ਐਮੇਜ਼ਨ ਜੰਗਲ ਦੇ ਬਿਲਕੁਲ ਵਿਚਕਾਰ ਯਹੋਵਾਹ ਦੇ ਗਵਾਹਾਂ ਦਾ ਇਕ ਸ਼ਾਨਦਾਰ ਅਸੈਂਬਲੀ ਹਾਲ ਹੈ। ਇਹ ਅਸੈਂਬਲੀ ਹਾਲ ਬ੍ਰਾਜ਼ੀਲ ਦੇ ਮਾਨਿਓਸ ਸ਼ਹਿਰ ਦੇ ਉੱਤਰ ਵੱਲ ਹੈ। ਹਾਲ 128 ਏਕੜ (52 ਹੈਕਟੇਅਰ) ਜ਼ਮੀਨ ਵਿਚ ਬਣਾਇਆ ਗਿਆ ਹੈ ਅਤੇ ਇਸ ਦੇ ਆਲੇ-ਦੁਆਲੇ ਜ਼ਿਆਦਾਤਰ ਜੰਗਲ ਹੈ। ਰੰਗ-ਬਰੰਗੇ ਤੋਤੇ ਅਤੇ ਹੋਰ ਪੰਛੀ ਵੱਡੇ-ਵੱਡੇ ਦਰਖ਼ਤਾਂ ’ਤੇ ਬੈਠੇ ਬੋਲਦੇ ਹਨ। ਇੱਥੇ ਅਸੈਂਬਲੀ ਹਾਲ ਕਿਉਂ ਬਣਾਇਆ ਗਿਆ?

ਜਿੱਥੇ ਐਮੇਜ਼ਨ ਨਦੀ ਸਮੁੰਦਰ ਵਿਚ ਡਿਗਦੀ ਹੈ, ਉੱਥੋਂ 1,450 ਕਿਲੋਮੀਟਰ (900 ਮੀਲ) ਦੀ ਦੂਰੀ ’ਤੇ ਮਾਨਿਓਸ ਸ਼ਹਿਰ ਵਸਿਆ ਹੋਇਆ ਹੈ। ਇਸ ਸ਼ਹਿਰ ਦੀ ਆਬਾਦੀ ਲਗਭਗ 20 ਲੱਖ ਹੈ। ਇਸ ਹਾਲ ਦਾ ਫ਼ਾਇਦਾ ਤਕਰੀਬਨ 7,000 ਯਹੋਵਾਹ ਦੇ ਗਵਾਹ ਲੈਣਗੇ। ਇਹ ਗਵਾਹ ਮਾਨਿਓਸ ਤੇ ਇਸ ਦੇ ਲਾਗੇ-ਛਾਗੇ ਦੇ ਇਲਾਕਿਆਂ ਅਤੇ ਐਮੇਜ਼ਨ ਨਦੀ ਦੀਆਂ ਬਸਤੀਆਂ ਅਤੇ ਉਸ ਦੀਆਂ ਉਪ-ਨਦੀਆਂ ਦੇ ਆਲੇ-ਦੁਆਲੇ ਰਹਿੰਦੇ ਹਨ। ਮਾਨਿਓਸ ਦੇ ਪੱਛਮ ਵਿਚ ਸਾਓ ਗਾਬਰੀਏਲ ਡਾ ਕਾਸ਼ਵੇਰਾ ਸ਼ਹਿਰ ਹੈ ਜੋ ਹਾਲ ਤੋਂ 800 ਕਿਲੋਮੀਟਰ (500 ਮੀਲ) ਤੋਂ ਵੀ ਜ਼ਿਆਦਾ ਦੂਰੀ ਤੇ ਵਸਿਆ ਹੈ। ਇਸ ਅਸੈਂਬਲੀ ਹਾਲ ਵਿਚ ਸੰਮੇਲਨ ਜਾਂ ਵੱਡੇ ਸੰਮੇਲਨਾਂ ਵਿਚ ਹਾਜ਼ਰ ਹੋਣ ਲਈ ਕਈਆਂ ਨੂੰ ਤਿੰਨ ਦਿਨ ਕਿਸ਼ਤੀ ਰਾਹੀਂ ਸਫ਼ਰ ਕਰਨਾ ਪੈਂਦਾ ਹੈ!

ਐਮੇਜ਼ਨ ਦੇ ਇਸ ਇਲਾਕੇ ਵਿਚ ਅਸੈਂਬਲੀ ਹਾਲ ਬਣਾਉਣਾ ਬਹੁਤ ਔਖਾ ਕੰਮ ਸੀ। ਇਸ ਹਾਲ ਨੂੰ ਬਣਾਉਣ ਲਈ ਉਸਾਰੀ ਦੇ ਸਾਮਾਨ ਨਾਲ ਭਰੇ 13 ਵੱਡੇ-ਵੱਡੇ ਡੱਬਿਆਂ ਨੂੰ ਸਾਓ ਪੌਲੋ ਰਾਜ ਦੀ ਸੈਂਟਸ ਬੰਦਰਗਾਹ ਵਿਚ ਲਿਆਂਦਾ ਗਿਆ। ਫਿਰ ਇਨ੍ਹਾਂ ਨੂੰ ਬ੍ਰਾਜ਼ੀਲ ਦੇ ਤਟ ਤੋਂ ਹੁੰਦੇ ਹੋਏ ਐਮੇਜ਼ਨ ਨਦੀ ਪਾਰ ਕਰ ਕੇ ਉਸਾਰੀ ਵਾਲੀ ਜਗ੍ਹਾ ਤੇ ਲਿਆਂਦਾ ਗਿਆ।

ਬ੍ਰਾਜ਼ੀਲ ਵਿਚ ਬਣਾਇਆ ਜਾਣ ਵਾਲਾ ਇਹ 27ਵਾਂ ਅਸੈਂਬਲੀ ਹਾਲ ਸੀ। ਐਤਵਾਰ 4 ਮਈ 2014 ਨੂੰ 1,956 ਜਣੇ ਇਸ ਹਾਲ ਦੇ ਉਦਘਾਟਨ ਪ੍ਰੋਗ੍ਰਾਮ ਵਿਚ ਹਾਜ਼ਰ ਹੋਏ। ਬਹੁਤ ਜਣੇ ਖ਼ੁਸ਼ ਸਨ ਕਿਉਂਕਿ ਜ਼ਿੰਦਗੀ ਵਿਚ ਉਹ ਪਹਿਲੀ ਵਾਰ ਅਸੈਂਬਲੀ ਹਾਲ ਵਿਚ ਮੀਟਿੰਗ ’ਤੇ ਆਏ ਸਨ।

ਹਾਜ਼ਰ ਲੋਕ ਨਾ ਸਿਰਫ਼ ਭਾਸ਼ਣਕਾਰ ਨੂੰ ਸੁਣ ਸਕਦੇ ਸਨ, ਬਲਕਿ ਉਹ ਉਸ ਨੂੰ ਦੇਖ ਵੀ ਸਕਦੇ ਸਨ। ਸਾਰਿਆਂ ਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿਉਂਕਿ ਪਹਿਲਾਂ ਜਦ ਵੀ ਪਬਲਿਕ ਥਾਵਾਂ ’ਤੇ ਸੰਮੇਲਨ ਜਾਂ ਵੱਡੇ ਸੰਮੇਲਨ ਹੁੰਦੇ ਸਨ, ਤਾਂ ਨਾ ਤਾਂ ਉਨ੍ਹਾਂ ਨੂੰ ਸਟੇਜ ਦਿਖਾਈ ਦਿੰਦੀ ਸੀ ਤੇ ਨਾ ਹੀ ਭਾਸ਼ਣਕਾਰ। ਇਕ ਗਵਾਹ ਨੇ ਕਿਹਾ: “ਮੈਂ ਕਈ ਸਾਲਾਂ ਤੋਂ ਵੱਡੇ ਸੰਮੇਲਨਾਂ ਵਿਚ ਆ ਰਿਹਾ ਹਾਂ, ਪਰ ਮੈਂ ਕਦੇ ਵੀ ਡਰਾਮਾ ਦੇਖ ਨਹੀਂ ਸਕਿਆ ਸਿਰਫ਼ ਸੁਣ ਹੀ ਸਕਦਾ ਸੀ।” ਹੁਣ ਹਰ ਕੋਈ ਉਹ ਸਭ ਦੇਖ ਸਕਦੇ ਹਨ ਜੋ ਸਟੇਜ ’ਤੇ ਹੁੰਦਾ ਹੈ।