Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ  |  ਜੁਲਾਈ 2014

ਕੀ ਤੁਸੀਂ ਜ਼ਿੰਦਗੀ ਦੇਣ ਵਾਲੀ ਰੋਟੀ ਦਾ ਸੁਆਦ ਚੱਖਿਆ ਹੈ?

ਕੀ ਤੁਸੀਂ ਜ਼ਿੰਦਗੀ ਦੇਣ ਵਾਲੀ ਰੋਟੀ ਦਾ ਸੁਆਦ ਚੱਖਿਆ ਹੈ?

ਪੁਰਾਣੇ ਸ਼ਹਿਰ ਬੈਤਲਹਮ ਦੀਆਂ ਇਤਿਹਾਸਕ ਥਾਵਾਂ ਦੀ ਸੈਰ ਕਰਦੇ ਹੋਏ ਕੁਝ ਮੁਸਾਫ਼ਰਾਂ ਨੂੰ ਬਹੁਤ ਭੁੱਖ ਲੱਗੀ ਅਤੇ ਉਹ ਉੱਥੇ ਦਾ ਰਵਾਇਤੀ ਭੋਜਨ ਖਾਣਾ ਚਾਹੁੰਦੇ ਸਨ। ਉਨ੍ਹਾਂ ਵਿੱਚੋਂ ਇਕ ਮੁਸਾਫ਼ਰ ਨੇ ਰੈਸਟੋਰੈਂਟ ਲੱਭਿਆ ਜਿੱਥੇ ਫਲਾਫਲ ਨਾਂ ਦਾ ਭੋਜਨ ਬਣਾਇਆ ਜਾਂਦਾ ਹੈ। ਇਹ ਸੁਆਦਲਾ ਖਾਣਾ ਪੀਸੇ ਹੋਏ ਛੋਲੇ, ਟਮਾਟਰ, ਪਿਆਜ਼ ਅਤੇ ਹੋਰ ਸਬਜ਼ੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ ਤੇ ਫਿਰ ਇਸ ਨੂੰ ਪਿਟਾ ਬ੍ਰੈੱਡ (ਇਕ ਕਿਸਮ ਦੀ ਰੋਟੀ) ਦੇ ਨਾਲ ਪਰੋਸਿਆ ਜਾਂਦਾ ਹੈ। ਇਹ ਵਧੀਆ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਮੁਸਾਫ਼ਰਾਂ ਨੂੰ ਆਪਣਾ ਸਫ਼ਰ ਜਾਰੀ ਰੱਖਣ ਵਿਚ ਤਾਕਤ ਮਿਲੀ।

ਇਨ੍ਹਾਂ ਮੁਸਾਫ਼ਰਾਂ ਨੂੰ ਇਹ ਨਹੀਂ ਸੀ ਪਤਾ ਕਿ ਉਸ ਦਿਨ ਖਾਧੀ ਸਾਦੀ ਜਿਹੀ ਪਿਟਾ ਬ੍ਰੈੱਡ ਉਨ੍ਹਾਂ ਨੂੰ ਜ਼ਿੰਦਗੀ ਭਰ ਨਹੀਂ ਸੀ ਭੁੱਲਣੀ। ਕਿਉਂ? ਕਿਉਂਕਿ ਬੈਤਲਹਮ ਦਾ ਮਤਲਬ ਹੈ “ਰੋਟੀ ਦਾ ਘਰ” ਅਤੇ ਇੱਥੇ ਹਜ਼ਾਰਾਂ ਸਾਲਾਂ ਤੋਂ ਰੋਟੀ ਬਣਾਈ ਜਾਂਦੀ ਹੈ। (ਰੂਥ 1:22; 2:14) ਅੱਜ ਬੈਤਲਹਮ ਵਿਚ ਪਿਟਾ ਬ੍ਰੈੱਡ ਉੱਥੇ ਦੀਆਂ ਰਵਾਇਤੀ ਰੋਟੀਆਂ ਵਿੱਚੋਂ ਇਕ ਹੈ।

ਕੁਝ ਚਾਰ ਹਜ਼ਾਰ ਸਾਲ ਪਹਿਲਾਂ, ਬੈਤਲਹਮ ਦੇ ਦੱਖਣ ਵੱਲ ਅਬਰਾਹਾਮ ਦੀ ਪਤਨੀ ਸਾਰਾਹ ਨੇ ਆਪਣੇ ਘਰ ਆਏ ਅਚਾਨਕ ਤਿੰਨ ਮਹਿਮਾਨਾਂ ਲਈ ਤਾਜ਼ੇ-ਤਾਜ਼ੇ “ਫੁਲਕੇ” ਬਣਾਏ। (ਉਤਪਤ 18:6) ਸਾਰਾਹ ਨੇ ਜੋ “ਮੈਦਾ” ਵਰਤਿਆ, ਉਹ ਸ਼ਾਇਦ ਕਣਕ ਜਾਂ ਜੌਂ ਤੋਂ ਬਣਿਆ ਸੀ। ਸਾਰਾਹ ਨੂੰ ਫੁਲਕੇ ਛੇਤੀ-ਛੇਤੀ ਬਣਾਉਣੇ ਪਏ ਅਤੇ ਉਸ ਨੇ ਸ਼ਾਇਦ ਇਨ੍ਹਾਂ ਨੂੰ ਅੰਗਿਆਰਿਆਂ ਉੱਤੇ ਪਕਾਇਆ।​—1 ਰਾਜਿਆਂ 19:6.

ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਅਬਰਾਹਾਮ ਦਾ ਪਰਿਵਾਰ ਖ਼ੁਦ ਆਟਾ ਪੀਹ ਕੇ ਰੋਟੀ ਬਣਾਉਂਦਾ ਸੀ। ਤੰਬੂਆਂ ਵਿਚ ਰਹਿਣ ਕਾਰਨ ਸਾਰਾਹ ਅਤੇ ਉਸ ਦੀਆਂ ਨੌਕਰਾਣੀਆਂ ਉੱਦਾਂ ਰੋਟੀ ਨਹੀਂ ਸੀ ਪਕਾ ਸਕਦੀਆਂ ਜਿੱਦਾਂ ਆਮ ਤੌਰ ਤੇ ਸਾਰਾਹ ਦੇ ਦੇਸ਼ ਯਾਨੀ ਊਰ ਵਿਚ ਤੰਦੂਰਾਂ ਵਿਚ ਪਕਾਈ ਜਾਂਦੀ ਸੀ। ਉਹ ਜਿਸ ਵੀ ਜਗ੍ਹਾ ਤੰਬੂ ਲਾਉਂਦੇ ਸਨ, ਸਾਰਾਹ ਉਸ ਇਲਾਕੇ ਵਿਚ ਮਿਲਦੀ ਕਣਕ ਤੋਂ ਆਟਾ ਤਿਆਰ ਕਰਦੀ ਸੀ। ਇੱਦਾਂ ਕਰਨ ਵਿਚ ਬਹੁਤ ਮਿਹਨਤ ਲੱਗਦੀ ਸੀ ਕਿਉਂਕਿ ਕਣਕ ਨੂੰ ਚੱਕੀ ਜਾਂ ਸ਼ਾਇਦ ਕੂੰਡੇ-ਘੋਟਣੇ ਨਾਲ ਪੀਸਿਆ ਜਾਂਦਾ ਸੀ।

ਚਾਰ ਸਦੀਆਂ ਬਾਅਦ ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਕਿ ਕੋਈ ਵੀ ਕਿਸੇ ਦੀ ਚੱਕੀ ਨੂੰ ਗਿਰਵੀ ਨਹੀਂ ਸੀ ਰੱਖ ਸਕਦਾ ਕਿਉਂਕਿ ਇਹ ਉਸ ਇਨਸਾਨ ਦੀ “ਜਾਨ” ਯਾਨੀ ਰੋਜ਼ੀ-ਰੋਟੀ ਨੂੰ ਦਰਸਾਉਂਦੀ ਸੀ। (ਬਿਵਸਥਾ ਸਾਰ 24:6) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੱਕੀ ਬਹੁਤ ਮਾਅਨੇ ਰੱਖਦੀ ਸੀ ਕਿਉਂਕਿ ਇਸ ਤੋਂ ਬਿਨਾਂ ਪਰਿਵਾਰ ਆਪਣਾ ਢਿੱਡ ਨਹੀਂ ਸੀ ਭਰ ਸਕਦਾ।​—“ ਬਾਈਬਲ ਸਮਿਆਂ ਵਿਚ ਰੋਜ਼ ਪੀਹਣਾ ਤੇ ਪਕਾਉਣਾ” ਨਾਂ ਦੀ ਡੱਬੀ ਦੇਖੋ।

ਰੋਟੀ ਸਾਨੂੰ ਜੀਉਂਦਾ ਰੱਖਦੀ ਹੈ

ਬਾਈਬਲ ਵਿਚ ਤਕਰੀਬਨ 350 ਵਾਰ ਰੋਟੀ ਦਾ ਜ਼ਿਕਰ ਆਉਂਦਾ ਹੈ। ਅਤੇ ਜਦ ਬਾਈਬਲ ਦੇ ਲਿਖਾਰੀ ਭੋਜਨ ਸ਼ਬਦ ਵਰਤਦੇ ਸਨ, ਤਾਂ ਇਕ ਤਰ੍ਹਾਂ ਨਾਲ ਉਹ ਰੋਟੀ ਦਾ ਹੀ ਜ਼ਿਕਰ ਕਰ ਰਹੇ ਹੁੰਦੇ ਸਨ। ਯਿਸੂ ਨੇ ਦਿਖਾਇਆ ਕਿ ਰੱਬ ਦੇ ਭਗਤ ਪੂਰੇ ਯਕੀਨ ਨਾਲ ਉਸ ਨੂੰ ਇਹ ਪ੍ਰਾਰਥਨਾ ਕਰ ਸਕਦੇ ਹਨ: “ਸਾਨੂੰ ਅੱਜ ਦੀ ਰੋਟੀ ਅੱਜ ਦੇ।” (ਮੱਤੀ 6:11) ਯਿਸੂ ਦੱਸ ਰਿਹਾ ਸੀ ਕਿ ਅਸੀਂ ਪਰਮੇਸ਼ੁਰ ’ਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਰੋਜ਼ ਦੀ ਰੋਟੀ ਦੇਵੇਗਾ।​—ਜ਼ਬੂਰਾਂ ਦੀ ਪੋਥੀ 37:25.

ਪਰ ਰੋਟੀ ਜਾਂ ਭੋਜਨ ਤੋਂ ਵੀ ਜ਼ਿਆਦਾ ਇਕ ਬਹੁਤ ਜ਼ਰੂਰੀ ਗੱਲ ਬਾਰੇ ਯਿਸੂ ਨੇ ਕਿਹਾ: “ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।” (ਮੱਤੀ 4:4) ਯਿਸੂ ਉਸ ਸਮੇਂ ਦੀ ਗੱਲ ਕਰ ਰਿਹਾ ਸੀ ਜਦ ਇਜ਼ਰਾਈਲੀਆਂ ਨੇ ਅਜੇ ਮਿਸਰ ਛੱਡਿਆ ਹੀ ਸੀ ਅਤੇ ਉਹ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ’ਤੇ ਨਿਰਭਰ ਸਨ। ਸੀਨਈ ਉਜਾੜ ਵਿਚ ਪਹੁੰਚਣ ਤੋਂ ਤਕਰੀਬਨ ਇਕ ਮਹੀਨੇ ਬਾਅਦ ਉਨ੍ਹਾਂ ਦਾ ਮਿਸਰ ਤੋਂ ਲਿਆਂਦਾ ਖਾਣਾ ਖ਼ਤਮ ਹੋਣ ਲੱਗ ਪਿਆ ਸੀ। ਉਸ ਵਿਰਾਨ ਜਗ੍ਹਾ ਵਿਚ ਉਨ੍ਹਾਂ ਨੂੰ ਲੱਗਾ ਕਿ ਉਹ ਭੁੱਖੇ ਮਰ ਜਾਣਗੇ। ਇਸ ਲਈ ਉਨ੍ਹਾਂ ਨੇ ਕੁੜ੍ਹਦਿਆਂ ਸ਼ਿਕਾਇਤ ਕੀਤੀ: ‘ਅਸੀਂ ਮਿਸਰ ਵਿਚ ਰੱਜ ਕੇ ਰੋਟੀ ਖਾਂਦੇ ਸੀ।’​—ਕੂਚ 16:1-3.

ਇਸ ਵਿਚ ਕੋਈ ਸ਼ੱਕ ਨਹੀਂ ਕਿ ਮਿਸਰ ਦੀ ਰੋਟੀ ਬਹੁਤ ਮਜ਼ੇਦਾਰ ਹੁੰਦੀ ਸੀ। ਮੂਸਾ ਦੇ ਜ਼ਮਾਨੇ ਵਿਚ ਮਿਸਰ ਦੇ ਕੁਝ ਲੋਕਾਂ ਦਾ ਪੇਸ਼ਾ ਸੀ ਕਿ ਉਹ ਵੱਖੋ-ਵੱਖਰੀ ਬ੍ਰੈੱਡ ਤੇ ਕੇਕ ਬਣਾਉਂਦੇ ਹੁੰਦੇ ਸਨ। ਪਰ ਯਹੋਵਾਹ ਆਪਣੇ ਲੋਕਾਂ ਨੂੰ ਕਿਸੇ ਵੀ ਹਾਲਤ ਵਿਚ ਭੁੱਖੇ ਨਹੀਂ ਸੀ ਮਰਨ ਦੇਣਾ ਚਾਹੁੰਦਾ। ਉਸ ਨੇ ਵਾਅਦਾ ਕੀਤਾ: “ਮੈਂ ਤੁਹਾਡੇ ਲਈ ਅਕਾਸ਼ ਤੋਂ ਰੋਟੀ ਵਰ੍ਹਾਵਾਂਗਾ।” ਇੱਦਾਂ ਹੀ ਹੋਇਆ ਤੇ ਆਕਾਸ਼ ਤੋਂ ਤੜਕੇ “ਨਿੱਕਾ ਨਿੱਕਾ  ਕੱਕਰ ਕੋਰੇ ਵਰਗਾ ਮਹੀਨ ਧਰਤੀ ਉੱਤੇ ਪਿਆ ਹੋਇਆ ਸੀ।” ਇਹ ਦੇਖਣ ਵਿਚ ਤ੍ਰੇਲ ਜਾਂ ਕੋਰੇ ਵਰਗਾ ਸੀ। ਜਦ ਇਜ਼ਰਾਈਲੀਆਂ ਨੇ ਇਸ ਨੂੰ ਪਹਿਲੀ ਵਾਰੀ ਦੇਖਿਆ, ਤਾਂ ਉਨ੍ਹਾਂ ਨੇ ਪੁੱਛਿਆ: “ਆਹ ਕੀ ਹੈ?” ਮੂਸਾ ਨੇ ਉਨ੍ਹਾਂ ਨੂੰ ਕਿਹਾ: ‘ਏਹ ਉਹ ਰੋਟੀ ਹੈ ਜਿਹੜੀ ਯਹੋਵਾਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।’ ਉਨ੍ਹਾਂ ਨੇ ਇਸ ਨੂੰ ਮੰਨ * ਕਿਹਾ ਅਤੇ ਅਗਲੇ 40 ਸਾਲਾਂ ਤਕ ਇਜ਼ਰਾਈਲੀ ਇਸ ਨਾਲ ਆਪਣਾ ਢਿੱਡ ਭਰਦੇ ਰਹੇ।​—ਕੂਚ 16:4, 13-15, 31.

ਇਹ ਚਮਤਕਾਰੀ ਮੰਨ ਖਾ ਕੇ ਇਜ਼ਰਾਈਲੀਆਂ ਨੂੰ ਪਹਿਲਾਂ-ਪਹਿਲਾਂ ਬਹੁਤ ਵਧੀਆ ਲੱਗਾ ਹੋਣਾ। ਇਸ ਦਾ ਸੁਆਦ “ਸ਼ਹਿਤ ਵਿੱਚ ਪਕਾਏ ਹੋਏ ਪੂੜੇ ਵਰਗਾ ਸੀ” ਅਤੇ ਇਹ ਸਾਰਿਆਂ ਦੇ ਖਾਣ ਲਈ ਬਥੇਰਾ ਸੀ। (ਕੂਚ 16:18) ਪਰ ਸਮੇਂ ਦੇ ਬੀਤਣ ਨਾਲ ਇਜ਼ਰਾਈਲੀਆਂ ਨੂੰ ਮਿਸਰ ਦੇ ਵੱਖੋ-ਵੱਖਰੇ ਖਾਣਿਆਂ ਦੀ ਯਾਦ ਆਉਣ ਲੱਗੀ। ਉਨ੍ਹਾਂ ਨੇ ਕੁੜ੍ਹਦਿਆਂ ਕਿਹਾ: “ਹੁਣ ਤਾਂ ਕੁਝ ਵੀ ਨਹੀਂ ਦਿੱਸਦਾ ਸਿਵਾਏ ਇਸ ਮੰਨ ਦੇ!” (ਗਿਣਤੀ 11:6) ਬਾਅਦ ਵਿਚ ਉਨ੍ਹਾਂ ਨੇ ਗੁੱਸੇ ਵਿਚ ਲਾਲ-ਪੀਲ਼ੇ ਹੋ ਕੇ ਕਿਹਾ: “ਸਾਡੀਆਂ ਜਾਨਾਂ ਏਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ!” (ਗਿਣਤੀ 21:5) ਉਨ੍ਹਾਂ ਨੂੰ “ਸੁਰਗੀ ਰੋਟੀ” ਬੇਸੁਆਦੀ ਲੱਗਣ ਲੱਗੀ ਅਤੇ ਉਸ ਤੋਂ ਨਫ਼ਰਤ ਆਉਣ ਲੱਗੀ।​—ਜ਼ਬੂਰਾਂ ਦੀ ਪੋਥੀ 105:40.

ਜ਼ਿੰਦਗੀ ਦੇਣ ਵਾਲੀ ਰੋਟੀ

ਇਹ ਗੱਲ ਸਾਫ਼ ਹੈ ਕਿ ਹੋਰ ਚੀਜ਼ਾਂ ਵਾਂਗ ਸਾਨੂੰ ਰੋਟੀ ਦੀ ਅਹਿਮੀਅਤ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ। ਇਸ ਲਈ ਬਾਈਬਲ ਇਕ ਖ਼ਾਸ ਤਰ੍ਹਾਂ ਦੀ ਰੋਟੀ ਦਾ ਜ਼ਿਕਰ ਕਰਦੀ ਹੈ ਜਿਸ ਲਈ ਸਾਡੀ ਕਦਰ ਕਦੇ ਨਹੀਂ ਘਟਣੀ ਨਹੀਂ ਚਾਹੀਦੀ। ਯਿਸੂ ਨੇ ਇਸ ਰੋਟੀ ਦੀ ਤੁਲਨਾ ਮੰਨ ਨਾਲ ਕੀਤੀ ਜਿਸ ਦੀ ਇਜ਼ਰਾਈਲੀਆਂ ਨੇ ਕੋਈ ਕਦਰ ਨਹੀਂ ਸੀ ਕੀਤੀ, ਪਰ ਇਸ ਰੋਟੀ ਤੋਂ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ।

ਯਿਸੂ ਨੇ ਆਪਣੇ ਸੁਣਨ ਵਾਲਿਆ ਨੂੰ ਕਿਹਾ: “ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹਾਂ। ਤੁਹਾਡੇ ਪਿਉ-ਦਾਦਿਆਂ ਨੇ ਉਜਾੜ ਵਿਚ ਮੰਨ ਖਾਧਾ, ਤਾਂ ਵੀ ਉਹ ਮਰ ਗਏ। ਪਰ ਜੋ ਕੋਈ ਵੀ ਸਵਰਗੋਂ ਆਈ ਰੋਟੀ ਖਾਂਦਾ ਹੈ, ਉਹ ਕਦੀ ਨਹੀਂ ਮਰੇਗਾ। ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹੀ ਹਾਂ ਜੋ ਸਵਰਗੋਂ ਆਈ ਹੈ; ਜੇ ਕੋਈ ਇਹ ਰੋਟੀ ਖਾਂਦਾ ਹੈ, ਉਹ ਹਮੇਸ਼ਾ ਜੀਉਂਦਾ ਰਹੇਗਾ; ਅਸਲ ਵਿਚ, ਇਹ ਰੋਟੀ ਮੇਰਾ ਸਰੀਰ ਹੈ ਜੋ ਮੈਂ ਦੁਨੀਆਂ ਦੀ  ਖ਼ਾਤਰ ਵਾਰਾਂਗਾ ਤਾਂਕਿ ਲੋਕਾਂ ਨੂੰ ਜ਼ਿੰਦਗੀ ਮਿਲੇ।”​—ਯੂਹੰਨਾ 6:48-51.

ਯਿਸੂ ਦੀ ਗੱਲ ਸੁਣਨ ਵਾਲੇ ਜ਼ਿਆਦਾਤਰ ਲੋਕ ਉਸ ਦੇ ਸ਼ਬਦਾਂ ਨੂੰ ਸਮਝ ਨਹੀਂ ਪਾਏ। ਪਰ ਫਿਰ ਵੀ ਉਸ ਦੀ ਇਹ ਮਿਸਾਲ ਇਕਦਮ ਸਹੀ ਸੀ। ਜਿੱਦਾਂ ਯਹੂਦੀ ਲੋਕ ਰੋਟੀ ਖਾ ਕੇ ਜੀਉਂਦੇ ਰਹੇ, ਉੱਦਾਂ ਇਜ਼ਰਾਈਲੀ 40 ਸਾਲਾਂ ਤਕ ਉਜਾੜ ਵਿਚ ਮੰਨ ਖਾ ਕੇ ਜੀਉਂਦੇ ਰਹੇ। ਹਾਲਾਂਕਿ ਮੰਨ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਸੀ, ਪਰ ਇਸ ਨਾਲ ਇਜ਼ਰਾਈਲੀਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੀ। ਇਸ ਤੋਂ ਉਲਟ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰਨ ਵਾਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਇਨਾਮ ਵਜੋਂ ਮਿਲ ਸਕਦੀ ਹੈ। ਵਾਕਈ, ਯਿਸੂ “ਜ਼ਿੰਦਗੀ ਦੇਣ ਵਾਲੀ ਰੋਟੀ” ਹੈ।

ਸ਼ਾਇਦ ਤੁਸੀਂ ਭੁੱਖ ਲੱਗਣ ’ਤੇ ਰੋਟੀ ਖਾਂਦੇ ਹੋ ਅਤੇ ਤੁਸੀਂ ਉਸ “ਰੋਟੀ” ਲਈ ਰੱਬ ਦਾ ਸ਼ੁਕਰ ਕਰਦੇ ਹੋ। (ਮੱਤੀ 6:11) ਹਾਲਾਂਕਿ ਅਸੀਂ ਰੋਟੀ ਜਾਂ ਕੋਈ ਵੀ ਭੋਜਨ ਲਈ ਕਦਰ ਦਿਖਾਉਂਦੇ ਹਾਂ, ਪਰ ਸਾਨੂੰ “ਜ਼ਿੰਦਗੀ ਦੇਣ ਵਾਲੀ ਰੋਟੀ” ਯਾਨੀ ਯਿਸੂ ਮਸੀਹ ਬਾਰੇ ਕਦੇ ਨਹੀਂ ਭੁੱਲਣਾ ਚਾਹੀਦਾ।

ਅਸੀਂ ਮੂਸਾ ਦੇ ਜ਼ਮਾਨੇ ਦੇ ਨਾਸ਼ੁਕਰੇ ਇਜ਼ਰਾਈਲੀਆਂ ਤੋਂ ਉਲਟ ਇਸ ਬੇਸ਼ਕੀਮਤੀ ਰੋਟੀ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ? ਯਿਸੂ ਨੇ ਕਿਹਾ: “ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਮੇਰੇ ਹੁਕਮ ਵੀ ਮੰਨੋਗੇ।” (ਯੂਹੰਨਾ 14:15) ਯਿਸੂ ਦੇ ਹੁਕਮਾਂ ਨੂੰ ਮੰਨ ਕੇ ਸਾਨੂੰ ਜ਼ਿੰਦਗੀ ਦੇਣ ਵਾਲੀ ਰੋਟੀ ਤੋਂ ਬਰਕਤਾਂ ਮਿਲਣਗੀਆਂ ਤੇ ਅਸੀਂ ਹਮੇਸ਼ਾ-ਹਮੇਸ਼ਾ ਲਈ ਰੋਟੀ ਖਾਂਦੇ ਰਹਾਂਗੇ।​—ਬਿਵਸਥਾ ਸਾਰ 12:7. ▪ (w14-E 06/01)

^ ਪੈਰਾ 10 “ਮੰਨ” ਲਫ਼ਜ਼ ਸ਼ਾਇਦ ਇਬਰਾਨੀ ਸ਼ਬਦ “ਮਾਨ ਹੂ” ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ “ਆਹ ਕੀ ਹੈ?”