Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ  |  ਸਤੰਬਰ 2015

ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?

ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?

“ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।”1 ਯੂਹੰ. 4:19.

ਗੀਤ: 6, 138

1, 2. ਯਹੋਵਾਹ ਨੇ ਸਾਨੂੰ ਉਸ ਨਾਲ ਪਿਆਰ ਕਰਨਾ ਕਿਵੇਂ ਸਿਖਾਇਆ ਹੈ?

ਇਕ ਪਿਤਾ ਆਪਣੀ ਵਧੀਆ ਮਿਸਾਲ ਰਾਹੀਂ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਸਿਖਾ ਸਕਦਾ ਹੈ। ਉਹ ਆਪਣੇ ਬੱਚਿਆਂ ਨੂੰ ਪਿਆਰ ਦਿਖਾ ਕੇ ਉਨ੍ਹਾਂ ਨੂੰ ਪਿਆਰ ਕਰਨਾ ਸਿਖਾਉਂਦਾ ਹੈ। ਜਿੰਨਾ ਜ਼ਿਆਦਾ ਪਿਆਰ ਸਾਡੇ ਪਿਤਾ ਯਹੋਵਾਹ ਨੇ ਸਾਡੇ ਨਾਲ ਕੀਤਾ, ਉੱਨਾ ਪਿਆਰ ਹੋਰ ਕਿਸੇ ਨੇ ਨਹੀਂ ਕੀਤਾ। ਸੋ ਅਸੀਂ ਪਿਆਰ ਕਰਨਾ ਸਿੱਖਦੇ ਹਾਂ ਕਿਉਂਕਿ “ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।”1 ਯੂਹੰ. 4:19.

2 ਯਹੋਵਾਹ ਨੇ ਕਿਹੜੇ ਤਰੀਕੇ ਨਾਲ ਦਿਖਾਇਆ ਹੈ ਕਿ ਉਸ ਨੇ ‘ਪਹਿਲਾਂ ਸਾਡੇ ਨਾਲ ਪਿਆਰ ਕੀਤਾ?’ ਬਾਈਬਲ ਕਹਿੰਦੀ ਹੈ: “ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।” (ਰੋਮੀ. 5:8) ਸਾਡੇ ਪਿਆਰੇ ਪਿਤਾ ਯਹੋਵਾਹ ਨੇ ਸਾਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਆਪਣੇ ਪੁੱਤਰ ਦੀ ਰਿਹਾਈ ਦੀ ਕੀਮਤ ਦਿੱਤੀ। ਇਸ ਬੇਸ਼ਕੀਮਤੀ ਤੋਹਫ਼ੇ ਕਰਕੇ ਮੁਮਕਿਨ ਹੋਇਆ ਹੈ ਕਿ ਅਸੀਂ ਯਹੋਵਾਹ ਦੇ ਨੇੜੇ ਜਾ ਸਕਦੇ ਹਾਂ ਤੇ ਉਸ ਨੂੰ ਆਪਣਾ ਪਿਆਰ ਦਿਖਾ ਸਕਦੇ ਹਾਂ। ਇਹ ਵੱਡੀ ਕੁਰਬਾਨੀ ਦੇ ਕੇ ਯਹੋਵਾਹ ਨੇ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਸਾਨੂੰ ਸਿਖਾਇਆ ਹੈ ਕਿ ਸਾਨੂੰ ਨਿਰਸੁਆਰਥ ਪਿਆਰ ਕਰਨਾ ਤੇ ਖੁੱਲ੍ਹ-ਦਿਲੇ ਬਣਨਾ ਚਾਹੀਦਾ ਹੈ।1 ਯੂਹੰ. 4:10.

3, 4. ਸਾਨੂੰ ਪਰਮੇਸ਼ੁਰ ਲਈ ਆਪਣਾ ਪਿਆਰ ਕਿਵੇਂ ਦਿਖਾਉਣਾ ਚਾਹੀਦਾ ਹੈ?

3 ਯਹੋਵਾਹ ਦਾ ਮੁੱਖ ਗੁਣ ਪਿਆਰ ਹੈ। ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਨੇ ਕਿਉਂ ਕਿਹਾ ਸੀ ਕਿ ਇਹ ਸਭ ਤੋਂ ਵੱਡਾ ਹੁਕਮ ਹੈ: “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ  ਆਪਣੀ ਪੂਰੀ ਸ਼ਕਤੀ ਨਾਲ ਪਿਆਰ ਕਰ।” (ਮਰ. 12:30) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ “ਪੂਰੇ ਦਿਲ” ਨਾਲ ਪਿਆਰ ਕਰੀਏ। ਜੇ ਅਸੀਂ ਕਿਸੇ ਨੂੰ ਜਾਂ ਕਿਸੇ ਚੀਜ਼ ਨੂੰ ਯਹੋਵਾਹ ਨਾਲੋਂ ਜ਼ਿਆਦਾ ਪਿਆਰ ਕਰਦੇ ਹਾਂ, ਤਾਂ ਉਸ ਦਾ ਦਿਲ ਦੁਖੀ ਹੁੰਦਾ ਹੈ। ਪਰ ਸਾਡਾ ਪਿਆਰ ਸਿਰਫ਼ ਜਜ਼ਬਾਤਾਂ ’ਤੇ ਆਧਾਰਿਤ ਨਹੀਂ ਹੋਣਾ ਚਾਹੀਦਾ, ਸਗੋਂ ਸਾਨੂੰ ਉਸ ਨੂੰ “ਪੂਰੀ ਸਮਝ” ਅਤੇ “ਪੂਰੀ ਸ਼ਕਤੀ” ਨਾਲ ਪਿਆਰ ਕਰਨਾ ਚਾਹੀਦਾ ਹੈ। ਮੀਕਾਹ ਨਬੀ ਦੇ ਜ਼ਰੀਏ ਯਹੋਵਾਹ ਨੇ ਸਾਨੂੰ ਦੱਸਿਆ ਕਿ ਉਹ ਸਾਡੇ ਤੋਂ ਇਹੀ ਚਾਹੁੰਦਾ ਹੈ।ਮੀਕਾਹ 6:8 ਪੜ੍ਹੋ।

4 ਸੋ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਆਪਣੇ ਸਵਰਗੀ ਪਿਤਾ ਨੂੰ ਪਿਆਰ ਕਰਦੇ ਹਾਂ? ਸਾਨੂੰ ਯਹੋਵਾਹ ਨੂੰ ਬਿਨਾਂ ਕਿਸੇ ਸ਼ਰਤ ਦੇ ਪਿਆਰ ਕਰਨਾ ਚਾਹੀਦਾ ਹੈ। ਅਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇ ਕੇ ਉਸ ਨੂੰ ਪੂਰੇ ਦਿਲ, ਪੂਰੀ ਜਾਨ, ਪੂਰੀ ਸਮਝ ਅਤੇ ਪੂਰੀ ਸ਼ਕਤੀ ਨਾਲ ਪਿਆਰ ਦਿਖਾ ਸਕਦੇ ਹਾਂ। ਪਿਛਲੇ ਲੇਖ ਵਿਚ ਅਸੀਂ ਚਾਰ ਤਰੀਕਿਆਂ ’ਤੇ ਚਰਚਾ ਕੀਤੀ ਸੀ ਜਿਨ੍ਹਾਂ ਰਾਹੀਂ ਯਹੋਵਾਹ ਆਪਣੇ ਬੱਚਿਆਂ ਨੂੰ ਅਸੀਮ ਪਿਆਰ ਦਿਖਾਉਂਦਾ ਹੈ। ਆਓ ਆਪਾਂ ਹੁਣ ਦੇਖੀਏ ਕਿ ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਗਹਿਰਾ ਕਰ ਸਕਦੇ ਹਾਂ ਅਤੇ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ।

ਯਹੋਵਾਹ ਨੂੰ ਸ਼ੁਕਰਗੁਜ਼ਾਰੀ ਦਿਖਾਓ

5. ਯਹੋਵਾਹ ਨੇ ਜੋ ਸਾਡੇ ਲਈ ਕੀਤਾ ਹੈ, ਅਸੀਂ ਉਸ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?

5 ਜਦੋਂ ਕੋਈ ਤੁਹਾਨੂੰ ਤੋਹਫ਼ਾ ਦਿੰਦਾ ਹੈ, ਤਾਂ ਤੁਸੀਂ ਕੀ ਕਰਦੇ ਹੋ? ਤੁਸੀਂ ਕਿਸੇ-ਨਾ-ਕਿਸੇ ਤਰੀਕੇ ਨਾਲ ਉਸ ਲਈ ਆਪਣੀ ਸ਼ੁਕਰਗੁਜ਼ਾਰੀ ਦਿਖਾਉਂਦੇ ਹੋ। ਨਾਲੇ ਤੁਸੀਂ ਇਸ ਤੋਹਫ਼ੇ ਨੂੰ ਐਵੇਂ ਨਹੀਂ ਸਮਝਦੇ, ਸਗੋਂ ਇਸ ਦਾ ਵਧੀਆ ਇਸਤੇਮਾਲ ਕਰਦੇ ਹੋ। ਚੇਲੇ ਯਾਕੂਬ ਨੇ ਲਿਖਿਆ ਸੀ: “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ, ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ ਅਤੇ ਉਹ ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।” (ਯਾਕੂ. 1:17) ਯਹੋਵਾਹ ਸਾਨੂੰ ਜੀਉਂਦੇ ਤੇ ਖ਼ੁਸ਼ ਰਹਿਣ ਲਈ ਹਰ ਜ਼ਰੂਰੀ ਚੀਜ਼ ਦਿੰਦਾ ਹੈ। ਸਾਨੂੰ ਅਹਿਸਾਸ ਹੁੰਦਾ ਹੈ ਕਿ ਉਹ ਵਾਕਈ ਸਾਨੂੰ ਬੇਹੱਦ ਪਿਆਰ ਕਰਦਾ ਹੈ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਉਸ ਲਈ ਆਪਣਾ ਪਿਆਰ ਜ਼ਾਹਰ ਕਰੀਏ। ਕੀ ਤੁਸੀਂ ਵੀ ਇੱਦਾਂ ਨਹੀਂ ਕਰਨਾ ਚਾਹੁੰਦੇ?

6. ਯਹੋਵਾਹ ਦੀਆਂ ਬਰਕਤਾਂ ਪਾਉਂਦੇ ਰਹਿਣ ਲਈ ਇਜ਼ਰਾਈਲੀਆਂ ਨੂੰ ਕੀ ਕਰਨ ਦੀ ਲੋੜ ਸੀ?

6 ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਹੁਤ ਸਾਰੀਆਂ ਵਧੀਆ ਚੀਜ਼ਾਂ ਦਿੱਤੀਆਂ ਸਨ। ਸੈਂਕੜੇ ਸਾਲਾਂ ਤਕ ਯਹੋਵਾਹ ਨੇ ਕਾਨੂੰਨ ਦੇ ਕੇ ਉਨ੍ਹਾਂ ਦੀ ਅਗਵਾਈ ਕੀਤੀ ਅਤੇ ਜੀਉਂਦੇ ਰਹਿਣ ਲਈ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ। (ਬਿਵ. 4:7, 8) ਯਹੋਵਾਹ ਦੇ ਕਾਨੂੰਨਾਂ ਦੀ ਪਾਲਣਾ ਕਰ ਕੇ ਇਜ਼ਰਾਈਲ ਕੌਮ ਉਸ ਲਈ ਸ਼ੁਕਰਗੁਜ਼ਾਰੀ ਦਿਖਾ ਸਕਦੀ ਸੀ। ਮਿਸਾਲ ਲਈ, ਜਦੋਂ ਉਹ ਬਲ਼ੀਆਂ ਚੜ੍ਹਾਉਂਦੇ ਸਨ, ਤਾਂ ਉਨ੍ਹਾਂ ਨੂੰ ਯਹੋਵਾਹ ਨੂੰ ਆਪਣੀ ਜ਼ਮੀਨ ਦੇ “ਪਹਿਲੇ ਫਲਾਂ ਵਿੱਚੋਂ” ਦੇਣਾ ਚਾਹੀਦਾ ਸੀ। (ਕੂਚ 23:19) ਇਜ਼ਰਾਈਲੀ ਜਾਣਦੇ ਸਨ ਕਿ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦਿੰਦੇ ਰਹਿਣਾ ਸੀ ਜੇ ਉਹ ਯਹੋਵਾਹ ਦੇ ਕਹਿਣੇ ਵਿਚ ਰਹਿੰਦੇ ਅਤੇ ਉਸ ਨੂੰ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਦਿੰਦੇ।ਬਿਵਸਥਾ ਸਾਰ 8:7-11 ਪੜ੍ਹੋ।

7. ਅਸੀਂ ਯਹੋਵਾਹ ਨੂੰ ਆਪਣਾ “ਮਾਲ” ਦੇ ਕੇ ਉਸ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?

7 ਅਸੀਂ ਵੀ ਯਹੋਵਾਹ ਨੂੰ ਆਪਣਾ “ਮਾਲ” ਦੇ ਕੇ ਉਸ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ। (ਕਹਾ. 3:9) ਸਾਡੇ ਕੋਲ ਜੋ ਕੁਝ ਵੀ ਹੈ ਉਸ ਨੂੰ ਵਰਤ ਕੇ ਸਾਨੂੰ ਉਸ ਦੀ ਮਹਿਮਾ ਕਰਨੀ ਚਾਹੀਦੀ ਹੈ। ਮਿਸਾਲ ਲਈ, ਅਸੀਂ ਆਪਣੀ ਮੰਡਲੀ ਅਤੇ ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਦਾਨ ਦੇ ਸਕਦੇ ਹਾਂ। ਭਾਵੇਂ ਸਾਡੇ ਕੋਲ ਜ਼ਿਆਦਾ ਚੀਜ਼ਾਂ ਹਨ ਜਾਂ ਥੋੜ੍ਹੀਆਂ, ਪਰ ਇਨ੍ਹਾਂ ਨੂੰ ਵਰਤ ਕੇ ਅਸੀਂ ਯਹੋਵਾਹ ਲਈ ਆਪਣਾ ਪਿਆਰ ਦਿਖਾ ਸਕਦੇ ਹਾਂ। (2 ਕੁਰਿੰ. 8:12) ਪਰ ਅਸੀਂ ਹੋਰ ਵੀ ਕਈ ਤਰੀਕਿਆਂ ਰਾਹੀਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ।

8, 9. ਅਸੀਂ ਹੋਰ ਕਿਹੜੇ ਤਰੀਕੇ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ? ਮਾਈਕ ਤੇ ਉਸ ਦੇ ਪਰਿਵਾਰ ਨੇ ਕੀ ਕੀਤਾ?

8 ਯਾਦ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਖਾਣ-ਪੀਣ ਅਤੇ ਕੱਪੜਿਆਂ ਬਾਰੇ ਚਿੰਤਾ ਨਾ ਕਰਨ, ਸਗੋਂ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ। ਸਾਡਾ ਪਿਤਾ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਨ ਦਾ ਵਾਅਦਾ ਕਰਦਾ ਹੈ। (ਮੱਤੀ 6:31-33) ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ ਅਤੇ ਜਾਣਦੇ ਹਾਂ ਕਿ ਉਹ ਆਪਣਾ ਇਹ ਵਾਅਦਾ ਪੂਰਾ ਕਰੇਗਾ। ਕੀ ਇਹ ਗੱਲ ਸੱਚ ਨਹੀਂ ਕਿ ਜਦੋਂ ਅਸੀਂ ਕਿਸੇ ਨੂੰ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਉਸ  ਇਨਸਾਨ ’ਤੇ ਭਰੋਸਾ ਰੱਖਦੇ ਹਾਂ? ਸੋ ਅਸੀਂ ਜਿੰਨਾ ਜ਼ਿਆਦਾ ਯਹੋਵਾਹ ਉੱਤੇ ਭਰੋਸਾ ਰੱਖਾਂਗੇ, ਅਸੀਂ ਉੱਨਾ ਹੀ ਜ਼ਿਆਦਾ ਦਿਖਾਵਾਂਗੇ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। (ਜ਼ਬੂ. 143:8) ਇਸ ਲਈ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਮੇਰੇ ਟੀਚਿਆਂ ਅਤੇ ਜਿਸ ਤਰੀਕੇ ਨਾਲ ਮੈਂ ਆਪਣਾ ਸਮਾਂ ਤੇ ਤਾਕਤ ਵਰਤਦਾ ਹਾਂ, ਕੀ ਉਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਮੈਂ ਯਹੋਵਾਹ ਨੂੰ ਦਿਲੋਂ ਪਿਆਰ ਕਰਦਾ ਹਾਂ? ਕੀ ਮੈਂ ਹਰ ਰੋਜ਼ ਯਹੋਵਾਹ ਉੱਤੇ ਭਰੋਸਾ ਰੱਖਦਾ ਹਾਂ ਕਿ ਉਹ ਮੇਰੀਆਂ ਲੋੜਾਂ ਪੂਰੀਆਂ ਕਰੇਗਾ?’

9 ਮਾਈਕ ਨਾਂ ਦੇ ਇਕ ਮਸੀਹੀ ਭਰਾ ਨੇ ਇਸੇ ਤਰ੍ਹਾਂ ਦਾ ਪਿਆਰ ਤੇ ਭਰੋਸਾ ਯਹੋਵਾਹ ’ਤੇ ਦਿਖਾਇਆ। ਜਦੋਂ ਉਹ ਛੋਟੀ ਉਮਰ ਦਾ ਸੀ, ਤਾਂ ਉਸ ਦੀ ਤਮੰਨਾ ਸੀ ਕਿ ਉਹ ਕਿਸੇ ਹੋਰ ਦੇਸ਼ ਜਾ ਕੇ ਪ੍ਰਚਾਰ ਕਰੇ। ਭਾਵੇਂ ਕਿ ਉਸ ਦਾ ਵਿਆਹ ਹੋ ਗਿਆ ਤੇ ਉਸ ਦੇ ਦੋ ਨਿਆਣੇ ਹੋ ਗਏ, ਫਿਰ ਵੀ ਉਸ ਦੀ ਇਹ ਖ਼ਾਹਸ਼ ਦਿਲ ਵਿਚ ਹੀ ਰਹੀ। ਮਾਈਕ ਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਪੜ੍ਹਿਆ ਜੋ ਉਨ੍ਹਾਂ ਥਾਵਾਂ ’ਤੇ ਜਾ ਕੇ ਸੇਵਾ ਕਰ ਰਹੇ ਸਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਇਹ ਪੜ੍ਹ ਕੇ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਸਾਦਾ ਬਣਾਉਣ ਦਾ ਫ਼ੈਸਲਾ ਕੀਤਾ। ਉਹ ਆਪਣਾ ਵੱਡਾ ਘਰ ਵੇਚ ਕੇ ਛੋਟੇ ਘਰ ਵਿਚ ਰਹਿਣ ਲੱਗ ਪਏ। ਮਾਈਕ ਨੇ ਸਫ਼ਾਈ ਦਾ ਆਪਣਾ ਕਾਰੋਬਾਰ ਘਟਾ ਦਿੱਤਾ ਅਤੇ ਰਸਤਾ ਲੱਭਿਆ ਕਿ ਉਹ ਹੋਰ ਦੇਸ਼ ਵਿਚ ਰਹਿ ਕੇ ਵੀ ਇੰਟਰਨੈੱਟ ਦੁਆਰਾ ਆਪਣਾ ਇਹ ਕਾਰੋਬਾਰ ਕਰਦਾ ਰਹਿ ਸਕੇ। ਨਤੀਜੇ ਵਜੋਂ, ਮਾਈਕ ਤੇ ਉਸ ਦਾ ਪਰਿਵਾਰ ਹੋਰ ਦੇਸ਼ ਜਾ ਸਕੇ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਪ੍ਰਚਾਰ ਦਾ ਬਹੁਤ ਮਜ਼ਾ ਲਿਆ। ਮਾਈਕ ਨੇ ਕਿਹਾ: “ਅਸੀਂ ਮੱਤੀ 6:33 ਵਿਚ ਦਰਜ ਯਿਸੂ ਦੇ ਸ਼ਬਦ ਆਪਣੀ ਜ਼ਿੰਦਗੀ ਵਿਚ ਪੂਰੇ ਹੁੰਦੇ ਦੇਖੇ ਹਨ।”

ਯਹੋਵਾਹ ਦੀਆਂ ਸਿਖਾਈਆਂ ਗੱਲਾਂ ’ਤੇ ਸੋਚ-ਵਿਚਾਰ ਕਰੋ

10. ਦਾਊਦ ਵਾਂਗ ਯਹੋਵਾਹ ਬਾਰੇ ਸਿੱਖੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨਾ ਸਾਡੇ ਲਈ ਚੰਗੀ ਗੱਲ ਕਿਉਂ ਹੈ?

10 ਕੁਝ 3,000 ਸਾਲ ਪਹਿਲਾਂ ਰਾਜਾ ਦਾਊਦ ਨੇ ਲਿਖਿਆ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।” ਉਸ ਨੇ ਅੱਗੇ ਲਿਖਿਆ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ।” ਜਿੱਦਾਂ-ਜਿੱਦਾਂ ਦਾਊਦ ਨੇ ਯਹੋਵਾਹ ਦੇ ਕਾਨੂੰਨਾਂ ਤੇ ਉਸ ਦੀ ਸ੍ਰਿਸ਼ਟੀ ’ਤੇ ਸੋਚ-ਵਿਚਾਰ ਕੀਤਾ, ਉੱਦਾਂ-ਉੱਦਾਂ ਉਹ ਯਹੋਵਾਹ ਦੇ ਹੋਰ ਨੇੜੇ ਹੁੰਦਾ ਗਿਆ। ਦਾਊਦ ਨੇ ਕਿਹਾ: “ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।”ਜ਼ਬੂ. 19:1, 7, 14.

11. ਯਹੋਵਾਹ ਵੱਲੋਂ ਸਿਖਾਈਆਂ ਗੱਲਾਂ ਨੂੰ ਵਰਤ ਕੇ ਅਸੀਂ ਉਸ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

11 ਅੱਜ ਯਹੋਵਾਹ ਸਾਨੂੰ ਆਪਣੇ ਬਾਰੇ, ਆਪਣੇ ਮਕਸਦ, ਆਪਣੀ ਸ੍ਰਿਸ਼ਟੀ ਅਤੇ ਆਪਣੇ ਬਚਨ ਬਾਰੇ ਬਹੁਤ ਕੁਝ ਸਿਖਾਉਂਦਾ ਹੈ। ਦੁਨੀਆਂ ਪੜ੍ਹਾਈ-ਲਿਖਾਈ ਅਤੇ ਵੱਡੀਆਂ-ਵੱਡੀਆਂ ਡਿਗਰੀਆਂ ਲੈਣ ’ਤੇ ਜ਼ੋਰ ਦਿੰਦੀ ਹੈ। ਪਰ ਬਹੁਤ ਸਾਰੇ ਤਜਰਬੇ ਦਿਖਾਉਂਦੇ ਹਨ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਪਿੱਛੇ ਭੱਜਣ ਕਰਕੇ ਅਕਸਰ ਬਹੁਤ ਸਾਰੇ ਲੋਕ ਪਰਮੇਸ਼ੁਰ ’ਤੇ ਵਿਸ਼ਵਾਸ ਕਰਨਾ ਅਤੇ ਉਸ ਨੂੰ ਪਿਆਰ ਕਰਨਾ ਛੱਡ ਦਿੰਦੇ ਹਨ। ਪਰ ਬਾਈਬਲ ਸਾਨੂੰ ਸਿਰਫ਼ ਗਿਆਨ ਲੈਣ ਦੀ ਹੀ ਨਹੀਂ, ਸਗੋਂ ਬੁੱਧ ਅਤੇ ਸਮਝ ਪ੍ਰਾਪਤ ਕਰਨ ਦੀ ਵੀ ਹੱਲਾਸ਼ੇਰੀ ਦਿੰਦੀ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਿੱਖੀਆਂ ਗੱਲਾਂ ’ਤੇ ਚੱਲੀਏ ਤਾਂਕਿ ਇਸ ਤੋਂ ਸਾਨੂੰ ਅਤੇ ਦੂਜਿਆਂ ਨੂੰ ਫ਼ਾਇਦਾ ਹੋਵੇ। (ਕਹਾ. 4:5-7) ਪਰਮੇਸ਼ੁਰ ਦੀ “ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:4) ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਅਤੇ ਇਨਸਾਨਾਂ ਲਈ ਰੱਖੇ ਪਰਮੇਸ਼ੁਰ ਦੇ ਮਕਸਦ ਬਾਰੇ ਸਿਖਾ ਕੇ ਯਹੋਵਾਹ ਅਤੇ ਲੋਕਾਂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ।ਜ਼ਬੂਰਾਂ ਦੀ ਪੋਥੀ 66:16, 17 ਪੜ੍ਹੋ।

12. ਇਕ ਛੋਟੀ ਭੈਣ ਨੇ ਯਹੋਵਾਹ ਵੱਲੋਂ ਮਿਲੇ ਤੋਹਫ਼ੇ ਬਾਰੇ ਕੀ ਕਿਹਾ?

12 ਯਹੋਵਾਹ ਨੇ ਬੱਚਿਆਂ ਨੂੰ ਜੋ ਕੁਝ ਦਿੱਤਾ ਹੈ ਅਤੇ ਜੋ ਕੁਝ ਸਿਖਾਇਆ ਹੈ, ਉਹ ਵੀ ਉਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰ ਸਕਦੇ ਹਨ। ਸ਼ੈਨਨ ਉਸ ਸਮੇਂ ਬਾਰੇ ਦੱਸਦੀ ਹੈ ਜਦੋਂ ਉਹ 11 ਸਾਲਾਂ ਦੀ ਸੀ ਤੇ ਉਸ ਦੀ ਭੈਣ 10 ਸਾਲਾਂ ਦੀ। ਉਦੋਂ ਉਹ ਆਪਣੇ ਮਾਪਿਆਂ ਨਾਲ “ਈਸ਼ਵਰੀ ਭਗਤੀ” ਨਾਂ ਦੇ ਵੱਡੇ ਸੰਮੇਲਨ ’ਤੇ ਗਈਆਂ ਸਨ। ਇਕ ਭਾਸ਼ਣ ਦੌਰਾਨ ਸਾਰੇ ਬੱਚਿਆਂ ਨੂੰ ਇਕੱਠਿਆਂ ਇਕ ਜਗ੍ਹਾ ਤੇ ਬੈਠਣ ਲਈ ਕਿਹਾ ਗਿਆ। ਸ਼ੈਨਨ ਘਬਰਾਈ ਹੋਈ ਸੀ, ਪਰ ਉਹ ਜਾ ਕੇ ਉੱਥੇ ਬੈਠ ਗਈ। ਉਹ ਬਹੁਤ ਹੈਰਾਨ ਹੋਈ ਜਦੋਂ ਹਰ ਇਕ ਬੱਚੇ ਨੂੰ ਨੌਜਵਾਨਾਂ  ਦੇ ਸਵਾਲਵਿਵਹਾਰਕ ਜਵਾਬ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਤੋਹਫ਼ੇ ਵਜੋਂ ਦਿੱਤੀ ਗਈ। ਇਹ ਵਧੀਆ ਤੋਹਫ਼ਾ ਪਾ ਕੇ ਸ਼ੈਨਨ ਨੂੰ ਯਹੋਵਾਹ ਬਾਰੇ ਕਿਵੇਂ ਮਹਿਸੂਸ ਹੋਇਆ? ਉਹ ਦੱਸਦੀ ਹੈ: “ਉਸ ਦਿਨ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਯਹੋਵਾਹ ਸੱਚ-ਮੁੱਚ ਹੈ ਅਤੇ ਉਹ ਮੈਨੂੰ ਬਹੁਤ-ਬਹੁਤ ਪਿਆਰ ਕਰਦਾ ਹੈ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਡਾ ਮਹਾਨ ਪਰਮੇਸ਼ੁਰ ਯਹੋਵਾਹ ਸਾਨੂੰ ਖੁੱਲ੍ਹੇ-ਦਿਲ ਨਾਲ ਇਹੋ ਜਿਹੇ ਸੋਹਣੇ ਤੇ ਵਧੀਆ ਤੋਹਫ਼ੇ ਦਿੰਦਾ ਹੈ!”

ਯਹੋਵਾਹ ਦੀ ਸਲਾਹ ਤੇ ਅਨੁਸ਼ਾਸਨ ਕਬੂਲ ਕਰੋ

13, 14. ਜਦੋਂ ਯਹੋਵਾਹ ਸਾਨੂੰ ਅਨੁਸ਼ਾਸਨ ਦਿੰਦਾ ਹੈ, ਤਾਂ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਕਿਉਂ?

13 ਬਾਈਬਲ ਸਾਨੂੰ ਦੱਸਦੀ ਹੈ: “ਯਹੋਵਾਹ ਓਸੇ ਨੂੰ ਤਾੜਦਾ ਹੈ ਜਿਹ ਦੇ ਨਾਲ ਪਿਆਰ ਕਰਦਾ ਹੈ, ਜਿਵੇਂ ਪਿਉ ਉਸ ਪੁੱਤ੍ਰ ਨੂੰ ਜਿਸ ਤੋਂ ਉਹ ਪਰਸੰਨ ਹੈ।” (ਕਹਾ. 3:12) ਪਰ ਸਲਾਹ ਮਿਲਣ ’ਤੇ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ? ਪੌਲੁਸ ਰਸੂਲ ਨੇ ਬਿਲਕੁਲ ਸਹੀ ਗੱਲ ਲਿਖੀ: “ਜਦੋਂ ਅਨੁਸ਼ਾਸਨ ਦਿੱਤਾ ਜਾਂਦਾ ਹੈ, ਉਦੋਂ ਖ਼ੁਸ਼ੀ ਨਹੀਂ ਹੁੰਦੀ, ਸਗੋਂ ਦੁੱਖ ਹੁੰਦਾ ਹੈ।” ਇਹ ਲਿਖ ਕੇ ਪੌਲੁਸ ਅਨੁਸ਼ਾਸਨ ਦੇਣ ਦੀ ਅਹਿਮੀਅਤ ਨੂੰ ਘਟਾ ਨਹੀਂ ਸੀ ਰਿਹਾ ਕਿਉਂਕਿ ਉਸ ਨੇ ਅੱਗੇ ਲਿਖਿਆ: “ਪਰ ਜਿਨ੍ਹਾਂ ਨੂੰ ਇਸ ਦੇ ਜ਼ਰੀਏ ਸਿਖਲਾਈ ਮਿਲਦੀ ਹੈ, ਉਨ੍ਹਾਂ ਲਈ ਇਸ ਦਾ ਨਤੀਜਾ ਸ਼ਾਂਤੀ ਅਤੇ ਧਾਰਮਿਕਤਾ ਹੁੰਦਾ ਹੈ।” (ਇਬ. 12:11) ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਨਾ ਹੀ ਅਸੀਂ ਇਹ ਸੋਚਾਂਗੇ ਕਿ ਸਾਨੂੰ ਉਸ ਦੀ ਸਲਾਹ ਦੀ ਲੋੜ ਨਹੀਂ ਤੇ ਨਾ ਹੀ ਸਲਾਹ ਮਿਲਣ ਤੇ ਅਸੀਂ ਗੁੱਸੇ ਹੋਵਾਂਗੇ। ਪਰ ਕਈਆਂ ਲਈ ਇਸ ਤਰ੍ਹਾਂ ਕਰਨਾ ਔਖਾ ਹੋ ਸਕਦਾ ਹੈ। ਸੋ ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਦੀ ਗੱਲ ਸੁਣਦੇ ਹਾਂ ਤੇ ਆਪਣੇ ਵਿਚ ਤਬਦੀਲੀਆਂ ਕਰਦੇ ਹਾਂ।

14 ਮਲਾਕੀ ਦੇ ਦਿਨਾਂ ਵਿਚ ਬਹੁਤ ਸਾਰੇ ਯਹੂਦੀਆਂ ਨੇ ਯਹੋਵਾਹ ਦੀ ਗੱਲ ਨਹੀਂ ਸੁਣੀ ਸੀ। ਉਹ ਬਲ਼ੀਆਂ ਚੜ੍ਹਾਉਣ ਸੰਬੰਧੀ ਕਾਨੂੰਨ ਜਾਣਦੇ ਸਨ, ਪਰ ਉਨ੍ਹਾਂ ਨੇ ਬੇਸ਼ਰਮ ਹੋ ਕੇ ਇਨ੍ਹਾਂ ਕਾਨੂੰਨਾਂ ਨੂੰ ਤੋੜਿਆ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਬਹੁਤ ਸਖ਼ਤ ਤਾੜਨਾ ਦਿੱਤੀ। (ਮਲਾਕੀ 1:12, 13 ਪੜ੍ਹੋ।) ਦਰਅਸਲ ਯਹੋਵਾਹ ਨੇ ਉਨ੍ਹਾਂ ਨੂੰ ਕਈ ਵਾਰ ਤਾੜਨਾ ਦਿੱਤੀ ਸੀ, ਪਰ ਉਨ੍ਹਾਂ ਦੇ ਕੰਨ ’ਤੇ ਜੂੰ ਤਕ ਨਾ ਸਰਕੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦਿਆਂਗਾ ਸਗੋਂ ਏਸ ਲਈ ਜੋ ਤੁਸਾਂ [ਮੇਰੇ ਹੁਕਮਾਂ] ਨੂੰ ਮਨ ਉੱਤੇ ਨਾ ਰੱਖਿਆ।” (ਮਲਾ. 2:1, 2) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਦੀ ਸਲਾਹ ਨੂੰ ਜਾਣ-ਬੁੱਝ ਕੇ ਵਾਰ-ਵਾਰ ਨਜ਼ਰਅੰਦਾਜ਼ ਕਰਨ ਦੇ ਗੰਭੀਰ ਨਤੀਜੇ ਨਿਕਲਦੇ ਹਨ।

ਦੁਨੀਆਂ ਦੇ ਮਿਆਰਾਂ ਉੱਤੇ ਚੱਲਣ ਦੀ ਬਜਾਇ ਯਹੋਵਾਹ ਦੀ ਸਲਾਹ ਉੱਤੇ ਚੱਲੋ (ਪੈਰਾ 15 ਦੇਖੋ)

15. ਸਾਨੂੰ ਕਿਸ ਤਰ੍ਹਾਂ ਦੀ ਸੋਚ ਤੋਂ ਦੂਰ ਰਹਿਣਾ ਚਾਹੀਦਾ ਹੈ?

15 ਸ਼ੈਤਾਨ ਦੀ ਦੁਨੀਆਂ ਲੋਕਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਉਹ ਘਮੰਡੀ ਬਣਨ ਤੇ ਸਿਰਫ਼ ਆਪਣੇ ਬਾਰੇ ਸੋਚਣ।  ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਕਿ ਕੋਈ ਉਨ੍ਹਾਂ ਨੂੰ ਸੁਧਾਰੇ ਜਾਂ ਉਨ੍ਹਾਂ ਨੂੰ ਦੱਸੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਕੁਝ ਲੋਕ ਸਿਰਫ਼ ਉੱਪਰੋਂ-ਉੱਪਰੋਂ ਸਲਾਹ ਸੁਣਦੇ ਹਨ। ਪਰ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਬਾਈਬਲ ਸਾਨੂੰ ਕਹਿੰਦੀ ਹੈ ਕਿ “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ।” ਇਸ ਦੀ ਬਜਾਇ, ਸਾਨੂੰ ‘ਪਰਮੇਸ਼ੁਰ ਦੀ ਪੂਰੀ ਇੱਛਾ’ ਨੂੰ ਸਮਝਣਾ ਅਤੇ ਇਸ ਉੱਤੇ ਚੱਲਣਾ ਚਾਹੀਦਾ ਹੈ। (ਰੋਮੀ. 12:2) ਯਹੋਵਾਹ ਆਪਣੇ ਸੰਗਠਨ ਰਾਹੀਂ ਸਾਨੂੰ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਵਿਚ ਵੇਲੇ ਸਿਰ ਸਲਾਹ ਦਿੰਦਾ ਹੈ, ਜਿਵੇਂ ਵਿਪਰੀਤ ਲਿੰਗ ਨਾਲ ਸਾਡਾ ਵਿਵਹਾਰ, ਸਾਡੇ ਦੋਸਤ-ਮਿੱਤਰ ਤੇ ਸਾਡਾ ਮਨੋਰੰਜਨ। ਅਸੀਂ ਸਲਾਹਾਂ ਨੂੰ ਦਿਲੋਂ ਮੰਨ ਕੇ ਅਤੇ ਇਨ੍ਹਾਂ ਉੱਤੇ ਚੱਲ ਕੇ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਅਸੀਂ ਸੱਚ-ਮੁੱਚ ਉਸ ਨੂੰ ਪਿਆਰ ਕਰਦੇ ਹਾਂ।ਯੂਹੰ. 14:31; ਰੋਮੀ. 6:17.

ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ ਮਦਦ ਤੇ ਹਿਫਾਜ਼ਤ ਕਰੇਗਾ

16, 17. (ੳ) ਸਾਨੂੰ ਫ਼ੈਸਲੇ ਕਰਦੇ ਸਮੇਂ ਯਹੋਵਾਹ ਦੀ ਮਰਜ਼ੀ ਕਿਉਂ ਭਾਲਣੀ ਚਾਹੀਦੀ ਹੈ? (ਅ) ਇਜ਼ਰਾਈਲੀਆਂ ਨੇ ਯਹੋਵਾਹ ਪ੍ਰਤੀ ਆਪਣੇ ਵਿਸ਼ਵਾਸ ਤੇ ਪਿਆਰ ਦੀ ਘਾਟ ਕਿਵੇਂ ਦਿਖਾਈ?

16 ਜਦੋਂ ਵੀ ਬੱਚੇ ਕੋਈ ਖ਼ਤਰਾ ਦੇਖਦੇ ਹਨ, ਤਾਂ ਉਹ ਝੱਟ-ਪੱਟ ਆਪਣੇ ਮਾਪਿਆਂ ਕੋਲ ਭੱਜ ਜਾਂਦੇ ਹਨ। ਇੱਥੋਂ ਤਕ ਕਿ ਸ਼ਾਇਦ ਵੱਡੇ ਵੀ ਆਪਣੇ ਮਾਪਿਆਂ ਤੋਂ ਮਦਦ ਮੰਗਣ। ਭਾਵੇਂ ਉਹ ਆਪਣੇ ਫ਼ੈਸਲੇ ਖ਼ੁਦ ਕਰ ਸਕਦੇ ਹਨ, ਪਰ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਚੰਗੀ ਸਲਾਹ ਦੇ ਸਕਦੇ ਹਨ। ਸਾਡਾ ਪਿਤਾ ਯਹੋਵਾਹ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੰਦਾ ਹੈ। ਪਰ ਯਹੋਵਾਹ ਉੱਤੇ ਭਰੋਸਾ ਅਤੇ ਉਸ ਨਾਲ ਪਿਆਰ ਹੋਣ ਕਰਕੇ ਅਸੀਂ ਹਮੇਸ਼ਾ ਉਸ ਦੀ ਮਦਦ ਭਾਲਦੇ ਹਾਂ। ਨਾਲੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਅਸੀਂ ਇਹ ਜਾਣਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਯਹੋਵਾਹ ਇਸ ਬਾਰੇ ਕੀ ਸੋਚਦਾ ਹੈ। ਜੇ ਅਸੀਂ ਯਹੋਵਾਹ ’ਤੇ ਪੱਕਾ ਭਰੋਸਾ ਰੱਖਦੇ ਹਾਂ, ਤਾਂ ਉਹ ਸਾਨੂੰ ਸਹੀ ਕੰਮ ਕਰਨ ਲਈ ਪਵਿੱਤਰ ਸ਼ਕਤੀ ਦੇਵੇਗਾ।ਫ਼ਿਲਿ. 2:13.

17 ਸਮੂਏਲ ਦੇ ਜ਼ਮਾਨੇ ਵਿਚ ਫਲਿਸਤੀਆਂ ਨੇ ਯੁੱਧ ਵਿਚ ਇਜ਼ਰਾਈਲੀਆਂ ਦੇ ਦੰਦ ਖੱਟੇ ਕੀਤੇ। ਪਰਮੇਸ਼ੁਰ ਦੇ ਲੋਕਾਂ ਨੂੰ ਮਦਦ ਤੇ ਹਿਫਾਜ਼ਤ ਦੀ ਸਖ਼ਤ ਲੋੜ ਸੀ। ਉਨ੍ਹਾਂ ਨੇ ਕੀ ਕਰਨ ਦਾ ਫ਼ੈਸਲਾ ਕੀਤਾ? ਉਨ੍ਹਾਂ ਨੇ ਕਿਹਾ: “ਆਓ, ਅਸੀਂ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਸ਼ੀਲੋਹ ਤੋਂ ਆਪਣੇ ਕੋਲ ਲੈ ਆਈਏ ਭਈ ਉਹ ਸਾਡੇ ਵਿਚਕਾਰ ਹੋ ਕੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛੁਡਾਵੇ।” ਇਸ ਦਾ ਕੀ ਨਤੀਜਾ ਨਿਕਲਿਆ? “ਉੱਥੇ ਡਾਢੀ ਵਾਢ ਹੋਈ ਕਿਉਂ ਜੋ ਤੀਹ ਹਜ਼ਾਰ ਇਸਰਾਏਲੀ ਪਿਆਦੇ ਮਾਰੇ ਗਏ। ਅਤੇ ਪਰਮੇਸ਼ੁਰ ਦਾ ਸੰਦੂਕ ਲੁੱਟਿਆ ਗਿਆ।” (1 ਸਮੂ. 4:2-4, 10, 11) ਆਪਣੇ ਨਾਲ ਸੰਦੂਕ ਲਿਜਾ ਕੇ ਇਜ਼ਰਾਈਲੀਆਂ ਨੇ ਸੋਚਿਆ ਕਿ ਯਹੋਵਾਹ ਉਨ੍ਹਾਂ ਦੀ ਮਦਦ ਤੇ ਹਿਫਾਜ਼ਤ ਕਰੇਗਾ। ਪਰ ਉਨ੍ਹਾਂ ਨੇ ਯਹੋਵਾਹ ਤੋਂ ਮਦਦ ਨਹੀਂ ਭਾਲੀ ਜਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਯਹੋਵਾਹ ਇਸ ਬਾਰੇ ਕੀ ਸੋਚਦਾ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਆਪਣੀ ਮਨ-ਮਰਜ਼ੀ ਕੀਤੀ ਜਿਸ ਦਾ ਭਿਆਨਕ ਨਤੀਜਾ ਨਿਕਲਿਆ।ਕਹਾਉਤਾਂ 14:12 ਪੜ੍ਹੋ।

18. ਯਹੋਵਾਹ ’ਤੇ ਭਰੋਸਾ ਰੱਖਣ ਬਾਰੇ ਬਾਈਬਲ ਸਾਨੂੰ ਕੀ ਸਿਖਾਉਂਦੀ ਹੈ?

18 ਯਹੋਵਾਹ ਨੂੰ ਦਿਲੋਂ ਪਿਆਰ ਕਰਨ ਵਾਲੇ ਅਤੇ ਉਸ ਉੱਤੇ ਭਰੋਸਾ ਰੱਖਣ ਵਾਲੇ ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: ‘ਪਰਮੇਸ਼ੁਰ ਉੱਤੇ ਆਸ਼ਾ ਰੱਖ! ਮੈਂ ਤਾਂ ਉਸ ਦੇ ਮੁਖੜੇ ਦੇ ਬਚਾਵਾਂ ਲਈ ਫੇਰ ਉਸ ਦਾ ਧੰਨਵਾਦ ਕਰਾਂਗਾ। ਹੇ ਮੇਰੇ ਪਰਮੇਸ਼ੁਰ, ਮੇਰਾ ਜੀ ਮੇਰੇ ਅੰਦਰ ਝੁਕਿਆ ਹੋਇਆ ਹੈ, ਏਸ ਕਾਰਨ ਮੈਂ ਤੇਰਾ ਸਿਮਰਨ ਕਰਾਂਗਾ।’ (ਜ਼ਬੂ. 42:5, 6) ਕੀ ਤੁਸੀਂ ਵੀ ਯਹੋਵਾਹ ਬਾਰੇ ਇੱਦਾਂ ਹੀ ਮਹਿਸੂਸ ਕਰਦੇ ਹੋ? ਕੀ ਤੁਸੀਂ ਯਹੋਵਾਹ ਦੇ ਨੇੜੇ ਮਹਿਸੂਸ ਕਰਦੇ ਹੋ ਤੇ ਉਸ ਉੱਤੇ ਭਰੋਸਾ ਰੱਖਦੇ ਹੋ? ਭਾਵੇਂ ਕਿ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਹਾਂ ਵਿਚ ਦਿੰਦੇ ਹੋ, ਫਿਰ ਵੀ ਤੁਸੀਂ ਉਸ ਉੱਤੇ ਹੋਰ ਵੀ ਭਰੋਸਾ ਰੱਖਣਾ ਸਿੱਖ ਸਕਦੇ ਹੋ। ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”ਕਹਾ. 3:5, 6.

19. ਤੁਸੀਂ ਯਹੋਵਾਹ ਨੂੰ ਕਿਵੇਂ ਦਿਖਾਓਗੇ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ?

19 ਯਹੋਵਾਹ ਨੇ ਸਾਡੇ ਨਾਲ ਪਹਿਲਾਂ ਪਿਆਰ ਕਰ ਕੇ ਸਾਨੂੰ ਸਿਖਾਇਆ ਹੈ ਕਿ ਅਸੀਂ ਉਸ ਨੂੰ ਕਿਵੇਂ ਪਿਆਰ ਕਰ ਸਕਦੇ ਹਾਂ। ਆਓ ਆਪਾਂ ਕਦੇ ਨਾ ਭੁੱਲੀਏ ਕਿ ਉਸ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਹੈ ਅਤੇ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਆਓ ਆਪਾਂ ਦਿਖਾਈਏ ਕਿ ਅਸੀਂ ਉਸ ਨੂੰ ਆਪਣੇ ਪੂਰੇ ਦਿਲ, ਆਪਣੀ ਪੂਰੀ ਜਾਨ, ਪੂਰੀ ਸਮਝ ਅਤੇ ਪੂਰੀ ਸ਼ਕਤੀ ਨਾਲ ਪਿਆਰ ਕਰਦੇ ਹਾਂ।ਮਰ. 12:30.