Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ  |  ਜਨਵਰੀ 2015

 ਮੁੱਖ ਪੰਨੇ ਤੋਂ | ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ

ਕੀ ਤੁਸੀਂ ਰੱਬ ਦਾ ਨਾਂ ਜਾਣਦੇ ਹੋ ਤੇ ਇਹ ਨਾਂ ਲੈਂਦੇ ਹੋ?

ਕੀ ਤੁਸੀਂ ਰੱਬ ਦਾ ਨਾਂ ਜਾਣਦੇ ਹੋ ਤੇ ਇਹ ਨਾਂ ਲੈਂਦੇ ਹੋ?

ਕੀ ਤੁਸੀਂ ਆਪਣੇ ਕਿਸੇ ਪੱਕੇ ਦੋਸਤ ਬਾਰੇ ਸੋਚ ਸਕਦੇ ਹੋ ਜਿਸ ਦਾ ਨਾਂ ਤੁਸੀਂ ਨਹੀਂ ਜਾਣਦੇ? ਬਿਲਕੁਲ ਨਹੀਂ। ਇਕ ਬਲਗੇਰੀਅਨ ਤੀਵੀਂ ਈਰੀਨਾ ਨੇ ਠੀਕ ਹੀ ਕਿਹਾ: “ਰੱਬ ਦੇ ਨੇੜੇ ਜਾਣਾ ਨਾਮੁਮਕਿਨ ਹੈ ਜੇ ਅਸੀਂ ਉਸ ਦਾ ਨਾਂ ਨਹੀਂ ਜਾਣਦੇ।” ਖ਼ੁਸ਼ੀ ਦੀ ਗੱਲ ਹੈ ਕਿ ਰੱਬ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨੇੜੇ ਜਾਓ ਜਿਸ ਤਰ੍ਹਾਂ ਆਪਾਂ ਪਹਿਲੇ ਲੇਖ ਵਿਚ ਦੇਖਿਆ ਸੀ। ਇਸ ਲਈ ਬਾਈਬਲ ਦੇ ਜ਼ਰੀਏ ਉਸ ਨੇ ਇਹ ਕਹਿ ਕੇ ਤੁਹਾਡੇ ਨਾਲ ਆਪਣੀ ਜਾਣ-ਪਛਾਣ ਕਰਾਈ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।”ਯਸਾਯਾਹ 42:8.

ਬਾਈਬਲ ਦੇ ਜ਼ਰੀਏ ਉਸ ਨੇ ਇਹ ਕਹਿ ਕੇ ਤੁਹਾਡੇ ਨਾਲ ਆਪਣੀ ਜਾਣ-ਪਛਾਣ ਕਰਾਈ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।”ਯਸਾਯਾਹ 42:8

ਕੀ ਯਹੋਵਾਹ ਨੂੰ ਇਸ ਗੱਲ ਨਾਲ ਫ਼ਰਕ ਪੈਂਦਾ ਹੈ ਕਿ ਤੁਸੀਂ ਉਸ ਦਾ ਨਾਂ ਜਾਣਦੇ ਹੋ ਕਿ ਨਹੀਂ ਤੇ ਇਹ ਨਾਂ ਲੈਂਦੇ ਹੋ ਕਿ ਨਹੀਂ? ਗੌਰ ਕਰੋ: ਇਹ ਨਾਂ ਚਾਰ ਇਬਰਾਨੀ ਅੱਖਰਾਂ ਵਿਚ ਲਿਖਿਆ ਜਾਂਦਾ ਸੀ ਜਿਸ ਨੂੰ ਅੱਜ ਟੈਟ੍ਰਾਗ੍ਰਾਮਟਨ ਕਿਹਾ ਜਾਂਦਾ ਹੈ। ਮੁਢਲੇ ਇਬਰਾਨੀ ਸ਼ਾਸਤਰ ਵਿਚ ਇਹ ਨਾਂ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ। ਬਾਈਬਲ ਵਿਚ ਹੋਰ ਨਾਵਾਂ ਨਾਲੋਂ ਇਹ ਨਾਂ ਕਿਤੇ ਜ਼ਿਆਦਾ ਵਾਰ ਪਾਇਆ ਜਾਂਦਾ ਹੈ। ਵਾਕਈ, ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ ਤੇ ਇਹ ਨਾਂ ਲਈਏ। *

ਦੋ ਇਨਸਾਨਾਂ ਦੀ ਦੋਸਤੀ ਅਕਸਰ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਇਕ-ਦੂਜੇ ਦਾ ਨਾਂ ਪੁੱਛਦੇ ਹਨ। ਕੀ ਤੁਸੀਂ ਰੱਬ ਦਾ ਨਾਂ ਜਾਣਦੇ ਹੋ?

ਪਰ ਸ਼ਾਇਦ ਕੁਝ ਲੋਕ ਸੋਚਣ ਕਿ ਰੱਬ ਪਵਿੱਤਰ ਅਤੇ ਸਰਬਸ਼ਕਤੀਮਾਨ ਹੈ, ਇਸ ਲਈ ਉਸ ਦਾ ਨਾਂ ਲੈਣਾ ਨਿਰਾਦਰੀ ਦੀ ਗੱਲ ਹੈ। ਇਹ ਸੱਚ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਪੱਕੇ ਦੋਸਤ ਦਾ ਨਾਂ ਐਵੇਂ ਹੀ ਨਹੀਂ ਲੈਂਦੇ, ਉਸੇ ਤਰ੍ਹਾਂ ਰੱਬ ਦਾ ਨਾਂ ਵਿਅਰਥ ਲੈਣਾ ਗ਼ਲਤ ਹੈ। ਪਰ ਯਹੋਵਾਹ ਦੀ ਇੱਛਾ ਹੈ ਕਿ ਉਸ ਨੂੰ ਪਿਆਰ ਕਰਨ ਵਾਲੇ ਉਸ ਦੇ ਨਾਂ ਦਾ ਆਦਰ ਕਰਨ ਅਤੇ ਇਸ ਬਾਰੇ ਦੂਜਿਆਂ ਨੂੰ ਦੱਸਣ। (ਜ਼ਬੂਰਾਂ ਦੀ ਪੋਥੀ 69:30, 31; 96:2, 8) ਯਾਦ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ ਸੀ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” ਅਸੀਂ ਇਸ ਨਾਂ ਬਾਰੇ ਦੂਜਿਆਂ ਨੂੰ ਦੱਸ ਕੇ ਰੱਬ ਦੇ ਨਾਂ ਨੂੰ ਪਵਿੱਤਰ ਕਰਨ ਵਿਚ ਹਿੱਸਾ ਪਾ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਉਸ ਦੇ ਹੋਰ ਨੇੜੇ ਜਾਂਦੇ ਹਾਂ।ਮੱਤੀ 6:9.

ਬਾਈਬਲ ਦੱਸਦੀ ਹੈ ਕਿ ਰੱਬ “ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ” ਵੱਲ ਖ਼ਾਸ ਧਿਆਨ ਦਿੰਦਾ ਹੈ। (ਮਲਾਕੀ 3:16) ਇਸ ਤਰ੍ਹਾਂ ਦੇ ਇਨਸਾਨ ਨਾਲ ਯਹੋਵਾਹ ਵਾਅਦਾ ਕਰਦਾ ਹੈ: “ਮੈਂ ਉਹ ਨੂੰ ਛੁਡਾਵਾਂਗਾ, . . . ਉਹ ਨੇ ਮੇਰਾ ਨਾਮ ਜੋ ਜਾਤਾ ਹੈ। ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁਖ ਵਿੱਚ ਮੈਂ ਉਹ ਦੇ ਅੰਗ ਸੰਗ ਹੋਵਾਂਗਾ।” (ਜ਼ਬੂਰਾਂ ਦੀ ਪੋਥੀ 91:14, 15) ਜੇ ਅਸੀਂ ਯਹੋਵਾਹ ਨਾਲ ਕਰੀਬੀ ਰਿਸ਼ਤੇ ਦਾ ਆਨੰਦ ਮਾਣਨਾ ਚਾਹੁੰਦੇ ਹਾਂ, ਤਾਂ ਉਸ ਦਾ ਨਾਂ ਜਾਣਨਾ ਤੇ ਇਹ ਨਾਂ ਲੈਣਾ ਬਹੁਤ ਜ਼ਰੂਰੀ ਹੈ। (w14-E 12/01)

^ ਪੈਰਾ 4 ਅਫ਼ਸੋਸ ਦੀ ਗੱਲ ਹੈ ਕਿ ਬਾਈਬਲ ਦੇ ਕਈ ਤਰਜਮਿਆਂ ਵਿੱਚੋਂ ਰੱਬ ਦਾ ਨਾਂ ਕੱਢ ਦਿੱਤਾ ਗਿਆ, ਭਾਵੇਂ ਕਿ ਇਹ ਨਾਂ ਇਬਰਾਨੀ ਲਿਖਤਾਂ ਵਿਚ ਬਹੁਤ ਵਾਰੀ ਆਉਂਦਾ ਹੈ ਜਿਨ੍ਹਾਂ ਨੂੰ ਪੁਰਾਣਾ ਨੇਮ ਕਿਹਾ ਜਾਂਦਾ ਹੈ। ਇਸ ਦੀ ਬਜਾਇ, ਉਨ੍ਹਾਂ ਨੇ ਰੱਬ ਦੇ ਨਾਂ ਦੀ ਜਗ੍ਹਾ “ਪ੍ਰਭੂ” ਜਾਂ “ਪਰਮੇਸ਼ੁਰ” ਪਾਇਆ ਹੈ। ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ ਸਫ਼ੇ 195-197 ਦੇਖੋ।