Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਇਕ ਹਜ਼ਾਰ ਕਿੰਗਡਮ ਹਾਲ—ਪਰ ਹੋਰ ਵੀ ਬਣ ਰਹੇ

ਇਕ ਹਜ਼ਾਰ ਕਿੰਗਡਮ ਹਾਲ—ਪਰ ਹੋਰ ਵੀ ਬਣ ਰਹੇ

ਫ਼ਿਲਪੀਨ ਦੇ ਯਹੋਵਾਹ ਦੇ ਗਵਾਹਾਂ ਲਈ ਅਗਸਤ 2013 ਯਾਦਗਾਰੀ ਮਹੀਨਾ ਸੀ ਕਿਉਂਕਿ ਉਸ ਮਹੀਨੇ ਉਨ੍ਹਾਂ ਨੇ ਉਸਾਰੀ ਦੇ ਅਨੋਖੇ ਪ੍ਰੋਗ੍ਰਾਮ ਅਧੀਨ 1000ਵਾਂ ਕਿੰਗਡਮ ਹਾਲ ਪੂਰਾ ਕੀਤਾ। ਹੋਰ ਕਈ ਦੇਸ਼ਾਂ ਵਾਂਗ ਫ਼ਿਲਪੀਨ ਦੀਆਂ ਮੰਡਲੀਆਂ ਕੋਲ ਆਪਣੇ ਕਿੰਗਡਮ ਹਾਲ ਬਣਾਉਣ ਲਈ ਪੈਸਾ ਜਾਂ ਉਸਾਰੀ ਦਾ ਤਜਰਬਾ ਨਹੀਂ ਹੁੰਦਾ। ਕਈ ਸਾਲਾਂ ਤਕ ਕੁਝ ਮੰਡਲੀਆਂ ਘਰਾਂ ਵਿਚ ਜਾਂ ਬਾਂਸਾਂ ਦੇ ਬਣੇ ਢਾਰਿਆਂ ਵਿਚ ਇਕੱਠੀਆਂ ਹੁੰਦੀਆਂ ਰਹੀਆਂ।

ਫ਼ਿਲਪੀਨ ਅਤੇ ਹੋਰ ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣ ਕਰਕੇ ਕਿੰਗਡਮ ਹਾਲਾਂ ਦੀ ਲੋੜ ਵਧ ਗਈ। ਇਸ ਕਰਕੇ 1999 ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਗ਼ਰੀਬ ਦੇਸ਼ਾਂ ਵਿਚ ਕਿੰਗਡਮ ਹਾਲ ਬਣਾਉਣ ਦਾ ਇਕ ਪ੍ਰੋਗ੍ਰਾਮ ਸ਼ੁਰੂ ਕੀਤਾ। ਇਸ ਪ੍ਰਬੰਧ ਅਧੀਨ ਉੱਥੇ ਦੀਆਂ ਮੰਡਲੀਆਂ ਆਪਣੀ ਵਿੱਤ ਅਨੁਸਾਰ ਦਾਨ ਦਿੰਦੀਆਂ ਹਨ ਅਤੇ ਹੋਰ ਦੇਸ਼ਾਂ ਤੋਂ ਮਿਲਿਆ ਦਾਨ ਜੋੜ ਕੇ ਉਸਾਰੀ ਦਾ ਖ਼ਰਚਾ ਕੀਤਾ ਜਾਂਦਾ ਹੈ। ਉਸਾਰੀ ਦੇ ਕੰਮ ਦੇ ਮਾਹਰ ਗਵਾਹਾਂ ਨੂੰ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ ਜੋ ਮੰਡਲੀਆਂ ਦੀ ਕਿੰਗਡਮ ਹਾਲ ਬਣਾਉਣ ਵਿਚ ਮਦਦ ਕਰਦੀਆਂ ਹਨ। ਨਵੰਬਰ 2001 ਵਿਚ ਫ਼ਿਲਪੀਨ ਵਿਚ ਇਹ ਅੰਤਰਰਾਸ਼ਟਰੀ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ।

ਫ਼ਿਲਪੀਨ ਦੇ ਮਰੀਲਾਓ, ਬੁਲਕਾਨ ਇਲਾਕੇ ਵਿਚ ਮੰਡਲੀ ਦਾ ਕਿੰਗਡਮ ਹਾਲ ਬਣਾਇਆ ਗਿਆ ਜੋ ਕਿ 1000ਵਾਂ ਕਿੰਗਡਮ ਹਾਲ ਸੀ। ਉਸ ਮੰਡਲੀ ਦਾ ਇਕ ਮੈਂਬਰ ਈਲੂਮੀਨਾਦੋ ਕਹਿੰਦਾ ਹੈ: “ਮੈਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੇ ਪਿਆਰ ਨੂੰ ਆਪਣੀ ਅੱਖੀਂ ਦੇਖਿਆ। ਬਹੁਤ ਸਾਰੇ ਆਦਮੀਆਂ-ਤੀਵੀਆਂ, ਬੱਚਿਆਂ-ਬੁੱਢਿਆਂ ਨੇ ਰਲ਼ ਕੇ ਧੁੱਪੇ ਕੰਮ ਕੀਤਾ। ਭਾਵੇਂ ਅਸੀਂ ਸਾਰਾ ਦਿਨ ਕੰਮ ਕਰ ਕੇ ਥੱਕ ਜਾਂਦੇ ਸੀ, ਪਰ ਆਪਣੀ ਮਿਹਨਤ ਦਾ ਫਲ ਦੇਖ ਕੇ ਸਾਡਾ ਦਿਲ ਬਾਗ਼-ਬਾਗ਼ ਹੋ ਜਾਂਦਾ ਸੀ।”

ਗਵਾਹਾਂ ਨੂੰ ਇਕੱਠਿਆਂ ਕੰਮ ਕਰਦਿਆਂ ਦੇਖ ਕੇ ਹੋਰ ਲੋਕ ਵੀ ਪ੍ਰਭਾਵਿਤ ਹੋਏ। ਰੇਤ ਤੇ ਬੱਜਰੀ ਲੈ ਕੇ ਆਏ ਇਕ ਟਰੱਕ ਦੇ ਮਾਲਕ ਨੇ ਕਿਹਾ: “ਕੀੜੀਆਂ ਦੇ ਭੌਣ ਵਾਂਗ ਕਿੰਨੇ ਸਾਰੇ ਲੋਕ ਇੱਥੇ ਕੰਮ ਕਰ ਰਹੇ ਹਨ! ਸਾਰੇ ਕੰਮ ਵਿਚ ਹੱਥ ਵਟਾ ਰਹੇ ਹਨ। ਮੈਂ ਪਹਿਲਾਂ ਕਦੀ ਇੱਦਾਂ ਦਾ ਨਜ਼ਾਰਾ ਨਹੀਂ ਦੇਖਿਆ।”

ਪੂਰਾ ਹੋਇਆ ਕਿੰਗਡਮ ਹਾਲ

ਵਲੰਟੀਅਰਾਂ ਨੇ ਛੇ ਹਫ਼ਤਿਆਂ ਦੇ ਅੰਦਰ-ਅੰਦਰ ਸਾਰਾ ਕੰਮ ਪੂਰਾ ਕਰ ਲਿਆ। ਛੇਤੀ ਨਾਲ ਕਿੰਗਡਮ ਹਾਲ ਦੀ ਉਸਾਰੀ ਕਰਨ ਕਰਕੇ ਮੰਡਲੀ ਦੇ ਮੈਂਬਰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਜ਼ਰੂਰੀ ਕੰਮ ਵਿਚ ਵੀ ਪੂਰਾ ਹਿੱਸਾ ਲੈਂਦੇ ਰਹੇ।—ਮੱਤੀ 24:14.

ਉਸ ਮੰਡਲੀ ਦੀ ਇਕ ਹੋਰ ਮੈਂਬਰ ਐਲਨ ਕਹਿੰਦੀ ਹੈ: “ਅਸੀਂ ਸਾਰੇ ਜਣੇ ਪੁਰਾਣੇ ਕਿੰਗਡਮ ਹਾਲ ਵਿਚ ਬੈਠ ਨਹੀਂ ਸਕਦੇ ਸੀ ਅਤੇ ਬਹੁਤ ਸਾਰਿਆਂ ਨੂੰ ਬਾਹਰ ਬੈਠਣਾ ਪੈਂਦਾ ਸੀ। ਨਵਾਂ ਕਿੰਗਡਮ ਹਾਲ ਪੁਰਾਣੇ ਨਾਲੋਂ ਬਹੁਤ ਸੋਹਣਾ ਹੈ ਅਤੇ ਇੱਥੇ ਆਰਾਮ ਨਾਲ ਬੈਠਿਆ ਜਾ ਸਕਦਾ ਹੈ। ਇਸ ਲਈ ਅਸੀਂ ਸਾਰੇ ਜਣੇ ਮੀਟਿੰਗਾਂ ਵਿਚ ਦਿੱਤੀ ਜਾਂਦੀ ਸਿੱਖਿਆ ਤੋਂ ਜ਼ਿਆਦਾ ਫ਼ਾਇਦਾ ਲੈ ਸਕਦੇ ਹਾਂ।”