਰੱਖਦੇ ਹਨ। ਸਾਨੂੰ ਸਾਰਿਆਂ ਨੂੰ ਇੱਦਾਂ ਲੱਗਾ ਜਿਵੇਂ ਪ੍ਰਬੰਧਕ ਸਭਾ ਨੇ ਸਾਨੂੰ ਗਲ਼ੇ ਲਗਾ ਲਿਆ ਹੋਵੇ।”

ਇਸ ਚਿੱਠੀ ਦਾ ਮਕਸਦ ਇਨ੍ਹਾਂ ਦੇਸ਼ਾਂ ਵਿਚ ਰਹਿੰਦੇ ਗਵਾਹਾਂ ਨੂੰ ਹੌਸਲਾ ਦੇਣਾ ਅਤੇ ਤਕੜੇ ਕਰਨਾ ਸੀ ਜਿੱਥੇ ਰਾਜਨੀਤਿਕ ਉਥਲ-ਪੁਥਲ ਮਚੀ ਹੋਈ ਹੈ। ਇਸ ਚਿੱਠੀ ਵਿਚ ਭਰਾਵਾਂ ਨੂੰ ਕਿਹਾ ਗਿਆ ਸੀ ਕਿ ਉਹ “ਦੁਨੀਆਂ ਵਰਗੇ” ਨਾ ਬਣਨ ਅਤੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਾ ਲੈਣ।—ਯੂਹੰ. 17:16.

ਨਾਲੇ ਪ੍ਰਬੰਧਕ ਸਭਾ ਨੇ ਗਵਾਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਪ੍ਰਾਰਥਨਾ, ਸਟੱਡੀ ਅਤੇ ਪਰਮੇਸ਼ੁਰ ਦੇ ਬਚਨ ’ਤੇ ਸੋਚ-ਵਿਚਾਰ ਕਰ ਕੇ ਯਹੋਵਾਹ ਨਾਲ ਆਪਣਾ ਮਜ਼ਬੂਤ ਰਿਸ਼ਤਾ ਬਣਾਈ ਰੱਖਣ। ਪ੍ਰੋਗ੍ਰਾਮ ਸੁਣ ਰਹੇ ਭੈਣਾਂ-ਭਰਾਵਾਂ ਨੂੰ ਚੇਤੇ ਕਰਾਇਆ ਗਿਆ ਕਿ ਕੋਈ ਵੀ ਪਰੀਖਿਆ ਆਉਣ ਦੇ ਬਾਵਜੂਦ ਉਹ ਯਸਾਯਾਹ 54:17 ਵਿਚ ਦੱਸੇ ਪਰਮੇਸ਼ੁਰ ਦੇ ਇਸ ਵਾਅਦੇ ’ਤੇ ਭਰੋਸਾ ਰੱਖ ਸਕਦੇ ਹਨ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।”

ਪ੍ਰਬੰਧਕ ਸਭਾ ਨੇ ਚਿੱਠੀ ਦੇ ਅਖ਼ੀਰ ਵਿਚ ਕਿਹਾ: “ਅਸੀਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ। ਯਕੀਨ ਕਰੋ ਕਿ ਅਸੀਂ ਹਮੇਸ਼ਾ ਤੁਹਾਡੇ ਬਾਰੇ ਸੋਚਦੇ ਹਾਂ ਤੇ ਤੁਹਾਡੇ ਲਈ ਯਹੋਵਾਹ ਅੱਗੇ ਦੁਆ ਕਰਦੇ ਹਾਂ।”

ਯੂਕਰੇਨ ਦੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਭਰਾ ਲੈੱਟ ਅਤੇ ਭਰਾ ਸੈਂਡਰਸਨ ਦੇ ਦੌਰੇ ਬਾਰੇ ਲਿਖਿਆ: “ਭੈਣਾਂ-ਭਰਾਵਾਂ ਦੇ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਗਏ ਕਿ ਪ੍ਰਬੰਧਕ ਸਭਾ ਉਨ੍ਹਾਂ ਦੀ ਕਿੰਨੀ ਪਰਵਾਹ ਕਰਦੀ ਹੈ। ਯੂਕਰੇਨ ਅਤੇ ਰੂਸ ਵਿਚ ਇੱਕੋ ਹਫ਼ਤੇ ਭਰਾ ਲੈੱਟ ਅਤੇ ਸੈਂਡਰਸਨ ਦਾ ਆਉਣਾ ਇਸ ਗੱਲ ਦਾ ਸਬੂਤ ਸੀ ਕਿ ਪਰਮੇਸ਼ੁਰ ਦੇ ਲੋਕਾਂ ਵਿਚ ਏਕਤਾ ਹੈ। ਇਸ ਤੋਂ ਭਰਾਵਾਂ ਨੇ ਇਹ ਵੀ ਦੇਖਿਆ ਕਿ ਯਹੋਵਾਹ ਤੇ ਯਿਸੂ ਉਨ੍ਹਾਂ ਦੀ ਕਿੰਨੀ ਪਰਵਾਹ ਕਰਦੇ ਹਨ। ਸਾਡਾ ਸਾਰਿਆਂ ਦਾ ਮੰਨਣਾ ਹੈ ਕਿ ਉਹ ਸਹੀ ਸਮੇਂ ਤੇ ਸਾਨੂੰ ਮਿਲਣ ਆਏ ਸਨ। ਸਾਡਾ ਹੌਸਲਾ ਵਧਿਆ ਹੈ ਕਿ ਅਸੀਂ ਕਿਸੇ ਵੀ ਮੁਸ਼ਕਲ ਵਿੱਚੋਂ ਗੁਜ਼ਰਦਿਆਂ ਯਹੋਵਾਹ ਦੀ ਸੇਵਾ ਕਰਦੇ ਰਹੀਏ।”