Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ  |  ਜੂਨ 2015

“ਤੁਹਾਨੂੰ ਧੀਰਜ ਨਾਲ ਮੁਸ਼ਕਲਾਂ ਸਹਿਣ ਦੀ ਲੋੜ ਹੈ”

“ਤੁਹਾਨੂੰ ਧੀਰਜ ਨਾਲ ਮੁਸ਼ਕਲਾਂ ਸਹਿਣ ਦੀ ਲੋੜ ਹੈ”

ਅਨੀਤਾ * ਜਦੋਂ ਯਹੋਵਾਹ ਦੀ ਗਵਾਹ ਬਣੀ, ਤਾਂ ਉਸ ਦੇ ਪਤੀ ਨੇ ਉਸ ਦਾ ਸਖ਼ਤ ਵਿਰੋਧ ਕੀਤਾ। ਅਨੀਤਾ ਕਹਿੰਦੀ ਹੈ: “ਉਹ ਮੈਨੂੰ ਮੀਟਿੰਗਾਂ ’ਤੇ ਜਾਣ ਅਤੇ ਯਹੋਵਾਹ ਦਾ ਨਾਂ ਲੈਣ ਤੋਂ ਵੀ ਸਖ਼ਤ ਮਨ੍ਹਾ ਕਰਦਾ ਸੀ। ਜਦੋਂ ਵੀ ਮੈਂ ਯਹੋਵਾਹ ਦਾ ਨਾਂ ਲੈਂਦੀ ਸੀ, ਉਸ ਦਾ ਪਾਰਾ ਸੱਤਵੇਂ ਆਸਮਾਨ ’ਤੇ ਚੜ੍ਹ ਜਾਂਦਾ ਸੀ।”

ਅਨੀਤਾ ਲਈ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣਾ ਚੁਣੌਤੀ ਭਰਿਆ ਸੀ। “ਮੈਂ ਆਪਣੇ ਹੀ ਘਰ ਵਿਚ ਯਹੋਵਾਹ ਦੀ ਭਗਤੀ ਨਹੀਂ ਕਰ ਸਕਦੀ ਸੀ। ਮੈਂ ਖੁੱਲ੍ਹੇ-ਆਮ ਆਪਣੇ ਬੱਚਿਆਂ ਨਾਲ ਸਟੱਡੀ ਨਹੀਂ ਕਰ ਸਕਦੀ ਸੀ ਤੇ ਨਾ ਹੀ ਉਨ੍ਹਾਂ ਨੂੰ ਮੀਟਿੰਗਾਂ ’ਤੇ ਲਿਜਾ ਸਕਦੀ ਸੀ।”

ਅਨੀਤਾ ਦੇ ਤਜਰਬੇ ਤੋਂ ਅਸੀਂ ਦੇਖ ਸਕਦੇ ਹਾਂ ਕਿ ਘਰਦਿਆਂ ਦੇ ਵਿਰੋਧ ਕਰਕੇ ਜਾਂ ਕੋਈ ਹੋਰ ਮੁਸ਼ਕਲ ਹਾਲਾਤ ਕਰਕੇ ਇਕ ਮਸੀਹੀ ਦੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ। ਸ਼ਾਇਦ ਤੁਸੀਂ ਕਾਫ਼ੀ ਸਮੇਂ ਤੋਂ ਬੀਮਾਰ ਹੋ। ਹੋ ਸਕਦਾ ਹੈ ਕਿ ਤੁਸੀਂ ਆਪਣੇ, ਪਤੀ ਜਾਂ ਪਤਨੀ ਦੀ ਮੌਤ ਦਾ ਗਮ ਸਹਿ ਰਹੇ ਹੋ। ਜਾਂ ਫਿਰ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਹੈ। ਇਨ੍ਹਾਂ ਹਾਲਾਤਾਂ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਤੁਸੀਂ ਕੀ ਕਰ ਸਕਦੇ ਹੋ?

ਪੌਲੁਸ ਰਸੂਲ ਨੇ ਕਿਹਾ: “ਤੁਹਾਨੂੰ ਧੀਰਜ ਨਾਲ ਮੁਸ਼ਕਲਾਂ ਸਹਿਣ ਦੀ ਲੋੜ ਹੈ।” (ਇਬ. 10:36) ਪਰ ਤੁਸੀਂ ਕਿਨ੍ਹਾਂ ਗੱਲਾਂ ਦੀ ਮਦਦ ਨਾਲ ਮੁਸ਼ਕਲਾਂ ਸਹਿ ਸਕਦੇ ਹੋ?

ਯਹੋਵਾਹ ’ਤੇ ਭਰੋਸਾ ਰੱਖ ਕੇ ਪ੍ਰਾਰਥਨਾ ਕਰੋ

ਅਜ਼ਮਾਇਸ਼ਾਂ ਨੂੰ ਸਹਿਣ ਦੀ ਤਾਕਤ ਪਾਉਣ ਦਾ ਇਕ ਤਰੀਕਾ ਹੈ ਯਹੋਵਾਹ ’ਤੇ ਭਰੋਸਾ ਰੱਖ ਕੇ ਪ੍ਰਾਰਥਨਾ ਕਰਨੀ। ਇਕ ਮਿਸਾਲ ’ਤੇ ਗੌਰ ਕਰੋ। ਸੋਮਵਾਰ ਦੁਪਹਿਰ ਨੂੰ ਆਨਾ ਦੇ ਪਰਿਵਾਰ ’ਤੇ ਕਹਿਰ ਟੁੱਟ ਪਿਆ। ਉਸ ਦੇ ਪਤੀ ਦੀ ਅਚਾਨਕ ਮੌਤ ਹੋ ਗਈ ਜਿਸ ਨਾਲ ਉਸ ਨੇ ਆਪਣੀ ਜ਼ਿੰਦਗੀ ਦੇ 30 ਸਾਲ ਗੁਜ਼ਾਰੇ ਸਨ। ਆਨਾ ਕਹਿੰਦੀ ਹੈ: “ਉਹ ਕੰਮ ’ਤੇ ਗਿਆ ਤੇ ਫਿਰ ਕਦੀ ਵਾਪਸ ਨਹੀਂ ਆਇਆ। ਉਹ ਸਿਰਫ਼ 52 ਸਾਲਾਂ ਦਾ ਸੀ।”

ਆਨਾ ਨੇ ਇਸ ਸਦਮੇ ਨੂੰ ਕਿਵੇਂ ਸਹਿਆ? ਉਹ ਕੰਮ ’ਤੇ ਜਾਣ ਲੱਗ ਪਈ ਜਿਸ ਨਾਲ ਉਸ ਦੀ ਮਦਦ ਹੋਈ। ਉਸ ਦਾ ਕੰਮ ਅਜਿਹਾ ਸੀ ਜਿਸ ਵਿਚ ਉਸ ਨੂੰ ਆਪਣਾ ਪੂਰਾ ਧਿਆਨ ਲਾਉਣਾ ਪੈਂਦਾ ਸੀ, ਪਰ ਫਿਰ ਵੀ ਉਸ ਦੇ ਜ਼ਖ਼ਮ ਨਹੀਂ ਭਰੇ। ਉਹ ਕਹਿੰਦੀ ਹੈ: “ਮੈਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਤੇ ਆਪਣੇ ਪਤੀ ਦਾ ਵਿਛੋੜਾ ਝੱਲਣ ਲਈ ਮਦਦ ਮੰਗੀ।” ਕੀ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ? ਉਸ ਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਨੇ ਉਸ ਦੀ ਸੁਣੀ। ਉਹ ਕਹਿੰਦੀ ਹੈ: “ਪਰਮੇਸ਼ੁਰ ਨੇ ਮੈਨੂੰ ਜੋ ਸ਼ਾਂਤੀ ਬਖ਼ਸ਼ੀ, ਉਸ ਨਾਲ ਮੇਰੇ ਮਨ ਨੂੰ ਸਕੂਨ ਮਿਲਿਆ ਤੇ ਮੈਂ ਆਪਣੇ ਹੋਸ਼-ਹਵਾਸ ਵਿਚ ਰਹੀ। ਮੈਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਮੇਰੇ ਪਤੀ ਨੂੰ ਦੁਬਾਰਾ ਜੀਉਂਦਾ ਕਰੇਗਾ।”—ਫ਼ਿਲਿ. 4:6, 7.

“ਪ੍ਰਾਰਥਨਾ ਦੇ ਸੁਣਨ ਵਾਲੇ” ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਸੇਵਕਾਂ ਨੂੰ ਉਹ ਹਰ ਚੀਜ਼ ਦੇਵੇਗਾ ਜੋ ਉਸ ਪ੍ਰਤੀ ਵਫ਼ਾਦਾਰ ਰਹਿਣ ਲਈ ਜ਼ਰੂਰੀ ਹੈ। (ਜ਼ਬੂ. 65:2) ਕੀ ਇਸ ਭਰੋਸੇ ਕਾਰਨ ਤੁਹਾਡਾ ਵਿਸ਼ਵਾਸ ਪੱਕਾ ਨਹੀਂ ਹੁੰਦਾ? ਕੀ ਇਹ ਗੱਲ ਤੁਹਾਡੀ ਇਹ ਦੇਖਣ ਵਿਚ ਮਦਦ ਨਹੀਂ ਕਰਦੀ ਕਿ ਤੁਹਾਨੂੰ ਵੀ ਮੁਸ਼ਕਲਾਂ ਸਹਿਣ ਦੀ ਤਾਕਤ ਮਿਲ ਸਕਦੀ ਹੈ?

ਭੈਣਾਂ-ਭਰਾਵਾਂ ਦਾ ਸਹਾਰਾ ਲਓ

ਯਹੋਵਾਹ ਮਸੀਹੀ ਮੰਡਲੀ ਦੇ ਜ਼ਰੀਏ ਆਪਣੇ ਲੋਕਾਂ ਦੀ ਮਦਦ ਕਰਦਾ ਹੈ। ਮਿਸਾਲ ਲਈ, ਜਦੋਂ ਥੱਸਲੁਨੀਕਾ ਦੀ ਮੰਡਲੀ ਉੱਤੇ ਜ਼ੁਲਮ ਢਾਹੇ ਜਾ ਰਹੇ ਸਨ, ਤਾਂ ਪੌਲੁਸ ਨੇ ਉਨ੍ਹਾਂ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ‘ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹਿਣ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹਿਣ, ਜਿਵੇਂ ਕਿ [ਉਹ] ਕਰ ਰਹੇ ਸਨ।’ (1 ਥੱਸ. 2:14; 5:11) ਪਿਆਰ ਨਾਲ ਮਿਲਣ-ਜੁਲਣ ਅਤੇ ਇਕ-ਦੂਜੇ ਦੀ ਮਦਦ ਕਰਨ ਨਾਲ ਥੱਸਲੁਨੀਕਾ ਦੇ ਮਸੀਹੀਆਂ ਨੇ ਆਪਣੀ ਨਿਹਚਾ ਦੀ ਬੇੜੀ ਨੂੰ ਡੁੱਬਣ ਤੋਂ ਬਚਾ ਲਿਆ। ਉਨ੍ਹਾਂ ਦਾ ਧੀਰਜ ਅੱਜ ਸਾਡੇ ਲਈ ਇਕ ਵਧੀਆ ਮਿਸਾਲ ਹੈ ਅਤੇ ਇਸ ਤੋਂ ਸਾਨੂੰ ਜੋ ਗੱਲਾਂ ਪਤਾ ਲੱਗਦੀਆਂ ਹਨ ਉਹ ਮੁਸ਼ਕਲਾਂ ਸਹਿਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ।

ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਪੱਕੀ ਦੋਸਤੀ ਕਰ ਕੇ ਅਸੀਂ ‘ਇਕ-ਦੂਜੇ ਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰ’ ਸਕਦੇ ਹਾਂ, ਖ਼ਾਸਕਰ ਮੁਸੀਬਤਾਂ ਦੀ ਘੜੀ ਵਿਚ। (ਰੋਮੀ. 14:19) ਪੌਲੁਸ ਆਪ ਬਹੁਤ ਸਾਰੀਆਂ ਅਜ਼ਮਾਇਸ਼ਾਂ ਵਿੱਚੋਂ ਗੁਜ਼ਰਿਆ ਸੀ ਤੇ ਯਹੋਵਾਹ ਨੇ ਉਸ ਨੂੰ ਸਹਿਣ ਦੀ ਤਾਕਤ ਦਿੱਤੀ ਸੀ। ਉਨ੍ਹਾਂ ਘੜੀਆਂ ਵਿਚ ਪਰਮੇਸ਼ੁਰ ਨੇ ਭੈਣਾਂ-ਭਰਾਵਾਂ ਦੇ ਜ਼ਰੀਏ ਪੌਲੁਸ ਨੂੰ ਕਾਫ਼ੀ ਹੌਸਲਾ ਦਿੱਤਾ ਸੀ। ਉਦਾਹਰਣ, ਜਦੋਂ ਪੌਲੁਸ ਨੇ ਕੁਲੁੱਸੈ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਆਪਣਾ ਪਿਆਰ ਭੇਜਿਆ, ਤਾਂ ਉਸ ਨੇ ਉਨ੍ਹਾਂ ਬਾਰੇ ਕਿਹਾ: “ਇਨ੍ਹਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ ਹੈ।” (ਕੁਲੁ. 4:10, 11) ਜੀ ਹਾਂ, ਪੌਲੁਸ ਨੂੰ ਪਿਆਰ ਕਰਨ ਕਰ ਕੇ ਉਨ੍ਹਾਂ ਨੇ ਉਸ ਨੂੰ ਲੋੜ ਵੇਲੇ ਹੌਸਲਾ ਦਿੱਤਾ ਤੇ ਮਜ਼ਬੂਤ ਕੀਤਾ। ਸ਼ਾਇਦ ਤੁਸੀਂ ਵੀ ਉਨ੍ਹਾਂ ਸਮਿਆਂ ਬਾਰੇ ਸੋਚ ਸਕਦੇ ਹੋ  ਜਦੋਂ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਨੇ ਤੁਹਾਨੂੰ ਹੌਸਲਾ ਦੇਣ ਲਈ ਕੁਝ ਕਿਹਾ ਜਾਂ ਕੀਤਾ ਸੀ।

ਬਜ਼ੁਰਗਾਂ ਤੋਂ ਮਦਦ ਲਓ

ਪਰਮੇਸ਼ੁਰ ਨੇ ਮਸੀਹੀ ਮੰਡਲੀ ਵਿਚ ਮਦਦ ਕਰਨ ਦਾ ਇਕ ਹੋਰ ਇੰਤਜ਼ਾਮ ਕੀਤਾ ਹੈ। ਉਹ ਹੈ ਬਜ਼ੁਰਗ। ਨਿਹਚਾ ਵਿਚ ਤਕੜੇ ਇਹ ਭਰਾ ‘ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹੇ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹੇ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹੇ’ ਹੋ ਸਕਦੇ ਹਨ। (ਯਸਾ. 32:2) ਇਹ ਜਾਣ ਕੇ ਸਾਨੂੰ ਕਿੰਨਾ ਹੀ ਦਿਲਾਸਾ ਮਿਲਦਾ ਹੈ! ਕੀ ਤੁਸੀਂ ਬਜ਼ੁਰਗਾਂ ਤੋਂ ਮਦਦ ਲਈ ਹੈ? ਬਜ਼ੁਰਗਾਂ ਤੋਂ ਹੌਸਲਾ ਅਤੇ ਮਦਦ ਮਿਲਣ ਕਰਕੇ ਤੁਹਾਨੂੰ ਸਹਿਣ ਦੀ ਤਾਕਤ ਮਿਲ ਸਕਦੀ ਹੈ।

ਪਰ ਬਜ਼ੁਰਗ ਚਮਤਕਾਰੀ ਢੰਗ ਨਾਲ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ। ਉਹ ਵੀ ਨਾਮੁਕੰਮਲ ਇਨਸਾਨ ਹਨ ਜੋ ‘ਸਾਡੇ ਵਾਂਗ ਦੁੱਖ-ਸੁੱਖ ਭੋਗਣ ਵਾਲੇ ਆਮ ਇਨਸਾਨ ਹਨ।’ (ਰਸੂ. 14:15) ਫਿਰ ਵੀ ਸਾਡੇ ਲਈ ਕੀਤੀਆਂ ਉਨ੍ਹਾਂ ਦੀਆਂ ਬੇਨਤੀਆਂ ਕਾਰਨ ਸਾਡਾ ਦਿਲ ਹਲਕਾ ਹੋ ਸਕਦਾ ਹੈ। (ਯਾਕੂ. 5:14, 15) ਇਟਲੀ ਵਿਚ ਇਕ ਭਰਾ ਕਈ ਸਾਲਾਂ ਤੋਂ ਮਸਕੂਲਰ ਡਿਸਟਰੋਫੀ (ਮਾਸ-ਪੇਸ਼ੀਆਂ ਦਾ ਹੌਲੀ-ਹੌਲੀ ਕਮਜ਼ੋਰ ਹੋਣਾ) ਨਾਂ ਦੀ ਬੀਮਾਰੀ ਤੋਂ ਪੀੜਿਤ ਹੈ। ਉਸ ਨੇ ਕਿਹਾ: “ਮੈਨੂੰ ਸਹਿਣ ਦੀ ਤਾਕਤ ਮਿਲੀ ਕਿਉਂਕਿ ਭਰਾ ਮੈਨੂੰ ਪਿਆਰ ਕਰਦੇ ਹਨ ਤੇ ਵਾਰ-ਵਾਰ ਮਿਲਣ ਆਉਂਦੇ ਹਨ।” ਕੀ ਤੁਸੀਂ ਵੀ ਯਹੋਵਾਹ ਵੱਲੋਂ ਕੀਤੇ ਬਜ਼ੁਰਗਾਂ ਦੇ ਇਸ ਪਿਆਰ ਭਰੇ ਇੰਤਜ਼ਾਮ ਦਾ ਲਾਹਾ ਲਿਆ ਹੈ?

ਪਰਮੇਸ਼ੁਰੀ ਕੰਮਾਂ ਵਿਚ ਲੱਗੇ ਰਹੋ

ਸਹਿਣ ਦੀ ਤਾਕਤ ਪਾਉਣ ਲਈ ਅਸੀਂ ਹੋਰ ਵੀ ਬਹੁਤ ਕੁਝ ਕਰ ਸਕਦੇ ਹਾਂ। ਉਨ੍ਹਾਂ ਵਿੱਚੋਂ ਇਕ ਹੈ ਪਰਮੇਸ਼ੁਰ ਦੇ ਕੰਮਾਂ ਵਿਚ ਰੁੱਝੇ ਰਹਿਣਾ। 39 ਸਾਲਾਂ ਦੇ ਜੌਨ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੂੰ ਅਜਿਹਾ ਕੈਂਸਰ ਸੀ ਜੋ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ। ਉਹ ਕਹਿੰਦਾ ਹੈ: “ਜਦੋਂ ਮੈਨੂੰ ਇਸ ਬੀਮਾਰੀ ਬਾਰੇ ਪਤਾ ਲੱਗਾ ਤਾਂ ਮੈਨੂੰ ਆਪਣੇ ਕੰਨਾਂ ’ਤੇ ਵਿਸ਼ਵਾਸ ਹੀ ਨਹੀਂ ਹੋਇਆ ਤੇ ਮੈਂ ਸੋਚਿਆ ਕਿ ਇੱਦਾਂ ਮੇਰੇ ਨਾਲ ਹੀ ਕਿਉਂ ਹੋਇਆ, ਹਾਲੇ ਤਾਂ ਮੇਰੀ ਉਮਰ ਕੁਝ ਵੀ ਨਹੀਂ।” ਉਸ ਵੇਲੇ ਜੌਨ ਦਾ ਪੁੱਤਰ ਸਿਰਫ਼ ਤਿੰਨ ਸਾਲਾਂ ਦਾ ਸੀ। ਜੌਨ ਕਹਿੰਦਾ ਹੈ: “ਹੁਣ ਮੇਰੀ ਪਤਨੀ ਨੂੰ ਨਾ ਸਿਰਫ਼ ਸਾਡੇ ਪੁੱਤਰ ਦੀ, ਸਗੋਂ ਮੇਰੀ ਵੀ ਦੇਖ-ਭਾਲ ਕਰਨੀ ਪੈਣੀ ਸੀ ਤੇ ਡਾਕਟਰ ਕੋਲ ਜਾਣ ਵਿਚ ਮੇਰੀ ਮਦਦ ਕਰਨੀ ਪੈਣੀ ਸੀ।” ਕੀਮੋਥੈਰਪੀ ਕਰਕੇ ਜੌਨ ਬਹੁਤ ਥੱਕਿਆ-ਥੱਕਿਆ ਰਹਿੰਦਾ ਸੀ ਤੇ ਉਸ ਦਾ ਜੀ ਉਲਟੀਆਂ ਵਾਲਾ ਹੁੰਦਾ ਰਹਿੰਦਾ ਸੀ। ਉਹ ਪਹਿਲਾਂ ਤੋਂ ਹੀ ਦੁਖੀ ਸਨ, ਉੱਪਰੋਂ ਦੀ ਜੌਨ ਦਾ ਪਿਤਾ ਵੀ ਬੀਮਾਰ ਪੈ ਗਿਆ ਜਿਸ ਦੀ ਉਨ੍ਹਾਂ ਨੂੰ ਦੇਖ-ਭਾਲ ਕਰਨੀ ਪੈਣੀ ਸੀ।

ਜੌਨ ਅਤੇ ਉਸ ਦਾ ਪਰਿਵਾਰ ਇਸ ਔਖੀ ਘੜੀ ਨਾਲ ਕਿਵੇਂ ਸਿੱਝ ਸਕਿਆ? ਉਹ ਕਹਿੰਦਾ ਹੈ: “ਥੱਕਿਆ ਹੋਣ ਦੇ ਬਾਵਜੂਦ ਵੀ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਅਸੀਂ ਸਾਰਾ ਪਰਿਵਾਰ ਯਹੋਵਾਹ ਦੇ ਕੰਮ ਕਰਨੇ ਨਾ ਛੱਡੀਏ। ਅਸੀਂ ਸਾਰੀਆਂ ਮੀਟਿੰਗਾਂ ਵਿਚ ਜਾਂਦੇ ਸੀ, ਹਰ ਹਫ਼ਤੇ ਪ੍ਰਚਾਰ ’ਤੇ ਜਾਣ ਦੇ ਨਾਲ-ਨਾਲ ਅਸੀਂ ਬਾਕਾਇਦਾ ਪਰਿਵਾਰਕ ਸਟੱਡੀ ਕਰਦੇ ਸੀ ਭਾਵੇਂ ਇਸ ਤਰ੍ਹਾਂ ਕਰਨਾ ਔਖਾ ਸੀ।” ਵਾਕਈ, ਜੌਨ ਨੇ ਦੇਖਿਆ ਕਿ ਪਰਮੇਸ਼ੁਰ ਨਾਲ ਮਜ਼ਬੂਤ ਰਿਸ਼ਤਾ ਕਾਇਮ ਰੱਖਣ ਨਾਲ ਕਿਸੇ ਵੀ ਮੁਸ਼ਕਲ ਨੂੰ ਸਹਿਆ ਜਾ ਸਕਦਾ ਹੈ। ਭਾਵੇਂ ਕਿ ਪਹਿਲਾਂ-ਪਹਿਲਾਂ ਉਸ ਨੂੰ ਸਦਮਾ ਲੱਗਾ ਤੇ ਉਹ ਫ਼ਿਕਰਾਂ ਵਿਚ ਪੈ ਗਿਆ ਪਰ ਜਲਦੀ ਹੀ ਉਸ ਦਾ ਮਨ ਸ਼ਾਂਤ ਹੋ ਗਿਆ। ਉਸ ਨੂੰ ਪਤਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਨੂੰ ਸਹਿਣ ਦੀ ਤਾਕਤ ਵੀ ਦਿੱਤੀ ਜਿਸ ਦੀ ਉਸ ਨੂੰ ਲੋੜ ਸੀ। ਯਹੋਵਾਹ ਤੁਹਾਡੀ ਵੀ ਮਦਦ ਕਰ ਸਕਦਾ ਹੈ ਜਦੋਂ ਤੁਸੀਂ ਪਰੇਸ਼ਾਨ ਤੇ ਡਰੇ ਹੋਏ ਹੁੰਦੇ ਹੋ। ਜੌਨ ਕਹਿੰਦਾ ਹੈ: “ਜਿੱਦਾਂ ਯਹੋਵਾਹ ਨੇ ਮੇਰੀ ਮਦਦ ਕੀਤੀ ਉੱਦਾਂ ਹੀ ਉਹ ਤੁਹਾਡੀ ਵੀ ਮਦਦ ਕਰ ਸਕਦਾ ਹੈ।”

ਬਿਨਾਂ ਸ਼ੱਕ ਅਸੀਂ ਪਰਮੇਸ਼ੁਰ ਦੀ ਮਦਦ ਨਾਲ ਹੁਣ ਜਾਂ ਭਵਿੱਖ ਵਿਚ ਮੁਸ਼ਕਲ ਤੋਂ ਮੁਸ਼ਕਲ ਅਜ਼ਮਾਇਸ਼ਾਂ ਜਾਂ ਹਾਲਾਤਾਂ ਦਾ ਡਟ ਕੇ ਮੁਕਾਬਲਾ ਕਰ ਸਕਦੇ ਹਾਂ। ਆਓ ਆਪਾਂ ਯਹੋਵਾਹ ’ਤੇ ਭਰੋਸਾ ਰੱਖ ਕੇ ਪ੍ਰਾਰਥਨਾ ਕਰੀਏ, ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਪੱਕੀ ਦੋਸਤੀ ਕਰੀਏ, ਮਸੀਹੀ ਬਜ਼ੁਰਗਾਂ ਦੀ ਮਦਦ ਲਈਏ ਅਤੇ ਪਰਮੇਸ਼ੁਰੀ ਕੰਮਾਂ ਵਿਚ ਲੱਗੇ ਰਹੀਏ। ਇਸ ਤਰ੍ਹਾਂ ਕਰ ਕੇ ਅਸੀਂ ਪੌਲੁਸ ਦੀ ਇਸ ਗੱਲ ਮੁਤਾਬਕ ਚੱਲ ਰਹੇ ਹੋਵਾਂਗੇ: “ਤੁਹਾਨੂੰ ਧੀਰਜ ਨਾਲ ਮੁਸ਼ਕਲਾਂ ਸਹਿਣ ਦੀ ਲੋੜ ਹੈ।”

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।