“ਉਹ ਆਦਮੀ ਮੂਰਖ ਹੈ ਜੋ ਅਖ਼ਬਾਰ ਵਿਚ ਪੜ੍ਹੀ ਹਰ ਗੱਲ ’ਤੇ ਵਿਸ਼ਵਾਸ ਕਰਦਾ ਹੈ।”—ਅਗੂਸੋਤ ਫੋਨ ਸ਼ਿਲਓਟਤਾ, ਜਰਮਨ ਦਾ ਇਤਿਹਾਸਕਾਰ ਤੇ ਲੇਖਕ (1735-1809).

200 ਤੋਂ ਜ਼ਿਆਦਾ ਸਾਲ ਪਹਿਲਾਂ ਲੋਕ ਅਖ਼ਬਾਰ ਵਿਚ ਲਿਖੀ ਹਰ ਗੱਲ ’ਤੇ ਵਿਸ਼ਵਾਸ ਨਹੀਂ ਕਰ ਸਕਦੇ ਸਨ। ਅੱਜ ਵੀ ਅਸੀਂ ਇੰਟਰਨੈੱਟ ’ਤੇ ਪੜ੍ਹੀ ਜਾਂ ਦੇਖੀ ਹਰ ਜਾਣਕਾਰੀ ’ਤੇ ਵਿਸ਼ਵਾਸ ਨਹੀਂ ਕਰ ਸਕਦੇ। ਅੱਜ ਕਾਫ਼ੀ ਮਾਤਰਾ ਵਿਚ ਆਨ-ਲਾਈਨ ਜਾਣਕਾਰੀ ਹੈ ਅਤੇ ਤਕਨਾਲੋਜੀ ਕਰਕੇ ਸਾਡੇ ਲਈ ਜਾਣਕਾਰੀ ਲੱਭਣੀ ਸੌਖੀ ਹੋ ਗਈ ਹੈ। ਬਹੁਤ ਸਾਰੀ ਜਾਣਕਾਰੀ ਸੱਚੀ, ਫ਼ਾਇਦੇਮੰਦ ਤੇ ਨੁਕਸਾਨ ਰਹਿਤ ਹੈ, ਪਰ ਕਾਫ਼ੀ ਜਾਣਕਾਰੀ ਝੂਠੀ, ਬੇਕਾਰ ਤੇ ਖ਼ਤਰਨਾਕ ਹੈ। ਇਸ ਕਰਕੇ ਸਾਨੂੰ ਸਮਝਦਾਰੀ ਨਾਲ ਚੋਣ ਕਰਨੀ ਚਾਹੀਦੀ ਹੈ ਕਿ ਅਸੀਂ ਕੀ ਪੜ੍ਹਦੇ ਹਾਂ। ਜਦੋਂ ਕੁਝ ਲੋਕ ਇੰਟਰਨੈੱਟ ’ਤੇ ਕੁਝ ਪੜ੍ਹਨਾ ਸ਼ੁਰੂ ਕਰਦੇ ਹਨ, ਤਾਂ ਉਹ ਸ਼ਾਇਦ ਸੋਚਣ ਕਿ ਇਹ ਖ਼ਬਰ ਸੱਚੀ ਹੋਣੀ ਕਿਉਂਕਿ ਇਹ ਆਨ-ਲਾਈਨ ਹੈ ਜਾਂ ਇਹ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਈ-ਮੇਲ ਰਾਹੀਂ ਭੇਜੀ ਹੈ। ਉਹ ਅਜੀਬ ਜਾਂ ਸਨਸਨੀਖੇਜ਼ ਖ਼ਬਰ ਨੂੰ ਵੀ ਸ਼ਾਇਦ ਸੱਚ ਮੰਨਣ। ਇਸੇ ਕਰਕੇ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।”ਕਹਾ. 14:15.

ਅਸੀਂ ‘ਸਿਆਣੇ’ ਕਿਵੇਂ ਬਣ ਸਕਦੇ ਹਾਂ ਤੇ ਕੰਪਿਊਟਰ ’ਤੇ ਛਲ ਜਾਂ ਧੋਖਾ ਦੇਣ ਵਾਲੀ ਅਤੇ ਹੋਰ ਝੂਠੀ ਜਾਣਕਾਰੀ ਨੂੰ ਕਿਵੇਂ ਪਛਾਣ ਸਕਦੇ ਹਾਂ? ਪਹਿਲਾਂ, ਆਪਣੇ ਆਪ ਨੂੰ ਪੁੱਛੋ: ‘ਕੀ ਇਹ ਜਾਣਕਾਰੀ ਕਿਸੇ ਓਫ਼ਿਸ਼ਲ ਤੇ ਭਰੋਸੇਯੋਗ ਵੈੱਬਸਾਈਟ ਤੋਂ ਹੈ? ਜਾਂ ਕੀ ਇਹ ਉਸ ਵੈੱਬਸਾਈਟ ਤੋਂ ਹੈ ਜਿੱਥੇ ਕੋਈ ਵੀ ਆਪਣੇ ਵਿਚਾਰ ਲਿਖ ਸਕਦਾ ਹੈ ਜਾਂ ਇੱਥੋਂ ਤਕ ਕਿ ਕਿਸੇ ਨੂੰ ਵੀ ਉਸ ਵੈੱਬਸਾਈਟ ਬਾਰੇ ਪਤਾ ਨਹੀਂ? ਕੀ ਕਿਸੇ ਭਰੋਸੇਯੋਗ ਵੈੱਬਸਾਈਟ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਇਹ ਜਾਣਕਾਰੀ ਝੂਠੀ ਹੈ?’ * ਫਿਰ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ” ਵਰਤੋ। (ਇਬ. 5:14) ਜੇ ਖ਼ਬਰ ਝੂਠੀ ਲੱਗਦੀ ਹੈ, ਤਾਂ ਸ਼ਾਇਦ ਇੱਦਾਂ ਹੀ ਹੋਵੇ। ਇਸ ਤੋਂ ਇਲਾਵਾ, ਜਦੋਂ ਕਿਸੇ ਜਾਣਕਾਰੀ ਕਰਕੇ ਕਿਸੇ ਦੀ ਬਦਨਾਮੀ ਹੁੰਦੀ ਹੈ, ਤਾਂ ਸੋਚੋ ਕਿ ਇਸ ਤਰ੍ਹਾਂ ਦੀ ਖ਼ਬਰ ਫੈਲਾਉਣ ਨਾਲ ਕਿਨ੍ਹਾਂ ਨੂੰ ਫ਼ਾਇਦਾ ਹੋ ਸਕਦਾ ਹੈ ਅਤੇ ਉਹ ਇਹ ਖ਼ਬਰ ਕਿਉਂ ਫੈਲਾਉਣੀ ਚਾਹੁੰਦੇ ਹਨ?

ਕੀ ਤੁਸੀਂ ਹਮੇਸ਼ਾ ਈ-ਮੇਲਾਂ ਨੂੰ ਅੱਗੇ ਭੇਜਦੇ ਹੋ?

ਕੁਝ ਸ਼ਾਇਦ ਆਪਣੇ ਸਾਰੇ ਦੋਸਤਾਂ-ਮਿੱਤਰਾਂ ਨੂੰ ਕੋਈ ਖ਼ਬਰ ਭੇਜਣ। ਪਰ ਉਹ ਸ਼ਾਇਦ ਚੈੱਕ ਨਾ ਕਰਨ ਕਿ ਇਹ ਸੱਚ ਹੈ ਕਿ ਨਹੀਂ ਅਤੇ ਨਾ ਹੀ ਇਸ ਦੇ ਅੰਜਾਮਾਂ ਬਾਰੇ ਸੋਚਣ। ਸ਼ਾਇਦ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਹੋਣ ਤੇ ਉਹ ਚਾਹੁੰਦੇ ਹੋਣ ਕਿ ਉਹੀ ਸਭ ਤੋਂ ਪਹਿਲਾਂ ਕੋਈ ਖ਼ਬਰ ਫੈਲਾਉਣ। (2 ਸਮੂ. 13:28-33) ਪਰ ਸਿਆਣਾ ਇਨਸਾਨ ਸੋਚਦਾ ਹੈ ਕਿ ਕੋਈ ਖ਼ਬਰ ਫੈਲਾਉਣ ਦੇ ਕਿਹੜੇ ਖ਼ਤਰੇ ਹੋ ਸਕਦੇ ਹਨ। ਮਿਸਾਲ ਲਈ, ਕਿਸੇ ਖ਼ਬਰ ਨਾਲ ਕਿਸੇ ਇਨਸਾਨ ਜਾਂ ਕਿਸੇ ਸੰਸਥਾ ਦੀ ਬਦਨਾਮੀ ਹੋ ਸਕਦੀ ਹੈ।

 ਜਿਹੜਾ ਇਨਸਾਨ ਕੋਈ ਖ਼ਬਰ ਫੈਲਾਉਂਦਾ ਹੈ, ਸ਼ਾਇਦ ਉਹ ਚੈੱਕ ਨਾ ਕਰੇ ਕਿ ਇਹ ਖ਼ਬਰ ਸੱਚੀ ਵੀ ਹੈ ਕਿ ਨਹੀਂ ਕਿਉਂਕਿ ਇੱਦਾਂ ਕਰਨ ਲਈ ਨਾ ਤਾਂ ਉਹ ਸਮਾਂ ਲਾਉਣਾ ਚਾਹੁੰਦਾ ਤੇ ਨਾ ਉਹ ਕੋਸ਼ਿਸ਼ ਕਰਨੀ ਚਾਹੁੰਦਾ ਹੈ। ਉਹ ਸੋਚਦਾ ਹੈ ਕਿ ਖ਼ਬਰ ਪੜ੍ਹਨ ਵਾਲਾ ਖ਼ੁਦ ਇਹ ਕੰਮ ਕਰ ਸਕਦਾ ਹੈ। ਪਰ ਉਸ ਦਾ ਸਮਾਂ ਵੀ ਅਨਮੋਲ ਹੈ। (ਅਫ਼. 5:15, 16) ਸੋ ਇਹ ਸੋਚੋ: “ਜੇ ਮੈਨੂੰ ਇਸ ਉੱਤੇ ਯਕੀਨ ਨਹੀਂ, ਤਾਂ ਮੈਂ ਇਸ ਨੂੰ ਭੇਜਣਾ ਹੀ ਨਹੀਂ।”

ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਹਮੇਸ਼ਾ ਈ-ਮੇਲਾਂ ਅੱਗੇ ਭੇਜਦਾ ਹਾਂ? ਕੀ ਮੈਨੂੰ ਕਦੇ ਆਪਣੇ ਦੋਸਤਾਂ-ਮਿੱਤਰਾਂ ਤੋਂ ਕੋਈ ਗ਼ਲਤ ਜਾਣਕਾਰੀ ਜਾਂ ਇੱਥੋਂ ਤਕ ਕਿ ਝੂਠੀ ਜਾਣਕਾਰੀ ਭੇਜਣ ਲਈ ਮਾਫ਼ੀ ਮੰਗਣੀ ਪਈ ਹੈ? ਕੀ ਕਦੇ ਕਿਸੇ ਨੇ ਮੈਨੂੰ ਈ-ਮੇਲਾਂ ਨਾ ਭੇਜਣ ਲਈ ਕਿਹਾ ਹੈ?’ ਯਾਦ ਰੱਖੋ ਕਿ ਜੇ ਤੁਹਾਡੇ ਦੋਸਤ ਈ-ਮੇਲ ਵਰਤਦੇ ਹਨ, ਤਾਂ ਉਹ ਵੀ ਇੰਟਰਨੈੱਟ ਵਰਤ ਸਕਦੇ ਹਨ ਤੇ ਉਨ੍ਹਾਂ ਨੂੰ ਆਪਣੇ ਮਨ-ਪਸੰਦ ਦੀਆਂ ਗੱਲਾਂ ਪੜ੍ਹਨ ਲਈ ਤੁਹਾਡੀ ਮਦਦ ਦੀ ਲੋੜ ਨਹੀਂ ਹੈ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਕਾਫ਼ੀ ਗਿਣਤੀ ਵਿਚ ਈ-ਮੇਲਾਂ ਭੇਜੀਆਂ ਜਾਣ ਜਿਨ੍ਹਾਂ ਵਿਚ ਹਾਸੇ ਵਾਲੀਆਂ ਕਹਾਣੀਆਂ, ਵੀਡੀਓ ਜਾਂ ਤਸਵੀਰਾਂ ਹੋਣ। ਬਾਈਬਲ-ਆਧਾਰਿਤ ਭਾਸ਼ਣਾਂ ਦੀਆਂ ਰਿਕਾਰਡਿੰਗਾਂ ਜਾਂ ਲੰਬੇ-ਲੰਬੇ ਨੋਟਸ ਭੇਜਣੇ ਵੀ ਸਮਝਦਾਰੀ ਦੀ ਗੱਲ ਨਹੀਂ ਹੈ। * ਨਾਲੇ ਯਾਦ ਰੱਖੋ ਕਿ ਜਦੋਂ ਇਕ ਵਿਅਕਤੀ ਖ਼ੁਦ ਰਿਸਰਚ ਕਰਦਾ ਹੈ, ਬਾਈਬਲ ਦੇ ਹਵਾਲੇ ਦੇਖਦਾ ਹੈ ਜਾਂ ਖ਼ੁਦ ਮੀਟਿੰਗਾਂ ਦੀ ਤਿਆਰੀ ਕਰਦਾ ਹੈ, ਤਾਂ ਉਸ ਨੂੰ ਤੁਹਾਡੇ ਵੱਲੋਂ ਭੇਜੀ ਜਾਣਕਾਰੀ ਨਾਲੋਂ ਜ਼ਿਆਦਾ ਫ਼ਾਇਦਾ ਹੁੰਦਾ ਹੈ।

ਕੀ ਮੈਨੂੰ . . .ਇਹ ਸਨਸਨੀਖੇਜ਼ ਈ-ਮੇਲ ਕਿਸੇ ਨੂੰ ਅੱਗੇ ਭੇਜਣੀ ਚਾਹੀਦੀ ਹੈ?

ਤੁਹਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਇੰਟਰਨੈੱਟ ’ਤੇ ਯਹੋਵਾਹ ਦੇ ਸੰਗਠਨ ਬਾਰੇ ਝੂਠੀਆਂ ਖ਼ਬਰਾਂ ਪੜ੍ਹਦੇ ਹੋ? ਉਨ੍ਹਾਂ ਨੂੰ ਨਾ ਪੜ੍ਹੋ! ਉਨ੍ਹਾਂ ’ਤੇ ਵਿਸ਼ਵਾਸ ਨਾ ਕਰੋ। ਇਹ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ ਕਿ ਤੁਸੀਂ ਉਹ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰੋ ਤੇ ਉਨ੍ਹਾਂ ਤੋਂ ਇਸ ਬਾਰੇ ਰਾਇ ਮੰਗੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਇਹ ਨੁਕਸਾਨਦੇਹ ਜਾਣਕਾਰੀ ਹੋਰ ਜ਼ਿਆਦਾ ਫੈਲੇਗੀ। ਜੇ ਇੰਟਰਨੈੱਟ ’ਤੇ ਪਾਈ ਜਾਣਕਾਰੀ ਕਰਕੇ ਤੁਸੀਂ ਪਰੇਸ਼ਾਨ ਹੋ, ਤਾਂ ਯਹੋਵਾਹ ਤੋਂ ਬੁੱਧ ਮੰਗੋ ਤੇ ਕਿਸੇ ਸਮਝਦਾਰ ਭਰਾ ਨਾਲ ਗੱਲ ਕਰੋ। (ਯਾਕੂ. 1:5, 6; ਯਹੂ. 22, 23) ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਲੋਕ ਸਾਡੇ ਬਾਰੇ ਝੂਠ ਫੈਲਾਉਂਦੇ ਹਨ। ਲੋਕਾਂ ਨੇ ਯਿਸੂ ਬਾਰੇ ਝੂਠ ਬੋਲਿਆ ਸੀ ਤੇ ਉਸ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ’ਤੇ ਅਤਿਆਚਾਰ ਕਰਨਗੇ ਅਤੇ “ਬੁਰੀਆਂ ਤੇ ਝੂਠੀਆਂ ਗੱਲਾਂ” ਫੈਲਾਉਣਗੇ। (ਮੱਤੀ 5:11; 11:19; ਯੂਹੰ. 10:19-21) ਸੋ ਜੇ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਰਤੋਗੇ, ਤਾਂ ਤੁਸੀਂ ਪਛਾਣ ਸਕੋਗੇ ਕਿ ਕੋਈ ਤੁਹਾਡੇ ਨਾਲ ਝੂਠ ਬੋਲ ਰਿਹਾ ਹੈ ਅਤੇ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।ਕਹਾ. 2:10-16.

 ਦੂਜਿਆਂ ਲਈ ਆਦਰ ਦਿਖਾਓ

ਜਦੋਂ ਅਸੀਂ ਆਪਣੇ ਕਿਸੇ ਭੈਣ-ਭਰਾ ਬਾਰੇ ਕੋਈ ਖ਼ਬਰ ਜਾਂ ਕੋਈ ਤਜਰਬਾ ਦੱਸਦੇ ਹਾਂ ਜੋ ਅਸੀਂ ਸੁਣਿਆ ਹੈ, ਤਾਂ ਸਾਨੂੰ ਉਦੋਂ ਵੀ ਸਮਝਦਾਰੀ ਵਰਤਣੀ ਚਾਹੀਦੀ ਹੈ। ਕਈ ਵੇਲੇ ਇਹ ਸਹੀ ਨਹੀਂ ਹੁੰਦਾ ਕਿ ਅਸੀਂ ਕੋਈ ਜਾਣਕਾਰੀ ਫੈਲਾਈਏ ਭਾਵੇਂ ਉਹ ਸੱਚੀ ਹੀ ਕਿਉਂ ਨਾ ਹੋਵੇ। (ਮੱਤੀ 7:12) ਮਿਸਾਲ ਲਈ, ਜੇ ਅਸੀਂ ਦੂਜਿਆਂ ਨੂੰ ਬਦਨਾਮ ਕਰਨ ਵਾਲੀ ਜਾਣਕਾਰੀ ਫੈਲਾਈਏ, ਤਾਂ ਇਹ ਨਾ ਪਿਆਰ ਵਾਲੀ ਤੇ ਨਾ ਹੀ ਹੌਸਲਾ ਦੇਣ ਵਾਲੀ ਗੱਲ ਹੋਵੇਗੀ। (2 ਥੱਸ. 3:11; 1 ਤਿਮੋ. 5:13) ਨਾਲੇ ਕੁਝ ਖ਼ਬਰਾਂ ਸ਼ਾਇਦ ਦੂਜਿਆਂ ਨੂੰ ਨਾ ਦੱਸਣ ਵਾਲੀਆਂ ਹੋਣ। ਲੋਕ ਸ਼ਾਇਦ ਇਹ ਜਾਣਕਾਰੀ ਬਾਅਦ ਵਿਚ ਜਾਂ ਕਿਸੇ ਖ਼ਾਸ ਤਰੀਕੇ ਨਾਲ ਦੱਸਣੀ ਚਾਹੁੰਦੇ ਹੋਣ। ਇਸ ਲਈ ਸਾਨੂੰ ਉਨ੍ਹਾਂ ਦੇ ਫ਼ੈਸਲੇ ਦੀ ਕਦਰ ਕਰਨੀ ਚਾਹੀਦੀ ਹੈ ਕਿ ਉਹ ਕਦੋਂ ਤੇ ਕਿਵੇਂ ਕੋਈ ਖ਼ਬਰ ਦੱਸਣੀ ਚਾਹੁੰਦੇ ਹਨ। ਦਰਅਸਲ ਜੇ ਅਸੀਂ ਸਮੇਂ ਤੋਂ ਪਹਿਲਾਂ ਹੀ ਦੂਜਿਆਂ ਨੂੰ ਕੋਈ ਜਾਣਕਾਰੀ ਦੇ ਦਿੰਦੇ ਹਾਂ, ਤਾਂ ਅਸੀਂ ਕਿਸੇ ਦਾ ਕਾਫ਼ੀ ਨੁਕਸਾਨ ਕਰ ਸਕਦੇ ਹਾਂ।

ਅੱਜ ਫ਼ਾਇਦੇਮੰਦ ਜਾਂ ਨੁਕਸਾਨਦਾਇਕ, ਸੱਚੀ ਜਾਂ ਝੂਠੀ, ਨੁਕਸਾਨ ਰਹਿਤ ਜਾਂ ਖ਼ਤਰਨਾਕ ਜਾਣਕਾਰੀ ਅੱਗ ਵਾਂਗ ਫੈਲ ਜਾਂਦੀ ਹੈ। ਭਾਵੇਂ ਕਿ ਤੁਸੀਂ ਸਿਰਫ਼ ਇਕ ਜਣੇ ਨੂੰ ਮੈਸਿਜ ਭੇਜਦੇ ਹੋ, ਫਿਰ ਵੀ ਉਹ ਇਨਸਾਨ ਮਿੰਟਾਂ-ਸਕਿੰਟਾਂ ਵਿਚ ਮੈਸਿਜ ਦੁਨੀਆਂ ਭਰ ਦੇ ਲੋਕਾਂ ਨੂੰ ਭੇਜ ਸਕਦਾ ਹੈ। ਇਸ ਲਈ ਇਕਦਮ ਜਾਂ ਅੰਨ੍ਹੇਵਾਹ ਦੂਜਿਆਂ ਨੂੰ ਜਾਣਕਾਰੀ ਨਾ ਦਿਓ। ਭਾਵੇਂ ਕਿ ਪਿਆਰ “ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ” ਤੇ ਇਹ ਸ਼ੱਕ ਨਹੀਂ ਕਰਦਾ, ਫਿਰ ਵੀ ਸਾਨੂੰ ਭੋਲੇ ਨਹੀਂ ਬਣਨਾ ਚਾਹੀਦਾ ਤੇ ਨਾ ਹੀ ਹਰ ਖ਼ਬਰ ਅਤੇ ਕਹਾਣੀ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। (1 ਕੁਰਿੰ. 13:7) ਨਾਲੇ ਸਾਨੂੰ ਯਹੋਵਾਹ ਦੇ ਸੰਗਠਨ ਤੇ ਆਪਣੇ ਪਿਆਰੇ ਭੈਣਾਂ-ਭਰਾਵਾਂ ਬਾਰੇ ਫੈਲਾਏ ਝੂਠ ਜਾਂ ਬੁਰੀਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਯਾਦ ਰੱਖੋ ਕਿ ਸ਼ੈਤਾਨ ਨੇ ਝੂਠ ਫੈਲਾਉਣਾ ਸ਼ੁਰੂ ਕੀਤਾ ਸੀ ਜਿਸ ਨੂੰ “ਝੂਠ ਦਾ ਪਿਉ” ਕਿਹਾ ਜਾਂਦਾ ਹੈ ਤੇ ਉਸ ਨੂੰ ਝੂਠ ਫੈਲਾ ਕੇ ਮਜ਼ਾ ਆਉਂਦਾ ਹੈ। (ਯੂਹੰ. 8:44) ਸੋ ਆਓ ਆਪਾਂ ਸਿਆਣੇ ਬਣੀਏ ਤੇ ਹਮੇਸ਼ਾ ਧਿਆਨ ਨਾਲ ਸੋਚੀਏ ਕਿ ਅਸੀਂ ਹਰ ਰੋਜ਼ ਕਾਫ਼ੀ ਮਾਤਰਾ ਵਿਚ ਮਿਲਦੀ ਜਾਣਕਾਰੀ ਨੂੰ ਕਿਵੇਂ ਵਰਤ ਸਕਦੇ ਹਾਂ। ਜਿੱਦਾਂ ਬਾਈਬਲ ਕਹਿੰਦੀ ਹੈ ਕਿ “ਭੋਲਿਆਂ ਲੋਕਾਂ ਦੇ ਵੰਡੇ ਵਿੱਚ ਤਾਂ ਮੂਰਖਤਾਈ ਆਉਂਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ।”ਕਹਾ. 14:18.

^ ਪੈਰਾ 4 ਇਕ ਖ਼ਬਰ ਸ਼ਾਇਦ ਵਾਰ-ਵਾਰ ਛਾਪੀ ਜਾਵੇ ਭਾਵੇਂ ਕਿ ਪਹਿਲਾਂ ਹੀ ਇਸ ਦਾ ਪਰਦਾਫ਼ਾਸ਼ ਕਰ ਦਿੱਤਾ ਗਿਆ ਸੀ ਕਿ ਇਹ ਖ਼ਬਰ ਸਰਾਸਰ ਝੂਠੀ ਸੀ। ਖ਼ਬਰ ਨੂੰ ਸਹੀ ਦਿਖਾਉਣ ਲਈ ਸ਼ਾਇਦ ਇਸ ਵਿਚ ਥੋੜ੍ਹੇ-ਬਹੁਤੇ ਬਦਲਾਅ ਕੀਤੇ ਗਏ ਹੋਣ।

^ ਪੈਰਾ 8 ਸਾਡੀ ਰਾਜ ਸੇਵਕਾਈ, ਅਪ੍ਰੈਲ 2010 ’ਤੇ “ਪ੍ਰਸ਼ਨ ਡੱਬੀ” ਦੇਖੋ।