Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਯਹੋਵਾਹ ਦੇ ਗਵਾਹ ਲਹੂ ਕਿਉਂ ਨਹੀਂ ਲੈਂਦੇ?

ਯਹੋਵਾਹ ਦੇ ਗਵਾਹ ਲਹੂ ਕਿਉਂ ਨਹੀਂ ਲੈਂਦੇ?

ਗ਼ਲਤਫ਼ਹਿਮੀਆਂ

ਗ਼ਲਤ: ਯਹੋਵਾਹ ਦੇ ਗਵਾਹ ਨਾ ਦਵਾਈਆਂ ਲੈਂਦੇ ਅਤੇ ਨਾ ਹੀ ਡਾਕਟਰੀ ਇਲਾਜ ਕਰਾਉਂਦੇ ਹਨ।

ਸਹੀ: ਅਸੀਂ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਸਭ ਤੋਂ ਵਧੀਆ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਿਹਤ ਦੀ ਕੋਈ ਵੀ ਸਮੱਸਿਆ ਹੋਣ ਤੇ ਅਸੀਂ ਉਨ੍ਹਾਂ ਡਾਕਟਰਾਂ ਕੋਲ ਜਾਂਦੇ ਹਾਂ ਜੋ ਲਹੂ ਚੜ੍ਹਾਏ ਬਿਨਾਂ ਸਾਡਾ ਇਲਾਜ ਜਾਂ ਓਪਰੇਸ਼ਨ ਕਰ ਸਕਦੇ ਹਨ। ਅਸੀਂ ਇਸ ਗੱਲੋਂ ਖ਼ੁਸ਼ ਹਾਂ ਕਿ ਅੱਜ-ਕੱਲ੍ਹ ਡਾਕਟਰਾਂ ਨੇ ਕਾਫ਼ੀ ਤਰੱਕੀ ਕੀਤੀ ਹੈ। ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦਾ ਇਲਾਜ ਕਰਾਉਣ ਲਈ ਕਈ ਨਵੇਂ ਤਰੀਕੇ ਕੱਢੇ ਹਨ ਜਿਨ੍ਹਾਂ ਵਿਚ ਲਹੂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਨ੍ਹਾਂ ਤਰੀਕਿਆਂ ਦਾ ਕਈ ਹੋਰਨਾਂ ਨੂੰ ਵੀ ਫ਼ਾਇਦਾ ਹੁੰਦਾ ਹੈ। ਅੱਜ ਬਹੁਤ ਸਾਰੇ ਦੇਸ਼ਾਂ ਵਿਚ ਕੋਈ ਵੀ ਮਰੀਜ਼ ਲਹੂ ਤੋਂ ਬਗੈਰ ਇਲਾਜ ਕਰਾ ਸਕਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਉਹ ਕਈ ਖ਼ਤਰਿਆਂ ਤੋਂ ਬਚਦਾ ਹੈ ਜਿਵੇਂ ਖ਼ੂਨ ਨਾਲ ਫੈਲਦੀਆਂ ਬੀਮਾਰੀਆਂ, ਇਮਿਊਨ ਸਿਸਟਮ ਦੀਆਂ ਸਮੱਸਿਆਵਾਂ ਜਾਂ ਇਨਸਾਨੀ ਗ਼ਲਤੀ।

ਗ਼ਲਤ: ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਨਿਹਚਾ ਰੱਖਣ ਅਤੇ ਪ੍ਰਾਰਥਨਾਵਾਂ ਕਰੀ ਜਾਣ ਨਾਲ ਬੰਦਾ ਆਪਣੀਆਂ ਬੀਮਾਰੀਆਂ ਤੋਂ ਠੀਕ ਹੋ ਜਾਵੇਗਾ।

ਸਹੀ: ਅਸੀਂ ਪ੍ਰਾਰਥਨਾਵਾਂ ਕਰ-ਕਰ ਕੇ ਕਿਸੇ ਨੂੰ ਚਮਤਕਾਰੀ ਢੰਗ ਨਾਲ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।

ਗ਼ਲਤ: ਖ਼ੂਨ ਚੜ੍ਹਾਉਣ ਦੀ ਬਜਾਇ ਕੋਈ ਹੋਰ ਇਲਾਜ ਕਰਾਉਣ ਵਿਚ ਬਹੁਤ ਪੈਸਾ ਲੱਗੇਗਾ।

ਸਹੀ: ਜੇ ਦੇਖਿਆ ਜਾਵੇ, ਤਾਂ ਜਿਹੜੇ ਇਲਾਜ ਵਿਚ ਖ਼ੂਨ ਨਹੀਂ ਚੜ੍ਹਾਇਆ ਜਾਂਦਾ ਉਹ ਜ਼ਿਆਦਾ ਸਸਤਾ ਹੁੰਦਾ ਹੈ। *

ਗ਼ਲਤ: ਖ਼ੂਨ ਨੂੰ ਨਾਂਹ ਕਰਨ ਕਰਕੇ ਹਰ ਸਾਲ ਬਹੁਤ ਸਾਰੇ ਯਹੋਵਾਹ ਦੇ ਗਵਾਹ, ਨਾਲੇ ਬੱਚੇ ਵੀ ਮਰ ਜਾਂਦੇ ਹਨ।

ਸਹੀ: ਇਹ ਗੱਲ ਬਿਲਕੁਲ ਬੇਬੁਨਿਆਦ ਹੈ। ਅੱਜ-ਕੱਲ੍ਹ ਡਾਕਟਰ ਔਖੇ-ਔਖੇ ਓਪਰੇਸ਼ਨ ਲਹੂ ਤੋਂ ਬਿਨਾਂ ਆਮ ਹੀ ਕਰਦੇ ਹਨ ਜਿਵੇਂ ਦਿਲ ਦੇ ਓਪਰੇਸ਼ਨ, ਆਰਥੋਪੀਡਿਕ ਸਰਜਰੀ ਅਤੇ ਟ੍ਰਾਂਸਪਲਾਂਟ ਓਪਰੇਸ਼ਨ। * ਜਿਹੜੇ ਮਰੀਜ਼ ਖ਼ੂਨ ਨਹੀਂ ਲੈਂਦੇ, ਉਹ ਉਨ੍ਹਾਂ ਮਰੀਜ਼ਾਂ ਜਿੰਨੇ ਹੀ ਤੰਦਰੁਸਤ ਹੁੰਦੇ ਹਨ ਜਾਂ ਉਨ੍ਹਾਂ ਨਾਲੋਂ ਜ਼ਿਆਦਾ ਤੰਦਰੁਸਤ ਹੁੰਦੇ ਹਨ ਜਿਨ੍ਹਾਂ ਨੇ ਖ਼ੂਨ ਲਿਆ ਹੁੰਦਾ ਹੈ। ਇਹ ਗੱਲ ਨਿਆਣਿਆਂ-ਸਿਆਣਿਆਂ ਦੋਹਾਂ ਵਿਚ ਦੇਖੀ ਗਈ ਹੈ। * ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਕੋਈ ਇਹ ਨਹੀਂ ਕਹਿ ਸਕਦਾ ਕਿ ਮਰੀਜ਼ ਖ਼ੂਨ ਨਾ ਲੈਣ ਕਰਕੇ ਜ਼ਰੂਰ ਮਰੇਗਾ ਜਾਂ ਖ਼ੂਨ ਲੈਣ ਕਰਕੇ ਜ਼ਰੂਰ ਜੀਉਂਦਾ ਰਹੇਗਾ।

ਯਹੋਵਾਹ ਦੇ ਗਵਾਹ ਲਹੂ ਕਿਉਂ ਨਹੀਂ ਲੈਂਦੇ?

ਗੱਲ ਇਲਾਜ ਦੀ ਨਹੀਂ, ਸਗੋਂ ਸਾਡੇ ਧਰਮ ਦੀ ਹੈ। ਬਾਈਬਲ ਦੇ ਪੁਰਾਣੇ ਅਤੇ ਨਵੇਂ ਨੇਮ ਵਿਚ ਲਹੂ ਤੋਂ ਦੂਰ ਰਹਿਣ ਦੇ ਸਾਫ਼ ਹੁਕਮ ਦਿੱਤੇ ਗਏ ਹਨ। (ਉਤਪਤ 9:4; ਲੇਵੀਆਂ 17:10; ਬਿਵਸਥਾ ਸਾਰ 12:23; ਰਸੂਲਾਂ ਦੇ ਕੰਮ 15:28, 29) ਇਸ ਦੇ ਇਲਾਵਾ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਲਹੂ ਜਾਨ ਦੇ ਬਰਾਬਰ ਹੈ। (ਲੇਵੀਆਂ 17:14) ਸੋ ਅਸੀਂ ਲਹੂ ਕਿਉਂ ਨਹੀਂ ਲੈਂਦੇ? ਕਿਉਂਕਿ ਅਸੀਂ ਪਰਮੇਸ਼ੁਰ ਦਾ ਕਹਿਣਾ ਮੰਨਦੇ ਹਾਂ ਅਤੇ ਜ਼ਿੰਦਗੀ ਦੇਣ ਵਾਲੇ ਦੀ ਇੱਜ਼ਤ ਕਰਦੇ ਹਾਂ।

ਬਦਲਦੀ ਸੋਚ

ਲਹੂ ਚੜ੍ਹਾਏ ਬਿਨਾਂ ਕਾਫ਼ੀ ਔਖੇ ਓਪਰੇਸ਼ਨ ਕੀਤੇ ਜਾ ਸਕਦੇ ਹਨ

ਪੁਰਾਣੇ ਜ਼ਮਾਨੇ ਵਿਚ ਜਦੋਂ ਕੋਈ ਮਰੀਜ਼ ਲਹੂ ਤੋਂ ਬਿਨਾਂ ਇਲਾਜ ਕਰਾਉਣਾ ਚਾਹੁੰਦਾ ਸੀ, ਤਾਂ ਇਸ ਨੂੰ ਖ਼ੁਦਕਸ਼ੀ ਦੇ ਬਰਾਬਰ ਸਮਝਿਆ ਜਾਂਦਾ ਸੀ। ਆਮ ਕਰਕੇ ਡਾਕਟਰਾਂ ਦੀ ਸੋਚ ਸੀ ਕਿ ਕਿਸੇ ਹੋਰ ਤਰੀਕੇ ਨਾਲ ਇਲਾਜ ਕਰਨਾ ਸਭ ਤੋਂ ਆਖ਼ਰੀ ਚਾਰਾ ਸੀ। ਪਰ ਅੱਜ-ਕੱਲ੍ਹ ਉਨ੍ਹਾਂ ਦੀ ਸੋਚ ਬਦਲ ਗਈ ਹੈ। ਮਿਸਾਲ ਲਈ, 2004 ਵਿਚ ਇਕ ਡਾਕਟਰੀ ਮੈਗਜ਼ੀਨ ਵਿਚ ਇਕ ਲੇਖ ਨੇ ਇਹ ਕਿਹਾ ਕਿ “ਜਿਹੜੇ ਇਲਾਜ ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਲਈ ਵਰਤੇ ਜਾਂਦੇ ਹਨ ਉਹ ਕੁਝ ਹੀ ਸਾਲਾਂ ਵਿਚ ਸਾਰਿਆਂ ਲੋਕਾਂ ਦੇ ਇਲਾਜ ਲਈ ਆਮ ਹੀ ਵਰਤੇ ਜਾਣ ਲੱਗਣਗੇ।” * 2010 ਵਿਚ ਇਕ ਹੋਰ ਮੈਗਜ਼ੀਨ ਨੇ ਕਿਹਾ ਕਿ “ਲਹੂ ਬਗੈਰ ਸਰਜਰੀ ਦੀ ਆਪਸ਼ਨ ਸਿਰਫ਼ ਯਹੋਵਾਹ ਦੇ ਗਵਾਹਾਂ ਲਈ ਹੀ ਨਹੀਂ ਹੋਣੀ ਚਾਹੀਦੀ, ਪਰ ਡਾਕਟਰਾਂ ਨੂੰ ਸਾਰੇ ਮਰੀਜ਼ਾਂ ਲਈ ਇਹ ਤਰੀਕਾ ਅਪਣਾਉਣਾ ਚਾਹੀਦਾ ਹੈ।”—Heart, Lung and Circulation.

ਦੁਨੀਆਂ ਭਰ ਵਿਚ ਹਜ਼ਾਰਾਂ ਹੀ ਡਾਕਟਰ ਸਰਜਰੀ ਕਰਦਿਆਂ ਅਜਿਹੇ ਤਰੀਕੇ ਵਰਤ ਰਹੇ ਹਨ ਜਿਨ੍ਹਾਂ ਨਾਲ ਘੱਟ ਹੀ ਲਹੂ ਵਹਿੰਦਾ ਹੈ ਅਤੇ ਇਸ ਤਰ੍ਹਾਂ ਉਹ ਲਹੂ ਚੜ੍ਹਾਏ ਬਿਨਾਂ ਕਾਫ਼ੀ ਔਖੇ ਓਪਰੇਸ਼ਨ ਕਰ ਸਕਦੇ ਹਨ। ਗ਼ਰੀਬ ਦੇਸ਼ਾਂ ਵਿਚ ਵੀ ਅਜਿਹੇ ਤਰੀਕੇ ਅਪਣਾਏ ਜਾ ਰਹੇ ਹਨ ਅਤੇ ਕਈ ਮਰੀਜ਼ ਇਹ ਇਲਾਜ ਚੁਣਦੇ ਹਨ ਭਾਵੇਂ ਉਹ ਯਹੋਵਾਹ ਦੇ ਗਵਾਹ ਨਹੀਂ ਹਨ।

^ ਪੇਰਗ੍ਰੈਫ 8 Transfusion and Apheresis Science, ਖੰਡ 33, ਨੰ. 3, ਸਫ਼ਾ 349 ਦੇਖੋ।

^ ਪੇਰਗ੍ਰੈਫ 10 The Journal of Thoracic and Cardiovascular Surgery, ਖੰਡ 134, ਨੰ. 2, ਸਫ਼ੇ 287-288; Texas Heart Institute Journal, ਖੰਡ 38, ਨੰ. 5, ਸਫ਼ਾ 563; Basics of Blood Management, ਸਫ਼ਾ 2; ਅਤੇ Continuing Education in Anaesthesia, Critical Care & Pain, ਖੰਡ 4, ਨੰ. 2, ਸਫ਼ਾ 39 ਦੇਖੋ

^ ਪੇਰਗ੍ਰੈਫ 10 The Journal of Thoracic and Cardiovascular Surgery, ਖੰਡ 89, ਨੰ. 6, ਸਫ਼ਾ 918; ਅਤੇ Heart, Lung and Circulation, ਖੰਡ 19, ਸਫ਼ਾ 658 ਦੇਖੋ।

^ ਪੇਰਗ੍ਰੈਫ 14 Continuing Education in Anaesthesia, Critical Care & Pain, ਖੰਡ 4, ਨੰ. 2, ਸਫ਼ਾ 39.