ਸਾਡੇ ਸਾਰੇ ਵਿਸ਼ਵਾਸ ਹਮੇਸ਼ਾ ਬਾਈਬਲ ’ਤੇ ਆਧਾਰਿਤ ਹੁੰਦੇ ਹਨ। ਇਸ ਲਈ ਬਾਈਬਲ ਦੀ ਸਮਝ ਵਿਚ ਹੋਰ ਵਾਧਾ ਹੋਣ ਕਰਕੇ ਅਸੀਂ ਆਪਣੇ ਵਿਸ਼ਵਾਸਾਂ ਵਿਚ ਬਦਲਾਅ ਕੀਤਾ ਹੈ। *

ਇਨ੍ਹਾਂ ਵਿਸ਼ਵਾਸਾਂ ਵਿਚ ਬਦਲਾਅ ਕਰਨ ਦਾ ਇਕ ਅਸੂਲ ਕਹਾਉਤਾਂ 4:18 ਵਿਚ ਦੱਸਿਆ ਗਿਆ ਹੈ: “ਪਰ ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵਧਦਾ ਜਾਂਦਾ ਹੈ।” ਜਿਸ ਤਰ੍ਹਾਂ ਸੂਰਜ ਹੌਲੀ-ਹੌਲੀ ਚੜ੍ਹਦਾ ਹੈ ਅਤੇ ਉਸ ਦੀ ਰੌਸ਼ਨੀ ਵਿਚ ਸ੍ਰਿਸ਼ਟੀ ਦੇ ਨਜ਼ਾਰੇ ਸਾਫ਼-ਸਾਫ਼ ਨਜ਼ਰ ਆਉਣ ਲੱਗਦੇ ਹਨ, ਉਸੇ ਤਰ੍ਹਾਂ ਪਰਮੇਸ਼ੁਰ ਆਪਣੇ ਸਮੇਂ ’ਤੇ ਸੱਚਾਈ ਦੀ ਸਹੀ ਸਮਝ ਹੌਲੀ-ਹੌਲੀ ਪ੍ਰਗਟ ਕਰਦਾ ਹੈ। (1 ਪਤਰਸ 1:10-12) ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਪਰਮੇਸ਼ੁਰ “ਓੜਕ ਦੇ ਸਮੇਂ” ਵਿਚ ਇਹ ਕੰਮ ਤੇਜ਼ੀ ਨਾਲ ਕਰੇਗਾ।​—ਦਾਨੀਏਲ 12:4.

ਸਾਡੀ ਸਮਝ ਵਿਚ ਹੋਈਆਂ ਤਬਦੀਲੀਆਂ ਕਰਕੇ ਨਾ ਤਾਂ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਤੇ ਨਾ ਹੀ ਚਿੰਤਾ ਵਿਚ ਪੈਣਾ ਚਾਹੀਦਾ ਹੈ। ਪੁਰਾਣੇ ਜ਼ਮਾਨੇ ਵਿਚ ਵੀ ਪਰਮੇਸ਼ੁਰ ਦੇ ਸੇਵਕਾਂ ਨੂੰ ਆਪਣੀ ਸੋਚ ਸੁਧਾਰਨ ਦੀ ਲੋੜ ਪਈ ਸੀ ਕਿਉਂਕਿ ਉਨ੍ਹਾਂ ਦੇ ਵੀ ਕੁਝ ਮਸਲਿਆਂ ਬਾਰੇ ਗ਼ਲਤ ਵਿਚਾਰ ਸਨ ਅਤੇ ਉਨ੍ਹਾਂ ਨੇ ਗ਼ਲਤ ਉਮੀਦਾਂ ਲਾਈਆਂ ਸਨ।

  • ਮੂਸਾ ਯਹੋਵਾਹ ਦੇ ਚੁਣੇ ਹੋਏ ਸਮੇਂ ਤੋਂ 40 ਸਾਲ ਪਹਿਲਾਂ ਹੀ ਇਜ਼ਰਾਈਲੀ ਕੌਮ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਸੀ।​—ਰਸੂਲਾਂ ਦੇ ਕੰਮ 7:23-25, 30, 35.

  • ਰਸੂਲਾਂ ਨੂੰ ਮਸੀਹ ਦੀ ਮੌਤ ਅਤੇ ਉਸ ਦੇ ਦੁਬਾਰਾ ਜੀ ਉਠਾਏ ਜਾਣ ਦੀ ਭਵਿੱਖਬਾਣੀ ਸਮਝ ਨਹੀਂ ਆਈ ਸੀ।​—ਯਸਾਯਾਹ 53:8-12; ਮੱਤੀ 16:21-23.

  • ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ ‘ਯਹੋਵਾਹ ਦੇ ਦਿਨ’ ਬਾਰੇ ਗ਼ਲਤ ਅੰਦਾਜ਼ੇ ਲਾਏ ਸਨ।​—2 ਥੱਸਲੁਨੀਕੀਆਂ 2:1, 2.

ਬਾਅਦ ਵਿਚ ਪਰਮੇਸ਼ੁਰ ਨੇ ਉਨ੍ਹਾਂ ਦੀ ਗ਼ਲਤ ਸੋਚ ਨੂੰ ਸੁਧਾਰਿਆ ਅਤੇ ਅਸੀਂ ਦੁਆ ਕਰਦੇ ਹਾਂ ਕਿ ਉਹ ਸਾਡੀ ਸੋਚ ਵੀ ਸੁਧਾਰਦਾ ਰਹੇਗਾ।​—ਯਾਕੂਬ 1:5.

^ ਪੈਰਾ 2 ਅਸੀਂ ਬਾਈਬਲ ਦੀ ਸਮਝ ਵਿਚ ਆਈਆਂ ਤਬਦੀਲੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਅਸੀਂ ਇਨ੍ਹਾਂ ਦਾ ਰਿਕਾਰਡ ਰੱਖਦੇ ਹਾਂ ਅਤੇ ਇਨ੍ਹਾਂ ਨੂੰ ਛਾਪਦੇ ਹਾਂ। ਮਿਸਾਲ ਲਈ, ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਖੋਲ੍ਹੋ ਅਤੇ ਰਿਸਰਚ ਬਰੋਸ਼ਰ ਵਿਚ ਯਹੋਵਾਹ ਦੇ ਗਵਾਹ/ਵਿਚਾਰ ਤੇ ਵਿਸ਼ਵਾਸ /ਸਾਡੀ ਸਮਝ ਵਿਚ ਸੁਧਾਰ ਥੱਲੇ ਦਿੱਤੇ ਵਿਸ਼ੇ ਦੇਖੋ।