Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ  |  ਜਨਵਰੀ 2015

ਕੀ ਮੈਨੂੰ ਪੈਸੇ ਉਧਾਰ ਲੈਣੇ ਚਾਹੀਦੇ ਹਨ?

ਕੀ ਮੈਨੂੰ ਪੈਸੇ ਉਧਾਰ ਲੈਣੇ ਚਾਹੀਦੇ ਹਨ?

“ਉਧਾਰ ਲੈਣਾ ਵਿਆਹ ਦੀ ਤਰ੍ਹਾਂ, ਪਰ ਮੋੜਨਾ ਸੋਗ ਦੀ ਤਰ੍ਹਾਂ।”—ਸਹੇਲੀ ਭਾਸ਼ਾ ਦੀ ਇਕ ਕਹਾਵਤ।

ਇਸ ਕਹਾਵਤ ਨੂੰ ਪੂਰਬੀ ਅਫ਼ਰੀਕਾ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਤੇ ਇਹ ਕਹਾਵਤ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਦੇ ਜਜ਼ਬਾਤ ਜ਼ਾਹਰ ਕਰਦੀ ਹੈ। ਕੀ ਤੁਸੀਂ ਵੀ ਆਪਣੇ ਦੋਸਤ ਜਾਂ ਕਿਸੇ ਹੋਰ ਕੋਲੋਂ ਪੈਸੇ ਉਧਾਰ ਲੈਣ ਬਾਰੇ ਇਸੇ ਤਰ੍ਹਾਂ ਸੋਚਦੇ ਹੋ? ਭਾਵੇਂ ਕਿ ਸ਼ਾਇਦ ਪੈਸੇ ਉਧਾਰ ਲੈਣੇ ਕਦੇ-ਕਦੇ ਸਹੀ ਲੱਗਣ, ਪਰ ਕੀ ਇਹ ਵਧੀਆ ਗੱਲ ਹੈ? ਪੈਸੇ ਉਧਾਰ ਲੈਣ ਦੇ ਕੀ ਖ਼ਤਰੇ ਜਾਂ ਨੁਕਸਾਨ ਹਨ?

ਇਕ ਪੰਜਾਬੀ ਕਹਾਵਤ ਦੱਸਦੀ ਹੈ ਕਿ ਉਧਾਰ ਲੈਣ ਨਾਲ ਕੀ ਹੋ ਸਕਦਾ ਹੈ। ਇਹ ਕਹਾਵਤ ਇਸ ਤਰ੍ਹਾਂ ਹੈ: “ਉਧਾਰ ਲਿਆ ਤੇ ਮੱਥੇ ਲੱਗਣੋਂ ਗਿਆ।” ਦਰਅਸਲ ਪੈਸੇ ਉਧਾਰ ਲੈਣ ਨਾਲ ਸਾਡੀ ਦੋਸਤੀ ਤੇ ਰਿਸ਼ਤੇਦਾਰੀ ਵਿਚ ਦਰਾੜ ਪੈ ਸਕਦੀ ਹੈ। ਭਾਵੇਂ ਕਿ ਅਸੀਂ ਜਿੰਨੀਆਂ ਮਰਜ਼ੀ ਵਧੀਆ ਯੋਜਨਾਵਾਂ ਬਣਾਈਏ ਤੇ ਨੇਕ ਇਰਾਦੇ ਰੱਖੀਏ, ਫਿਰ ਵੀ ਸਾਰਾ ਕੁਝ ਹਮੇਸ਼ਾ ਉੱਦਾਂ ਨਹੀਂ ਹੁੰਦਾ ਜਿੱਦਾਂ ਅਸੀਂ ਸੋਚਦੇ ਹਾਂ। ਮਿਸਾਲ ਲਈ, ਜੇ ਸਮੇਂ ’ਤੇ ਉਧਾਰ ਮੋੜਿਆ ਨਾ ਜਾਵੇ, ਤਾਂ ਸ਼ਾਇਦ ਉਧਾਰ ਦੇਣ ਵਾਲਾ ਖਿੱਝ ਜਾਵੇ। ਇਹ ਖਿੱਝ ਵਧ ਸਕਦੀ ਹੈ ਤੇ ਉਧਾਰ ਲੈਣ ਤੇ ਦੇਣ ਵਾਲੇ, ਇੱਥੋਂ ਤਕ ਕਿ ਉਨ੍ਹਾਂ ਦੇ ਪਰਿਵਾਰਾਂ ਵਿਚ ਵੀ ਸ਼ਾਇਦ ਆਪਸੀ ਤਣਾਅ ਪੈਦਾ ਹੋ ਜਾਵੇ। ਭਾਵੇਂ ਕਿ ਕਰਜ਼ੇ ਲੈਣ ਨਾਲ ਫੁੱਟ ਪੈ ਸਕਦੀ ਹੈ, ਫਿਰ ਵੀ ਅਸੀਂ ਪੈਸਿਆਂ ਦੀ ਸਮੱਸਿਆ ਦਾ ਆਸਾਨ ਹੱਲ ਲੱਭਣ ਦੀ ਬਜਾਇ ਸ਼ਾਇਦ ਸੋਚੀਏ ਕਿ ਕਰਜ਼ਾ ਲੈਣ ਤੋਂ ਸਿਵਾਇ ਹੋਰ ਕੋਈ ਚਾਰਾ ਨਹੀਂ ਹੈ।

ਪੈਸੇ ਉਧਾਰ ਲੈਣ ਨਾਲ ਇਕ ਵਿਅਕਤੀ ਦਾ ਰੱਬ ਨਾਲ ਵੀ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। ਕਿਵੇਂ? ਸਭ ਤੋਂ ਪਹਿਲੀ ਗੱਲ, ਬਾਈਬਲ ਦੱਸਦੀ ਹੈ ਕਿ ਜਿਹੜਾ ਜਾਣ-ਬੁੱਝ ਕੇ ਉਧਾਰ ਲਏ ਪੈਸੇ ਨਹੀਂ ਮੋੜਦਾ, ਉਹ ਦੁਸ਼ਟ ਇਨਸਾਨ ਹੈ। (ਜ਼ਬੂਰਾਂ ਦੀ ਪੋਥੀ 37:21) ਬਾਈਬਲ ਇਹ ਵੀ ਦੱਸਦੀ ਹੈ ਕਿ “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” (ਕਹਾਉਤਾਂ 22:7) ਉਧਾਰ ਲੈਣ ਵਾਲੇ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਜਦ ਤਕ ਉਹ ਪੈਸੇ ਵਾਪਸ ਨਹੀਂ ਮੋੜ ਦਿੰਦਾ, ਉਦੋਂ ਤਕ ਉਹ ਉਧਾਰ ਦੇਣ ਵਾਲੇ ਦੇ ਅਹਿਸਾਨ ਹੇਠ ਦੱਬਿਆ ਹੋਇਆ ਹੈ। ਇਕ ਹੋਰ ਅਫ਼ਰੀਕਨ ਕਹਾਵਤ ਹੈ: “ਕਿਸੇ ਦੀਆਂ ਲੱਤਾਂ ਉਧਾਰ ਲੈਣ ਨਾਲ ਉਸ ਦੇ ਇਸ਼ਾਰਿਆਂ ’ਤੇ ਨੱਚਣਾ ਪੈਂਦਾ।” ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਇਨਸਾਨ ਬਹੁਤ ਸਾਰੇ ਕਰਜ਼ੇ ਦੇ ਬੋਝ ਹੇਠ ਦੱਬ ਜਾਂਦਾ ਹੈ, ਉਹ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰ ਸਕਦਾ।

ਇਸ ਲਈ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਉਹ ਉਧਾਰ ਲਏ ਪੈਸੇ ਵਾਪਸ ਕਰੇ। ਨਹੀਂ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਖੜ੍ਹੀਆਂ ਹੋ ਜਾਣਗੀਆਂ। ਸਿਰ ’ਤੇ ਕਰਜ਼ਾ ਚੜ੍ਹਿਆ ਹੋਣ ਕਰਕੇ ਅਸੀਂ ਚਿੰਤਾ ਵਿਚ ਡੁੱਬ ਸਕਦੇ ਹਾਂ, ਰਾਤ ਨੂੰ ਨੀਂਦ ਨਹੀਂ ਆਉਂਦੀ, ਦਿਨ-ਰਾਤ ਕੰਮ ਕਰਦੇ ਹਾਂ ਅਤੇ ਪਤੀ-ਪਤਨੀ ਵਿਚਕਾਰ ਲੜਾਈ-ਝਗੜਾ ਹੁੰਦਾ ਹੈ। ਇੱਥੋਂ ਤਕ ਕਿ ਸ਼ਾਇਦ ਪਰਿਵਾਰ ਟੁੱਟ ਕੇ ਬਿਖਰ ਜਾਣ ਅਤੇ ਤੁਸੀਂ ਮੁਕੱਦਮਿਆਂ ਜਾਂ ਜੇਲ੍ਹ ਜਾਣ ਦੇ ਚੱਕਰਾਂ ਵਿਚ ਪੈ ਜਾਓ। ਇਸ ਲਈ ਰੋਮੀਆਂ 13:8 ਵਿਚ ਇਕ ਵਧੀਆ ਸਲਾਹ ਦਿੱਤੀ  ਗਈ ਹੈ: “ਇਕ-ਦੂਜੇ ਨੂੰ ਪਿਆਰ ਕਰਨ ਤੋਂ ਸਿਵਾਇ ਹੋਰ ਕਿਸੇ ਵੀ ਗੱਲ ਵਿਚ ਇਕ-ਦੂਜੇ ਦੇ ਕਰਜ਼ਦਾਰ ਨਾ ਬਣੋ।”

ਕੀ ਉਧਾਰ ਲੈਣਾ ਜ਼ਰੂਰੀ ਹੈ?

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਧੀਆ ਹੋਵੇਗਾ ਕਿ ਅਸੀਂ ਪੈਸੇ ਉਧਾਰ ਲੈਣ ਦੇ ਮਾਮਲੇ ਵਿਚ ਖ਼ਬਰਦਾਰ ਰਹੀਏ। ਇਹ ਪੁੱਛਣਾ ਸਮਝਦਾਰੀ ਹੋਵੇਗੀ: ਕੀ ਤੁਹਾਨੂੰ ਉਧਾਰ ਲੈਣ ਦੀ ਲੋੜ ਹੈ? ਕੀ ਤੁਸੀਂ ਉਧਾਰ ਇਸ ਲਈ ਲੈਣਾ ਚਾਹੁੰਦੇ ਹੋ ਤਾਂਕਿ ਤੁਸੀਂ ਆਪਣੀ ਕਮਾਈ ਜੋੜ ਕੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੋ? ਜਾਂ ਕੀ ਤੁਸੀਂ ਲਾਲਚ ਕਰਨ ਲੱਗ ਪਏ ਹੋ ਤੇ ਸ਼ਾਇਦ ਤੁਸੀਂ ਆਪਣੀ ਚਾਦਰ ਦੇਖ ਕੇ ਪੈਰ ਨਹੀਂ ਪਸਾਰ ਰਹੇ ਹੋ? ਬਹੁਤ ਸਾਰੀਆਂ ਗੱਲਾਂ ਵਿਚ ਵਧੀਆ ਹੋਵੇਗਾ ਕਿ ਤੁਸੀਂ ਗੁਆਂਢੀ ਤੋਂ ਉਧਾਰ ਲੈਣ ਨਾਲੋਂ ਉਨ੍ਹਾਂ ਚੀਜ਼ਾਂ ਨਾਲ ਸੰਤੁਸ਼ਟ ਰਹੋ ਜੋ ਤੁਹਾਡੇ ਕੋਲ ਹਨ।

ਇਹ ਸੱਚ ਹੈ ਕਿ ਕਦੇ-ਕਦੇ ਸ਼ਾਇਦ ਤੁਹਾਨੂੰ ਪੈਸੇ ਉਧਾਰ ਲੈਣੇ ਪੈਣ, ਜਿਵੇਂ ਕਿ ਕੋਈ ਐਮਰਜੈਂਸੀ ਖੜ੍ਹੀ ਹੋ ਜਾਵੇ ਅਤੇ ਕੋਈ ਹੋਰ ਚਾਰਾ ਨਜ਼ਰ ਨਾ ਆਵੇ। ਫਿਰ ਵੀ ਜੇ ਇਕ ਇਨਸਾਨ ਉਧਾਰ ਲੈਣ ਦਾ ਫ਼ੈਸਲਾ ਕਰਦਾ ਹੈ, ਤਾਂ ਉਸ ਨੂੰ ਈਮਾਨਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਹ ਈਮਾਨਦਾਰੀ ਨਾਲ ਕਿਵੇਂ ਪੇਸ਼ ਆ ਸਕਦਾ ਹੈ?

ਪਹਿਲੀ ਗੱਲ, ਕਿਸੇ ਕੋਲ ਜ਼ਿਆਦਾ ਪੈਸੇ ਜਾਂ ਚੀਜ਼ਾਂ ਹੋਣ ਕਰਕੇ ਉਸ ਦਾ ਫ਼ਾਇਦਾ ਨਾ ਉਠਾਓ। ਸਾਨੂੰ ਇੱਦਾਂ ਕਦੇ ਨਹੀਂ ਸੋਚਣਾ ਚਾਹੀਦਾ ਕਿ ਜੇ ਇਕ ਇਨਸਾਨ ਅਮੀਰ ਹੈ, ਤਾਂ ਉਹ ਦਾ ਫ਼ਰਜ਼ ਬਣਦਾ ਹੈ ਕਿ ਉਹ ਸਾਡੀ ਆਰਥਿਕ ਤੌਰ ਤੇ ਮਦਦ ਕਰੇ। ਨਾਲੇ ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਅਜਿਹੇ ਇਨਸਾਨ ਨਾਲ ਸਾਨੂੰ ਈਮਾਨਦਾਰੀ ਨਾਲ ਪੇਸ਼ ਆਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਲੋਕਾਂ ਨਾਲ ਈਰਖਾ ਨਾ ਕਰੋ ਜੋ ਅਮੀਰ ਹਨ।ਕਹਾਉਤਾਂ 28:22.

ਫਿਰ ਜਿੰਨੀ ਜਲਦੀ ਹੋ ਸਕੇ, ਉਧਾਰ ਲਿਆ ਪੈਸਾ ਵਾਪਸ ਕਰੋ। ਜੇ ਉਧਾਰ ਦੇਣ ਵਾਲਾ ਪੈਸੇ ਵਾਪਸ ਲੈਣ ਦਾ ਕੋਈ ਸਮਾਂ ਤੈਅ ਨਹੀਂ ਕਰਦਾ, ਤਾਂ ਤੁਹਾਨੂੰ ਸਮਾਂ ਤੈਅ ਕਰਨਾ ਚਾਹੀਦਾ ਹੈ ਤੇ ਉਸ ਤੈਅ ਕੀਤੇ ਸਮੇਂ ’ਤੇ ਪੈਸੇ ਵਾਪਸ ਕਰਨੇ ਚਾਹੀਦੇ ਹਨ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਸ ਵਿਚ ਜਿਸ ਗੱਲ ’ਤੇ ਸਹਿਮਤ ਹੋਏ ਹੋ, ਉਸ ਗੱਲ ਨੂੰ ਲਿਖ ਲਓ ਤਾਂਕਿ ਤੁਹਾਡੇ ਦੋਵਾਂ ਵਿਚ ਕੋਈ ਗ਼ਲਤਫ਼ਹਿਮੀ ਨਾ ਹੋਵੇ। (ਯਿਰਮਿਯਾਹ 32:9, 10) ਜੇ ਹੋ ਸਕੇ, ਤਾਂ ਤੁਸੀਂ ਖ਼ੁਦ ਪੈਸੇ ਮੋੜਨ ਜਾਓ ਤਾਂਕਿ ਤੁਸੀਂ ਉਧਾਰ ਦੇਣ ਵਾਲੇ ਦਾ ਸ਼ੁਕਰੀਆ ਅਦਾ ਕਰ ਸਕੋ। ਈਮਾਨਦਾਰੀ ਨਾਲ ਪੈਸੇ ਵਾਪਸ ਕਰਨ ਨਾਲ ਰਿਸ਼ਤੇ ਵਧੀਆ ਬਣੇ ਰਹਿੰਦੇ ਹਨ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ ਸੀ: “ਬੱਸ ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ।” (ਮੱਤੀ 5:37) ਨਾਲੇ ਹਮੇਸ਼ਾ ਉੱਤਮ ਅਸੂਲ ਯਾਦ ਰੱਖੋ: “ਇਸ ਲਈ, ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”ਮੱਤੀ 7:12.

ਬਾਈਬਲ ਦੀਆਂ ਫ਼ਾਇਦੇਮੰਦ ਹਿਦਾਇਤਾਂ

ਬਾਈਬਲ ਸਾਨੂੰ ਉਧਾਰ ਪੈਸੇ ਲੈਣ ਸੰਬੰਧੀ ਸੌਖੀ ਸਲਾਹ ਦਿੰਦੀ ਹੈ। ਇਹ ਕਹਿੰਦੀ ਹੈ: “ਇਹ ਸੱਚ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਫ਼ਾਇਦਾ ਹੁੰਦਾ ਹੈ, ਬਸ਼ਰਤੇ ਕਿ ਜੋ ਕੁਝ ਸਾਡੇ ਕੋਲ ਹੈ, ਅਸੀਂ ਉਸੇ ਵਿਚ ਸੰਤੋਖ ਰੱਖੀਏ।” (1 ਤਿਮੋਥਿਉਸ 6:6) ਦੂਜੇ ਸ਼ਬਦਾਂ ਵਿਚ, ਉਧਾਰ ਲੈਣ ਦੇ ਬੁਰੇ ਅੰਜਾਮਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਨ੍ਹਾਂ ਚੀਜ਼ਾਂ ਨਾਲ ਸੰਤੁਸ਼ਟ ਰਹੋ ਜੋ ਤੁਹਾਡੇ ਕੋਲ ਹਨ। ਪਰ ਇਹ ਸੱਚ ਹੈ ਕਿ ਅੱਜ ਦੀ ਦੁਨੀਆਂ ਵਿਚ ਸੰਤੁਸ਼ਟ ਰਹਿਣਾ ਸੌਖਾ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਉਹ ਚੀਜ਼ਾਂ ਮਿਲ ਜਾਣ ਜੋ ਉਹ ਚਾਹੁੰਦੇ ਹਨ। ਇਸ ਮਾਮਲੇ ਵਿਚ “ਪਰਮੇਸ਼ੁਰ ਦੀ ਭਗਤੀ” ਦੀ ਗੱਲ ਆਉਂਦੀ ਹੈ। ਕਿਵੇਂ?

ਏਸ਼ੀਆ ਦੇ ਇਕ ਮਸੀਹੀ ਜੋੜੇ ਦੀ ਮਿਸਾਲ ਲੈ ਲਓ। ਉਹ ਆਪਣੀ ਜਵਾਨੀ ਦੇ ਦਿਨਾਂ ਵਿਚ ਉਨ੍ਹਾਂ ਲੋਕਾਂ ਦੀ ਤਾਰੀਫ਼ ਕਰਦੇ ਸਨ ਜਿਨ੍ਹਾਂ ਦੇ ਆਪਣੇ ਘਰ ਸਨ। ਇਸ ਲਈ ਉਨ੍ਹਾਂ ਨੇ ਆਪਣੇ ਜਮ੍ਹਾ ਕੀਤੇ ਪੈਸਿਆਂ, ਬੈਂਕ ਤੇ ਰਿਸ਼ਤੇਦਾਰਾਂ ਤੋਂ ਉਧਾਰ ਲਏ ਪੈਸਿਆਂ ਨਾਲ ਆਪਣਾ ਘਰ ਖ਼ਰੀਦਣ ਦਾ ਫ਼ੈਸਲਾ ਕੀਤਾ। ਪਰ ਜਲਦੀ ਹੀ ਉਨ੍ਹਾਂ ਨੂੰ ਹਰ ਮਹੀਨੇ ਜ਼ਿਆਦਾ ਪੈਸਿਆਂ ਵਾਲੀਆਂ ਕਿਸ਼ਤਾਂ ਮੋੜਨੀਆਂ ਇਕ ਭਾਰੀ ਬੋਝ ਲੱਗਣ ਲੱਗ ਪਈਆਂ। ਉਹ ਦੇਰ ਰਾਤ ਤਕ ਕੰਮ ਕਰਨ ਲੱਗੇ ਜਿਸ ਕਰਕੇ ਉਨ੍ਹਾਂ ਕੋਲ ਆਪਣੇ ਬੱਚਿਆਂ ਲਈ ਬਹੁਤ ਘੱਟ ਸਮਾਂ ਹੁੰਦਾ ਸੀ। ਪਤੀ ਨੇ ਕਿਹਾ: “ਦਿਮਾਗ਼ ’ਤੇ ਭਾਰੀ ਬੋਝ, ਦਰਦ ਤੇ ਨੀਂਦ ਨਾ ਆਉਣ ਕਰਕੇ ਮੈਨੂੰ ਇੱਦਾਂ ਲੱਗਦਾ ਸੀ ਜਿੱਦਾਂ ਮੇਰੇ ਸਿਰ ’ਤੇ ਕੋਈ ਭਾਰਾ ਪੱਥਰ ਪਿਆ ਹੋਵੇ। ਮੇਰਾ ਦਮ ਘੁੱਟ ਰਿਹਾ ਸੀ।”

“ਦੁਨੀਆਂ ਦੀਆਂ ਚੀਜ਼ਾਂ ਨੂੰ ਰੱਬ ਦੇ ਨਜ਼ਰੀਏ ਤੋਂ ਦੇਖਣ ਨਾਲ ਸੁਰੱਖਿਆ ਮਿਲਦੀ ਹੈ”

ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ 1 ਤਿਮੋਥਿਉਸ 6:6 ਦੇ ਸ਼ਬਦ ਯਾਦ ਆਏ ਤੇ ਉਨ੍ਹਾਂ ਨੂੰ ਇੱਕੋ ਹੱਲ ਨਜ਼ਰ ਆਇਆ। ਉਨ੍ਹਾਂ ਨੇ ਆਪਣਾ ਘਰ ਵੇਚਣ ਦਾ ਫ਼ੈਸਲਾ ਕੀਤਾ। ਆਪਣੇ ਸਿਰੋਂ ਕਰਜ਼ੇ ਦਾ ਬੋਝ ਲਾਹੁਣ ਵਿਚ ਉਨ੍ਹਾਂ ਨੂੰ ਦੋ ਸਾਲ ਲੱਗ ਗਏ। ਆਪਣੇ ਤਜਰਬੇ ਤੋਂ ਇਸ ਜੋੜੇ ਨੇ ਕੀ ਸਬਕ ਸਿੱਖਿਆ? ਉਨ੍ਹਾਂ ਨੇ ਕਿਹਾ: “ਦੁਨੀਆਂ ਦੀਆਂ ਚੀਜ਼ਾਂ ਨੂੰ ਰੱਬ ਦੇ ਨਜ਼ਰੀਏ ਤੋਂ ਦੇਖਣ ਨਾਲ ਸੁਰੱਖਿਆ ਮਿਲਦੀ ਹੈ।”

ਇਸ ਲੇਖ ਦੇ ਸ਼ੁਰੂ ਵਿਚ ਦੱਸੀ ਕਹਾਵਤ ਨੂੰ ਬਹੁਤ ਸਾਰੇ ਲੋਕ ਜਾਣਦੇ ਹਨ। ਪਰ ਫਿਰ ਵੀ ਲੋਕ ਉਧਾਰ ਲੈਣ ਤੋਂ ਪਿੱਛੇ ਨਹੀਂ ਹਟਦੇ। ਉੱਪਰ ਦਿੱਤੇ ਬਾਈਬਲ ਦੇ ਅਸੂਲਾਂ ’ਤੇ ਗੌਰ ਕਰ ਕੇ ਕੀ ਇਸ ਸਵਾਲ ’ਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨਾ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ, ਕੀ ਮੈਨੂੰ ਪੈਸੇ ਉਧਾਰ ਲੈਣੇ ਚਾਹੀਦੇ ਹਨ? ▪ (w14-E 12/01)