ਸਾਰੀ ਦੁਨੀਆਂ ਵਿਚ ਲੋਕ ਯਹੋਵਾਹ ਦੇ ਗਵਾਹਾਂ ਦੀਆਂ ਕਿਤਾਬਾਂ ਤੇ ਮੈਗਜ਼ੀਨ ਵਗੈਰਾ ਪੜ੍ਹਦੇ ਹਨ। ਲੱਖਾਂ ਲੋਕ ਆਪਣੇ ਕੰਪਿਊਟਰ ਜਾਂ ਟੈਬਲੈਟ ਵਗੈਰਾ ’ਤੇ ਇਹ ਪ੍ਰਕਾਸ਼ਨ ਪੜ੍ਹਦੇ ਹਨ, ਜਿਵੇਂ ਤੁਸੀਂ ਹੁਣ ਪੜ੍ਹ ਰਹੇ ਹੋ। ਪਰ ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਵੇ ਕਿ ਸਾਡਾ ਛਪਾਈ ਦਾ ਕੰਮ ਕਿੰਨੇ ਵੱਡੇ ਪੱਧਰ ’ਤੇ ਹੁੰਦਾ ਹੈ। 2013 ਤੋਂ ਅਸੀਂ ਲਗਭਗ 700 ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪ ਕੇ 239 ਦੇਸ਼ਾਂ ਵਿਚ ਵੰਡਦੇ ਹਾਂ।

1920 ਤੋਂ ਪਹਿਲਾਂ ਸਾਡਾ ਸਾਰਾ ਛਪਾਈ ਦਾ ਕੰਮ ਕਮਰਸ਼ੀਅਲ ਕੰਪਨੀਆਂ ਕਰਦੀਆਂ ਹੁੰਦੀਆਂ ਸਨ। ਫਿਰ ਉਸ ਸਾਲ ਅਸੀਂ ਬਰੁਕਲਿਨ, ਨਿਊਯਾਰਕ ਵਿਚ ਇਕ ਕਿਰਾਏ ਦੀ ਛੋਟੀ ਜਿਹੀ ਇਮਾਰਤ ਵਿਚ ਆਪਣੇ ਕੁਝ ਮੈਗਜ਼ੀਨ ਤੇ ਛੋਟੀਆਂ ਕਿਤਾਬਾਂ ਛਾਪਣੀਆਂ ਸ਼ੁਰੂ ਕੀਤੀਆਂ। ਉਸ ਵੇਲੇ ਕੰਮ ਬਹੁਤ ਛੋਟੇ ਪੱਧਰ ’ਤੇ ਕੀਤਾ ਜਾਂਦਾ ਸੀ, ਪਰ ਹੁਣ ਉੱਤਰੀ ਅਮਰੀਕਾ, ਅਫ਼ਰੀਕਾ, ਆਸਟ੍ਰੇਲੀਆ, ਏਸ਼ੀਆ, ਦੱਖਣੀ ਅਮਰੀਕਾ ਅਤੇ ਯੂਰਪ ਵਿਚ ਸਾਡੇ 15 ਛਾਪੇਖ਼ਾਨੇ ਹਨ।

ਸਭ ਤੋਂ ਮਹੱਤਵਪੂਰਣ ਕਿਤਾਬ

ਅਸੀਂ ਸਭ ਤੋਂ ਮਹੱਤਵਪੂਰਣ ਕਿਤਾਬ, ਬਾਈਬਲ ਛਾਪਦੇ ਹਾਂ। 1942 ਵਿਚ ਅਸੀਂ ਪਹਿਲੀ ਵਾਰ ਆਪਣੀਆਂ ਪ੍ਰੈੱਸਾਂ ’ਤੇ ਪੂਰੀ ਬਾਈਬਲ ਛਾਪੀ ਸੀ; ਇਹ ਅੰਗ੍ਰੇਜ਼ੀ ਵਿਚ ਕਿੰਗ ਜੇਮਜ਼ ਵਰਯਨ ਸੀ। 1961 ਤੋਂ ਯਹੋਵਾਹ ਦੇ ਗਵਾਹਾਂ ਨੇ ਪੂਰੀ ਨਵੀਂ ਦੁਨੀਆਂ ਅਨੁਵਾਦ ਬਾਈਬਲ ਤਿਆਰ ਕਰ ਕੇ ਛਾਪੀ ਹੈ। 2013 ਤਕ ਅਸੀਂ 121 ਭਾਸ਼ਾਵਾਂ ਵਿਚ ਇਸ ਬਾਈਬਲ ਦੀਆਂ 18 ਕਰੋੜ 40 ਲੱਖ ਕਾਪੀਆਂ ਛਾਪੀਆਂ ਸਨ।

ਪਰ ਇਹ ਅੰਕੜੇ ਪੂਰੀ ਕਹਾਣੀ ਨਹੀਂ ਦੱਸਦੇ। ਜਿਹੜੀਆਂ ਬਾਈਬਲਾਂ ਅਸੀਂ ਛਾਪਦੇ ਹਾਂ, ਉਹ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਹੁੰਦੀਆਂ ਹਨ। ਜਿਹੜੇ ਪੇਪਰ ’ਤੇ ਇਹ ਛਾਪੀਆਂ ਜਾਂਦੀਆਂ ਹਨ, ਉਸ ਉੱਤੇ ਕੋਈ ਤੇਜ਼ਾਬ ਇਸਤੇਮਾਲ ਨਹੀਂ ਕੀਤਾ ਗਿਆ ਹੁੰਦਾ ਜਿਸ ਕਰਕੇ ਪੇਪਰ ਪੀਲ਼ਾ ਨਹੀਂ ਪੈਂਦਾ। ਇਸ ਦੇ ਸਾਰੇ ਪੇਪਰਾਂ ਨੂੰ ਗੂੰਦ ਨਾਲ ਚੰਗੀ ਤਰ੍ਹਾਂ ਜੋੜਿਆ ਗਿਆ ਹੈ ਅਤੇ ਇਸ ਉੱਤੇ ਵਧੀਆ ਜਿਲਦ ਚੜ੍ਹਾਈ ਗਈ ਹੈ। ਇਸ ਕਰਕੇ ਰੋਜ਼-ਰੋਜ਼ ਇਸਤੇਮਾਲ ਕਰਨ ’ਤੇ ਵੀ ਇਹ ਬਾਈਬਲ ਖ਼ਰਾਬ ਨਹੀਂ ਹੁੰਦੀ।

ਹੋਰ ਪ੍ਰਕਾਸ਼ਨ

ਅਸੀਂ ਬਾਈਬਲ ਨੂੰ ਸਮਝਣ ਵਿਚ ਲੋਕਾਂ ਦੀ ਮਦਦ ਕਰਨ ਲਈ ਹੋਰ ਪ੍ਰਕਾਸ਼ਨ ਵੀ ਛਾਪਦੇ ਹਾਂ। 2013 ਦੇ ਕੁਝ ਅੰਕੜਿਆਂ ਵੱਲ ਧਿਆਨ ਦਿਓ:

  • ਸਾਡਾ ਮੁੱਖ ਰਸਾਲਾ ਪਹਿਰਾਬੁਰਜ 210 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ ਅਤੇ ਇਹ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਵੰਡਿਆ ਜਾਣ ਵਾਲਾ ਰਸਾਲਾ ਹੈ। 16 ਸਫ਼ਿਆਂ ਵਾਲੇ ਹਰ ਅੰਕ ਦੀਆਂ ਲਗਭਗ 4 ਕਰੋੜ 50 ਲੱਖ ਕਾਪੀਆਂ ਛਾਪੀਆਂ ਜਾਂਦੀਆਂ ਹਨ।

  • ਸਾਡਾ ਦੂਸਰਾ ਰਸਾਲਾ ਜਾਗਰੂਕ ਬਣੋ! 99 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ ਅਤੇ ਪਹਿਰਾਬੁਰਜ ਤੋਂ ਬਾਅਦ ਇਹ ਦੂਸਰਾ ਸਭ ਤੋਂ ਜ਼ਿਆਦਾ ਵੰਡਿਆ ਜਾਣ ਵਾਲਾ ਰਸਾਲਾ ਹੈ। ਹਰ ਅੰਕ ਦੀਆਂ 4 ਕਰੋੜ 40 ਲੱਖ ਕਾਪੀਆਂ ਛਾਪੀਆਂ ਜਾਂਦੀਆਂ ਹਨ।

  • ਬਾਈਬਲ ਦੀਆਂ ਮੂਲ ਸਿੱਖਿਆਵਾਂ ਨੂੰ ਸਮਝਣ ਵਿਚ ਮਦਦ ਕਰਨ ਲਈ 224 ਸਫ਼ਿਆਂ ਵਾਲੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਤਿਆਰ ਕੀਤੀ ਗਈ ਹੈ। 2005 ਤੋਂ ਇਸ ਦੀਆਂ 240 ਤੋਂ ਜ਼ਿਆਦਾ ਭਾਸ਼ਾਵਾਂ ਵਿਚ 21 ਕਰੋੜ 40 ਲੱਖ ਕਾਪੀਆਂ ਛਾਪੀਆਂ ਗਈਆਂ ਹਨ।

  • 32 ਸਫ਼ਿਆਂ ਵਾਲਾ ਬਰੋਸ਼ਰ ਰੱਬ ਦੀ ਸੁਣੋ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਜ਼ਿਆਦਾ ਪੜ੍ਹਨਾ ਨਹੀਂ ਆਉਂਦਾ। ਇਸ ਵਿਚ ਸੋਹਣੀਆਂ ਤਸਵੀਰਾਂ ਅਤੇ ਥੋੜ੍ਹੇ ਸ਼ਬਦਾਂ ਦੀ ਮਦਦ ਨਾਲ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝਾਇਆ ਗਿਆ ਹੈ। 400 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਇਸ ਦੀਆਂ 4 ਕਰੋੜ 20 ਲੱਖ ਕਾਪੀਆਂ ਛਾਪੀਆਂ ਗਈਆਂ ਹਨ।

ਇਨ੍ਹਾਂ ਪ੍ਰਕਾਸ਼ਨਾਂ ਤੋਂ ਇਲਾਵਾ, ਯਹੋਵਾਹ ਦੇ ਗਵਾਹ ਹੋਰ ਵੀ ਕਈ ਕਿਤਾਬਾਂ, ਬਰੋਸ਼ਰ ਤੇ ਟ੍ਰੈਕਟ ਛਾਪਦੇ ਹਨ ਜੋ ਬਾਈਬਲ ਸਟੱਡੀ ਕਰਨ ਵਾਲੇ ਲੋਕਾਂ ਦੀ ਬਾਈਬਲ ਸੰਬੰਧੀ ਸਵਾਲਾਂ ਦੇ ਜਵਾਬ ਜਾਣਨ, ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਅਤੇ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਲਿਆਉਣ ਵਿਚ ਮਦਦ ਕਰਦੇ ਹਨ। 2012 ਵਿਚ ਯਹੋਵਾਹ ਦੇ ਗਵਾਹਾਂ ਦੇ ਛਾਪੇਖ਼ਾਨਿਆਂ ਵਿਚ 1 ਅਰਬ 30 ਕਰੋੜ ਤੋਂ ਜ਼ਿਆਦਾ ਰਸਾਲੇ ਅਤੇ 8 ਕਰੋੜ ਕਿਤਾਬਾਂ ਅਤੇ ਬਾਈਬਲਾਂ ਛਾਪੀਆਂ ਗਈਆਂ ਸਨ।

2012 ਵਿਚ ਯਹੋਵਾਹ ਦੇ ਗਵਾਹਾਂ ਦੇ ਛਾਪੇਖ਼ਾਨਿਆਂ ਵਿਚ 1 ਅਰਬ 30 ਕਰੋੜ ਤੋਂ ਜ਼ਿਆਦਾ ਰਸਾਲੇ ਅਤੇ 8 ਕਰੋੜ ਕਿਤਾਬਾਂ ਅਤੇ ਬਾਈਬਲਾਂ ਛਾਪੀਆਂ ਗਈਆਂ ਸਨ

ਸਾਡੇ ਛਾਪੇਖ਼ਾਨਿਆਂ ਦਾ ਟੂਰ ਕਰਨ ਵਾਲੇ ਲੋਕ ਅਕਸਰ ਇਹ ਦੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਇੱਥੇ ਕੰਮ ਕਰਨ ਵਾਲੇ ਸਾਰੇ ਲੋਕ ਇਨ੍ਹਾਂ ਪ੍ਰਕਾਸ਼ਨਾਂ ਨੂੰ ਤਿਆਰ ਕਰਨ ਲਈ ਕਿੰਨੀ ਮਿਹਨਤ ਕਰਦੇ ਹਨ। ਇਹ ਸਾਰੇ ਆਦਮੀ ਤੇ ਤੀਵੀਆਂ ਆਪਣੀ ਇੱਛਾ ਨਾਲ ਆਪਣਾ ਸਮਾਂ ਤੇ ਤਾਕਤ ਇਸ ਕੰਮ ਵਿਚ ਲਾਉਂਦੇ ਹਨ ਅਤੇ ਇਸ ਦੇ ਲਈ ਉਹ ਕੋਈ ਪੈਸਾ ਨਹੀਂ ਲੈਂਦੇ। ਜਦੋਂ ਉਹ ਬੈਥਲ (ਜਿਸ ਦਾ ਮਤਲਬ ਹੈ “ਪਰਮੇਸ਼ੁਰ ਦਾ ਘਰ”) ਆਉਂਦੇ ਹਨ, ਤਾਂ ਜ਼ਿਆਦਾਤਰ ਲੋਕਾਂ ਨੂੰ ਛਪਾਈ ਦਾ ਕੋਈ ਤਜਰਬਾ ਨਹੀਂ ਹੁੰਦਾ। ਪਰ ਉੱਥੇ ਉਨ੍ਹਾਂ ਨੂੰ ਕੰਮ ਦੇ ਵਧੀਆ ਮਾਹੌਲ ਵਿਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮਿਸਾਲ ਲਈ, ਉੱਥੇ ਆਮ ਤੌਰ ਤੇ 20-25 ਸਾਲ ਦੇ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਪ੍ਰੈੱਸਾਂ ’ਤੇ ਕੰਮ ਕਰਦਿਆਂ ਦੇਖਿਆ ਜਾ ਸਕਦਾ ਹੈ ਜੋ 16 ਸਫ਼ਿਆਂ ਵਾਲੇ ਰਸਾਲੇ ਦੀਆਂ ਇਕ ਘੰਟੇ ਵਿਚ 2 ਲੱਖ ਕਾਪੀਆਂ ਛਾਪ ਸਕਦੀਆਂ ਹਨ।

ਇਸ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਜ਼ਾਇਨਸ ਵਾਚ ਟਾਵਰ, ਜਿਸ ਨੂੰ ਹੁਣ ਪਹਿਰਾਬੁਰਜ ਕਿਹਾ ਜਾਂਦਾ ਹੈ, ਦੇ ਅਗਸਤ 1879 ਦੇ ਅੰਕ ਵਿਚ ਇਹ ਕਿਹਾ ਗਿਆ ਸੀ: “ਸਾਨੂੰ ਵਿਸ਼ਵਾਸ ਹੈ ਕਿ ‘ਜ਼ਾਇਨਸ ਵਾਚ ਟਾਵਰ’ ਉੱਤੇ ਯਹੋਵਾਹ ਦੀ ਮਿਹਰ ਹੈ, ਇਸ ਲਈ ਇਸ ਨੂੰ ਛਾਪਣ ਲਈ ਸਾਨੂੰ ਮਦਦ ਵਾਸਤੇ ਕਿਸੇ ਮਨੁੱਖ ਤੋਂ ਭੀਖ ਨਹੀਂ ਮੰਗਣਾ ਪਵੇਗਾ।” ਅਸੀਂ ਅਜੇ ਵੀ ਇਸ ਗੱਲ ’ਤੇ ਵਿਸ਼ਵਾਸ ਰੱਖਦੇ ਹਾਂ।

ਅਸੀਂ ਇਸ ਕੰਮ ’ਤੇ ਇੰਨਾ ਸਮਾਂ, ਪੈਸਾ ਤੇ ਤਾਕਤ ਕਿਉਂ ਲਾਉਂਦੇ ਹਾਂ? ਕਿਉਂਕਿ ਚਾਹੇ ਤੁਸੀਂ ਸਾਡੇ ਛਾਪੇਖ਼ਾਨਿਆਂ ਵਿਚ ਛਾਪੀਆਂ ਜਾਂਦੀਆਂ ਕਰੋੜਾਂ ਬਾਈਬਲਾਂ ਜਾਂ ਕਿਤਾਬਾਂ ਵਿੱਚੋਂ ਕੁਝ ਪੜ੍ਹਦੇ ਹੋ ਜਾਂ ਇਸ ਵੈੱਬਸਾਈਟ ਉੱਤੇ ਕੁਝ ਪੜ੍ਹਦੇ ਹੋ, ਸਾਨੂੰ ਉਮੀਦ ਹੈ ਕਿ ਇਨ੍ਹਾਂ ਦੀ ਮਦਦ ਨਾਲ ਤੁਸੀਂ ਰੱਬ ਦੇ ਨੇੜੇ ਜਾ ਸਕੋਗੇ।