Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਮੈਕਸੀਕੋ ਤੇ ਕੇਂਦਰੀ ਅਮਰੀਕਾ ਵਿਚ ਅਨੁਵਾਦ ਦਾ ਕੰਮ

ਮੈਕਸੀਕੋ ਤੇ ਕੇਂਦਰੀ ਅਮਰੀਕਾ ਵਿਚ ਅਨੁਵਾਦ ਦਾ ਕੰਮ

ਮੈਕਸੀਕੋ ਤੇ ਕੇਂਦਰੀ ਅਮਰੀਕਾ ਦੇ 6 ਦੇਸ਼ਾਂ ਵਿਚ ਲਗਭਗ 290 ਅਨੁਵਾਦਕ ਹਨ ਜੋ 60 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਦੇ ਪ੍ਰਕਾਸ਼ਨਾਂ ਦਾ ਅਨੁਵਾਦ ਕਰਦੇ ਹਨ। ਉਹ ਇਹ ਕੰਮ ਕਿਉਂ ਕਰਦੇ ਹਨ? ਕਿਉਂਕਿ ਜਦੋਂ ਲੋਕ ਬਾਈਬਲ ਦੇ ਪ੍ਰਕਾਸ਼ਨ ਆਪਣੀ ਭਾਸ਼ਾ ਵਿਚ ਪੜ੍ਹਦੇ ਹਨ, ਤਾਂ ਉਹ ਇਨ੍ਹਾਂ ਨੂੰ ਆਸਾਨੀ ਨਾਲ ਸਮਝ ਸਕਦੇ ਹਨ ਤੇ ਉਨ੍ਹਾਂ ਵਿਚ ਲਿਖੀਆਂ ਗੱਲਾਂ ਉਨ੍ਹਾਂ ਦੇ ਦਿਲਾਂ ਨੂੰ ਛੋਹ ਲੈਂਦੀਆਂ ਹਨ।—1 ਕੁਰਿੰਥੀਆਂ 14:9.

ਮੈਕਸੀਕੋ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ ਵਿਚ ਕੰਮ ਕਰਨ ਵਾਲੇ ਕੁਝ ਅਨੁਵਾਦਕ ਆਪਣੇ ਅਨੁਵਾਦ ਨੂੰ ਸੁਧਾਰਨ ਲਈ ਉਨ੍ਹਾਂ ਥਾਵਾਂ ’ਤੇ ਟ੍ਰਾਂਸਲੇਸ਼ਨ ਆਫ਼ਿਸਾਂ ਵਿਚ ਚਲੇ ਗਏ ਜਿੱਥੇ ਉਨ੍ਹਾਂ ਦੀ ਭਾਸ਼ਾ ਬੋਲੀ ਜਾਂਦੀ ਹੈ। ਇੱਦਾਂ ਕਰ ਕੇ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ ਹੈ? ਅਨੁਵਾਦਕਾਂ ਦਾ ਉਸ ਭਾਸ਼ਾ ਦੇ ਬੋਲਣ ਵਾਲੇ ਲੋਕਾਂ ਨਾਲ ਜ਼ਿਆਦਾ ਵਾਹ ਪੈਂਦਾ ਹੈ ਜਿਸ ਭਾਸ਼ਾ ਵਿਚ ਉਹ ਪ੍ਰਕਾਸ਼ਨ ਅਨੁਵਾਦ ਕਰਦੇ ਹਨ। ਇਸ ਤਰ੍ਹਾਂ ਅਨੁਵਾਦਕ ਸੌਖਿਆਂ ਹੀ ਉਹ ਪ੍ਰਕਾਸ਼ਨ ਤਿਆਰ ਕਰ ਸਕਦੇ ਹਨ ਜਿਨ੍ਹਾਂ ਨੂੰ ਲੋਕ ਝੱਟ ਸਮਝ ਸਕਦੇ ਹਨ।

ਇਸ ਨਵੇਂ ਇੰਤਜ਼ਾਮ ਬਾਰੇ ਅਨੁਵਾਦਕਾਂ ਦਾ ਕੀ ਕਹਿਣਾ ਹੈ? ਗੇਰੇਰੋ ਨਹੂਆਟਲ ਭਾਸ਼ਾ ਵਿਚ ਅਨੁਵਾਦ ਕਰਨ ਵਾਲਾ ਫੇਡੇਰੀਕੋ ਕਹਿੰਦਾ ਹੈ: “ਮੈਂ ਤਕਰੀਬਨ 10 ਸਾਲ ਮੈਕਸੀਕੋ ਸ਼ਹਿਰ ਵਿਚ ਰਿਹਾ ਤੇ ਉਸ ਸਮੇਂ ਦੌਰਾਨ ਮੈਨੂੰ ਸਿਰਫ਼ ਇਕ ਪਰਿਵਾਰ ਮਿਲਿਆ ਜੋ ਇਹ ਭਾਸ਼ਾ ਬੋਲਦਾ ਸੀ। ਪਰ ਹੁਣ ਜਿੱਥੇ ਅਨੁਵਾਦ ਦਾ ਆਫ਼ਿਸ ਹੈ, ਉੱਥੇ ਦੇ ਨੇੜੇ-ਤੇੜੇ ਦੇ ਕਸਬਿਆਂ ਵਿਚ ਤਕਰੀਬਨ ਸਾਰੇ ਲੋਕ ਇਹੀ ਭਾਸ਼ਾ ਬੋਲਦੇ ਹਨ!”

ਮੈਕਸੀਕੋ ਦੇ ਚਿਵਾਵਾ ਰਾਜ ਵਿਚ ਲੋ ਜਰਮਨ ਭਾਸ਼ਾ ਦੇ ਅਨੁਵਾਦ ਆਫ਼ਿਸ ਵਿਚ ਅਨੁਵਾਦ ਦਾ ਕੰਮ ਕਰਦੀ ਕਾਰੀਨ ਦੱਸਦੀ ਹੈ: “ਮੇਨੋਨਾਇਟ ਲੋਕਾਂ ਵਿਚ ਰਹਿ ਕੇ ਮੈਂ ਆਪਣੀ ਲੋ ਜਰਮਨ ਸੁਧਾਰੀ ਹੈ ਜੋ ਲੋਕ ਰੋਜ਼ ਬੋਲਦੇ ਹਨ। ਅਸੀਂ ਇਕ ਛੋਟੇ ਜਿਹੇ ਕਸਬੇ ਵਿਚ ਰਹਿ ਕੇ ਕੰਮ ਕਰਦੇ ਹਾਂ। ਜਦੋਂ ਮੈਂ ਤਾਕੀ ਵਿੱਚੋਂ ਬਾਹਰ ਦੇਖਦੀ ਹਾਂ, ਤਾਂ ਮੈਂ ਉਨ੍ਹਾਂ ਲੋਕਾਂ ਨੂੰ ਦੇਖਦੀ ਹਾਂ ਜਿਨ੍ਹਾਂ ਨੂੰ ਸਾਡੇ ਅਨੁਵਾਦ ਦੇ ਕੰਮ ਤੋਂ ਫ਼ਾਇਦਾ ਹੋਵੇਗਾ।”

ਮੈਕਸੀਕੋ ਦੇ ਮੇਰਿਡਾ ਸ਼ਹਿਰ ਵਿਚ ਅਨੁਵਾਦ ਆਫ਼ਿਸ ਵਿਚ ਅਨੁਵਾਦ ਦਾ ਕੰਮ ਕਰਨ ਵਾਲੀ ਨੇਈਫ਼ੀ ਕਹਿੰਦੀ ਹੈ: “ਜਦੋਂ ਅਸੀਂ ਮਾਇਆ ਭਾਸ਼ਾ ਦੇ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਾਉਂਦੇ ਹਾਂ, ਉਦੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੇ ਸ਼ਬਦ ਇਨ੍ਹਾਂ ਲੋਕਾਂ ਨੂੰ ਸੌਖਿਆਂ ਹੀ ਸਮਝ ਨਹੀਂ ਆਉਂਦੇ। ਸੋ ਇਨ੍ਹਾਂ ਸ਼ਬਦਾਂ ਨੂੰ ਅਨੁਵਾਦ ਕਰਨ ਲਈ ਅਸੀਂ ਹੋਰ ਤਰੀਕੇ ਲੱਭਦੇ ਹਾਂ ਤਾਂਕਿ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆਵੇ।”

ਜਿਹੜੇ ਲੋਕ ਇਹ ਪ੍ਰਕਾਸ਼ਨ ਪੜ੍ਹਦੇ ਹਨ, ਉਨ੍ਹਾਂ ਨੂੰ ਕੀ ਫ਼ਾਇਦਾ ਹੁੰਦਾ ਹੈ? ਇਕ ਮਿਸਾਲ ’ਤੇ ਗੌਰ ਕਰੋ: ਏਲੇਨਾ ਦੀ ਮਾਂ ਬੋਲੀ ਤਲਾਪਾਨੈਕ ਹੈ ਤੇ ਉਹ ਤਕਰੀਬਨ 40 ਸਾਲਾਂ ਤੋਂ ਯਹੋਵਾਹ ਦੇ ਗਵਾਹ ਦੇ ਮੀਟਿੰਗਾਂ ਵਿਚ ਬਾਕਾਇਦਾ ਜਾਂਦੀ ਸੀ। ਪਰ ਉੱਥੇ ਮੀਟਿੰਗਾਂ ਸਪੇਨੀ ਭਾਸ਼ਾ ਵਿਚ ਹੁੰਦੀਆਂ ਸਨ ਜਿਸ ਕਰਕੇ ਉਹ ਕੁਝ ਸਮਝ ਨਹੀਂ ਸਕਦੀ ਸੀ। ਉਹ ਕਹਿੰਦੀ ਹੈ: “ਮੈਨੂੰ ਪਤਾ ਸੀ ਕਿ ਮੈ ਮੀਟਿੰਗਾਂ ਵਿਚ ਜਾਣਾ ਹੀ ਜਾਣਾ।” ਪਰ ਜਦੋਂ ਏਲੇਨਾ ਨੇ ਤਲਾਪਾਨੈਕ ਭਾਸ਼ਾ ਦੇ ਬਰੋਸ਼ਰਾਂ ਦੀ ਮਦਦ ਨਾਲ ਬਾਈਬਲ ਦੀ ਸਟੱਡੀ ਕੀਤੀ, ਤਾਂ ਉਸ ਦਾ ਰੱਬ ਲਈ ਪਿਆਰ ਇੰਨਾ ਵਧ ਗਿਆ ਕਿ ਉਸ ਨੇ ਆਪਣੀ ਜ਼ਿੰਦਗੀ ਰੱਬ ਨੂੰ ਸਮਰਪਿਤ ਕਰ ਕੇ 2013 ਵਿਚ ਬਪਤਿਸਮਾ ਲੈ ਲਿਆ। ਏਲੇਨਾ ਕਹਿੰਦੀ ਹੈ: “ਮੈ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਉਸ ਨੇ ਮੈਨੂੰ ਬਾਈਬਲ ਨੂੰ ਸਮਝਣ ਵਿਚ ਮਦਦ ਕੀਤੀ।”