Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ  |  ਮਈ 2015

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਹਿਜ਼ਕੀਏਲ ਦੀ ਕਿਤਾਬ ਵਿਚ ਦੱਸਿਆ ਮਾਗੋਗ ਦਾ ਗੋਗ ਕੌਣ ਹੈ?

ਸਾਡੇ ਪ੍ਰਕਾਸ਼ਨਾਂ ਵਿਚ ਕਈ ਸਾਲਾਂ ਤੋਂ ਸਮਝਾਇਆ ਜਾਂਦਾ ਰਿਹਾ ਹੈ ਕਿ ਮਾਗੋਗ ਦਾ ਗੋਗ ਸ਼ੈਤਾਨ ਹੈ ਅਤੇ ਇਹ ਨਾਂ ਉਸ ਨੂੰ ਸਵਰਗ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਦਿੱਤਾ ਗਿਆ ਸੀ। ਅਸੀਂ ਇਸ ਤਰ੍ਹਾਂ ਕਿਉਂ ਮੰਨਦੇ ਸੀ? ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਸ਼ੈਤਾਨ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਹਮਲਾ ਕਰਨ ਵਿਚ ਅਗਵਾਈ ਕਰੇਗਾ। (ਪ੍ਰਕਾ. 12:1-17) ਇਸ ਲਈ ਅਸੀਂ ਸੋਚਦੇ ਸੀ ਕਿ ਗੋਗ ਸ਼ੈਤਾਨ ਦਾ ਇਕ ਹੋਰ ਨਾਂ ਹੈ।

ਪਰ ਇਸ ਸੋਚ ਕਰਕੇ ਕੁਝ ਸਵਾਲ ਖੜ੍ਹੇ ਹੁੰਦੇ ਹਨ। ਕਿਉਂ? ਇਸ ਗੱਲ ਵੱਲ ਧਿਆਨ ਦਿਓ: ਗੋਗ ਦੇ ਨਾਸ਼ ਬਾਰੇ ਗੱਲ ਕਰਦੇ ਹੋਏ ਯਹੋਵਾਹ ਨੇ ਉਸ ਬਾਰੇ ਕਿਹਾ: “ਮੈਂ ਤੈਨੂੰ ਹਰ ਪਰਕਾਰ ਦੇ ਸ਼ਿਕਾਰੀ ਪੰਛੀਆਂ ਅਤੇ ਰੜ ਦੇ ਦਰਿੰਦਿਆਂ ਲਈ ਖਾਣ ਨੂੰ ਦਿਆਂਗਾ।” (ਹਿਜ਼. 39:4) ਯਹੋਵਾਹ ਨੇ ਅੱਗੇ ਕਿਹਾ: ‘ਉਸ ਦਿਨ ਮੈਂ ਉੱਥੇ ਇਸਰਾਏਲ ਵਿੱਚ ਗੋਗ ਨੂੰ ਇੱਕ ਕਬਰਿਸਤਾਨ ਦਿਆਂਗਾ। ਉੱਥੇ ਗੋਗ ਨੂੰ ਅਤੇ ਉਹ ਦੀ ਸਾਰੀ ਭੀੜ ਨੂੰ ਦੱਬਣਗੇ।’ (ਹਿਜ਼. 39:11) ਪਰ ਸ਼ੈਤਾਨ ਤਾਂ ਹੱਡ-ਮਾਸ ਦਾ ਨਹੀਂ ਬਣਿਆ ਹੋਇਆ, ਫਿਰ ਉਸ ਨੂੰ ਸ਼ਿਕਾਰੀ ਪੰਛੀ ਅਤੇ ਜੰਗਲੀ ਜਾਨਵਰ ਕਿਵੇਂ ਖਾ ਸਕਦੇ ਹਨ? ਨਾਲੇ ਉਸ ਨੂੰ ਧਰਤੀ ’ਤੇ ਕਿਵੇਂ ਦੱਬਿਆ ਜਾ ਸਕਦਾ ਹੈ? ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਸ਼ੈਤਾਨ ਨੂੰ ਨਾ ਤਾਂ ਖਾਧਾ ਜਾਵੇਗਾ ਤੇ ਨਾ ਹੀ ਦੱਬਿਆ ਜਾਵੇਗਾ, ਸਗੋਂ ਉਸ ਨੂੰ ਹਜ਼ਾਰ ਸਾਲ ਲਈ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ।—ਪ੍ਰਕਾ. 20:1, 2.

ਬਾਈਬਲ ਦੱਸਦੀ ਹੈ ਕਿ 1,000 ਸਾਲ ਖ਼ਤਮ ਹੁੰਦਿਆਂ ਹੀ ਸ਼ੈਤਾਨ ਨੂੰ ਅਥਾਹ ਕੁੰਡ ਵਿੱਚੋਂ ਛੱਡਿਆ ਜਾਵੇਗਾ ਅਤੇ “ਉਹ ਧਰਤੀ ਦੇ ਚਾਰੇ ਕੋਨਿਆਂ ਵਿਚ ਜਾ ਕੇ ਗੋਗ ਅਤੇ ਮਾਗੋਗ ਯਾਨੀ ਕੌਮਾਂ ਨੂੰ ਗੁਮਰਾਹ ਕਰੇਗਾ ਅਤੇ ਉਨ੍ਹਾਂ ਨੂੰ ਯੁੱਧ ਲਈ ਇਕੱਠਾ ਕਰੇਗਾ।” (ਪ੍ਰਕਾ. 20:8) ਪਰ ਸ਼ੈਤਾਨ ਗੋਗ ਨੂੰ ਕਿੱਦਾਂ ਗੁਮਰਾਹ ਕਰ ਸਕਦਾ ਹੈ ਜੇ ਉਹ ਆਪ ਹੀ ਗੋਗ ਹੈ? ਇਸ ਲਈ ਹਿਜ਼ਕੀਏਲ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ “ਗੋਗ” ਸ਼ੈਤਾਨ ਨੂੰ ਨਹੀਂ ਦਰਸਾਉਂਦਾ।

ਤਾਂ ਫਿਰ ਮਾਗੋਗ ਦਾ ਗੋਗ ਕੌਣ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਬਾਈਬਲ ਵਿੱਚੋਂ ਖੋਜਬੀਨ ਕਰ ਕੇ ਦੇਖਣਾ ਪਵੇਗਾ ਕਿ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੌਣ ਕਰੇਗਾ। ਬਾਈਬਲ ਨਾ ਸਿਰਫ਼ ‘ਮਾਗੋਗ ਦੇ ਗੋਗ’ ਦੇ ਹਮਲੇ ਬਾਰੇ ਦੱਸਦੀ ਹੈ, ਸਗੋਂ ‘ਉੱਤਰ ਦੇ ਰਾਜੇ’ ਅਤੇ ‘ਧਰਤੀ ਦੇ ਰਾਜਿਆਂ’ ਦੇ ਹਮਲੇ ਬਾਰੇ ਵੀ ਦੱਸਦੀ ਹੈ। (ਹਿਜ਼. 38:2, 10-13; ਦਾਨੀ. 11:40, 44, 45; ਪ੍ਰਕਾ. 17:14; 19:19) ਕੀ ਇੱਥੇ ਵੱਖੋ-ਵੱਖਰੇ ਹਮਲਿਆਂ ਦੀ ਗੱਲ ਕੀਤੀ ਗਈ ਹੈ? ਲੱਗਦਾ ਨਹੀਂ। ਲੱਗਦਾ ਹੈ ਕਿ ਬਾਈਬਲ ਇੱਕੋ ਹਮਲੇ ਬਾਰੇ ਸਮਝਾਉਣ ਲਈ ਵੱਖੋ-ਵੱਖਰੇ ਨਾਂ ਵਰਤਦੀ ਹੈ। ਅਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹਾਂ? ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਧਰਤੀ ਦੀਆਂ ਸਾਰੀਆਂ ਕੌਮਾਂ ਇਸ ਆਖ਼ਰੀ ਹਮਲੇ ਵਿਚ ਸ਼ਾਮਲ ਹੋਣਗੀਆਂ ਜਿਸ ਨਾਲ ਆਰਮਾਗੇਡਨ ਦੀ ਲੜਾਈ ਸ਼ੁਰੂ ਹੋਵੇਗੀ।—ਪ੍ਰਕਾ. 16:14, 16.

 ਜਦੋਂ ਅਸੀਂ ਪਰਮੇਸ਼ੁਰ ਦੇ ਲੋਕਾਂ ਉੱਤੇ ਆਖ਼ਰੀ ਹਮਲੇ ਬਾਰੇ ਦਿੱਤੀਆਂ ਇਨ੍ਹਾਂ ਆਇਤਾਂ ਦੀ ਤੁਲਨਾ ਕਰਦੇ ਹਾਂ, ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਮਾਗੋਗ ਦਾ ਗੋਗ ਨਾਂ ਸ਼ੈਤਾਨ ਨੂੰ ਨਹੀਂ ਦਰਸਾਉਂਦਾ। ਇਸ ਦੀ ਬਜਾਇ, ਮਾਗੋਗ ਦਾ ਗੋਗ ਨਾਂ ਕੌਮਾਂ ਦੇ ਗਠਜੋੜ ਨੂੰ ਦਰਸਾਉਂਦਾ ਹੈ। ਕੀ “ਉੱਤਰ ਦਾ ਰਾਜਾ” ਇਨ੍ਹਾਂ ਕੌਮਾਂ ਦੀ ਅਗਵਾਈ ਕਰੇਗਾ? ਅਸੀਂ ਪੱਕਾ ਨਹੀਂ ਕਹਿ ਸਕਦੇ। ਪਰ ਇਹ ਸੋਚ ਗੋਗ ਬਾਰੇ ਕਹੀ ਯਹੋਵਾਹ ਦੀ ਇਸ ਗੱਲ ਨਾਲ ਮਿਲਦੀ-ਜੁਲਦੀ ਲੱਗਦੀ ਹੈ: ‘ਤੂੰ ਆਪਣੇ ਅਸਥਾਨ ਤੋਂ ਉੱਤਰ ਵੱਲੋਂ ਦੁਰੇਡਿਓਂ ਆਵੇਂਗਾ ਅਤੇ ਬਹੁਤ ਸਾਰੇ ਲੋਕ ਤੇਰੇ ਨਾਲ ਹੋਣਗੇ ਜਿਹੜੇ ਸਾਰੇ ਦੇ ਸਾਰੇ ਘੋੜਿਆਂ ਤੇ ਅਸਵਾਰ ਹੋਣਗੇ, ਇੱਕ ਵੱਡੀ ਸਭਾ ਤੇ ਬਹੁਤੀ ਫੌਜ।’—ਹਿਜ਼. 38:6, 15.

ਇਸੇ ਤਰ੍ਹਾਂ ਹਿਜ਼ਕੀਏਲ ਦੇ ਸਮੇਂ ਦਾ ਨਬੀ ਦਾਨੀਏਲ ਉੱਤਰ ਦੇ ਰਾਜੇ ਬਾਰੇ ਕਹਿੰਦਾ ਹੈ: “ਚੜ੍ਹਦੇ ਅਤੇ ਉੱਤਰ ਵੱਲ ਦੀਆਂ ਖਬਰਾਂ ਉਸ ਨੂੰ ਘਬਰਾਉਣਗੀਆਂ, ਇਸ ਲਈ ਉਹ ਵੱਡੇ ਕ੍ਰੋਧ ਨਾਲ ਨਿੱਕਲੇਗਾ ਜੋ ਬਹੁਤਿਆਂ ਦਾ ਨਾਸ ਕਰੇ ਅਤੇ ਉਨ੍ਹਾਂ ਨੂੰ ਮੂਲੋਂ ਮਿਟਾ ਸੁੱਟੇ। ਅਤੇ ਉਹ ਆਪਣੇ ਸ਼ਾਹੀ ਡੇਰੇ ਸਮੁੰਦਰ ਤੇ ਪਰਤਾਪਵਾਨ ਪਵਿੱਤ੍ਰ ਪਹਾੜ ਦੇ ਵਿਚਕਾਰ ਲਾਵੇਗਾ ਪਰ ਉਹ ਆਪਣੇ ਅੰਤ ਨੂੰ ਪੁੱਜ ਪਵੇਗਾ ਅਤੇ ਉਸ ਦਾ ਸਹਾਇਕ ਕੋਈ ਨਾ ਹੋਵੇਗਾ।” (ਦਾਨੀ. 11:44, 45) ਇਹ ਗੱਲ ਹਿਜ਼ਕੀਏਲ ਦੀ ਗੱਲ ਨਾਲ ਮਿਲਦੀ-ਜੁਲਦੀ ਹੈ ਕਿ ਗੋਗ ਕੀ ਕਰੇਗਾ।—ਹਿਜ਼. 38:8-12, 16.

ਆਖ਼ਰੀ ਹਮਲੇ ਤੋਂ ਬਾਅਦ ਕੀ ਹੋਵੇਗਾ? ਦਾਨੀਏਲ ਸਾਨੂੰ ਦੱਸਦਾ ਹੈ: “ਉਸ ਵੇਲੇ ਮੀਕਾਏਲ [ਯਿਸੂ ਮਸੀਹ] ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ [1914 ਤੋਂ] ਖਲੋਤਾ ਹੈ [ਆਰਮਾਗੇਡਨ ਸ਼ੁਰੂ ਹੋਣ ਤੇ] ਉੱਠੇਗਾ ਅਤੇ ਅਜੇਹੀ ਬਿਪਤਾ ਦਾ ਵੇਲਾ [ਮਹਾਂਕਸ਼ਟ] ਹੋਵੇਗਾ ਜਿਹਾ ਕੌਮ ਦੇ ਮੁੱਢ ਤੇ ਲੈ ਕੇ ਉਸ ਵੇਲੇ ਤੀਕਰ ਕਦੀ ਨਹੀਂ ਹੋਇਆ ਸੀ ਅਤੇ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਹ ਦਾ ਨਾਉਂ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਸੋ ਛੁੱਟੇਗਾ।” (ਦਾਨੀ. 12:1) ਇਸੇ ਤਰ੍ਹਾਂ ਦੀ ਗੱਲ ਅਸੀਂ ਯਿਸੂ ਬਾਰੇ ਪ੍ਰਕਾਸ਼ ਦੀ ਕਿਤਾਬ 19:11-21 ਵਿਚ ਪੜ੍ਹਦੇ ਹਾਂ ਕਿ ਉਹ ਕੀ ਕਰੇਗਾ।

ਪਰ ਪ੍ਰਕਾਸ਼ ਦੀ ਕਿਤਾਬ 20:8 ਵਿਚ ਦੱਸਿਆ “ਗੋਗ ਅਤੇ ਮਾਗੋਗ” ਕੌਣ ਹੈ? ਇਹ ਨਾਂ ਉਨ੍ਹਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ 1,000 ਸਾਲ ਖ਼ਤਮ ਹੋਣ ਤੋਂ ਬਾਅਦ ਹੋਣ ਵਾਲੀ ਆਖ਼ਰੀ ਪਰੀਖਿਆ ਦੌਰਾਨ ਯਹੋਵਾਹ ਦੇ ਖ਼ਿਲਾਫ਼ ਹੋਣਗੇ ਅਤੇ ਉਸ ਦੇ ਲੋਕਾਂ ’ਤੇ ਹਮਲਾ ਕਰਨਗੇ। ਇਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਲੋਕਾਂ ਨਾਲ ‘ਮਾਗੋਗ ਦੇ ਗੋਗ’ ਯਾਨੀ ਉਨ੍ਹਾਂ ਕੌਮਾਂ ਵਾਂਗ ਬਹੁਤ ਨਫ਼ਰਤ ਹੋਵੇਗੀ ਜੋ ਆਰਮਾਗੇਡਨ ਤੋਂ ਕੁਝ ਹੀ ਸਮਾਂ ਪਹਿਲਾਂ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰਨਗੀਆਂ। ਆਰਮਾਗੇਡਨ ਵਿਚ ਨਾਸ਼ ਹੋਣ ਵਾਲੀਆਂ ਕੌਮਾਂ ਵਾਂਗ ਗੋਗ ਅਤੇ ਮਾਗੋਗ ਦਾ ਵੀ ਨਾਸ਼ ਹੋ ਜਾਵੇਗਾ। (ਪ੍ਰਕਾ. 19:20, 21; 20:9) ਇਸ ਲਈ 1,000 ਸਾਲ ਖ਼ਤਮ ਹੋਣ ਤੋਂ ਬਾਅਦ ਬਗਾਵਤ ਕਰਨ ਵਾਲੇ ਲੋਕਾਂ ਨੂੰ “ਗੋਗ ਅਤੇ ਮਾਗੋਗ” ਕਹਿਣਾ ਸਹੀ ਲੱਗਦਾ ਹੈ।

ਬਾਈਬਲ ਦਾ ਡੂੰਘਾਈ ਨਾਲ ਅਧਿਐਨ ਕਰਨ ਕਰਕੇ ਅਸੀਂ ਇਹ ਜਾਣਨ ਲਈ ਉਤਾਵਲੇ ਹਾਂ ਕਿ ਨੇੜਲੇ ਭਵਿੱਖ ਵਿਚ “ਉੱਤਰ ਦਾ ਰਾਜਾ” ਕੌਣ ਹੋਵੇਗਾ। ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰਨ ਵਾਲੀਆਂ ਕੌਮਾਂ ਦੀ ਅਗਵਾਈ ਕੌਣ ਕਰੇਗਾ, ਪਰ ਦੋ ਗੱਲਾਂ ਹੋਣੀਆਂ ਤਾਂ ਪੱਕੀਆਂ ਹਨ: (1) ਮਾਗੋਗ ਦਾ ਗੋਗ ਅਤੇ ਉਸ ਦੀਆਂ ਫ਼ੌਜਾਂ ਹਾਰ ਦਾ ਮੂੰਹ ਦੇਖਣਗੀਆਂ ਅਤੇ ਨਾਸ਼ ਹੋ ਜਾਣਗੀਆਂ। (2) ਸਾਡਾ ਰਾਜਾ ਯਿਸੂ ਮਸੀਹ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਵੇਗਾ ਅਤੇ ਨਵੀਂ ਦੁਨੀਆਂ ਲਿਆਵੇਗਾ ਜਿੱਥੇ ਅਮਨ-ਚੈਨ ਹੋਵੇਗਾ ਤੇ ਡਰਨ ਦੀ ਕੋਈ ਲੋੜ ਨਹੀਂ ਹੋਵੇਗੀ।—ਪ੍ਰਕਾ. 7:14-17.