Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ  |  ਨੰ. 1 2016

 ਪਾਠਕਾਂ ਦੇ ਸਵਾਲ . . .

ਕ੍ਰਿਸਮਸ ਮਨਾਉਣ ਵਿਚ ਕੀ ਖ਼ਰਾਬੀ ਹੈ?

ਕ੍ਰਿਸਮਸ ਮਨਾਉਣ ਵਿਚ ਕੀ ਖ਼ਰਾਬੀ ਹੈ?

ਕਿਹਾ ਜਾਂਦਾ ਹੈ ਕਿ ਕ੍ਰਿਸਮਸ ਮਸੀਹੀਆਂ ਦਾ ਰਵਾਇਤੀ ਤਿਉਹਾਰ ਹੈ ਜੋ ਯਿਸੂ ਦਾ ਜਨਮ ਦਿਨ ਮਨਾਉਣ ਲਈ ਲੰਬੇ ਸਮੇਂ ਤੋਂ ਮਨਾਇਆ ਜਾ ਰਿਹਾ ਹੈ। ਫਿਰ ਵੀ ਅਸੀਂ ਇਸ ਤਿਉਹਾਰ ਦੇ ਬਹੁਤ ਸਾਰੇ ਰੀਤੀ-ਰਿਵਾਜਾਂ ਕਰਕੇ ਹੈਰਾਨ ਹੁੰਦੇ ਹਾਂ ਕਿ ਇਹ ਰੀਤੀ-ਰਿਵਾਜ ਯਿਸੂ ਦੇ ਜਨਮ ਨਾਲ ਕਿਵੇਂ ਜੁੜ ਗਏ।

ਇਕ ਕਾਰਨ ਹੈ ਕਿ ਸਾਂਤਾ ਕਲਾਜ਼ ਦੀ ਕਾਲਪਨਿਕ ਕਹਾਣੀ। ਅੱਜ ਦਾ ਹੱਸ-ਮੁੱਖ, ਚਿੱਟੀ ਦਾੜ੍ਹੀ, ਗੁਲਾਬੀ ਗੱਲ੍ਹਾਂ ਅਤੇ ਲਾਲ ਕੱਪੜਿਆਂ ਵਾਲੇ ਸਾਂਤਾ ਕਲਾਜ਼ ਦੀ ਕ੍ਰਿਸਮਸ ਬਾਰੇ ਮਸ਼ਹੂਰੀ ਬਹੁਤ ਕਾਮਯਾਬ ਰਹੀ। ਇਹ ਮਸ਼ਹੂਰੀ 1931 ਵਿਚ ਉੱਤਰੀ ਅਮਰੀਕਾ ਦੀ ਸੋਡਾ ਬਣਾਉਣ ਵਾਲੀ ਕੰਪਨੀ ਲਈ ਬਣਾਈ ਗਈ ਸੀ। 1950 ਦੇ ਦਹਾਕੇ ਵਿਚ ਬ੍ਰਾਜ਼ੀਲ ਦੇ ਕੁਝ ਲੋਕਾਂ ਨੇ ਸਾਂਤਾ ਕਲਾਜ਼ ਦੀ ਜਗ੍ਹਾ ਆਪਣੇ ਇਲਾਕੇ ਦੇ ਇਕ ਕਾਲਪਨਿਕ ਸ਼ਖ਼ਸ ਗ੍ਰੈਂਡਪਾ ਇੰਡੀਅਨ ਨੂੰ ਦੇਣ ਦੀ ਕੋਸ਼ਿਸ਼ ਕੀਤੀ। ਨਤੀਜਾ ਕੀ ਹੋਇਆ? ਪ੍ਰੋਫ਼ੈਸਰ ਕਾਰਲੋਸ ਈ. ਫਾਂਟੀਨਾਟੀ ਕਹਿੰਦਾ ਹੈ ਕਿ ਸਾਂਤਾ ਕਲਾਜ਼ ਨੇ ਨਾ ਸਿਰਫ਼ ਗ੍ਰੈਂਡਪਾ ਇੰਡੀਅਨ ਨੂੰ ਮਾਤ ਪਾ ਦਿੱਤੀ, ਸਗੋਂ “ਛੋਟੇ ਜਿਹੇ ਬੱਚੇ ਯਿਸੂ ਨੂੰ ਵੀ ਪਛਾੜ ਦਿੱਤਾ ਤੇ 25 ਦਸੰਬਰ ਦੇ ਤਿਉਹਾਰ ਦੀ ਮੁੱਖ ਹਸਤੀ ਬਣ ਗਿਆ।” ਪਰ ਕੀ ਕ੍ਰਿਸਮਸ ਦਾ ਸੰਬੰਧ ਸਿਰਫ਼ ਸਾਂਤਾ ਕਲਾਜ਼ ਵਰਗੀਆਂ ਮਿਥਿਹਾਸਕ ਕਹਾਣੀਆਂ ਨਾਲ ਹੀ ਹੈ? ਜਵਾਬ ਲਈ ਆਓ ਆਪਾਂ ਮੁਢਲੇ ਮਸੀਹੀਆਂ ਬਾਰੇ ਗੱਲ ਕਰੀਏ।

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੱਸਦਾ ਹੈ: “ਪਹਿਲੀਆਂ ਦੋ ਸਦੀਆਂ ਦੌਰਾਨ ਮਸੀਹੀਆਂ ਨੇ ਸ਼ਹੀਦਾਂ ਜਾਂ ਯਿਸੂ ਦਾ ਜਨਮ ਦਿਨ ਮਨਾਉਣ ਦਾ ਸਖ਼ਤ ਵਿਰੋਧ ਕੀਤਾ ਸੀ।” ਕਿਉਂ? ਮਸੀਹੀਆਂ ਦਾ ਮੰਨਣਾ ਸੀ ਕਿ ਜਨਮ ਦਿਨ ਮਨਾਉਣ ਦਾ ਰਿਵਾਜ ਗ਼ੈਰ-ਈਸਾਈ ਕੌਮਾਂ ਵਿਚ ਸੀ ਜਿਸ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦੀ ਲੋੜ ਸੀ। ਦਰਅਸਲ ਬਾਈਬਲ ਵਿਚ ਯਿਸੂ ਦੇ ਜਨਮ ਦੀ ਕੋਈ ਤਾਰੀਖ਼ ਨਹੀਂ ਦੱਸੀ ਗਈ ਹੈ।

ਮੁਢਲੇ ਮਸੀਹੀਆਂ ਵੱਲੋਂ ਜਨਮ ਦਿਨ ਮਨਾਉਣ ਦਾ ਸਖ਼ਤ ਵਿਰੋਧ ਕਰਨ ਦੇ ਬਾਵਜੂਦ ਚੌਥੀ ਸਦੀ ਈਸਵੀ ਵਿਚ ਕੈਥੋਲਿਕ ਚਰਚ ਵਾਲਿਆਂ ਨੇ ਕ੍ਰਿਸਮਸ ਮਨਾਉਣੀ ਸ਼ੁਰੂ ਕਰ ਦਿੱਤੀ। ਚਰਚ ਵਾਲੇ ਆਪਣੀ ਤਾਕਤ ਵਧਾਉਣ ਲਈ ਆਪਣੇ ਰਸਤੇ ਵਿੱਚੋਂ ਇਹ ਰੋੜਾ ਹਟਾਉਣਾ ਚਾਹੁੰਦੇ ਸਨ—ਮਸ਼ਹੂਰ ਗ਼ੈਰ-ਈਸਾਈ ਰੋਮੀ ਧਰਮ ਅਤੇ ਸਰਦੀਆਂ (21 ਦਸੰਬਰ ਦੇ ਨੇੜੇ-ਤੇੜੇ) ਵਿਚ ਆਉਂਦੇ ਉਨ੍ਹਾਂ ਦੇ ਤਿਉਹਾਰ। ਡਾ. ਪੇਨੀ ਰੇਸਟਡ ਆਪਣੀ ਕਿਤਾਬ ਅਮਰੀਕਾ ਵਿਚ ਕ੍ਰਿਸਮਸ (ਅੰਗ੍ਰੇਜ਼ੀ) ਵਿਚ ਕਹਿੰਦੀ ਹੈ ਕਿ ਹਰ ਸਾਲ 17 ਦਸੰਬਰ ਤੋਂ 1 ਜਨਵਰੀ ਤਕ “ਰੋਮੀ ਲੋਕ ਆਪਣੇ ਦੇਵੀ-ਦੇਵਤਿਆਂ ਨੂੰ ਭੇਟਾਂ ਚੜ੍ਹਾਉਣ ਸਮੇਂ ਦਾਅਵਤਾਂ ਖਾਂਦੇ, ਖੇਡਦੇ, ਰੰਗਰਲੀਆਂ ਮਨਾਉਂਦੇ, ਜਲੂਸ ਕੱਢਦੇ ਤੇ ਹੋਰ ਜਸ਼ਨਾਂ ਵਿਚ ਸ਼ਾਮਲ ਹੁੰਦੇ ਸਨ।” ਨਾਲੇ 25 ਦਸੰਬਰ ਨੂੰ ਰੋਮੀ ਲੋਕ ਅਜੇਤੂ ਸੂਰਜ ਦਾ ਜਨਮ ਦਿਨ ਮਨਾਉਂਦੇ ਸਨ। ਚਰਚ ਨੇ ਉਸ ਦਿਨ ਕ੍ਰਿਸਮਸ ਮਨਾਉਣੀ ਸ਼ੁਰੂ ਕਰ ਕੇ ਬਹੁਤ ਸਾਰੇ ਰੋਮੀ ਲੋਕਾਂ ਨੂੰ ਯਿਸੂ ਦਾ ਜਨਮ ਦਿਨ ਮਨਾਉਣ ਲਈ ਆਪਣੇ ਮਗਰ ਲਾ ਲਿਆ। ਗੈਰੀ ਬਾਓਲਰ ਨੇ ਆਪਣੀ ਕਿਤਾਬ ਸਾਂਤਾ ਕਲਾਜ਼ ਦੀ ਜੀਵਨ-ਕਥਾ (ਅੰਗ੍ਰੇਜ਼ੀ) ਵਿਚ ਕਿਹਾ: ਰੋਮੀ ਲੋਕ “ਫਿਰ ਵੀ ਸਰਦੀਆਂ ਦੇ ਇਨ੍ਹਾਂ ਤਿਉਹਾਰਾਂ ਵਿਚ ਮੌਜ-ਮਸਤੀ ਦਾ ਆਨੰਦ ਲੈ ਸਕਦੇ ਸਨ।” ਅਸਲ ਵਿਚ ਉਹ “ਪੁਰਾਣੇ ਰੀਤੀ-ਰਿਵਾਜਾਂ ’ਤੇ ਚੱਲ ਕੇ ਆਪਣਾ ਨਵਾਂ ਤਿਉਹਾਰ ਮਨਾਉਂਦੇ ਰਹੇ।”

ਇਸ ਤੋਂ ਸਪੱਸ਼ਟ ਹੈ ਕਿ ਕ੍ਰਿਸਮਸ ਦਾ ਸੰਬੰਧ ਪੁਰਾਣੇ ਜ਼ਮਾਨੇ ਦੇ ਘਿਣਾਉਣੇ ਧਾਰਮਿਕ ਰੀਤੀ-ਰਿਵਾਜਾਂ ਨਾਲ ਹੈ। ਪ੍ਰੋਫ਼ੈਸਰ ਸਟੀਫ਼ਨ ਨਿਸਨਬਾਮ ਆਪਣੀ ਕਿਤਾਬ ਕ੍ਰਿਸਮਸ ਲਈ ਲੜਾਈ (ਅੰਗ੍ਰੇਜ਼ੀ) ਵਿਚ ਕਹਿੰਦਾ ਹੈ: “ਇਹ ਗ਼ੈਰ-ਈਸਾਈ ਤਿਉਹਾਰ ਹੈ ਜਿਸ ਉੱਤੇ ਮਸੀਹੀ ਪਰਤ ਚੜ੍ਹਾਈ ਹੋਈ ਹੈ।” ਇਸ ਲਈ ਕ੍ਰਿਸਮਸ ਮਨਾਉਣ ਨਾਲ ਰੱਬ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦਾ ਨਿਰਾਦਰ ਹੁੰਦਾ ਹੈ। ਕੀ ਇਹ ਮਾੜੀ-ਮੋਟੀ ਗੱਲ ਹੈ? ਬਾਈਬਲ ਪੁੱਛਦੀ ਹੈ: “ਧਾਰਮਿਕਤਾ ਦਾ ਦੁਸ਼ਟਤਾ ਨਾਲ ਕੀ ਸੰਬੰਧ? ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ?” (2 ਕੁਰਿੰਥੀਆਂ 6:14) ਜਿਸ ਤਰ੍ਹਾਂ ਇਕ ਦਰਖ਼ਤ ਦਾ ਤਣਾ ਵਿੰਗਾ-ਟੇਢਾ ਵਧ ਜਾਂਦਾ ਹੈ, ਉਸੇ ਤਰ੍ਹਾਂ ਕ੍ਰਿਸਮਸ ਦਾ ਤਿਉਹਾਰ ਵੀ ਵਿਗੜ ਕੇ ਵਿੰਗਾ-ਟੇਢਾ ਹੋ ਚੁੱਕਾ ਹੈ ਜਿਸ ਨੂੰ “ਸਿੱਧਾ ਨਹੀਂ” ਕੀਤਾ ਜਾ ਸਕਦਾ।”ਉਪਦੇਸ਼ਕ ਦੀ ਪੋਥੀ 1:15. ▪ (w15-E 12/01)