Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਯਹੋਵਾਹ ਦੇ ਗਵਾਹਾਂ ਦਾ ਐਟਲਾਂਟਾ ਵਿਚ ਨਿੱਘਾ ਸੁਆਗਤ

ਯਹੋਵਾਹ ਦੇ ਗਵਾਹਾਂ ਦਾ ਐਟਲਾਂਟਾ ਵਿਚ ਨਿੱਘਾ ਸੁਆਗਤ

“ਤੁਹਾਡੇ ਸੰਗਠਨ ਦੇ ਮੈਂਬਰਾਂ ਵਿਚ ਰੱਬ ਦੇ ਰਾਜ ਦੇ ਕੰਮ ਕਰਨ ਦੀ ਇੱਛਾ ਅਤੇ ਜੋਸ਼ ਹੈ। ਮੈਂ ਇਸ ਜਜ਼ਬੇ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਸਾਰੇ ਕੰਮਾਂ ਦੀ ਕਦਰ ਕੀਤੀ ਜਾਂਦੀ ਹੈ ਜੋ ਯਹੋਵਾਹ ਦੇ ਗਵਾਹ ਆਪਣੇ ਮੈਂਬਰਾਂ ਅਤੇ ਸਮਾਜ ਲਈ ਕਰਦੇ ਹਨ।”

ਅਮਰੀਕਾ ਦੇ ਜਾਰਜੀਆ ਪ੍ਰਾਂਤ ਦੇ ਐਟਲਾਂਟਾ ਸ਼ਹਿਰ ਦੇ ਮੇਅਰ ਕਾਸਿਮ ਰੀਡ ਨੇ ਆਪਣੀ ਚਿੱਠੀ ਵਿਚ ਇਹ ਸ਼ਬਦ ਲਿਖੇ ਸਨ। ਇਸ ਚਿੱਠੀ ਵਿਚ ਉਸ ਨੇ ਉੱਥੇ ਹੋਣ ਵਾਲੇ ਤਿੰਨ ਵੱਡੇ ਸੰਮੇਲਨਾਂ ਵਿਚ ਹਾਜ਼ਰ ਹੋਣ ਵਾਲੇ ਯਹੋਵਾਹ ਦੇ ਗਵਾਹਾਂ ਦਾ ਸੁਆਗਤ ਕੀਤਾ।

ਇਸੇ ਤਰ੍ਹਾਂ ਐਟਲਾਂਟਾ ਸਿਟੀ ਕੌਂਸਲ ਨੇ ਵੱਡੇ ਸੰਮੇਲਨ ਵਿਚ ਹਾਜ਼ਰ ਹੋਣ ਵਾਲੇ ਡੈਲੀਗੇਟਾਂ ਦੇ ਸੁਆਗਤ ਦੀ ਘੋਸ਼ਣਾ ਕੀਤੀ। ਘੋਸ਼ਣਾ ਵਿਚ ਕਿਹਾ ਗਿਆ ਸੀ: ‘ਦੁਨੀਆਂ ਭਰ ਵਿਚ ਲਗਭਗ 80 ਲੱਖ ਯਹੋਵਾਹ ਦੇ ਗਵਾਹ ਹਨ ਜੋ ਕਿ ਅਲੱਗ-ਅਲੱਗ ਪਿਛੋਕੜਾਂ ਅਤੇ ਭਾਸ਼ਾਵਾਂ ਬੋਲਣ ਵਾਲੇ ਹਨ। ਪਰ ਇੱਕੋ ਜਿਹੇ ਟੀਚੇ ਹੋਣ ਕਰਕੇ ਉਹ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਨ। ਤੁਸੀਂ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹੋ ਜਿਸ ਨੂੰ ਬਾਈਬਲ ਵਿਚ ਰੱਬ ਅਤੇ ਸ੍ਰਿਸ਼ਟੀਕਰਤਾ ਕਿਹਾ ਗਿਆ ਹੈ।’

ਜੁਲਾਈ ਅਤੇ ਅਗਸਤ 2014 ਵਿਚ ਤਿੰਨ ਵੱਡੇ ਸੰਮੇਲਨ ਕਰਵਾਏ ਗਏ ਜਿਨ੍ਹਾਂ ਵਿੱਚੋਂ ਦੋ ਅੰਗ੍ਰੇਜ਼ੀ ਵਿਚ ਅਤੇ ਇਕ ਸਪੇਨੀ ਭਾਸ਼ਾ ਵਿਚ ਸੀ। ਘੱਟੋ-ਘੱਟ 28 ਦੇਸ਼ਾਂ ਵਿੱਚੋਂ ਡੈਲੀਗੇਟ ਆਏ ਸਨ ਅਤੇ ਅੰਗ੍ਰੇਜ਼ੀ ਦੇ ਪ੍ਰੋਗ੍ਰਾਮ ਨੂੰ ਰੂਸੀ ਅਤੇ ਜਪਾਨੀ ਭਾਸ਼ਾ ਵਿਚ ਨਾਲ-ਨਾਲ ਅਨੁਵਾਦ ਕੀਤਾ ਗਿਆ ਤਾਂਕਿ ਇਹ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਫ਼ਾਇਦਾ ਹੋ ਸਕੇ। ਇਨ੍ਹਾਂ ਸੰਮੇਲਨਾਂ ਵਿਚ 95,689 ਜਣੇ ਹਾਜ਼ਰ ਹੋਏ ਸਨ।

ਸਾਲ 2014 ਦੌਰਾਨ ਯਹੋਵਾਹ ਦੇ ਗਵਾਹਾਂ ਦੁਆਰਾ ਨੌਂ ਦੇਸ਼ਾਂ ਵਿਚ 24 ਵੱਡੇ ਅੰਤਰਰਾਸ਼ਟਰੀ ਸੰਮੇਲਨ ਕਰਵਾਏ ਗਏ ਜਿਨ੍ਹਾਂ ਵਿੱਚੋਂ 16 ਅਮਰੀਕਾ ਦੀਆਂ ਅਲੱਗ-ਅਲੱਗ ਥਾਵਾਂ ਵਿਚ ਹੋਏ।