Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ  |  ਨਵੰਬਰ 2014

 ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਮੈਂ ਹੀ ਸਭ ਕੁਝ ਹਾਂ

ਮੈਂ ਹੀ ਸਭ ਕੁਝ ਹਾਂ
  • ਜਨਮ: 1951

  • ਦੇਸ਼: ਜਰਮਨੀ

  • ਅਤੀਤ: ਘਮੰਡੀ, ਮਰਜ਼ੀ ਦਾ ਮਾਲਕ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਪਰਿਵਾਰ ਲੀਪਸਿਗ, ਪੱਛਮੀ ਜਰਮਨੀ ਦੇ ਨੇੜੇ ਰਹਿੰਦਾ ਸੀ ਜੋ ਚੈੱਕ ਤੇ ਪੋਲਿਸ਼ ਸਰਹੱਦ ਤੋਂ ਬਹੁਤਾ ਦੂਰ ਨਹੀਂ ਹੈ। ਮੇਰੇ ਬਚਪਨ ਦੇ ਕੁਝ ਸਾਲ ਉੱਥੇ ਹੀ ਬੀਤੇ। ਜਦੋਂ ਮੈਂ ਛੇ ਸਾਲ ਦਾ ਸੀ, ਉਦੋਂ ਪਿਤਾ ਜੀ ਦੇ ਕੰਮ ਕਰਕੇ ਸਾਨੂੰ ਵਿਦੇਸ਼ ਜਾਣਾ ਪਿਆ। ਪਹਿਲਾਂ ਅਸੀਂ ਬ੍ਰਾਜ਼ੀਲ ਤੇ ਫਿਰ ਇਕਵੇਡਾਰ ਗਏ।

ਜਦੋਂ ਮੈਂ 14 ਸਾਲਾਂ ਦਾ ਸੀ, ਤਾਂ ਮੈਨੂੰ ਜਰਮਨੀ ਵਿਚ ਬੋਰਡਿੰਗ ਸਕੂਲ ਭੇਜ ਦਿੱਤਾ ਗਿਆ। ਮੇਰੇ ਮਾਤਾ-ਪਿਤਾ ਦੂਰ ਦੱਖਣੀ ਅਮਰੀਕਾ ਵਿਚ ਰਹਿੰਦੇ ਸਨ ਜਿਸ ਕਰਕੇ ਮੈਨੂੰ ਸਾਰਾ ਕੁਝ ਆਪ ਕਰਨਾ ਪੈਂਦਾ ਸੀ। ਇਸ ਲਈ ਮੈਂ ਆਪਣੇ ਉੱਤੇ ਇੰਨਾ ਭਰੋਸਾ ਕਰਨ ਲੱਗ ਪਿਆ ਕਿ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਕਿ ਮੇਰੇ ਕੰਮਾਂ ਦਾ ਦੂਜਿਆਂ ’ਤੇ ਕੀ ਅਸਰ ਪੈਂਦਾ ਹੈ।

ਜਦੋਂ ਮੈਂ 17 ਸਾਲਾਂ ਦਾ ਸੀ, ਤਾਂ ਮੇਰੇ ਮਾਪੇ ਵਾਪਸ ਜਰਮਨੀ ਆ ਗਏ। ਪਹਿਲਾਂ-ਪਹਿਲਾਂ ਤਾਂ ਮੈਂ ਉਨ੍ਹਾਂ ਨਾਲ ਰਹਿ ਲਿਆ। ਪਰ ਮੈਨੂੰ ਸਾਰਾ ਕੁਝ ਆਪਣੀ ਮਰਜ਼ੀ ਨਾਲ ਕਰਨ ਦੀ ਆਦਤ ਸੀ, ਇਸ ਲਈ ਮਾਪਿਆਂ ਦੇ ਕਹਿਣੇ ਮੁਤਾਬਕ ਚੱਲਣਾ ਮੇਰੇ ਲਈ ਔਖਾ ਸੀ। ਮੈਂ 18 ਸਾਲਾਂ ਦੀ ਉਮਰ ਵਿਚ ਘਰੋਂ ਚਲਾ ਗਿਆ।

ਮੈਂ ਇਹ ਜਾਣਨ ਲਈ ਬੇਚੈਨ ਸੀ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ। ਮੈਂ ਇਸ ਮਕਸਦ ਨੂੰ ਜਾਣਨ ਲਈ ਵੱਖੋ-ਵੱਖਰੇ ਰਹਿਣ-ਸਹਿਣ ਅਤੇ ਗਰੁੱਪਾਂ ਨੂੰ ਦੇਖਿਆ। ਇਸ ਤੋਂ ਬਾਅਦ ਮੈਂ ਫ਼ੈਸਲਾ ਕਰ ਲਿਆ ਕਿ ਮੈਂ ਆਪਣੀ ਜ਼ਿੰਦਗੀ ਕਿਹੜੇ ਕੰਮ ਵਿਚ ਲਾਵਾਂਗਾ। ਇਸ ਤੋਂ ਪਹਿਲਾਂ ਕਿ ਇਨਸਾਨ ਇਸ ਸੁੰਦਰ ਧਰਤੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣ, ਮੇਰੇ ਲਈ ਵਧੀਆ ਹੋਵੇਗਾ ਕਿ ਮੈਂ ਧਰਤੀ ਉੱਤੇ ਵੰਨ-ਸੁਵੰਨੀਆਂ ਚੀਜ਼ਾਂ ਦੇਖਾਂ।

ਮੈਂ ਜਰਮਨੀ ਤੋਂ ਮੋਟਰ ਸਾਈਕਲ ’ਤੇ ਅਫ਼ਰੀਕਾ ਲਈ ਰਵਾਨਾ ਹੋ ਗਿਆ। ਪਰ ਜਲਦੀ ਹੀ ਮੈਨੂੰ ਮੋਟਰ ਸਾਈਕਲ ਠੀਕ ਕਰਾਉਣ ਲਈ ਯੂਰਪ ਵਾਪਸ ਆਉਣਾ ਪਿਆ। ਇਸ ਤੋਂ ਛੇਤੀ ਬਾਅਦ ਇਕ ਦਿਨ ਮੈਂ ਪੁਰਤਗਾਲ ਦੇ ਸਮੁੰਦਰੀ ਕੰਢੇ ਗਿਆ। ਮੈਂ ਫ਼ੈਸਲਾ ਕਰ ਲਿਆ ਕਿ ਮੈਂ ਮੋਟਰ ਸਾਈਕਲ ਦੀ ਬਜਾਇ ਸਮੁੰਦਰੀ ਸਫ਼ਰ ਕਰਾਂਗਾ।

ਮੈਂ ਅਜਿਹੇ ਮੁੰਡੇ-ਕੁੜੀਆਂ ਦੇ ਗਰੁੱਪ ਵਿਚ ਸ਼ਾਮਲ ਹੋ ਗਿਆ ਜੋ ਅੰਧ ਮਹਾਂਸਾਗਰ ਪਾਰ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ। ਉਨ੍ਹਾਂ ਵਿਚ ਇਕ ਲੌਰੀ ਨਾਂ ਦੀ ਕੁੜੀ ਵੀ ਸੀ ਜਿਸ ਨਾਲ ਬਾਅਦ ਵਿਚ ਮੇਰਾ ਵਿਆਹ ਹੋਇਆ। ਪਹਿਲਾਂ ਅਸੀਂ ਦੋਵੇਂ ਕੈਰੀਬੀਅਨ ਟਾਪੂਆਂ ’ਤੇ ਗਏ। ਫਿਰ ਪੋਰਟੋ ਰੀਕੋ ਥੋੜ੍ਹਾ ਚਿਰ ਰੁਕਣ ਤੋਂ ਬਾਅਦ ਅਸੀਂ ਯੂਰਪ ਵਾਪਸ ਆ ਗਏ। ਅਸੀਂ ਚਾਹੁੰਦੇ ਸੀ ਕਿ ਸਾਨੂੰ ਕੋਈ ਕਿਸ਼ਤੀ ਮਿਲ ਜਾਵੇ ਤੇ ਅਸੀਂ ਉਸ ਕਿਸ਼ਤੀ ਨੂੰ ਇੱਦਾਂ ਦੀ ਬਣਾ ਲਈਏ ਜਿਸ ਵਿਚ ਅਸੀਂ ਰਹਿ ਵੀ ਸਕੀਏ। ਪਰ ਸਿਰਫ਼ ਤਿੰਨ ਮਹੀਨਿਆਂ ਦੀ ਤਲਾਸ਼ ਤੋਂ ਬਾਅਦ ਸਾਡਾ ਕਿਸ਼ਤੀ ਦਾ ਕੰਮ ਵਿੱਚੇ ਹੀ ਰੁਕ ਗਿਆ ਕਿਉਂਕਿ ਮੈਨੂੰ ਜਰਮਨੀ ਦੀ ਮਿਲਟਰੀ ਵਿਚ ਭਰਤੀ ਹੋਣਾ ਪਿਆ।

ਮੈਂ 15 ਮਹੀਨੇ ਜਰਮਨੀ ਦੀ ਜਲ ਸੈਨਾ ਵਿਚ ਰਿਹਾ। ਇਸ ਸਮੇਂ ਦੌਰਾਨ ਮੈਂ ਤੇ ਲੌਰੀ ਨੇ ਵਿਆਹ ਕਰਾ ਲਿਆ ਅਤੇ ਅਸੀਂ ਆਪਣਾ ਸਫ਼ਰ ਜਾਰੀ ਰੱਖਣ ਦੀਆਂ ਤਿਆਰੀਆਂ ਕਰਦੇ ਰਹੇ। ਮਿਲਟਰੀ ਸੇਵਾ ਸ਼ੁਰੂ ਕਰਨ ਤੋਂ ਥੋੜ੍ਹਾ ਹੀ ਚਿਰ ਪਹਿਲਾਂ ਅਸੀਂ ਕਿਸ਼ਤੀ ਦਾ ਢਾਂਚਾ ਖ਼ਰੀਦ ਲਿਆ ਸੀ। ਜਦੋਂ ਮੈਂ ਮਿਲਟਰੀ ਵਿਚ ਸੀ, ਤਾਂ ਅਸੀਂ ਹੌਲੀ-ਹੌਲੀ ਇਸ ਢਾਂਚੇ ਨੂੰ ਬਣਾ-ਸੰਵਾਰ ਕੇ ਤਿਆਰ ਕਰ ਲਿਆ। ਅਸੀਂ ਇਸ ਵਿਚ ਰਹਿਣ  ਅਤੇ ਧਰਤੀ ਦੀਆਂ ਵੰਨ-ਸੁਵੰਨੀਆਂ ਚੀਜ਼ਾਂ ਦੇਖਣ ਲਈ ਸਫ਼ਰ ਜਾਰੀ ਰੱਖਣ ਦੀ ਸੋਚੀ। ਇਸ ਮੁਕਾਮ ਤੇ ਯਾਨੀ ਮਿਲਟਰੀ ਸੇਵਾ ਪੂਰੀ ਕਰਨ ਤੋਂ ਬਾਅਦ, ਪਰ ਕਿਸ਼ਤੀ ਪੂਰੀ ਹੋਣ ਤੋਂ ਪਹਿਲਾਂ ਸਾਨੂੰ ਯਹੋਵਾਹ ਦੇ ਗਵਾਹ ਮਿਲੇ ਤੇ ਅਸੀਂ ਉਨ੍ਹਾਂ ਤੋਂ ਬਾਈਬਲ ਦਾ ਗਿਆਨ ਲੈਣ ਲੱਗ ਪਏ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:

ਪਹਿਲਾਂ-ਪਹਿਲਾਂ ਮੈਨੂੰ ਲੱਗਾ ਕਿ ਮੈਨੂੰ ਆਪਣੀ ਜ਼ਿੰਦਗੀ ਵਿਚ ਇੰਨੀਆਂ ਤਬਦੀਲੀਆਂ ਕਰਨ ਦੀ ਲੋੜ ਨਹੀਂ ਸੀ। ਮੈਂ ਉਸ ਤੀਵੀਂ ਨਾਲ ਵਿਆਹ ਕਰਾ ਲਿਆ ਸੀ ਜਿਸ ਨਾਲ ਮੈਂ ਪਹਿਲਾਂ ਰਹਿ ਰਿਹਾ ਸੀ ਤੇ ਸਿਗਰਟ ਪੀਣੀ ਤਾਂ ਮੈਂ ਪਹਿਲਾਂ ਹੀ ਛੱਡ ਚੁੱਕਾ ਸੀ। (ਅਫ਼ਸੀਆਂ 5:5) ਜਦੋਂ ਦੁਨੀਆਂ ਭਰ ਦਾ ਸਫ਼ਰ ਕਰਨ ਦੀ ਗੱਲ ਆਉਂਦੀ ਹੈ, ਤਾਂ ਮੈਂ ਸੋਚਿਆ ਕਿ ਅਸੀਂ ਆਪਣੀ ਜ਼ਿੰਦਗੀ ਰੱਬ ਦੀ ਸ਼ਾਨਦਾਰ ਸ੍ਰਿਸ਼ਟੀ ਨੂੰ ਦੇਖਣ ਵਿਚ ਲਾ ਰਹੇ ਹਾਂ ਜਿਸ ਵਿਚ ਕੋਈ ਹਰਜ਼ ਨਹੀਂ।

ਪਰ ਜੇ ਮੈਂ ਸੱਚ ਦੱਸਾਂ, ਤਾਂ ਮੈਨੂੰ ਕਾਫ਼ੀ ਕੁਝ ਬਦਲਣ ਦੀ ਲੋੜ ਸੀ, ਖ਼ਾਸਕਰ ਆਪਣਾ ਸੁਭਾਅ। ਘਮੰਡ ਵਿਚ ਚੂਰ ਤੇ ਆਪਣੀ ਮਰਜ਼ੀ ਦਾ ਮਾਲਕ ਹੋਣ ਕਰਕੇ ਮੈਂ ਆਪਣੀਆਂ ਕਾਬਲੀਅਤਾਂ ਦਾ ਇਸਤੇਮਾਲ ਕਰਨ ਤੇ ਸਫ਼ਲਤਾਵਾਂ ਪਾਉਣ ਵਿਚ ਹੀ ਮਗਨ ਰਹਿੰਦਾ ਸੀ। ਮੈਨੂੰ ਲੱਗਦਾ ਸੀ ਕਿ ਜ਼ਿੰਦਗੀ ਵਿਚ ਮੈਂ ਹੀ ਸਭ ਕੁਝ ਹਾਂ।

ਇਕ ਦਿਨ ਮੈਂ ਯਿਸੂ ਦਾ ਮਸ਼ਹੂਰ ਉਪਦੇਸ਼ ਪੜ੍ਹਿਆ। (ਮੱਤੀ, ਅਧਿਆਇ 5-7) ਇਹ ਪੜ੍ਹ ਕੇ ਪਹਿਲਾਂ-ਪਹਿਲਾਂ ਮੈਨੂੰ ਬਹੁਤ ਅਜੀਬ ਲੱਗਾ ਕਿ ਯਿਸੂ ਕਿਹੋ ਜਿਹੀ ਖ਼ੁਸ਼ੀ ਬਾਰੇ ਗੱਲ ਕਰ ਰਿਹਾ ਸੀ। ਮਿਸਾਲ ਲਈ, ਉਸ ਨੇ ਕਿਹਾ ਕਿ ਉਹ ਲੋਕ ਖ਼ੁਸ਼ ਹਨ ਜੋ ਭੁੱਖੇ ਤੇ ਪਿਆਸੇ ਹਨ। (ਮੱਤੀ 5:6) ਮੇਰੇ ਮਨ ਵਿਚ ਆਇਆ ਕਿ ਭੁੱਖੇ-ਪਿਆਸੇ ਲੋਕ ਕਿੱਦਾਂ ਖ਼ੁਸ਼ ਹੋ ਸਕਦੇ ਹਨ। ਜਿੱਦਾਂ-ਜਿੱਦਾਂ ਮੈਂ ਬਾਈਬਲ ਦਾ ਗਿਆਨ ਲੈਂਦਾ ਗਿਆ, ਉੱਦਾਂ-ਉੱਦਾਂ ਮੈਨੂੰ ਅਹਿਸਾਸ ਹੋਇਆ ਕਿ ਸਾਨੂੰ ਸਾਰਿਆਂ ਨੂੰ ਰੱਬ ਦੀ ਅਗਵਾਈ ਦੀ ਲੋੜ ਹੈ, ਪਰ ਇਹ ਅਗਵਾਈ ਲੈਣ ਤੋਂ ਪਹਿਲਾਂ ਸਾਨੂੰ ਨਿਮਰਤਾ ਨਾਲ ਮੰਨਣ ਦੀ ਲੋੜ ਹੈ ਕਿ ਸਾਨੂੰ ਅਗਵਾਈ ਚਾਹੀਦੀ ਹੈ। ਇਹ ਗੱਲ ਯਿਸੂ ਦੇ ਕਹੇ ਅਨੁਸਾਰ ਹੈ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”ਮੱਤੀ 5:3.

ਜਰਮਨੀ ਵਿਚ ਬਾਈਬਲ ਦਾ ਗਿਆਨ ਲੈਣਾ ਸ਼ੁਰੂ ਕਰਨ ਤੋਂ ਬਾਅਦ ਮੈਂ ਤੇ ਲੌਰੀ ਪਹਿਲਾਂ ਫਰਾਂਸ ਚਲੇ ਗਏ ਤੇ ਫਿਰ ਇਟਲੀ। ਅਸੀਂ ਜਿੱਥੇ ਕਿਤੇ ਵੀ ਗਏ, ਉੱਥੇ ਸਾਨੂੰ ਯਹੋਵਾਹ ਦੇ ਗਵਾਹ ਮਿਲੇ। ਮੈਂ ਇਸ ਗੱਲੋਂ ਬਹੁਤ ਪ੍ਰਭਾਵਿਤ ਹੋਇਆ ਕਿ ਉਹ ਇਕ-ਦੂਜੇ ਨੂੰ ਦਿਲੋਂ ਪਿਆਰ ਕਰਦੇ ਹਨ ਤੇ ਉਨ੍ਹਾਂ ਵਿਚ ਏਕਤਾ ਹੈ। ਮੈਂ ਦੇਖਿਆ ਕਿ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਭੈਣਾਂ-ਭਰਾਵਾਂ ਵਾਂਗ ਰਹਿੰਦੇ ਹਨ। (ਯੂਹੰਨਾ 13:34, 35) ਸਮਾਂ ਬੀਤਣ ਨਾਲ ਮੈਂ ਤੇ ਲੌਰੀ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣ ਗਏ।

ਬਪਤਿਸਮੇ ਤੋਂ ਬਾਅਦ ਮੈਂ ਆਪਣੇ ਸੁਭਾਅ ਵਿਚ ਤਬਦੀਲੀਆਂ ਕਰਦਾ ਰਿਹਾ। ਮੈਂ ਤੇ ਲੌਰੀ ਨੇ ਫ਼ੈਸਲਾ ਕੀਤਾ ਕਿ ਅਫ਼ਰੀਕਾ ਦੇ ਸਮੁੰਦਰੀ ਕਿਨਾਰੇ ਤੋਂ ਦੀ ਹੁੰਦਿਆਂ ਹੋਇਆਂ ਅਸੀਂ ਅੰਧ ਮਹਾਂਸਾਗਰ ਪਾਰ ਕਰ ਕੇ ਅਮਰੀਕਾ ਜਾਵਾਂਗੇ। ਅਸੀਂ ਐਡੇ ਵੱਡੇ ਸਮੁੰਦਰ ਵਿਚ ਇਕ ਛੋਟੀ ਜਿਹੀ ਕਿਸ਼ਤੀ ਵਿਚ ਸਿਰਫ਼ ਦੋ ਜਣੇ ਸਾਂ ਤੇ ਸਾਡੇ ਆਲੇ-ਦੁਆਲੇ ਹਜ਼ਾਰਾਂ ਮੀਲਾਂ ਦੂਰ ਪਾਣੀ ਹੀ ਪਾਣੀ ਸੀ। ਮੈਨੂੰ ਉਸ ਵੇਲੇ ਅਹਿਸਾਸ ਹੋਇਆ ਕਿ ਆਪਣੇ ਮਹਾਨ ਸਿਰਜਣਹਾਰ ਦੇ ਅੱਗੇ ਅਸੀਂ ਕਿੰਨੇ ਮਾਮੂਲੀ ਜਿਹੇ ਇਨਸਾਨ ਹਾਂ। ਮੇਰੇ ਕੋਲ ਕਾਫ਼ੀ ਸਮਾਂ ਸੀ ਕਿਉਂਕਿ ਸਮੁੰਦਰ ਦੇ ਗੱਭੇ ਮੇਰੇ ਕੋਲ ਇੰਨਾ ਕੰਮ ਨਹੀਂ ਸੀ। ਇਸ ਲਈ ਮੈਂ ਜ਼ਿਆਦਾਤਰ ਸਮਾਂ ਬਾਈਬਲ ਪੜ੍ਹਨ ਵਿਚ ਲਾਉਣ ਲੱਗ ਪਿਆ। ਮੈਨੂੰ ਖ਼ਾਸਕਰ ਉਹ ਬਿਰਤਾਂਤ ਬਹੁਤ ਚੰਗੇ ਲੱਗੇ ਜਿਨ੍ਹਾਂ ਵਿਚ ਯਿਸੂ ਦੀ ਧਰਤੀ ਉੱਤੇ ਜ਼ਿੰਦਗੀ ਬਾਰੇ ਦੱਸਿਆ ਹੈ। ਉਹ ਮੁਕੰਮਲ ਇਨਸਾਨ ਸੀ ਜਿਸ ਵਿਚ ਅਜਿਹੀਆਂ ਕਾਬਲੀਅਤਾਂ ਸਨ ਜਿਨ੍ਹਾਂ ਬਾਰੇ ਮੈਂ ਸੋਚਿਆ ਵੀ ਨਹੀਂ ਸੀ। ਪਰ ਉਸ ਨੇ ਕਦੇ ਵੀ ਆਪਣੀ ਵਡਿਆਈ ਨਹੀਂ ਕਰਵਾਈ। ਉਹ ਜ਼ਿੰਦਗੀ ਵਿਚ ਆਪਣੇ ਆਪ ਨੂੰ ਸਭ ਕੁਝ ਨਹੀਂ ਸਮਝਦਾ ਸੀ, ਸਗੋਂ ਆਪਣੇ ਸਵਰਗੀ ਪਿਤਾ ਬਾਰੇ ਸੋਚਦਾ ਸੀ।

ਮੈਨੂੰ ਲੱਗਾ ਕਿ ਮੈਨੂੰ ਆਪਣੀ ਜ਼ਿੰਦਗੀ ਵਿਚ ਰੱਬ ਦੇ ਰਾਜ ਨੂੰ ਪਹਿਲ ਦੇਣ ਦੀ ਲੋੜ ਸੀ

ਜਿਉਂ-ਜਿਉਂ ਮੈਂ ਯਿਸੂ ਦੀ ਮਿਸਾਲ ਉੱਤੇ ਸੋਚ-ਵਿਚਾਰ ਕੀਤਾ, ਤਿਉਂ-ਤਿਉਂ ਮੈਨੂੰ ਲੱਗਾ ਕਿ ਆਪਣੀ ਜ਼ਿੰਦਗੀ ਵਿਚ ਰੱਬ ਦੇ ਰਾਜ ਨੂੰ ਪਹਿਲ ਦੇਣ ਦੀ ਲੋੜ ਹੈ, ਨਾ ਕਿ ਉਨ੍ਹਾਂ ਕੰਮਾਂ ਨੂੰ ਜਿਹੜੇ ਮੈਂ ਕਰਨੇ ਚਾਹੁੰਦਾ ਸੀ। (ਮੱਤੀ 6:33) ਜਦੋਂ ਮੈਂ ਤੇ ਲੌਰੀ ਅਮਰੀਕਾ ਪਹੁੰਚੇ, ਤਾਂ ਅਸੀਂ ਉੱਥੇ ਰਹਿ ਕੇ ਆਪਣਾ ਧਿਆਨ ਰੱਬ ਦੀ ਭਗਤੀ ਕਰਨ ’ਤੇ ਲਾਉਣ ਦਾ ਫ਼ੈਸਲਾ ਕੀਤਾ।

ਅੱਜ ਮੇਰੀ ਜ਼ਿੰਦਗੀ:

ਪਹਿਲਾਂ ਜਦੋਂ ਮੈਂ ਆਪਣੇ ਆਪ ’ਤੇ ਜ਼ਿਆਦਾ ਭਰੋਸਾ ਕਰਦਾ ਸੀ, ਉਦੋਂ ਮੈਨੂੰ ਸ਼ੱਕ ਰਹਿੰਦਾ ਸੀ ਕਿ ਮੈਂ ਸਹੀ ਫ਼ੈਸਲੇ ਕਰਦਾ ਸੀ ਜਾਂ ਨਹੀਂ। ਪਰ ਹੁਣ ਸਹੀ ਸੇਧ ਲਈ ਮੈਨੂੰ ਉਹ ਗਿਆਨ ਮਿਲਿਆ ਹੈ ਜੋ ਕਦੇ ਗ਼ਲਤ ਨਹੀਂ ਹੋ ਸਕਦਾ। (ਯਸਾਯਾਹ 48:17, 18) ਨਾਲੇ ਮੈਨੂੰ ਆਪਣੀ ਜ਼ਿੰਦਗੀ ਦਾ ਮਕਸਦ ਵੀ ਪਤਾ ਲੱਗ ਗਿਆ ਹੈ। ਉਹ ਹੈ ਰੱਬ ਦੀ ਭਗਤੀ ਕਰਨੀ ਅਤੇ ਉਸ ਬਾਰੇ ਸਿੱਖਣ ਵਿਚ ਦੂਜਿਆਂ ਦੀ ਮਦਦ ਕਰਨੀ।

ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਮੈਂ ਤੇ ਲੌਰੀ ਨੇ ਆਪਣੇ ਵਿਆਹੁਤਾ-ਬੰਧਨ ਨੂੰ ਮਜ਼ਬੂਤ ਕੀਤਾ ਹੈ। ਯਹੋਵਾਹ ਨੇ ਸਾਨੂੰ ਇਕ ਖੂਬਸੂਰਤ ਧੀ ਵੀ ਦਿੱਤੀ ਹੈ ਜੋ ਬਚਪਨ ਤੋਂ ਯਹੋਵਾਹ ਬਾਰੇ ਸਿੱਖ ਰਹੀ ਹੈ ਤੇ ਉਸ ਨਾਲ ਪਿਆਰ ਕਰਦੀ ਹੈ।

ਇਸ ਦਾ ਮਤਲਬ ਇਹ ਨਹੀਂ ਕਿ ਸਾਡੀ ਜ਼ਿੰਦਗੀ ਦੀ ਕਿਸ਼ਤੀ ਅਡੋਲ ਚੱਲਦੀ ਰਹੀ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਪੱਕਾ ਇਰਾਦਾ ਕੀਤਾ ਹੋਇਆ ਹੈ ਕਿ ਅਸੀਂ ਉਸ ਉੱਤੇ ਭਰੋਸਾ ਰੱਖਾਂਗੇ ਤੇ ਕਦੇ ਵੀ ਹਿੰਮਤ ਨਹੀਂ ਹਾਰਾਂਗੇ।—ਕਹਾਉਤਾਂ 3:5, 6. ▪ (w14-E 10/01)