ਕੀ ਇਹੋ ਹੈ ਅਸਲੀ ਜ਼ਿੰਦਗੀ?

ਕੀ ਤੁਹਾਨੂੰ ਕਦੇ-ਕਦੇ ਲੱਗਦਾ ਹੈ ਕਿ ਜ਼ਿੰਦਗੀ ਬਹੁਤ ਹੀ ਛੋਟੀ ਹੈ?

ਕੀ ਤੁਸੀਂ ਕਦੇ ਸੋਚਿਆ ਕਿ ਖੇਡਣ, ਕੰਮ ਕਰਨ, ਵਿਆਹ ਕਰਨ, ਬੱਚਿਆਂ ਦੀ ਪਰਵਰਿਸ਼ ਕਰਨ ਅਤੇ ਬੁੱਢੇ ਹੋਣ ਤੋਂ ਇਲਾਵਾ ਵੀ ਜ਼ਿੰਦਗੀ ਵਿਚ ਕੁਝ ਹੈ? (ਅੱਯੂਬ 14:1, 2) ਬਾਈਬਲ ਦੱਸਦੀ ਹੈ ਕਿ ਬਹੁਤ ਬੁੱਧੀਮਾਨ ਇਨਸਾਨਾਂ ਦੇ ਮਨ ਵਿਚ ਵੀ ਅਜਿਹੇ ਸਵਾਲ ਆਉਂਦੇ ਸਨ।ਉਪਦੇਸ਼ਕ ਦੀ ਪੋਥੀ 2:11 ਪੜ੍ਹੋ।

ਕੀ ਜ਼ਿੰਦਗੀ ਦਾ ਕੋਈ ਮਕਸਦ ਹੈ? ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ ਸੀ? ਸਾਡੇ ਦਿਮਾਗ਼ ਅਤੇ ਸਰੀਰ ਦੇ ਲਾਜਵਾਬ ਡੀਜ਼ਾਈਨ ਨੂੰ ਦੇਖ ਕੇ ਕਈ ਇਸ ਸਿੱਟੇ ’ਤੇ ਪਹੁੰਚੇ ਹਨ ਕਿ ਇਨ੍ਹਾਂ ਨੂੰ ਬਣਾਉਣ ਦੇ ਪਿੱਛੇ ਕਿਸੇ ਬੁੱਧੀਮਾਨ ਸਿਰਜਣਹਾਰ ਦਾ ਹੱਥ ਹੈ। (ਜ਼ਬੂਰਾਂ ਦੀ ਪੋਥੀ 139:14 ਪੜ੍ਹੋ।) ਜੇ ਇਸ ਤਰ੍ਹਾਂ ਹੈ, ਤਾਂ ਉਸ ਨੇ ਸਾਨੂੰ ਕਿਸੇ ਕਾਰਨ ਕਰਕੇ ਬਣਾਇਆ ਹੋਣਾ! ਇਹ ਕਾਰਨ ਜਾਣਨ ਨਾਲ ਸਾਡੀ ਜ਼ਿੰਦਗੀ ਮਕਸਦ ਭਰੀ ਬਣ ਸਕਦੀ ਹੈ।

ਇਨਸਾਨਾਂ ਨੂੰ ਕਿਉਂ ਬਣਾਇਆ ਗਿਆ ਸੀ?

ਰੱਬ ਨੇ ਪਹਿਲੇ ਇਨਸਾਨੀ ਜੋੜੇ ਨੂੰ ਅਸੀਸ ਦਿੱਤੀ ਤੇ ਉਨ੍ਹਾਂ ਨੂੰ ਇਕ ਵਧੀਆ ਕੰਮ ਦਿੱਤਾ। ਉਸ ਦਾ ਮਕਸਦ ਸੀ ਕਿ ਉਹ ਧਰਤੀ ਨੂੰ ਭਰਨ, ਇਸ ਨੂੰ ਬਾਗ਼ ਵਰਗੀ ਸੋਹਣੀ ਬਣਾਉਣ ਅਤੇ ਹਮੇਸ਼ਾ ਲਈ ਜੀਉਂਦੇ ਰਹਿਣ।ਉਤਪਤ 1:28, 31 ਪੜ੍ਹੋ।

ਰੱਬ ਦਾ ਇਹ ਮਕਸਦ ਪੂਰਾ ਹੋਣ ਵਿਚ ਥੋੜ੍ਹੀ ਦੇਰ ਹੋ ਗਈ ਕਿਉਂਕਿ ਇਨਸਾਨਾਂ ਨੇ ਉਸ ਦੇ ਖ਼ਿਲਾਫ਼ ਬਗਾਵਤ ਕੀਤੀ। ਪਰ ਰੱਬ ਨੇ ਸਾਨੂੰ ਠੁਕਰਾਇਆ ਨਹੀਂ ਤੇ ਨਾ ਹੀ ਉਸ ਨੇ ਸਾਡੇ ਲਈ ਅਤੇ ਧਰਤੀ ਲਈ ਆਪਣਾ ਮਕਸਦ ਬਦਲਿਆ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਰੱਬ ਵਫ਼ਾਦਾਰ ਲੋਕਾਂ ਨੂੰ ਬਚਾਉਣ ਲਈ ਕੁਝ ਕਰ ਰਿਹਾ ਹੈ ਅਤੇ ਧਰਤੀ ਲਈ ਉਸ ਦਾ ਮਕਸਦ ਪੂਰਾ ਹੋ ਕੇ ਹੀ ਰਹੇਗਾ! ਰੱਬ ਚਾਹੁੰਦਾ ਹੈ ਕਿ ਤੁਸੀਂ ਉਸ ਖ਼ੁਸ਼ਹਾਲ ਜ਼ਿੰਦਗੀ ਦਾ ਮਜ਼ਾ ਲਓ ਜੋ ਉਹ ਤੁਹਾਨੂੰ ਦੇਣੀ ਚਾਹੁੰਦਾ ਹੈ! (ਜ਼ਬੂਰਾਂ ਦੀ ਪੋਥੀ 37:29 ਪੜ੍ਹੋ।) ਬਾਈਬਲ ਵਿੱਚੋਂ ਸਿੱਖੋ ਕਿ ਰੱਬ ਦੇ ਮਕਸਦ ਤੋਂ ਤੁਹਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ। (w15-E 08/01)