Skip to content

ਪਹਿਰਾਬੁਰਜ—ਕੋਈ ਹੋਰ ਮੈਗਜ਼ੀਨ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ

ਪਹਿਰਾਬੁਰਜ—ਕੋਈ ਹੋਰ ਮੈਗਜ਼ੀਨ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ

ਪਹਿਰਾਬੁਰਜ ਮੈਗਜ਼ੀਨ ਦੁਨੀਆਂ ਦੇ ਹੋਰ ਕਿਸੇ ਵੀ ਮੈਗਜ਼ੀਨ ਨਾਲੋਂ ਜ਼ਿਆਦਾ ਵੰਡਿਆ ਜਾਂਦਾ ਹੈ। ਇਸ ਦੇ ਹਰ ਅੰਕ ਦੀ ਛਪਾਈ 4 ਕਰੋੜ 20 ਲੱਖ ਤੋਂ ਜ਼ਿਆਦਾ ਹੈ। ਜਾਗਰੂਕ ਬਣੋ! ਮੈਗਜ਼ੀਨ ਦੇ ਹਰ ਅੰਕ ਦੀਆਂ 4 ਕਰੋੜ 10 ਲੱਖ ਕਾਪੀਆਂ ਵੰਡੀਆਂ ਜਾਂਦੀਆਂ ਹਨ। ਦੋਵੇਂ ਮੈਗਜ਼ੀਨ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਅਤੇ 236 ਦੇਸ਼ਾਂ ਵਿਚ ਵੰਡੇ ਜਾਂਦੇ ਹਨ।

ਇਸ ਦੇ ਮੁਕਾਬਲੇ ਹੋਰ ਪ੍ਰਕਾਸ਼ਨਾਂ ਦੀ ਗਿਣਤੀ ਕਿੰਨੀ ਕੁ ਹੈ? ਦੀ ਐਸੋਸੀਏਸ਼ਨ ਆਫ਼ ਮੈਗਜ਼ੀਨ ਮੀਡੀਆ ਅਨੁਸਾਰ ਅਮਰੀਕਾ ਵਿਚ ਸਭ ਤੋਂ ਵੱਧ ਵਿਕਣ ਵਾਲਾ ਮੈਗਜ਼ੀਨ 50 ਸਾਲ ਤੋਂ ਉੱਪਰ ਦੇ ਲੋਕਾਂ ਲਈ ਬਣਾਈ ਗਈ ਸੰਸਥਾ ਏ.ਏ.ਆਰ.ਪੀ ਦੁਆਰਾ ਛਾਪਿਆ ਜਾਂਦਾ ਹੈ। ਇਸ ਮੈਗਜ਼ੀਨ ਦੀਆਂ 2 ਕਰੋੜ 24 ਲੱਖ ਤੋਂ ਜ਼ਿਆਦਾ ਕਾਪੀਆਂ ਵੰਡੀਆਂ ਜਾਂਦੀਆਂ ਹਨ। ਜਰਮਨੀ ਦੇ ਏ.ਡੀ.ਏ.ਸੀ. ਮੋਟਰਵੈੱਲਟ ਮੈਗਜ਼ੀਨ ਦੀਆਂ ਔਸਤਨ 1 ਕਰੋੜ 40 ਲੱਖ ਅਤੇ ਚੀਨੀ ਗੂਸ਼ੇ ਹਵੇ (ਕਹਾਣੀਆਂ) ਦੀਆਂ 54 ਲੱਖ ਕਾਪੀਆਂ ਛਾਪੀਆਂ ਜਾਂਦੀਆਂ ਹਨ।

ਅਖ਼ਬਾਰਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਇਨ੍ਹਾਂ ਵਿੱਚੋਂ ਜਪਾਨ ਦਾ ਯੋਮੀਯੂਰੀ ਸ਼ਿਮਬੁੱਨ ਅਖ਼ਬਾਰ ਪਹਿਲੇ ਨੰਬਰ ʼਤੇ ਹੈ। ਇਸ ਦੀਆਂ ਬਾਕਾਇਦਾ 10 ਕਰੋੜ ਤੋਂ ਜ਼ਿਆਦਾ ਕਾਪੀਆਂ ਛਾਪੀਆਂ ਜਾਂਦੀਆਂ ਹਨ।

ਪ੍ਰਕਾਸ਼ਨ ਦਾ ਅਨੁਵਾਦ ਕਰਨ ਦੇ ਮਾਮਲੇ ਵਿਚ ਵੀ ਗਵਾਹ ਦੂਜਿਆਂ ਤੋਂ ਅੱਗੇ ਹਨ। ਪਹਿਰਾਬੁਰਜ ਦਾ 190 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਤੇ ਜਾਗਰੂਕ ਬਣੋ! ਦਾ 80 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਂਦਾ ਹੈ। ਇਸ ਦੇ ਮੁਕਾਬਲੇ ਰੀਡਰਸ ਡਾਈਜੈੱਸਟ ਦਾ 21 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਂਦਾ ਹੈ, ਪਰ ਇਸ ਵਿਚ ਛਪਣ ਵਾਲੇ ਲੇਖ ਵੱਖੋ-ਵੱਖਰੇ ਦੇਸ਼ਾਂ ਵਿਚ ਅਲੱਗ-ਅਲੱਗ ਹੁੰਦੇ ਹਨ।

ਇੱਥੇ ਜ਼ਿਕਰ ਕੀਤੇ ਗਏ ਹੋਰ ਮੈਗਜ਼ੀਨਾਂ ਤੋਂ ਉਲਟ ਪਹਿਰਾਬੁਰਜ ਅਤੇ ਜਾਗਰੂਕ ਬਣੋ! ਮੈਗਜ਼ੀਨ ਦਾਨ ਕੀਤੇ ਪੈਸਿਆਂ ਨਾਲ ਛਾਪੇ ਜਾਂਦੇ ਹਨ। ਨਾਲੇ ਇਸ ਵਿਚ ਕਿਸੇ ਚੀਜ਼ ਦੀ ਮਸ਼ਹੂਰੀ ਵਗੈਰਾ ਨਹੀਂ ਕੀਤੀ ਜਾਂਦੀ ਅਤੇ ਇਸ ਉੱਤੇ ਕੋਈ ਕੀਮਤ ਨਹੀਂ ਲਿਖੀ ਗਈ ਹੈ।

ਪਹਿਰਾਬੁਰਜ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝਾਉਂਦਾ ਹੈ, ਖ਼ਾਸ ਤੌਰ ਤੇ ਕਿ ਬਾਈਬਲ ਪਰਮੇਸ਼ੁਰ ਦੇ ਰਾਜ ਬਾਰੇ ਕੀ ਦੱਸਦੀ ਹੈ। ਇਹ ਸੰਨ 1879 ਤੋਂ ਲਗਾਤਾਰ ਛਾਪਿਆ ਜਾ ਰਿਹਾ ਹੈ। ਜਾਗਰੂਕ ਬਣੋ! ਵਿਚ ਕੁਦਰਤ, ਸਾਇੰਸ ਅਤੇ ਹੋਰ ਆਮ ਵਿਸ਼ਿਆਂ ʼਤੇ ਗੱਲ ਕੀਤੀ ਜਾਂਦੀ ਹੈ ਤਾਂਕਿ ਇਸ ਨੂੰ ਪੜ੍ਹਨ ਵਾਲੇ ਲੋਕ ਸਿਰਜਣਹਾਰ ਉੱਤੇ ਨਿਹਚਾ ਕਰਨ। ਇਹ ਇਸ ਗੱਲ ʼਤੇ ਵੀ ਜ਼ੋਰ ਦਿੰਦਾ ਹੈ ਕਿ ਬਾਈਬਲ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਕਿਵੇਂ ਮਦਦ ਕਰ ਸਕਦੀ ਹੈ।